“ਇਸ ਸਾਹਿਤਕ ਮਾਫੀਏ ਦੇ ਕਥਿਤ ਬੁੱਧੀਜੀਵੀ ਜਦੋਂ ਕਿਸੇ ਵਿਸ਼ੇ ’ਤੇ ਗੋਸ਼ਟੀ ਜਾਂ ਸੈਮੀਨਾਰ ਵਿੱਚ ਬੋਲਦੇ ਹਨ ਤਾਂ ਇਨ੍ਹਾਂ ...”
(2 ਮਾਰਚ 2022)
ਇਸ ਸਮੇਂ ਮਹਿਮਾਨ: 61.
ਪੰਜਾਬ ਵਿੱਚ ਡਰੱਗ ਮਾਫੀਆ, ਰੇਤ ਮਾਫੀਆ, ਜ਼ਮੀਨ ਮਾਾਫੀਆ, ਜੰਗਲ ਮਾਫੀਆ, ਟ੍ਰਾਂਸਪੋਰਟ ਮਾਫੀਆ, ਕੇਬਲ ਮਾਫੀਆ ਵਾਂਗ ਹੀ ਕਈ ਦਹਾਕਿਆਂ ਤੋਂ ਸਾਹਿਤਕ ਮਾਫੀਆ ਵੀ ਪੂਰੀ ਤਰ੍ਹਾਂ ਸਰਗਰਮ ਹੈ। ਇਸ ਮਾਫੀਆ ਬਾਰੇ ਹਾਲ ਵਿੱਚ ਹੀ ਛਪੇ ਨਾਵਲ ‘ਖਿੱਦੋ’ (ਜਸਬੀਰ ਭੁੱਲਰ), ਹਨ੍ਹੇਰੇ ਦਾ ਚੀਰਹਰਣ (ਸੋਮਾ ਸਬਲੋਕ) ਆਦਿ ਪੁਸਤਕਾਂ ਦੇ ਨਾਲ-ਨਾਲ ਨਾਵਲਿਸਟ ਮਿੱਤਰਸੇਨ ਮੀਤ ਨੇ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਅਦਾਲਤ ਵਿੱਚ ਘੜੀਸ ਕੇ ਉਸ ਵੱਲੋਂ ਐਲਾਨੇ ਗਏ ਬੀਤੇ ਛੇ ਸਾਲਾਂ ਦੇ ਸ਼ਿਰੋਮਣੀ ਪੁਰਸਕਾਰਾਂ ਉੱਤੇ ਕਾਨੂੰਨੀ ਰੋਕ ਲੁਆ ਕੇ ਅਤੇ ਸਰਕਾਰੀ ਸਰਪ੍ਰਸਤੀ ਪ੍ਰਾਪਤ ਸਾਹਿਤਕ ਮਾਫੀਆ ਦੇ ਕਿਰਦਾਰ ਸੰਬੰਧੀ ਅਖਬਾਰਾਂ ਵਿੱਚ ਲੇਖ ਲਿਖ ਕੇ ਇਨ੍ਹਾਂ ਦੇ ਤੇਂਦੂਆ ਜਾਲ ਨੂੰ ਨੰਗਿਆਂ ਕੀਤਾ ਹੈ, ਜਿਸ ਕਰਕੇ ਸਾਹਿਤਕ ਖੇਤਰ ਵਿੱਚ ਸਰਗਰਮ ਇਸ ਮਾਫੀਆ ਦੇ ਸਰਗਣਿਆਂ ਵਿੱਚ ਖਲਬਲੀ ਮਚੀ ਹੋਈ ਹੈ। ਲੰਮੇ ਸਮੇਂ ਤੋਂ ਸਾਹਿਤਕਾਰਾਂ ਦਾ ਇੱਕ ਬਹੁਤ ਵੱਡਾ ਵਰਗ ਇਸ ਜੁਗਾੜੂ ਸਾਹਿਤਕ ਮਾਫੀਆ ਦੀ ਮਾਰ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਇਸ ਸਾਹਿਤਕ ਮਾਫੀਆ ਨੇ ਸਾਹਿਤ ਵਿੱਚ ਇੱਕ ਵਿਸ਼ੇਸ਼ ਸਿਆਸੀ ਸੋਚ ਦੇ ਆਧਾਰ ’ਤੇ ਸਿਆਸਤ ਅਤੇ ਸਾਹਿਤ ਨੂੰ ਰਲਗੱਡ ਕਰਕੇ ਆਪਣਾ ਸਿਆਸੀ ਮੁਕਾਮ ਕਾਇਮ ਰੱਖਿਆ ਹੋਇਆ ਹੈ। ਲੇਖਕ ਸਭਾਵਾਂ ਅਤੇ ਸਾਹਿਤ ਅਕਾਦਮੀਆਂ ਦੇ ਨਾਂ ’ਤੇ ਵਿਸ਼ੇਸ਼ ਸਿਆਸੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ, ਉਸ ਵਿਚਾਰਧਾਰਾ ਵਾਲੇ ਨੂੰ ਹੀ ਲੇਖਕ ਮੰਨਣਾ, ਉਨ੍ਹਾਂ ਦੀਆਂ ਪੁਸਤਕਾਂ ’ਤੇ ਗੋਸ਼ਟੀਆਂ ਕਰਾਉਣਾ, ਖੋਜ ਕਰਾਉਣਾ, ਵੱਡੇ ਪੁਰਸਕਾਰ ਦਿਵਾਉਣਾ, ਵਿਸ਼ਵ ਸਾਹਿਤਕ ਕਾਨਫਰੰਸਾਂ ਵਿੱਚ ਬੁਲਾਉਣਾ, ਅਖੌਤੀ ਪ੍ਰਗਤੀਸ਼ੀਲਤਾ ਦੇ ਨਾਂ ’ਤੇ ਹੋਰ ਲੇਖਕਾਂ ਨੂੰ ਨਜ਼ਰ ਅੰਦਾਜ਼ ਕਰਨਾ, ਆਪਣੀਆਂ ਲਿਖਤਾਂ ਵਿੱਚ ਸੱਤਾ ਅਤੇ ਸਿਸਟਮ ਦਾ ਸਖਤ ਵਿਰੋਧ ਕਰਦਿਆਂ ਉਸੇ ਸੱਤਾ ਦੀ ਝੋਲੀ ਵਿੱਚ ਡਿਗ ਕੇ ਵੱਡੇ-ਵੱਡੇ ਇਨਾਮ-ਸਨਮਾਨ ਹਾਸਿਲ ਕਰਨਾ ਅਤੇ ਆਪਣੇ ਚਹੇਤਿਆਂ ਨੂੰ ਦਿਵਾਉਣਾ, ਯੂਨੀਵਰਸਿਟੀ ਤੇ ਕਾਲਜਾਂ ਵਿੱਚ ਲੈਕਚਰਾਰਾਂ ਅਤੇ ਪ੍ਰੋਫੈਸਰਾਂ ਦੀਆਂ ਨਿਯੁਕਤੀਆਂ ਕਰਾਉਣਾ, ਉਨ੍ਹਾਂ ਦੀਆਂ ਪੁਸਤਕਾਂ ’ਤੇ ਪੀਐੱਚਡੀ ਜਾਂ ਐੱਮ ਫਿਲ ਕਰਾਉਣਾ, ਇਸ ਸਾਹਿਤਕ ਮਾਫੀਏ ਦਾ ਅਕੀਦਾ ਰਿਹਾ ਹੈ। ਇਸ ਮਾਫੀਏ ਦਾ ਜਾਲ਼ ਸਕੂਲਾਂ, ਕਾਲਜਾਂ, ਵਿਸ਼ਵਵਿਦਿਆਲਿਆਂ, ਸਰਕਾਰੀ ਗ਼ੈਰਸਰਕਾਰੀ ਸਾਹਿਤਕ ਅਦਾਰਿਆਂ, ਮੰਤਰਾਲਿਆਂ ਅਤੇ ਪਾਠਕ੍ਰਮ, ਪੁਰਸਕਾਰ ਚੋਣ ਕਮੇਟੀਆਂ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਤਕ ਫੈਲਿਆ ਹੋਇਆ ਹੈ। ਸਮਾਜ ਦੀ ਹਰ ਇੱਕ ਉਹ ਬੁਰਾਈ, ਜਿਸਦਾ ਇਹ ਸਾਹਿਤਕ ਮਾਫੀਆ ਆਪਣੀਆਂ ਲਿਖਤਾਂ ਅਤੇ ਲੈਕਚਰਾਂ ਵਿੱਚ ਵਿਰੋਧ ਕਰਦਾ ਹੈ, ਉਸ ਨੂੰ ਜੜ੍ਹੋਂ ਪੁੱਟਣ ਲਈ ਲੋਕਾਂ ਨੂੰ ਪ੍ਰੇਰਦਾ ਹੈ, ਆਪ ਉਸੇ ਦਲਦਲ ਵਿੱਚ ਗੱਲ-ਗੱਲ ਤਾਈਂ ਗਲਤਾਨ ਹੋਇਆ ਪਿਆ ਹੈ। ਇਸ ਮਾਫੀਆ ਦੇ ਵਧੇਰੇ ਮੈਂਬਰ ਉਹੀ ਹੱਥਕੰਡੇ ਅਪਣਾਉਂਦੇ ਹਨ, ਜਿਹੜੇ ਗ਼ੈਰ ਲੇਖਕ ਜਾਂ ਸਾਧਾਰਣ ਲੋਕ ਅਪਣਾਉਂਦੇ ਹਨ।
ਬਹੁਤ ਸਾਰੇ ਲੇਖਕਾਂ ਵਾਂਗ ਹੀ ਖਾਕਸਾਰ ਵੀ ਇਸ ਸਾਹਿਤਕ ਮਾਫੀਏ ਦਾ ਸ਼ਿਕਾਰ ਹੋਇਆ ਹੈ। ਇਨ੍ਹਾਂ ਅਦਾਰਿਆਂ ਦੇ ਹੇਠਲੇ ਯੂਨਿਟ ਤੋਂ ਰਾਜਪੱਧਰੀ ਬਾਡੀ ਵਿੱਚ ਬੀਤੇ 30-35 ਵਰ੍ਹਿਆਂ ਤਕ ਬਤੌਰ ਨਿਰੋਲ ਲੇਖਕ ਵਿਚਰਿਆਂ ਹਾਂ। ਇਸ ਮਾਫੀਏ ਦੀ ਅਖੌਤੀ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਪਰਣਾਏ ਹੋਏ ਲੇਖਕਾਂ ਨੂੰ ਹੀ ਲੇਖਕ ਮੰਨਣ ਦੀ ਕਸੌਟੀ ’ਤੇ ਪੂਰਾ ਨਾ ਉੱਤਰਦਿਆਂ ਮੈਂਨੂੰ ਵੀ ਇਨ੍ਹਾਂ ਦੀ ਨਜ਼ਰਅੰਦਾਜ਼ਗੀ ਦਾ ਸ਼ਿਕਾਰ ਹੋਣਾ ਪਿਆ ਹੈ। ਸਾਹਿਤਕ ਦ੍ਰਿਸ਼ਟੀ ਤੋਂ ਸਿਰਕੱਢ ਇੱਕ ਪੰਜਾਬੀ ਅਖਬਾਰ ਵਿੱਚ ਖਾਕਸਾਰ ਬੀਤੇ 30-35 ਵਰ੍ਹਿਆ ਤੋਂ ਛਪਦਾ ਆ ਰਿਹਾ ਸੀ। ਇੱਕ ਵੱਡਾ ਸੰਜੀਦਾ ਪਾਠਕ ਵਰਗ ਖਾਕਸਾਰ ਨਾਲ ਜੁੜਿਆ ਹੋਇਆ ਸੀ। ਕੁਝ ਵਰ੍ਹੇ ਪਹਿਲੋਂ ਅਜਿਹੇ ਹੀ ਸਾਹਿਤਕ ਮਾਫੀਏ ਦੇ ਇੱਕ ਸਿਰਕੱਢ ਬੁੱਧੀਜੀਵੀ ਲੇਖਕ ਦੇ ਸੰਪਾਦਕ ਬਣਦਿਆਂ ਹੀ ਖਾਕਸਾਰ ਦੀਆਂ ਰਚਨਾਵਾਂ ਦੀ ਉਸ ਅਖਬਾਰ ਵਿੱਚ ਪ੍ਰਕਾਸ਼ਨਾ ਬੰਦ ਕਰ ਦਿੱਤੀ ਗਈ। ਇਸ ਵਿਤਕਰੇ ਸੰਬੰਧੀ ਉਕਤ ਸੰਪਾਦਕ ਨੂੰ ਪੱਤਰ ਲਿਖ ਕੇ ਕਾਰਣ ਪੁੱਛਿਆ ਪਰ ਉਸ ਨੇ ਅੱਜ ਤਕ ਇਸਦਾ ਜਵਾਬ ਹੀ ਨਹੀਂ ਦਿੱਤਾ। ਹੋਰ ਖੋਜ-ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਸ ਸੰਪਾਦਕ ਵੱਲੋਂ ਵਿਸ਼ੇਸ਼ ਵਿਚਾਰਧਾਰਾ ਦੇ ਲੇਖਕਾਂ ਨੂੰ ਹੀ ਛਾਪਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। 30-35 ਵਰ੍ਹਿਆਂ ਤੋਂ ਮੇਰੇ ਨਾਲ ਜੁੜੇ ਹੋਏ ਮੇਰੇ ਸੈਂਕੜੇ ਪਾਠਕ ਮੇਰੇ ਤੋਂ ਟੁੱਟ ਗਏ ਹਨ। ਕੱਟੜ ਫਿਰਕਾਪ੍ਰਸਤ ਲੋਕਾਂ ਹੱਥੋਂ ਕੁਲਬੁਰਗੀ, ਦਭੋਲਕਰ, ਲੰਕੇਸ਼ ਵਰਗੇ ਲੇਖਕਾਂ ਅਤੇ ਪੱਤਰਕਾਰਾਂ ਦੇ ਕਤਲ ਤੇ ਇਹ ਲੋਕ ਹਾਅ ਦਾ ਨਾਰ੍ਹਾ ਮਾਰਦੇ ਹਨ। ਲੇਕਿਨ ਆਪਣੀ ਵਿਚਾਰਧਾਰਾ ਦੀ ਕੱਟੜਤਾ ਹੇਠ ਜਦੋਂ ਕਿਸੇ ਲੇਖਕ ਦੀ ਜ਼ਿਉਂਦਿਆਂ ਜੀ ਹੱਤਿਆ ਕਰਦੇ ਹਨ, ਇਹ ਇਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ। ਇਸ ਨਜ਼ਰੀਏ ਤੋਂ ਇਹ ਸਾਹਿਤਕ ਮਾਫੀਏ ਵਾਲੇ ਵੀ ਕਿਸੇ ਕੱਟੜ ਫਿਰਕਾਪ੍ਰਸਤਾਂ ਤੋਂ ਘੱਟ ਨਹੀਂ ਹਨ। ਹੁਣ ਤਕ ਸਾਹਿਤਕ ਦ੍ਰਿਸ਼ਟੀ ਤੋਂ ਅਣਗੌਲੇ ਕੰਢੀ ਖੇਤਰ ਦੀ ਸੰਸਕ੍ਰਿਤੀ, ਸੱਭਿਆਚਾਰ, ਬੋਲੀ ਦੀਆਂ ਸਮੱਸਿਆਵਾਂ ਅਤੇ ਜਨਜੀਵਨ ਨੂੰ ਖਾਕਸਾਰ ਨੇ ਮੌਲਿਕ ਤੇ ਨਵੇਕਲੇ ਤਿੰਨ ਨਾਵਲਾਂ (ਪਥਰਾਟ, ਕੁਆਰਝਾਤ, ਮਨ੍ਹੇ) ਕੰਢੀ ਬੋਲੀ ਦਾ ਸ਼ਬਦ ਸੰਗ੍ਰਹਿ (ਪੰਜਾਬੀ ਯੂਨੀਵਰਸਿਟੀ) ਲੋਕ ਗੀਤ ਸੰਗ੍ਰਹਿ, ਕੰਢੀ ਦੀ ਸੱਭਿਆਚਾਰਕ ਵਿਰਾਸਤ, ਕੰਢੀ ਦੀਆਂ ਵਿਲੱਖਣਤਾਵਾਂ ਅਤੇ ਵਿਭਿੰਨਤਾਵਾਂ ਸੱਤ ਪੁਸਤਕਾਂ ਰਾਹੀਂ ਪੰਜਾਬੀ ਦੀ ਮੁੱਖ ਧਾਰਾ ਨਾਲ ਜੋੜਨ ਦੇ ਬਾਵਜੂਦ (ਇਨ੍ਹਾਂ ਸਾਹਿਤਕ ਅਦਾਰਿਆਂ ਦਾ ਮੈਂਬਰ ਹੁੰਦਿਆਂ ਹੋਇਆ ਵੀ) ਕਦੇ ਨੋਟਿਸ ਨਹੀਂ ਲਿਆ ਗਿਆ। ਇਹ ਬੁੱਧੀਜੀਵੀ ਤਾਂ ਇਨ੍ਹਾਂ ਨੂੰ ਭੇਜੀਆਂ ਜਾਂਦੀਆਂ ਪੁਸਤਕਾਂ ਦੀ ਪਹੁੰਚ ਰਸੀਦ ਤਕ ਨਹੀਂ ਦਿੰਦੇ। ਮੇਰੇ ਵਰਗੇ ਪਤਾ ਨਹੀਂ ਕਿੰਨੇ ਹੋਰ ਨਵੇਂ-ਪੁਰਾਣੇ ਲੇਖਕ ਇਸ ਸਾਹਿਤਕ ਮਾਫੀਏ ਦਾ ਸ਼ਿਕਾਰ ਹੋ ਰਹੇ ਹਨ।
ਇਸ ਸਾਹਿਤਕ ਮਾਫੀਏ ਦੇ ਕਥਿਤ ਬੁੱਧੀਜੀਵੀ ਜਦੋਂ ਕਿਸੇ ਵਿਸ਼ੇ ’ਤੇ ਗੋਸ਼ਟੀ ਜਾਂ ਸੈਮੀਨਾਰ ਵਿੱਚ ਬੋਲਦੇ ਹਨ ਤਾਂ ਇਨ੍ਹਾਂ ਪਾਸ ਪੰਜਾਬੀ ਜਾਂ ਭਾਰਤੀ ਇਤਿਹਾਸ-ਮਿਥਿਹਾਸ, ਜੀਵਨ ਦਰਸ਼ਨ, ਫਿਲਾਸਫਰ ਜਾਂ ਚਿੰਤਕ ਦੀ ਕੋਈ ਉਦਾਹਰਣ ਨਹੀਂ ਹੁੰਦੀ ਸਗੋਂ ਵਿਦੇਸ਼ੀ ਸੱਭਿਆਚਾਰ ਤੇ ਸੰਸਕ੍ਰਿਤੀ, ਲੇਖਕਾਂ, ਕਵੀਆਂ, ਫਿਲਾਸਫਰਾਂ, ਚਿੰਤਕਾਂ ਦੇ ਸੋਹਲੇ ਗਾਉਣਾ ਇਨ੍ਹਾਂ ਦਾ ਅਕੀਦਾ ਬਣਿਆ ਹੋਇਆ ਹੈ। ਉਨ੍ਹਾਂ ਦੀਆਂ ਪੁਸਤਕਾਂ ਦਾ ਜ਼ਿਕਰ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ। ਜਦੋਂ ਕਿ ਦੁਨੀਆ ਭਾਰਤੀ ਫਲਸਫੇ ’ਤੇ ਖੋਜ ਕਰ ਰਹੀ ਹੈ। ਉਹ ਸਾਡੇ ਫਲਸਫੇ ਅਤੇ ਜੀਵਨ ਪੱਧਤੀ ਨੂੰ ਅਪਣਾ ਰਹੇ ਹਨ। ਉਨ੍ਹਾਂ ਦੇ ਅਧਿਐਨ ਅਤੇ ਸੋਧ ਲਈ ਸਾਡੇ ਮੁਲਕ ਵਿੱਚ ਆ ਕੇ ਇੱਥੇ ਹੀ ਆਪਣਾ ਜੀਵਨ ਗੁਜ਼ਾਰ ਰਹੇ ਹਨ। ਇਹ ਮਾਫੀਏ ਵਾਲੇ ਆਪਣੇ ਹੀ ਮੁਲਕ ਅਤੇ ਸੰਸਕ੍ਰਿਤੀ ਨਾਲ ਕੋਝਾ ਮਜ਼ਾਕ ਕਰ ਰਹੇ ਹਨ। ਆਪਣੇ ਮੁਲਕ ਦੀ ਅਮੀਰ ਵਿਰਾਸਤ, ਗਣਿਤ, ਪੁਲਾੜ-ਨਕਸ਼ੱਤਰ ਵਿਗਿਆਨ, ਇਲਾਜ ਪੱਧਤੀ, ਭਾਸ਼ਾ, ਰਣਨੀਤੀ, ਰਾਜਨੀਤੀ ਸੰਬੰਧੀ ਖੋਜਾਂ ਨੂੰ ਮੂਲੋਂ ਹੀ ਨਜ਼ਰਅੰਦਾਜ਼ ਕਰਦਿਆਂ ਸਿਰਫ ਤੇ ਸਿਰਫ ਦੂਸਰੇ ਮੁਲਕਾਂ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਵਿੱਚ ਇੰਜ ਪ੍ਰਦਰਸ਼ਿਤ ਕਰਦੇ ਹਨ ਕਿ ਜਿਵੇਂ ਪੰਜਾਬ ਜਾਂ ਭਾਰਤ ਦਾ ਵਿਸ਼ਵ ਸਾਹਿਤ, ਕਲਾ ਜਾਂ ਵਿਗਿਆਨ ਵਿੱਚ ਕੋਈ ਯੋਗਦਾਨ ਹੈ ਹੀ ਨਹੀਂ। ਸਕੂਲਾਂ ਅਤੇ ਵਿਸ਼ਵਵਿਦਿਆਲਿਆਂ ਦੇ ਪਾਠਕ੍ਰਮਾਂ, ਵਿਸ਼ੇਸ਼ ਕਰਕੇ ਸਾਹਿਤ, ਇਤਿਹਾਸ, ਸਮਾਜਸ਼ਾਸਤਰ, ਫਿਲਾਸਫੀ ਦੇ ਵਿਸ਼ਿਆਂ ’ਤੇ ਇਨ੍ਹਾਂ ਨੇ ਕੇਵਲ ਆਪਣੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਵਾਲੀਆਂ ਲਿਖਤਾਂ ਨੂੰ ਹੀ ਤਰਜੀਹ ਦਿੱਤੀ ਹੈ। ਆਪਣੇ ਕਈ ਇਨਕਲਾਬੀਆਂ, ਮਹਾਨ ਫਿਲਾਸਫਰਾਂ ਅਤੇ ਚਿੰਤਕਾਂ ਨੂੰ ਅਣਗੌਲਿਆਂ ਕੀਤਾ ਹੈ। ਭਾਸ਼ਾ ਦੇ ਨਾਂ ’ਤੇ ਵੀ ਰੱਜ ਕੇ ਰਾਜਨੀਤੀ ਕਰਦੇ ਹਨ। ਅਜ਼ਾਦੀ ਮਗਰੋਂ ਹੀ ਇਹ ਸਾਹਿਤਕ ਮਾਫੀਆ ਸਰਕਾਰ ਦੀ ਕੰਧੇੜੀ ਚੜ੍ਹ ਗਿਆ ਸੀ। ਦੋ ਸਾਲਾਂ ਮਗਰੋਂ ਜਦੋਂ ਵੀ ਇਨ੍ਹਾਂ ਦੇ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ ਤਾਂ ਇਹ ਲੋਕ ਸਿਆਸੀ ਲੋਕਾਂ ਵਾਂਗ ਹੀ ਚੋਣ ਲੜਦੇ ਹਨ। ਆਪਣੀ ਵਿਚਾਰਧਾਰਾ ਵਾਲੇ ਕਈ ਗੈਰ ਲੇਖਕ ਕਿਸਮ ਦੇ ਲੋਕਾਂ ਨੂੰ ਵੀ ਮੈਂਬਰ ਬਣਾ ਕੇ, ਕਈ ਕਿਸਮ ਦੇ ਲਾਲਚ ਦੇ ਕੇ ਵੋਟਾਂ ਪੁਆਈਆਂ ਜਾਂਦੀਆਂ ਹਨ। ਪੂਰੇ ਸਿਆਸੀ ਹੱਥਕੰਡੇ ਅਪਣਾ ਕੇ ਅਹੁਦਿਆਂ ’ਤੇ ਕਾਬਜ਼ ਹੋ ਕੇ ਆਪਣਾ ਮਾਫੀਆ ਰਾਜ ਕਾਇਮ ਰੱਖਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3402)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)