“ਮੈਂ ਮਾਸਟਰ ਜੀ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਨੇ ਹੀ ਇੱਕ ਜੁਗਤ ਕੱਢੀ ...”
(12 ਜਨਵਰੀ 2023)
ਮਹਿਮਾਨ: 225.
ਕੰਢੀ ਦੀਆਂ ਰਮਣੀਕ ਪਹਾੜੀਆਂ ਦੀ ਕੁੱਖ ਵਿੱਚ ਵਸੇ, ਤੰਗੀਆਂ-ਤੁਰਸ਼ੀਆਂ ਮਾਰੇ ਮੇਰੇ ਪਿੰਡ ਵਿਚਾਲੇ ਸੀ ਭਿੱਤਾਂ ਵਾਲੀਆਂ ਕੱਚੀਆਂ ਕੰਧਾਂ, ਕੱਚੇ ਫਰਸ਼, ਕੱਚੇ ਵਿਹੜੇ ਅਤੇ ਸਲੋਟਾਂ ਦੀ ਛੰਨ ਹੇਠ ਪੰਜਾਂ ਜਮਾਤਾਂ ਲਈ ਇੱਕੋ ਕਮਰੇ ਦਾ ਪ੍ਰਇਮਰੀ ਸਕੂਲ। ਅੱਧੀ ਸਦੀ ਪਹਿਲੋਂ ਇਸ ਕਮਰੇ ਦੇ ਇੱਕ ਖੂੰਜੇ ਵਿੱਚ ਫਰਨੀਚਰ ਦੇ ਨਾਂ ’ਤੇ ਪਿੰਡ ਦੇ ਤਰਖਾਣ ਵੱਲੋਂ ਬਣਾਇਆ ਢਿਚਕੂੰ-ਢਿਚਕੂੰ ਕਰਦਾ ਕੁਰਸੀ ਮੇਜ਼। ਦੂਸਰੇ ਖੂੰਜੇ ਵਿੱਚ ਟੁੱਟਾ ਭੱਜਾ ਸਮਾਨ ਅਤੇ ਪਾਣੀ ਵਾਲੇ ਦੋ ਤਿੰਨ ਘੜੇ। ਜਮਾਤਾਂ ਬਾਹਰ ਅੰਬਾਂ ਦੇ ਸੰਘਣੇ ਦਰਖਤਾਂ ਹੇਠ ਹੀ ਲੱਗਦੀਆਂ। ਬਾਹਰੋਂ ਨਾਰੀਅਲ ਵਾਂਗ ਸਖਤ ਪਰ ਅੰਦਰੋਂ ਗਰੀ ਵਾਂਗ ਨਰਮ, ਸਾਡੇ ਇੱਕਲੌਤੇ ਮਾਸਟਰ ਵਿੱਦਿਆ ਪ੍ਰਸਾਦ ਜੀ ਦੀ ਅੱਲ ਸੀ - ਪੁੜੀਆਂ ਵਾਲੇ ਮਾਸਟਰ ਜੀ। ਉਨ੍ਹਾਂ ਦੇ ਗਲ ਵਿੱਚ ਲਮਕਦੇ ਥੈਲੇ ਵਿੱਚ ਦੁਪਹਿਰ ਦੀ ਰੋਟੀ, ਦੇਸੀ ਦਵਾਈਆਂ ਵਾਲੇ ਛੋਟੇ-ਛੋਟੇ ਡੱਬੇ, ਇੱਕ ਡਾਟ ਹੁੰਦਾ। ਮਾਸਟਰ ਜੀ ਘੋੜੇ ’ਤੇ ਸਵਾਰ ਹੋ ਕੇ ਤੰਗ, ਪਥਰੀਲੇ ਤੇ ਕੰਡਿਆਲੇ, ਉੱਭੜ-ਖਾਬੜ ਰਸਤੇ ਟੱਪ ਕੇ ਸਕੂਲੇ ਸਮੇਂ ਸਿਰ ਪੁੱਜਦੇ। ਅਸੀਂ ਵੀ ਸਕੂਲੇ ਪੁੱਜ ਕੇ ਸਭ ਤੋਂ ਪਹਿਲੋਂ ਮ੍ਹੈਂਦਰੂ ਦੇ ਖਰਕੇ ਨਾਲ ਕਮਰਾ ਅਤੇ ਵਿਹੜਾ ਸੁੰਬਰਦੇ। ਮੇਜ਼ ਕੁਰਸੀ ਅਤੇ ਲੱਕੜ ਦਾ ਸਟੈਡਿੰਗ ਬਲੈਕ ਬੋਰਡ ਬੜੀ ਇਹਤਿਆਤ ਨਾਲ ਅੰਬ ਹੇਠ ਨਿਸ਼ਚਿਤ ਥਾਂ ’ਤੇ ਟਿਕਾਉਂਦੇ। ਫਿਰ ਘਰੋਂ ਲਿਆਂਦੇ ਆਪੋ-ਆਪਣੇ ਤੱਪੜਾਂ ਨੂੰ ਵਿਛਾ ਕੇ ਕਤਾਰਾਂ ਵਿੱਚ ਬੈਠ ਜਾਂਦੇ। ਮਾਸਟਰ ਜੀ ਆਪ ੳੇੱਚੀ ਆਵਾਜ਼ ਵਿੱਚ ਗਾ ਕੇ ਪ੍ਰਾਰਥਨਾ ਅਤੇ ਜਨ ਗਨ ਮਨ ਬੁਲਵਾਉਂਦੇ ਤੇ ਫਿਰ ਸਾਡੇ ਨਾਰ੍ਹਿਆਂ ਨਾਲ ਘਾਟੀਆਂ-ਰੱਖਾਂ ਗੂੰਜਣ ਲੱਗ ਜਾਂਦੀਆਂ। ਮਾਸਟਰ ਜੀ ਫੱਟੀਆਂ ’ਤੇ ਘਰੋਂ ਲਿਖ ਕੇ ਲਿਆਂਦਾ ਚੈੱਕ ਕਰਦੇ ਤੇ ਅਸੀਂ ਨੇੜਲੇ ਪੁੱਖਰ ’ਤੇ ਆਪਣੀਆਂ ਫੱਟੀਆਂ ਧੌਣ ਚਲੇ ਜਾਂਦੇ। ਗਾਚਨੀ ਦੀ ਥਾਂ ਗੋਲੂ ਮੱਲ ਕੇ ਫੱਟੀਆਂ ਹਵਾ ਵਿੱਚ ਲਹਿਰਾਉਂਦੇ, “ਸੂਰਜਾ, ਸੂਰਜਾ ਫੱਟੀ ਸੁਕਾ, ਸਾਡੀ ਕੋਠੀ ਦਾਣੇ ਪਾ” ਦੀ ਮੁਹਾਰਨੀ ਪੜ੍ਹਦੇ ਮੁੜ ਆਉਂਦੇ।
ਮਾਸਟਰ ਜੀ ਕਦੇ ਕਦੇ ਸਾਰੀਆਂ ਜਮਾਤਾਂ ਨੂੰ ਇਕੱਠਿਆਂ ਹੀ ਪੜ੍ਹਾਉਂਦੇ। ਬਲੈਕ ਬੋਰਡ ’ਤੇ ਉਹ ਪੰਜਾਬੀ ਅਤੇ ਹਿੰਦੀ ਦੇ ਅੱਖਰ ਮੋਤੀਆਂ ਵਾਂਗ ਉਕਰਦੇ ਤੇ ਸਾਡੀ ਖੁਸ਼ਖੱਤੀ ਲਈ ਬਹੁਤ ਜ਼ੋਰ ਪਾਉਂਦੇ। ਛੋਟੀ ਜਿਹੀ ਗ਼ਲਤੀ ’ਤੇ ਉਹ ਸਾਡੀਆਂ ਉਗਲਾਂ ਵਿੱਚ ਕਾਨੇ ਵਾਲੀ ਕਲਮ ਫਸਾ ਕੇ ਹੱਥਾਂ ਨੂੰ ਦਬਾ ਕੇ ਸਾਡੀਆਂ ਚੀਕਾਂ ਕਢਾ ਦਿੰਦੇ। ਕਾਪੀਆਂ ਪੈਨਸਲਾਂ ਦੀ ਘਾਟ ਕਰਕੇ ਅਸੀਂ ਤਿੱਖੇ ਕੰਕਰ ਨਾਲ ਜ਼ਮੀਨ ’ਤੇ ਹੀ ਹਿਸਾਬ ਦੇ ਸਵਾਲ ਹੱਲ ਕਰ ਕੇ ਦੁਹਰਾਈ ਕਰ ਲੈਂਦੇ। ਮਾਸਟਰ ਜੀ ਇਮਲਾਹ ਲਿਖਾਉਂਦੇ,ਪਹਾੜੇ ਸੁਣਦੇ। ਉਨ੍ਹਾਂ ਦੀ ਅੱਖ ਸੀ ਸੀ ਟੀ ਵੀ ਕੈਮਰੇ ਵਾਂਗ ਹਰ ਬੱਚੇ ’ਤੇ ਨਜ਼ਰ ਰੱਖਦੀ। ਸ਼ਰਾਰਤ, ਗ਼ਲਤੀ ਜਾਂ ਸ਼ਿਕਾਇਤ ਆਉਣ ’ਤੇ “ਤੈਨੂੰ ਦਿਆਂ ਅਕਲ ਦੀ ਪੁੜੀ” ਕਹਿ ਕੇ ਦੋ ਢਾਈ ਕਿਲੋ ਭਾਰੇ ਹੱਥ ਦਾ ਅਜਿਹਾ ਥੱਪੜ ਜੜਦੇ ਕਿ ਦਿਨੇ ਹੀ ਅੱਖਾਂ ਮੁਹਰੇ ਭੰਬੂਤਾਰੇ ਨੱਚਣ ਲੱਗਦੇ ਤੇ ਧਰਤੀ-ਅਕਾਸ਼ ਘੁੰਮਦੇ ਪ੍ਰਤੀਤ ਹੁੰਦੇ। ਮਾਸਟਰ ਜੀ ਛੁੱਟੀ ਤੋਂ ਪਹਿਲੋਂ ਮੁਹਾਰਨੀ ਵਿੱਚ ਗਿਣਤੀ, ਪਹਾੜੇ ਕਵਿਤਾਵਾਂ ਆਦਿ ਦੀ ਦੁਹਰਾਈ ਕਰਾਉਂਦੇ।
ਮੈਂ ਸਕੂਲ ਵਿੱਚ ਸਰੀਰਕ ਤੌਰ ’ਤੇ ਸਾਰਿਆਂ ਤੋਂ ਕਮਜ਼ੋਰ ਵਿਦਿਆਰਥੀ ਸੀ। ਪਰ ਪੜ੍ਹਨ ਵਿੱਚ ਆਪਣੀ ਜਮਾਤ ਵਿੱਚ ਸਭ ਤੋਂ ਵੱਧ ਨੰਬਰ ਲੈਂਦਾ। ਮੇਰੀ ਯਾਦਦਾਸ਼ਤ ਅਤੇ ਲਿਖਾਈ ਬਹੁਤ ਚੰਗੀ ਸੀ, ਇਸ ਲਈ ਮਾਸਟਰ ਜੀ ਮੈਨੂੰ ਬਹੁਤ ਪਿਆਰ ਕਰਦੇ ਸਨ। ਮਾੜੇ ਨੂੰ ਦੁਨੀਆ ਜਿਊਣ ਨਹੀਂ ਦਿੰਦੀ ਤੇ ਮੈਂ ਤਕੜਾ ਕਿਵੇਂ ਹੋਵਾਂ, ਇਹ ਮੇਰੀ ਸਮਝ ਤੋਂ ਪਰੇ ਸੀ। ਤਕੜੇ ਤੇ ਸ਼ਰਾਰਤੀ ਮੁੰਡੇ ਅਕਸਰ ਮੇਰੇ ਨਾਲ ਵਧੀਕੀ ਕਰ ਜਾਂਦੇ। ਸ਼ਿਕਾਇਤ ਕਰਨ ’ਤੇ ਕੁੱਟਣ ਦੀ ਧਮਕੀ ਵੀ ਦਿੰਦੇ। ਮੈਂ ਮਾਸਟਰ ਜੀ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਨੇ ਹੀ ਇੱਕ ਜੁਗਤ ਕੱਢੀ। ਮਾਸਟਰ ਜੀ ਅਕਸਰ ਜਮਾਤ ਵਿੱਚ ਸਾਰੇ ਬੱਚਿਆਂ ਤੋਂ ਸਵਾਲ ਪੁੱਛਦੇ। ਮੇਰਾ ਜਵਾਬ ਹਮੇਸ਼ਾ ਠੀਕ ਹੁੰਦਾ। ਜਮਾਤ ਦੇ ਸ਼ਰਾਰਤੀ ਅਤੇ ਨਲਾਇਕ ਵਿਦਿਆਰਥੀ ਅਕਸਰ ਚੁੱਪ ਰਹਿੰਦੇ। ਮਾਸਟਰ ਜੀ ਮੈਨੂੰ ਉਨ੍ਹਾਂ ਮੁੰਡਿਆਂ ਦੇ ਚਪੇੜਾਂ ਮਾਰਨ ਲਈ ਕਹਿੰਦੇ। ਸ਼ੁਰੂ ਵਿੱਚ ਮੈਂ ਡਰ ਗਿਆ ਕਿ ਇਹ ਛੁੱਟੀ ਮਗਰੋਂ ਮੈਨੂੰ ਘੇਰ ਕੇ ਬਦਲਾ ਲੈਣਗੇ। ਜਦੋਂ ਮਾਸਟਰ ਜੀ ਨੇ ਉਨ੍ਹਾਂ ਅੱਗੇ ਸ਼ਰਤ ਰੱਖੀ, ਜੇ ਧਰਮੀ ਤੋਂ ਚਪੇੜ ਨਹੀਂ ਖਾਣੀ ਤਾਂ ਫਿਰ ਤਿਆਰ ਹੋ ਜਾਉ ਮੇਰਾ ਪੌਲਾ ਖਾਣ ਲਈ, ਤਾਂ ਉਹ ਝਟਪਟ ਮੇਰੇ ਤੋਂ ਥੱਪੜ ਖਾਣ ਲਈ ਤਿਆਰ ਹੋ ਗਏ। ਨਾਲ ਹੀ ਮਾਸਟਰ ਜੀ ਨੇ ਸਖਤ ਤਾੜਨਾ ਵੀ ਕੀਤੀ ਕਿ ਜੇ ਧਰਮੀ ਨੂੰ ਕੁਝ ਕਿਹਾ ਤਾਂ ਹੱਡੀ ਪਸਲੀ ਇੱਕ ਕਰ ਦਿਆਂਗਾ। ਬੱਸ ਫਿਰ ਮੇਰਾ ਹੌਸਲਾ ਖੁੱਲ੍ਹ ਗਿਆ। ਮੌਕਾ ਮਿਲਣ ’ਤੇ ਮੈਂ ਪੂਰਾ ਜ਼ੋਰ ਲਾ ਕੇ ਚਪੇੜਾਂ ਮਾਰ ਕੇ ਆਪਣੀ ਅਗਲੀ ਪਿਛਲੀ ਤਸੱਲੀ ਕਰ ਲੈਂਦਾ। ਮੈਨੂੰ ਪਹਿਲੀ ਵਾਰੀ ਵਿੱਦਿਆ ਦੀ ਤਾਕਤ ਦਾ ਅਹਿਸਾਸ ਹੋਇਆ।
ਛੁੱਟੀ ਮਗਰੋਂ ਸਕੂਲ ਬੰਦ ਕਰਾ ਕੇ ਮਾਸਟਰ ਜੀ ਘੋੜੇ ’ਤੇ ਸਵਾਰ ਹੋ ਕੇ ਪਿੰਡ ਦੇ ਦੂਰ ਦੂਰ ਟਿੱਲਿਆਂ ਤੇ ਵਸੇ ਕਿਸੇ ਮਹੱਲੇ ਵੱਲ ਚਲੇ ਜਾਂਦੇ। ਉਨ੍ਹਾਂ ਨੇ ਦਿਨ ਬੰਨ੍ਹੇ ਹੋਏ ਸਨ। ਮਹੱਲੇ ਵਾਲੇ ਉਨ੍ਹਾਂ ਦੀ ਉਡੀਕ ਕਰਦੇ। ਮਾਸਟਰ ਜੀ ਵਿਹੜੇ ਵਿਚਕਾਰ ਵਿਛਾਏ ਮੰਜੇ ’ਤੇ ਪਲਥੀ ਮਾਰ ਕੇ ਬੈਠ ਜਾਂਦੇ। ਘਰ ਦੇ ਬੀਮਾਰ ਜੀਅ ਵਾਰੋ ਵਾਰੀ ਉਨ੍ਹਾਂ ਸਾਹਮਣੇ ਜ਼ਮੀਨ ’ਤੇ ਵਿਛਾਏ ਬੈਠਕੂ ’ਤੇ ਬੈਠ ਕੇ ਆਪਣੀ ਤਕਲੀਫ ਦੱਸਦੇ ਤੇ ਮਾਸਟਰ ਜੀ ਦੇਸੀ ਦਵਾਈਆਂ ਦੀਆਂ ਪੁੜੀਆਂ ਬਣਾ-ਬਣਾ ਕੇ ਰੋਗੀਆਂ ਨੂੰ ਦਿੰਦੇ ਤੇ ਨਾਲ ਹੀ ਪਰਹੇਜ਼ ਵੀ ਸਮਝਾ ਦਿੰਦੇ। ਸਾਰਿਆਂ ਨੂੰ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਤੋਂ ਰੋਕਦੇ। ਬੱਚੀਆਂ ਨੂੰ ਸਕੂਲੇ ਭੇਜਣ ਲਈ ਪ੍ਰੇਰਦੇ। ਮਾਸਟਰ ਜੀ ਬਿਮਾਰ ਪਿੰਡ ਵਾਸੀਆਂ ਦਾ ਦਵਾਦਾਰੂ ਬਿਨਾ ਕਿਸੇ ਜਾਤ-ਪਾਤ, ਧਰਮ, ਕੌਮ ਦੇ ਵਿਤਕਰੇ ਤੋਂ ਮੁਫਤ ਕਰਦੇ। ਉਨ੍ਹਾਂ ਦੀ ਹਰਮਨ ਪਿਆਰਤਾ ਦਾ ਇਹ ਵੀ ਇੱਕ ਵੱਡਾ ਰਾਜ਼ ਸੀ।
ਗਰਮੀਆਂ ਨੂੰ ਪੀਣ ਵਾਲੇ ਪਾਣੀ ਦੀ ਬੜੀ ਕਿਲੱਤ ਹੋ ਜਾਂਦੀ। ਦਸਾਂ-ਬਾਰ੍ਹਾਂ ਪਿੰਡਾਂ ਲਈ ਇੱਕੋ ਇੱਕ ਖੂਹ ਦਾ ਪਾਣੀ ਸਤਰ ਬਹੁਤ ਹੇਠਾਂ ਚਲਿਆ ਜਾਂਦਾ। ਅਸੀਂ ਟੋਭੇ-ਛੱਪੜਾਂ ਦਾ ਪ੍ਰਦੂਸ਼ਤ ਪਾਣੀ ਕੱਪੜ ਛਾਣ ਕਰਕੇ ਪੀਂਦੇ। ਮਾਸਟਰ ਜੀ ਸਾਨੂੰ ਲਾਲ ਦਵਾਈ ਦੀਆਂ ਪੁੜੀਆਂ ਲਿਆ ਕੇ ਘੜਿਆਂ ਵਿੱਚ ਪਾਉਣ ਲਈ ਦਿੰਦੇ। ਮੈਂ ਜਦੋਂ ਪੰਜਵੀਂ ਦਾ ਇਮਤਿਹਾਨ ਦੇਣਾ ਸੀ, ਮਾਸਟਰ ਜੀ ਨੇ ਮੇਰੇ ਪਿੰਡ ਛੁੱਟੀ ਆਏ ਪਿਤਾ ਜੀ ਨੂੰ ਸਕੂਲੇ ਬੁਲਾਇਆ। ਪਿਤਾ ਜੀ ਵੀ ਇਨ੍ਹਾਂ ਮਾਸਟਰ ਜੀ ਤੋਂ ਪੜ੍ਹੇ ਹੋਏ ਸਨ। ਮਾਸਟਰ ਜੀ ਨੇ ਪਿਤਾ ਜੀ ਨੂੰ ਕਿਹਾ, “ਬੰਸੀ, ਤੇਰਾ ਪੁੱਤਰ ਧਰਮੀ ਪੜ੍ਹਨ ਨੂੰ ਚੰਗਾ ਹੈ, ਇਸ ਨੂੰ ਸ਼ਹਿਰ ਆਪਣੇ ਨਾਲ ਲੈ ਜਾ। ਚਾਰ ਜਮਾਤਾਂ ਪੜ੍ਹ ਲਵੇਗਾ ਤਾਂ ਜ਼ਿੰਦਗੀ ਬਣ ਜਾਵੇਗੀ, ਨਹੀਂ ਤਾਂ ਇਸ ਨੇ ਇੱਥੇ ਹੀ ਡੰਗਰ ਚਾਰਨ ਜਾਂ ਦਿਹਾੜੀਆਂ ਲਾਉਣ ਜੋਗਾ ਰਹਿ ਜਾਣਾ ਹੈ।”
ਮਾਤਾ ਜੀ ਦੀ ਇਸੇ ਸਲਾਹ ਨੂੰ ਕਈ ਵਾਰ ਅਣਗੌਲਿਆ ਕਰ ਚੁੱਕੇ ਪਿਤਾ ਜੀ ਆਪਣੇ ਗੁਰੂ ਜੀ ਦਾ ਆਖਾ ਨਾ ਮੋੜ ਸਕੇ ਤੇ ਮੈਨੂੰ ਆਪਣੇ ਨਾਲ ਸ਼ਹਿਰ ਲੈ ਗਏ। ਉੱਥੇ ਉੱਚ ਪੱਧਰੀ ਪੜ੍ਹਾਈ ਕਰਕੇ ਹੀ ਮੈਂ ਸਨਮਾਨਤ ਜ਼ਿੰਦਗੀ ਗੁਜ਼ਾਰਣ ਦੇ ਕਾਬਿਲ ਬਣ ਸਕਿਆ ਹਾਂ। ਸੱਚ ਪੁੱਛੋ ਤਾਂ ਮੈਂ ਉਨ੍ਹਾਂ ਨੂੰ ਵੇਖ ਕੇ ਹੀ ਅਧਿਆਪਕ ਬਣਨ ਦਾ ਸੁਪਨਾ ਲਿਆ ਸੀ। ਲਗਭਗ ਚਾਲੀ ਸਾਲ ਦੇ ਅਧਿਆਪਕੀ ਜੀਵਨ ਵਿੱਚ ਹੀ ਨਹੀਂ ਸਗੋਂ ਹੁਣ ਤਕ ਦੇ ਜੀਵਨ ਵਿੱਚ ਮਾਸਟਰ ਜੀ ਵੱਲੋਂ ਦਿੱਤੀਆਂ ‘ਅਕਲ ਦੀਆਂ ਪੁੜੀਆਂ’ ਮੇਰੇ ਬਹੁਤ ਕੰਮ ਆਈਆਂ ਹਨ। ਕਿਸੇ ਸ਼ਾਇਰ ਦੀਆਂ ਇਹ ਸਤਰਾਂ ਮਾਸਟਰ ਜੀ ਦੇ ਕਿਰਦਾਰ ਤੇ ਪੂਰੀ ਤਰ੍ਹਾਂ ਢੁਕਦੀਆਂ ਹਨ, “ਦੇਖਾ ਨਾ ਕੋਹਕਨ ਕੋਈ, ਫਰਹਾਦ ਕੇ ਬਗ਼ੈਰ। ਆਤਾ ਨਹੀਂ ਹੈ ਕੋਈ ਫਨ, ਉਸਤਾਦ ਕੇ ਬਗ਼ੈਰ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3734)
(ਸਰੋਕਾਰ ਨਾਲ ਸੰਪਰਕ ਲਈ: