“ਜਦੋਂ ਮੈਂ ਸਕੂਲੋਂ ਛੁੱਟੀ ਕਰਕੇ ਆਪਣੇ ਚੁਬਾਰੇ ’ਤੇ ਪਰਤਦਾ, ਮੇਰੇ ਕਮਰੇ ਦੀ ਨੁਹਾਰ ਹੀ ਬਦਲੀ ਹੋਈ ਹੁੰਦੀ। ਕਪੜੇ ਧੋਅ ਕੇ ...”
(22 ਅਕਤੂਬਰ 2024)
45 ਕੁ ਵਰ੍ਹੇ ਪਹਿਲਾਂ ਮੇਰੀ ਅਧਿਆਪਕ ਵਜੋਂ ਪਹਿਲੀ ਨਿਯੁਕਤੀ ਕੰਢੀ ਖੇਤਰ ਵਿਖੇ ਸ਼ਿਵਾਲਿਕ ਪਰਬਤਮਾਲਾ ਦੀ ਧੁੰਨੀ ਵਿੱਚ ਵਸੇ ਇੱਕ ਪਿੰਡ ਵਿੱਚ ਹੋਈ ਸੀ, ਜਿੱਥੇ ਸਰਕਾਰੀ ਮਿਡਲ ਸਕੂਲ ਤੋਂ ਛੁੱਟ ਸੜਕ, ਪਾਣੀ ,ਬਿਜਲੀ, ਹਸਪਤਾਲ, ਵਰਗੀ ਮੁੱਢਲੀ ਕੋਈ ਸੁਵਿਧਾ ਨਹੀਂ ਸੀ। ਪਹਾੜੀ ਦੇ ਚਰਨਾਂ ਵਿੱਚ ਸਥਾਪਿਤ ਬਿਨਾ ਗੇਟ ਚਾਰ ਦੀਵਾਰੀ ਦਾ ਸਕੂਲ। ਸਕੂਲ ਸਾਹਮਣੇ ਚੌੜੀ ਪਥਰੀਲੀ ਖੱਡ ਦੇ ਕੰਢੇ ਪਿੰਡ ਦੀ ਇੱਕਲੌਤੀ ਹੱਟੀ ਯਾਨੀ ਪਿੰਡ ਦਾ ਸੁਪਰ ਬਾਜ਼ਾਰ। ਇਸ ਹੱਟੀ ਤੋਂ ਖੱਬੇ ਪਾਸੇ ਥੋੜ੍ਹਾ ਹਟਵਾਂ ਪੁਰਾਣੇ ਤੇ ਭਾਰੀ ਪਿੱਪਲ ਹੇਠਾਂ ਖੂਹ, ਹੱਟੀ ਨਾਲ ਲਗਦੀਆਂ 15-20 ਪੌੜੀਆਂ ਚੜ੍ਹ ਕੇ ਸ਼ਿਵਾ ਦਾ ਮੰਦਿਰ, ਵਿਚਾਲੇ ਚੌੜੀ ਖੱਡ ਤੇ ਉੱਚੇ ਪੁਰਾਣੇ ਦਰਖਤਾਂ ਦਾ ਝੁਰਮੁਟ। ਇਹ ਸਾਰਾ ਕੁਝ ਪਿੰਡੋਂ ਬਾਹਰਵਾਰ ਸੀ। ਮੈਂ ਹੱਟੀ ਉਪਰ ਬਿਨਾ ਚਾਰ ਦੀਵਾਰੀ ਵਾਲੇ ਚੁਬਾਰੇ ’ਤੇ ਬਣਿਆ ਇੱਕ ਛੋਟਾ ਜਿਹਾ ਕਮਰਾ ਕਿਰਾਏ ’ਤੇ ਲੈ ਲਿਆ। ਸਲੇਟਾਂ ਦੀ ਢਲਵੀਂ ਤਿਕੋਨੀ ਛੱਤ ਵਾਲੇ ਇਸ ਕਮਰੇ ਸਾਹਮਣੇ ਦੋ ਕੁ ਮੰਜੇ ਡਾਹੁਣ ਜੋਗਾ ਵਿਹੜਾ। ਚੁਬਾਰੇ ’ਤੇ ਚੜ੍ਹਣ ਉਤਰਨ ਲਈ ਬਾਂਸਾਂ ਦੇ ਡੰਡਿਆਂ ਵਾਲੀ ਪੌੜੀ, ਜਿਸ ਨੂੰ ਰਾਤ ਸਮੇਂ ਸੌਣ ਲੱਗਿਆਂ ਖਿੱਚ ਕੇ ਛੱਤ ’ਤੇ ਚਾੜ੍ਹ ਲਿਆ ਜਾਂਦਾ ਤੇ ਸਵੇਰੇ ਮੁੜ ਮੰਦਿਰ ਨੂੰ ਜਾਂਦੀਆਂ ਪੌੜੀਆਂ ’ਤੇ ਚੁਬਾਰੇ ਦੀ ਕੰਧ ਨਾਲ ਟਿਕਾ ਦਿੱਤਾ ਜਾਂਦਾ।
ਉਸ ਚੁਬਾਰੇ ਦੇ ਵਿਹੜੇ ਵਿੱਚ ਖੜ੍ਹੇ ਹੋ ਕੇ ਖੱਡ ਵਿਚਾਲੇ ਬਣੇ ਪਥਰੀਲੇ ਰਾਹ ਤੋਂ ਆਉਂਦੇ ਜਾਂਦੇ ਰਾਹੀਆਂ, ਖੂਹ ਤੇ ਪਾਣੀ ਭਰਨ, ਨਹਾਉਣ ਤੇ ਕਪੜੇ ਧੋਣ ਆਏ ਪਿੰਡ ਦੇ ਇਸਤਰੀ-ਮਰਦ, ਉਨ੍ਹਾਂ ਨਾਲ ਆਏ ਪਸ਼ੂ-ਲਵੇਰੇ, ਮੰਦਿਰ ਮੱਥਾ ਟੇਕਣ ਲਈ ਪੌੜੀਆਂ ਚੜ੍ਹਦੇ-ਉਤਰਦੇ ਸ਼ਰਧਾਲੂ ਅਤੇ ਹੱਟੀ ’ਤੇ ਸੌਦਾ-ਪੱਤਾ ਲੈਣ ਆਉਂਦੇ ਪਿੰਡ ਵਾਲੇ ਅਤੇ ਹੱਟੀ ਦੇ ਵਿਹੜੇ ਵਿੱਚ ਬੋਰੀਆਂ ਵਿਛਾ ਕੇ ਤਾਸ਼ ਖੇਡਦੀਆਂ ਇੱਕ ਦੋ ਟੋਲੀਆਂ ਅਤੇ ਚੁਬਾਰੇ ਦੇ ਵਿਹੜੇ ਹੇਠਲੇ ਕਮਰੇ ਵਿੱਚ ਦਿਨੇ ਠਹਿਰਦੇ ਇੱਕ ਅਧਖੜ ਆਰ.ਐੱਮ.ਪੀ ਡਾਕਟਰ ਪਾਸ ਆਉਂਦੇ ਟਾਵੇ-ਟਾਵੇਂ ਮਰੀਜ਼ ਅਤੇ ਛੁੱਟੀ ਵਾਲਾ ਦਿਨ ਛੱਡ ਕੇ ਸਾਹਮਣਲੇ ਸਕੂਲ ਤੋਂ ਉਸ ਘਾਟੀ ਵਿੱਚ ਗੂੰਜਦੀਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਪੜ੍ਹਨ-ਪੜ੍ਹਾਉਣ ਦੀਆਂ ਆਵਾਜ਼ਾਂ ਅਤੇ ਸਵੇਰੇ-ਸ਼ਾਮ ਹਵਾ ਵਿੱਚ ਉਡਾਰੀਆਂ ਮਾਰਦੇ ਭਾਂਤ-ਭਾਂਤ ਦੇ ਪੰਛੀਆਂ ਦੀ ਵੰਨ-ਸੁਵੰਨੀ ਚਹਿਚਹਾਹਟ ਅਤੇ ਰਾਤ ਦੇ ਸੰਨਾਟੇ ਨੂੰ ਭੰਗ ਕਰਦੀਆਂ ਹਵਾਂਕਦੇ ਗਿੱਦੜਾਂ, ਸਿਆਰਾਂ, ਉੱਲੂਆਂ ਦੀਆਂ ਡਰਾਉਣੀਆਂ ਅਵਾਜ਼ਾਂ ਦਾ ਰੌਣਕ-ਮੇਲਾ ਲੱਗਾ ਰਹਿੰਦਾ। ਸ਼ਾਮ ਨੂੰ ਹੱਟੀ ਵਾਲੇ ਪੰਡਿਤ ਜੀ ਦੁਕਾਨ ਚੜ੍ਹਾ ਕੇ ਆਪਣੇ ਘਰ ਚਲੇ ਜਾਂਦੇ ਤਾਂ ਸਕੂਲ ਦੇ ਸਟੋਰ ਵਿੱਚ ਟਿੱਕਿਆ ਰਿਟਾਇਰਮੈਂਟ ’ਤੇ ਪੁੱਜਾ ਚੌਕੀਦਾਰ ਬਾਲਕਰਾਮ। ਬਾਲਕਰਾਮ ਦੱਸਦਾ, ਰਾਤ ਨੂੰ ਉਸ ਨੂੰ ਭੂਤ-ਪ੍ਰੇਤ ਅਤੇ ਚੁੜੇਲਾਂ ਮਿਲਣ ਆਉਂਦੀਆਂ ਹਨ। ਚੁਬਾਰੇ ਦੇ ਐਨ ਹੇਠਾਂ ਇੱਕ ਸਨਿਆਸੀ ਟਾਈਪ ਬਾਬਾ ਠੁੱਕਠੁਕੀਆ, ਜਿਹੜਾ ਤੜਕਸਾਰ ਹੱਟੀ ਦੇ ਪਿਛਵਾੜੇ ਵਾੜੇ ਵਿੱਚ ਡੱਕੀਆਂ 15-20 ਬੱਕਰੀਆਂ ਹੱਕਦਾ, ‘ਸ਼ਿਵ ਭੋਲੇ’ ਦਾ ਉਚਾਰਣ ਕਰਦਾ ਪਹਾੜੀਆਂ, ਜੰਗਲ਼ ਬੇਲਿਆਂ ਵੱਲ ਨਿਕਲ ਜਾਂਦਾ ਤੇ ਸ਼ਾਮਾਂ ਦੇ ਘੁਸਮੁਸੇ ਵਿੱਚ ਪਿੰਡ ਵੜਦਾ। ਫਿਰ ਦੇਰ ਰਾਤ ਤੱਕ ਲੋਕਾਂ ਵਲੋਂ ਛੱਡੀਆਂ ਗਾਗਰਾਂ, ਪਤੀਲਿਆਂ ਤੇ ਹੋਰ ਭਾਂਡਿਆਂ ਦੀ ਮਰੰਮਤ ਕਰਦਾ ਠੁੱਕ-ਠੁੱਕ ਲਾਈ ਰੱਖਦਾ। ਬਾਬੇ ਦੀ ਨਿਰੰਤਰ ਠੁੱਕ-ਠੁੱਕ ਦੀ ਥਾਪੜਣਾ ਨਾਲ ਮੈਂ ਕਦੋਂ ਨੀਂਦ ਦੇ ਆਗੋਸ਼ ਵਿੱਚ ਚਲਿਆ ਜਾਂਦਾ, ਪਤਾ ਹੀ ਨਾ ਲਗਦਾ। ਸਵੇਰੇ “ਸ਼ਮ-ਏ- ਫਰੋਜ਼ਾਂ” ਤੋਂ ਲੈ ਕੇ ਦੇਰ ਰਾਤ “ਤਾਮੀਲੇ ਇਰਸ਼ਾਦ” ਪ੍ਰੋਗਰਾਮਾਂ ਤੱਕ ਮੇਰਾ ਸੈੱਲਾਂ ਵਾਲਾ ਪਾਕੇਟ ਟ੍ਰਾਂਜਿਸਟਰ ਵੱਜਦਾ ਰਹਿੰਦਾ। ਕੁਲ ਮਿਲਾ ਕੇ ਕੁਝ ਅਜਿਹੀ ਸੀ ਮੇਰੇ ਚੁਬਾਰੇ ਅਤੇ ਉਸ ਦੇ ਆਲੇ-ਦੁਆਲੇ ਦੀ ਦੁਨੀਆ।
ਉੱਥੇ ਲੋਕਾਂ ਨੂੰ ਇੱਕ ਦੂਸਰੇ ’ਤੇ ਇੰਨਾ ਵਿਸ਼ਵਾਸ ਸੀ ਕਿ ਦਰਵਾਜਿਆਂ ਨੂੰ ਜੰਦਰੇ ਲਾਉਣ ਦਾ ਰਿਵਾਜ਼ ਨਹੀਂ ਸੀ। ਬਾਬੇ ਦੀ ਰੀਸੋ-ਰੀਸੀ ਮੈਂ ਵੀ ਚੁਬਾਰੇ ਦਾ ਦਰਵਾਜਾ ਭੇੜ ਕੇ ਕੁੰਡੀ ਲਾ ਛੱਡਦਾ ਤੇ ਸਕੂਲ ਆਪਣੀ ਡਿਉਟੀ ’ਤੇ ਚਲਿਆ ਜਾਂਦਾ। ਚੁਬਾਰੇ ਵਾਲੇ ਕਮਰੇ ਅੰਦਰ ਨੀਵੇਂ ਜਿਹੇ ਦਰਵਾਜੇ ਦੇ ਸੱਜੇ ਪਾਸੇ ਮੇਰਾ ਮੰਜਾ, ਮੰਜੇ ਪਿਛਲੇ ਖੂੰਜੇ ’ਤੇ ਇੱਕ ਮੇਜ ਕੁਰਸੀ, ਖੱਬੇ ਪਾਸੇ ਇੱਕ ਟਰੰਕ ਤੇ ਬੈਗ, ਦਰਵਾਜੇ ਦੇ ਖੱਬੇ ਪਾਸੇ ਤਾਕੀ ਨਾਲ ਖਾਣਾ ਬਣਾਉਣ ਲਈ ਸਟੋਵ, ਤਵਾ-ਪਰਾਤ ਤੇ ਦੋ ਚਾਰ ਜਰੂਰੀ ਭਾਂਡਿਆਂ ਤੇ ਨਿਕਸੁਕ ਵਾਲੀ ਰਸੋਈ। ਕਪੜੇ ਲਮਕਾਉਣ ਲਈ ਕਮਰੇ ਅੰਦਰ ਇੱਕ ਕੋਨੇ ਤੋਂ ਦੂਸਰੇ ਸਿਰੇ ਤੱਕ ਬੱਝੀ ਬਾਣ ਦੀ ਰੱਸੀ। ਇੱਕਲੇ ਬੰਦੇ ਲਈ ਕੀਤਾ ਗਿਆ ਘੱਟੋ-ਘੱਟ ਜੁਗਾੜ। ਐਤਵਾਰ ਦਾ ਦਿਨ ਬਹੁਤ ਬੇਰੌਣਕੀ ਵਾਲਾ ਹੁੰਦਾ। ਸਮਾਂ ਕੱਟਿਆਂ ਨਾ ਕੱਟਦਾ, ਇਸ ਲਈ ਮੈਂ ਹਰੇਕ ਛੁੱਟੀ ਵਾਲੇ ਦਿਨ ਬੋਰਡ ਦੀ ਅੱਠਵੀਂ ਜਮਾਤ ਨੂੰ ਇੱਕ ਘੰਟੇ ਲਈ ਸਕੂਲੇ ਪੜ੍ਹਾਉਣ ਲਈ ਸੱਦ ਲੈਂਦਾ। ਇੱਕ ਘੰਟਾ ਪੜ੍ਹਾਉਣ ਮਗਰੋਂ ਲੜਕੀਆਂ ਨੂੰ ਘਰ ਭੇਜ ਕੇ ਮੁੰਡਿਆਂ ਨਾਲ ਸਕੂਲ ਦੀ ਛੋਟੀ ਜਿਹੀ ਗ੍ਰਾਉਂਡ ਵਿੱਚ ਵਾਲੀਵਾਲ ਖੇਡਦਿਆਂ ਮੇਰਾ ਅੱਧਾ ਕੁ ਦਿਨ ਸੌਖਾ ਲੰਘ ਜਾਂਦਾ।
ਜਦੋਂ ਮੈਂ ਸਕੂਲੋਂ ਛੁੱਟੀ ਕਰਕੇ ਆਪਣੇ ਚੁਬਾਰੇ ’ਤੇ ਪਰਤਦਾ, ਮੇਰੇ ਕਮਰੇ ਦੀ ਨੁਹਾਰ ਹੀ ਬਦਲੀ ਹੋਈ ਹੁੰਦੀ। ਕਪੜੇ ਧੋਅ ਕੇ ਸੁੱਕਣੇ ਪਾਏ ਹੁੰਦੇ, ਕਮਰੇ ਦੀ ਸਾਫ-ਸਫਾਈ ਕੀਤੀ ਹੁੰਦੀ। ਬਿਸਤਰਾ ਝਾੜ ਕੇ ਮੁੜ ਵਿਛਾਇਆ ਹੁੰਦਾ। ਭਾਂਡੇ ਲਿਸ਼ਕ ਰਹੇ ਹੁੰਦੇ। ਮੇਜ ’ਤੇ ਖਿਲਰੀਆਂ ਕਿਤਾਬਾਂ ਕਾਪੀਆਂ, ਪੈੱਨ ਸੈੱਟ ਕਰਕੇ ਰੱਖੀਆਂ ਹੁੰਦੀਆਂ। ਸਾਰਾ ਸਮਾਨ ਸੁਚੱਜੇ ਢੰਗ ਨਾਲ ਟਿਕਾਇਆ ਹੁੰਦਾ। ਕਈ ਵਾਰੀ ਖੱਦਰ ਦੇ ਪੌਣੇ ਵਿੱਚ ਵਲੇਟੀਆਂ ਮੱਕੀ ਦੀਆ ਰੋਟੀਆਂ, ਕੌਲੀ ਵਿੱਚ ਸਾਗ, ਛੋਟੇ ਜਿਹੇ ਕੁੱਜੇ ਵਿੱਚ ਸੰਘਣੀ ਲੱਸੀ ’ਤੇ ਤੈਰਦਾ ਮੱਖਣ ਰੱਖਿਆ ਮਿਲਦਾ। ਮੇਰਾ ਕਮਰਾ ਜਿਵੇਂ ਕਸਤੂਰੀ ਗੰਧ ਨਾਲ ਮਹਿਕਿਆ ਹੁੰਦਾ। ਮੈਂ ਹੈਰਾਨ ਹੁੰਦਾ, ਇਹ ਕੌਣ ਫਰਿਸ਼ਤਾ ਹੈ ਜੇ ਮੇਰੀ ਗ਼ੈਰਹਾਜ਼ਰੀ ਵਿੱਚ ਮੇਰੇ ਚੁਬਾਰੇ ’ਤੇ ਆ ਕੇ ਮੇਰੇ ਕਮਰੇ ਦੀ ਕਾਇਆ ਕਲਪ ਕਰ ਜਾਂਦਾ ਹੈ? ਇੱਕ ਦਿਨ ਮੈਂ ਇਹ ਜਿਗਿਆਸਾ ਸ਼ਾਂਤ ਕਰਨ ਲਈ ਅੱਧੀ ਛੁੱਟੀ ਵੇਲੇ ਅਚਾਨਕ ਬਿਨਾ ਖੜਾਕ ਕੀਤਿਆਂ ਆਪਣੇ ਚੁਬਾਰੇ ’ਤੇ ਜਾ ਚੜ੍ਹਿਆ। ਵੇਖਦਾਂ ਹਾਂ, ਸਿਰ ’ਤੇ ਚਿੱਟਾ ਦੁਪੱਟਾ ਲੈਕੇ ਸਿਆਣੀ ਜਿਹੀ ਔਰਤ ਤੇ ਉਸ ਨਾਲ ਇੱਕ ਮੁਟਿਆਰ, ਦੋਵੇਂ ਫਟਾਫਟ ਕਮਰੇ ਦੀ ਸਫਾਈ ਦੇ ਆਹਰ ਵਿੱਚ ਲੱਗੀਆਂ ਹੋਈਆਂ ਹਨ। ਮੈਂ ਕੁਝ ਦੇਰ ਬਾਹਰ ਚੁੱਪਚਾਪ ਖੜ੍ਹਾ ਵੇਖਦਾ ਰਿਹਾ। ਫਿਰ ਜਦੋਂ ਉਹ ਕਮਰੇ ਵਿੱਚੋਂ ਬਾਹਰ ਨਿਕਲੀਆਂ ਤਾਂ ਮੈਨੂੰ ਅਚਾਨਕ ਆਪਣੇ ਸਾਹਮਣੇ ਖੜ੍ਹਾ ਵੇਖ ਕੇ ਤ੍ਰਭਕ ਗਈਆਂ। ਮੈਂ ਪੁੱਛਿਆ, “ਤੁਸੀਂ ਇਹ ਸਭ ਕਸ਼ਟ ਕਿਉਂ ਕਰਦੇ ਹੋ?”
ਔਰਤ ਨੇ ਪਹਾੜੀ ਲਹਿਜੇ ਵਿੱਚ ਕਿਹਾ, “ਮਾਸਟਰ ਜੀ, ਜੇ ਤੁਸਾਂ ਸਾੜੇ ਬੱਚਿਆਂ ਨੂੰ ਐਤਬਾਰੇ ਨੂੰ ਬੀ ਸਕੂਲੇ ਸੱਦੀ ਕੇ ਪੜ੍ਹਾਈ ਸਕਦੈਂ ਤਾਂ ਸਾੜਾ ਬੀ ਤਾਂ ਕੁਝ ਫਰਜ਼ ਬਣਦਾ ਈ ਹੈ ਨਾ।”
ਮੈਂ ਉਨ੍ਹਾਂ ਦੀ ਸੱਚੀ-ਸੁੱਚੀ ਤੇ ਪਵਿੱਤਰ ਭਾਵਨਾ ਅੱਗੇ ਨਤਮਸਤਕ ਹੋ ਗਿਆ। ਸ਼ਾਮੀਂ ਮੈਂ ਚੁਬਾਰੇ ਤੇ ਖੜ੍ਹ ਕੇ ਉਸੇ ਸਿਆਣੀ ਔਰਤ ਦੇ ਮਗਰ ਮਟਿਆਰ ਨੂੰ ਖੂਹ ਤੋਂ ਪਾਣੀ ਨਾਲ ਭਰੇ ਘੜੇ ਸਿਰ ’ਤੇ ਰੱਖ ਕੇ ਹੱਟੀ ਮੋਹਰਿਉਂ ਲੰਘਦਿਆਂ ਦੇਖਿਆ। ਸ਼ਾਇਦ ਮੁਟਿਆਰ ਨੇ ਚੋਰ ਅੱਖ ਨਾਲ ਮੈਨੂੰ ਚੁਬਾਰੇ ’ਤੇ ਦੇਖ ਲਿਆ ਸੀ, ਜਦੋਂ ਉਹ ਦੋਵੇਂ ਦੂਰ ਜਾ ਕੇ ਮੋੜ ਮੁੜ ਕੇ ਪਹਾੜੀ ਉਹਲੇ ਹੋਣ ਲੱਗੀਆਂ ਤਾਂ ਔਰਤ ਮਗਰ ਤੁਰਦੀ ਮੁਟਿਆਰ ਨੇ ਮੈਨੂੰ ਵੇਖਣ ਲਈ ਅਚਾਨਕ ਗਰਦਨ ਪਿਛਾਂਹ ਵੱਲ ਮੋੜੀ, ਪੈਰਾਂ ਨੂੰ ਪੱਥਰ ਦੀ ਠੋਕਰ ਵੱਜੀ ਤੇ ਉਸਦੇ ਸਿਰ ਤੋਂ ਪਾਣੀ ਨਾਲ ਭਰਿਆ ਘੜਾ ਪੱਥਰਾਂ ’ਤੇ ਡਿਗ ਕੇ ਟੁੱਟ ਗਿਆ ਸੀ ਤੇ ਪਾਣੀ ਪਾਣੀ ਹੋਈ ਉਹ ਮੁਟਿਆਰ ਕਾਹਲੀ ਨਾਲ ਪਹਾੜੀ ਉਹਲੇ ਹੋ ਗਈ। ਮੇਰੇ ਚੇਤਿਆਂ ਦੀ ਕੈਨਵਸ ’ਤੇ ਇਹ ਦ੍ਰਿਸ਼ ਅੱਜ ਵੀ ਅੰਕਿਤ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5385)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.
				
				
				
				
				
						




 






















 










 















 



















 



























