“ਸੂਚਨਾ ਤਕਨਾਲੋਜੀ ਦੇ ਇਸ ਯੁੱਗ ਵਿਚ ਜਦੋਂ ਵਿਕਸਤ ਮੁਲਕ ਨਿੱਤ ਨਵੀਆਂ ਨਵੀਆਂ ਖੋਜਾਂ ...”
(9 ਸਤੰਬਰ 2017)
ਸਾਡੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਹਰਾ ਦਿੱਤਾ ਸੀ - ਜੈ ਜਵਾਨ, ਜੈ ਕਿਸਾਨ। ਮਗਰੋਂ ਸਫਲ ਪਰਮਾਣੂ ਧਮਾਕੇ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਉਪਰੋਕਤ ਨਾਹਰੇ ਵਿੱਚ ਜੋੜ ਦਿੱਤਾ ਸੀ - ਜੈ ਵਿਗਿਆਨ। ਪਰ ਭਾਰਤ ਦੇ ਅਜੋਕੇ ਨਿੱਘਰੇ ਹੋਏ ਹਾਲਾਤ ਵੇਖ ਕੇ ਇਨ੍ਹਾਂ ਨਾਹਰਿਆਂ ਦੇ ਮਾਇਨੇ ਦਮ ਤੋੜਦੇ ਵਿਖਾਈ ਦਿੰਦੇ ਹਨ। ਕੋਈ ਦਿਨ ਅਜਿਹਾ ਨਹੀਂ ਜਾਂਦਾ ਜਿਸ ਦਿਨ ਕਿਸੇ ਜਵਾਨ ਜਾਂ ਕਿਸੇ ਕਿਸਾਨ ਜਾਂ ਕਿਸੇ ਸੜਕ ਹਾਦਸੇ ਵਿੱਚ ਆਮ ਆਦਮੀ ਦੀ ਮੌਤ ਦੀ ਖਬਰ ਅਖਬਾਰਾਂ ਜਾਂ ਖਬਰੀ ਚੈਨਲਾਂ ਦੀ ਸੁਰਖੀ ਨਹੀਂ ਬਣਦੀ। ਦਿਮਾਗ਼ ਨੂੰ ਉਦੋਂ ਇੱਕ ਝਟਕਾ ਜਿਹਾ ਲਗਦਾ ਹੈ ਜਦੋਂ ਮੀਡੀਆ ਇਹ ਦੱਸਦਾ ਹੈ ਕਿ ਬੀਤੇ ਵਰ੍ਹਿਆਂ ਵਿੱਚ ਜੰਮੂ ਕਸ਼ਮੀਰ ਸੰਕਟ ਕਾਰਣ ਹੁਣ ਤੱਕ 60 ਹਜ਼ਾਰ ਤੋਂ ਵੀ ਵੱਧ ਸਾਡੇ ਜਵਾਨ ਸ਼ਹੀਦ ਹੋ ਚੁੱਕੇ ਹਨ। ਆਮ ਨਾਗਰਿਕ ਦੇ ਮਨ ਵਿੱਚ ਇਹ ਸਵਾਲ ਸੁਭਾਵਿਕ ਤੌਰ ’ਤੇ ਉੱਠਦਾ ਹੈ ਕਿ ਜੇ ਭਾਰਤ-ਪਾਕ ਦੀ ਆਰ ਪਾਰ ਦੀ ਲੜਾਈ ਹੁੰਦੀ ਤਾਂ ਵੀ ਇੰਨੇ ਜਵਾਨਾਂ ਦੀ ਜਾਨ ਨਹੀਂ ਸੀ ਜਾਣੀ। ਇੰਨਾ ਆਰਥਿਕ ਨੁਕਸਾਨ ਵੀ ਨਹੀਂ ਸੀ ਹੋਣਾ। ਕੀ ਜੰਮੂ ਕਸ਼ਮੀਰ ਦਾ ਇਹ ਸੰਕਟ ਉਹਨਾਂ ਲਈ ਇੱਕ ਖੂਨੀ ਖੇਡ ਜਾਂ ਮਨੋਰੰਜਨ ਦਾ ਸਾਧਨ ਹੈ, ਜਿਸ ਵਿੱਚ ਸਾਡੇ ਰਾਹਬਰ ਸਾਡੇ ਜਵਾਨਾਂ ਨੂੰ ਬਿਨਾਂ ਕਿਸੇ ਸਿੱਧੀ ਦੁਸ਼ਮਣੀ ਦੇ ਮਰਦੇ ਵੇਖ ਰਹੇ ਹਨ।
ਮਾਂਵਾਂ ਦੇ ਪੁੱਤਰ ਬਾਰਡਰ ’ਤੇ ਪਾਕਿਸਤਾਨ ਦੀ ਸ਼ਹਿ ’ਤੇ ਅਤੇ ਸਾਡੇ ਅੰਦਰੂਨੀ ਗਦਾਰਾਂ ਦੀ ਗਦਾਰੀ ਕਰਕੇ ਇੱਕ ਇੱਕ ਕਰਕੇ ਮਰ ਰਹੇ ਹਨ। ਵਿਹੜੇ ਵਿੱਚ ਜਵਾਨ ਪੁੱਤਰ ਦੀ ਲਾਸ਼ ਆਉਣ ’ਤੇ ਮਾਂ ਦੁਹੱਥੜਾਂ ਮਾਰਦੀ ਹੈ, ਪਤਨੀ ਅਤੇ ਬੱਚੇ ਵਿਲਕਦੇ ਹਨ। ਹੁਕਮਰਾਨਾਂ ਦਾ ਰਟਿਆ ਰਟਾਇਆ ਬਿਆਨ ਆ ਜਾਂਦਾ ਹੈ - “ਇਹ ਅੱਤਵਾਦੀਆਂ ਦੀ ਬੁਖਲਾਹਟ ਹੈ। ਜਵਾਨਾਂ ਦਾ ਇਹ ਬਲੀਦਾਨ ਵਿਅਰਥ ਨਹੀਂ ਜਾਣ ਦਿਆਂਗੇ। ਸਰਕਾਰ ਬਹੁਤ ਫਿਕਰਮੰਦ ਹੈ। ਸਖਤ ਕਦਮ ਚੁੱਕੇ ਜਾਣਗੇ। ਕਠੋਰ ਕਾਰਵਾਈ ਕੀਤੀ ਜਾਵੇਗੀ।” ਹਵਾ ਵਿੱਚ ਇਹ ਜੁਮਲੇ ਛੱਡ ਦਿੱਤੇ ਜਾਂਦੇ ਹਨ। ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਸਬਰ ਦਾ ਘੁੱਟ ਪੀ ਕੇ ਖਾਮੋਸ਼ ਹੋ ਜਾਂਦੇ ਹਨ। ਮੀਡੀਆ ਵਿੱਚ ਭਾਵੁਕ ਜਿਹੇ ਦੇਸ਼ ਭਕਤੀ ਦੇ ਗੀਤ ਸੁਣਾ ਕੇ ਜਾਂ ਜਵਾਨ ਦੀ ਵਿਧਵਾ ਮੂੰਹੋਂ ਜਜ਼ਬਾਤੀ ਜਿਹੀ ਤਕਰੀਰ ਸੁਣਾ ਕੇ ਜਾਂ ਉਸ ਦੇ ਹੱਥਾਂ ਵਿੱਚ ਕਿਸੇ ਵੀਰਤਾ ਪੁਰਸਕਾਰ ਦਾ ਛੁਣਛੁਣਾ ਫੜਾ ਦਿੱਤਾ ਜਾਂਦਾ ਹੈ। ਉੱਧਰ ਬਾਰਡਰ ’ਤੇ ਜਵਾਨਾਂ ਦੀ ਅਨਿਆਈਂ ਮੌਤ ਦਾ ਅੰਤਹੀਣ ਸਿਲਸਿਲਾ ਜਾਰੀ ਰਹਿੰਦਾ ਹੈ।
ਇੱਥੇ ਹੀ ਬੱਸ ਨਹੀਂ, ਕੋਈ ਇ੍ਹਨਾਂ ਜਵਾਨਾਂ ਦੀ ਵਫਾਦਾਰੀ ’ਤੇ ਸ਼ੱਕ ਕਰਦਾ ਹੈ। ਕਿਸੇ ਇੱਕ ਵਿਚਾਰਧਾਰਾ ਦੇ ਬੁੱਧੀਜੀਵੀ, ਪੱਥਰਬਾਜ਼ਾਂ ਤੋਂ ਆਪਣੇ ਬਚਾਅ ਲਈ ਵਰਤੇ ਦੋਹਾਂ ਲਈ ਸੁਰੱਖਿਅਤ ਲਾਂਘੇ ਦੀ ਨਿਖੇਧੀ ਕਰਦੇ ਹਨ। ਮਨੁੱਖੀ ਅਧਿਕਾਰ ਕਮਿਸ਼ਨ ਦਾ ਅਤੀ ਸੰਵੇਦਨਸ਼ੀਲ ਹਿਰਦਾ ਪੱਥਰਬਾਜ਼ਾਂ ਦੀ ਹਮਦਰਦੀ ਵਿੱਚ ਕੁਰਲਾ ਉੱਠਦਾ ਹੈ। ਇਹ ਸਾਰੇ ਮਿਲ ਕੇ ਬਹੁਤ ਹੀ ਅਣਸੁਖਾਵੀਆਂ ਹਾਲਤਾਂ ਵਿੱਚ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਕਰ ਰਹੇ ਆਪਣੇ ਹੀ ਜਵਾਨਾਂ ਦਾ ਮਨੋਬਲ ਤੋੜਨ ਵਿੱਚ ਕੋਈ ਕਸਰ ਨਹੀਂ ਛੱਡਦੇ ਹਨ।
ਜਦੋਂ ਦੁਸ਼ਮਣ ਸਾਡੇ ਜਵਾਨਾਂ ਦੀਆਂ ਸਿਰ ਲੱਥੀਆਂ ਲਾਸ਼ਾਂ ਭੇਜਦਾ ਹੈ ਜਾਂ ਜਵਾਨਾਂ ਦੀਆਂ ਲੋਥਾਂ ਨੂੰ ਵਿਕਰਤ ਕਰਕੇ ਆਪਣੀ ਦਰਿੰਦਗੀ ਦਾ ਪ੍ਰੀਚੈ ਦਿੰਦਾ ਹੈ, ਉਦੋਂ ਸਾਡੇ ਅਖੌਤੀ ਬੁੱਧੀਜੀਵੀਆਂ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਵਾਲਿਆਂ ਦੀ ਜ਼ੁਬਾਨ ਠਾਕੀ ਜਾਂਦੀ ਹੈ। ਜਦੋਂ ਜਵਾਨਾਂ ’ਤੇ ਪੱਥਰ ਸੁੱਟੇ ਜਾਂਦੇ ਹਨ ਤਾਂ ਇਸ ਨੂੰ ਭਟਕੇ ਹੋਏ ਨੌਜਵਾਨਾਂ ਦਾ ਕਾਰਾ ਦੱਸਿਆ ਜਾਂਦਾ ਹੈ, ਅਭਿਵਿਅਕਤੀ ਦੀ ਆਜ਼ਾਦੀ ਦੱਸਿਆ ਜਾਂਦਾ ਹੈ। ਪਰ ਜਦੋਂ ਦੇਸ਼ ਦੇ ਰਾਜਕੁਮਾਰ ਵੱਲ ਪੱਥਰ ਸੁੱਟੇ ਜਾਂਦੇ ਹਨ ਤਾਂ ਇਸ ਨੂੰ ਲੋਕਤੰਤਰ ’ਤੇ ਹਮਲਾ ਗਰਦਾਨਿਆ ਜਾਂਦਾ ਹੈ। ਲਗਦਾ ਹੈ ਜਵਾਨਾਂ ਦੀ ਮੌਤ ਦੋਹਾਂ ਮੁਲਕਾਂ ਦੇ ਸਿਆਸਤਦਾਨਾਂ ਲਈ ਆਪਣੀ ਸਿਆਸਤ ਚਲਾਉਣ ਅਤੇ ਸੱਤਾ ਪ੍ਰਾਪਤੀ ਦਾ ਇੱਕ ਜ਼ਰੀਆ ਮਾਤਰ ਹੈ।
ਜਦੋਂ ਅਸੀਂ ਆਪਣੇ ਸੁਆਰਥਾਂ ਖਾਤਿਰ ਸੱਪਾਂ ਨੂੰ ਪਾਲਦੇ ਹਾਂ, ਦੇਸ਼ ਦੀ ਮਿਹਨਤਕਸ਼ ਜਨਤਾ ਦੀ ਖੂਨ ਪਸੀਨੇ ਦਾਂ ਕਮਾਈ ਦਾ ਦੁੱਧ ਉਨ੍ਹਾਂ ਸਪੋਲੀਆਂ ਨੂੰ ਪਿਆਉਂਦੇ ਹਾਂ ਤਾਂ ਉਨ੍ਹਾਂ ਨੇ ਡੰਗ ਵੀ ਤਾਂ ਆਪਣਿਆਂ ਨੂੰ ਹੀ ਮਾਰਨਾ ਹੈ। ਇਹ ਗੋਲੀ-ਗੋਲੀ, ਬੰਬ-ਬੰਬ ਦੀ ਖੇਡ ਜਾਰੀ ਹੈ। ਸਿਆਸਤਦਾਨ ਮਜ਼ੇ ਲੁੱਟ ਰਹੇ ਹਨ, ਸਿਆਸੀ ਰੋਟੀਆਂ ਸੇਕ ਰਹੇ ਹਨ, ਕਿਉਂਕਿ ਉਹਨਾਂ ਦਾ ਆਪਣਾ ਕੋਈ ਬਾਰਡਰ ’ਤੇ ਵਰ੍ਹਦੀਆਂ ਗੋਲੀਆ ਵਿਚਾਲੇ ਨਹੀਂ ਖੜੋਤਾ ਹੈ। ਜਵਾਨਾਂ ਦੇ ਖੂਨ ਨਾਲ ਖੇਡੀ ਜਾਂਦੀ ਇਹ ਖੂਨੀ ਹੋਲੀ ਕਦੋਂ ਤੱਕ ਖੇਡੀ ਜਾਂਦੀ ਰਹੇਗੀ, ਇਹ ਭਵਿੱਖਵਾਣੀ ਕਰਨਾ ਕਿਸੇ ਜੋਤਸ਼ੀ ਦੇ ਵੱਸ ਦੀ ਗੱਲ ਨਹੀਂ ਜਾਪਦੀ।
ਆਜ਼ਾਦੀ ਦੇ 70 ਸਾਲਾਂ ਮਗਰੋਂ ਵੀ ਦੇਸ਼ ਦਾ ਅੰਨਦਾਤਾ ਕਿਸਾਨ ਇਸ ਕਾਰਪੋਰੇਟੀ ਯੁੱਗ ਅਤੇ ਬਜ਼ਾਰਵਾਦ ਦਾ ਸ਼ਿਕਾਰ ਹੋ ਕੇ ਕਰਜ਼ੇ ਵਿੱਚ ਗਲ-ਗਲ ਤਾਈਂ ਡੁਬ ਕੇ ਨਿੱਤ ਖੁਦਕੁਸ਼ੀਆਂ ਕਰ ਰਿਹਾ ਹੈ ਜਾਂ ਫਿਰ ਮੁਣਸ਼ੀ ਪ੍ਰੇਮ ਚੰਦ ਦੇ ਪਾਤਰਾਂ ਵਾਂਗ ਆਪਣੀ ਜ਼ਮੀਨ ਗੁਆ ਕੇ, ਪਿੰਡੋਂ ਸ਼ਹਿਰ ਆ ਕੇ ਇਹ ਖੇਤਾਂ ਦਾ ਮਾਲਿਕ ਹੁਣ, ਮਜ਼ਦੂਰੀ ਕਰ ਰਿਹਾ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿਵਸਥਾ ਦੀ ਦੇਣ ਹੈ। ਵਿਵਸਥਾ ਸਾਡੇ ਸਿਆਸਤਦਾਨਾਂ ਵਲੋਂ ਸਥਾਪਿਤ ਕੀਤੀ ਗਈ ਹੈ। ਖੇਤੀ ਦੀਆਂ ਨੀਤੀਆਂ ਅਤੇ ਜਿਣਸਾਂ ਦਾ ਮੁੱਲ ਕਿਸਾਨ ਨਹੀਂ, ਸਰਕਾਰਾਂ ਤੈਅ ਕਰਦੀਆਂ ਹਨ। ਕਿਸਾਨ ਜੇ ਵੱਧ ਫਸਲ ਉਗਾਵੇ ਤਾਂ ਸੜਕਾਂ ’ਤੇ ਰੋਲਣ ਲਈ ਮਜਬੂਰ ਹੁੰਦਾ ਹੈ। ਉਸ ਦੀ ਲਾਗਤ ਦਾ ਮੁੱਲ ਵੀ ਨਹੀਂ ਮੁੜਦਾ। ਜੇ ਕੁਦਰਤ ਦੀ ਮਾਰ ਕਾਰਣ ਪੈਦਾਵਾਰ ਘੱਟ ਹੋਵੇ ਜਾਂ ਉੱਜੜ ਜਾਵੇ ਤਾਂ ਢੁੱਕਵਾਂ ਮੁਆਵਜ਼ਾ ਨਹੀਂ ਮਿਲਦਾ। ਇੰਜ ਕਿਸਾਨ ਹਰ ਪੱਖੋਂ ਮਰ ਰਿਹਾ ਹੈ, ਜਾਂ ਮਰਨ ਲਈ ਮਜਬੂਰ ਹੋ ਰਿਹਾ ਹੈ। ਕਿਧਰੇ ਨੋਟਬੰਦੀ ਦੀ ਮਾਰ, ਕਿਧਰੇ ਆੜ੍ਹਤੀਆਂ ਅਤੇ ਮਹਾਜਨਾਂ ਦੀਆਂ ਉੱਚੀ ਵਿਆਜ ਦਰਾਂ ਦਾ ਸ਼ਿਕੰਜਾ, ਕਿਧਰੇ ਅਸਾਨ ਕਰਜ਼ ਪਾਲਿਸੀ ਦੇ ਲਾਲਚ ਵਿੱਚ ਫਸਿਆ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ।
ਇਹ ਸਿਲਸਿਲਾ ਹੁਣ ਸਰਕਾਰਾਂ ਦੇ ਗੱਲ ਦੀ ਹੱਡੀ ਬਣਦਾ ਜਾ ਰਿਹਾ ਹੈ। ਪੰਜਾਬ ਹੀ ਨਹੀਂ, ਯੂ ਪੀ, ਮੱਧ ਪ੍ਰਦੇਸ਼, ਹਰਿਆਣਾ, ਤਾਲਿਲਨਾਡੂ, ਮਹਾਰਾਸ਼ਟਰ ਆਦਿ ਰਾਜਾਂ ਵਿੱਚ ਲੱਖਾਂ ਕਿਸਾਨ ਆਤਮ ਹਤਿਆਵਾਂ ਕਰ ਚੁੱਕੇ ਹਨ। ਦੂਸਰੇ ਪਾਸੇ ਕਿਸਾਨ ਦੀ ਪੈਦਾਵਾਰ ’ਤੇ ਅਧਾਰਤ ਉਦਯੋਗਾਂ ਦਾ ਲਾਭ ਦਾ ਗ੍ਰਾਫ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਇਹ ਕਿਹੋ ਜਿਹੀ ਤ੍ਰਾਸਦੀ ਹੈ ਕਿ ਪੈਦਾਵਾਰ ਕਰਨ ਵਾਲਾ ਤਾਂ ਕਰਜ਼ ਹੇਠ ਦੱਬ ਕੇ ਮਰ ਰਿਹਾ ਹੈ ਅਤੇ ਕਿਸਾਨ ਦੀ ਖੇਤੀ ’ਤੇ ਅਧਾਰਤ ਉਦਯੋਗ ਧੰਦੇ ਦਿਨੋ ਦਿਨ ਵੱਧ ਫੁੱਲ ਰਹੇ ਹਨ। ਸਾਡੀਆਂ ਸਰਕਾਰਾਂ ਨਾ ਕਿਸਾਨ ਅਤੇ ਨਾ ਹੀ ਕਿਸਾਨ ਦੀ ਜਿਣਸ ਦੀ ਸੁਰੱਖਿਆਂ ਕਰ ਪਾ ਰਹੀਆਂ ਹਨ। ਸੱਤਾ ਹਾਸਿਲ ਕਰਨ ਲਈ ਕਰਜ਼ਾ ਮੁਆਫ ਕਰਨ ਦੀ ਨੀਤੀ ਨਾਲ ਇਹ ਸਮਸਿਆ ਹੱਲ ਨਹੀਂ ਹੋਣ ਵਾਲੀ। ਇਸ ਵਾਰੇ ਕਈ ਪਹਿਲੂਆਂ ਤੋਂ ਵਿਚਾਰ ਕਰਨ ਉਪਰੰਤ ਇੱਕ ਬਹੁਪੱਖੀ ਯੋਜਨਾ ਬਣਾ ਕੇ ਉਸ ਨੂੰ ਤੁਰੰਤ ਲਾਗੂ ਕਰਨ ਦੀ ਜ਼ਬਰਦਸਤ ਲੋੜ ਹੈ।
ਜਿਸ ਮੁਲਕ ਵਿੱਚ ਕਿਸਾਨ ਵਲੋਂ ਪੈਦਾ ਕੀਤੇ ਆਲੂ ਤਾਂ ਸੜਕਾਂ ’ਤੇ ਸੁੱਟ ਦਿੱਤੇ ਜਾ ਰਹੇ ਹੋਣ ਅਤੇ ਉਸੇ ਆਲੂ ਦੀ ਚਿਪਸ ਮਲਟੀਨੈਸ਼ਨਲ ਕੰਪਨੀਆਂ ਚਾਰ ਸੌ ਰੁਪਏ ਪ੍ਰਤੀ ਕਿਲੋ ਵੇਚ ਰਹੀਆਂ ਹੋਣ। ਕਮਾਲ ਹੈ ਕਿ ਇਹ ਕੀਮਤ ਕਿਸੇ ਨੂੰ ਚੁੱਭਦੀ ਨਹੀਂ। ਉਸੇ ਆਲੂ ਦੀ ਕੀਮਤ ਦਸ ਰੁਪਏ ਕਰਨ ਦੀ ਮੰਗ ’ਤੇ ਸਰਕਾਰ ਦੀਆਂ ਆਂਦਰਾਂ ਸੂਤੀਆਂ ਜਾਂਦੀਆਂ ਹਨ। ਕਣਕ ਜਾਂ ਝੋਨੇ ਦਾ ਸਮਰਥਨ ਮੁੱਲ ਇੱਕ ਜਾਂ ਡੇਢ ਰੁਪਇਆ ਵਧਾਉਣ ਦੀ ਤਜਵੀਜ਼ ਨਾਲੋਂ ਕਿਸਾਨਾਂ ਨਾਲ ਹੋਰ ਕੋਝਾ ਮਜਾਕ ਕਿਹੜਾ ਹੋ ਸਕਦਾ ਹੈ, ਕਿਸਾਨਾਂ ਦੀ ਪੈਦਾਵਾਰ ਦਾ ਲੱਖਾਂ ਟਨ ਅਨਾਜ ਗੁਦਾਮਾਂ ਤੋਂ ਬਾਹਰ ਖੁੱਲ੍ਹੇ ਮੈਦਾਨਾਂ ਵਿੱਚ ਸੜ ਰਿਹਾ ਹਵੇ, ਇਸ ਅਣਮੁੱਕ ਪੈਦਾਵਾਰ ਨੂੰ ਸਾਂਭਣ ਲਈ ਸਰਕਾਰ ਕੋਲ ਵਸੀਲੇ ਹੀ ਨਾ ਹੋਣ। ਇਸ ਪਾਸੇ ਸਾਡੀਆਂ ਸਰਕਾਰਾਂ ਦਾ ਧਿਆਨ ਕਿਉਂ ਨਹੀਂ ਜਾਂਦਾ?
ਹੁਕਮਰਾਨ ਅਰਬਾਂ ਰੁਪਇਆ ਵਿਦੇਸ਼ੀ ਦੌਰਿਆਂ ’ਤੇ ਖਰਚ ਕਰ ਸਕਦੇ ਹਨ ਪਰ ਆਪਣੀ ਪੈਦਾਵਾਰ ਸਾਂਭਣ ਲਈ ਗੁਦਾਮਾਂ ਦਾ ਨਿਰਮਾਣ ਨਹੀਂ ਕਰਾ ਸਕਦੇ। ਫਲਾਈ ਓਵਰਾਂ, ਮੈਟਰੋ ਟ੍ਰੇਨਾਂ, ਸਮਾਰਟ ਸੀਟੀ ਦੇ ਨਾਲ ਨਾਲ ਦੇਸ਼ ਵਿੱਚ ਸਭ ਤੋਂ ਮੁੱਢਲੀ ਲੋੜ ਵੱਡੀ ਗਿਣਤੀ ਵਿੱਚ ਪਹਿਲ ਦੇ ਆਧਾਰ ’ਤੇ ਗੁਦਾਮ ਨਿਰਮਾਣ ਦੀ ਹੈ।
ਸੂਚਨਾ ਤਕਨਾਲੋਜੀ ਦੇ ਇਸ ਯੁੱਗ ਵਿਚ ਜਦੋਂ ਵਿਕਸਤ ਮੁਲਕ ਨਿੱਤ ਨਵੀਆਂ ਨਵੀਆਂ ਖੋਜਾਂ ਕਰ ਰਹੇ ਹਨ, ਨਵੀਂਆਂ ਦਵਾਈਆਂ, ਇਲੈਕਟ੍ਰਾਨਿਕ ਮਸ਼ੀਨਾਂ, ਨਵੇਂ ਹਥਿਆਰ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ, ਉੱਧਰ ਸਾਡੇ ਮੁਲਕ ਵਿੱਚ ਮੀਡੀਆ ਗੁੱਤਾਂ ਕੱਟੇ ਜਾਣ, ਭੂਤ ਪ੍ਰੇਤਾਂ ਦੀਆਂ ਕਰਾਮਾਤਾਂ ਅਤੇ ਗਾਂਵਾਂ ਦੀ ਸੁਰੱਖਿਆਂ ਦੇ ਨਾਂ ’ਤੇ ਕਤਲਾਂ ਦੀਆਂ ਖਬਰਾਂ ਦੇਣ ਵਿੱਚ ਹੀ ਰੁੱਝਾ ਹੋਇਆ ਹੈ। ਚੀਨ ਨੇ ਸਾਡੇ ਮੁਲਕ ਨੂੰ ਕਈ ਪਾਸਿਉਂ ਘੇਰਾ ਪਾਇਆ ਹੋਇਆ ਹੈ। ਸਾਡੇ ਸਿਆਸਤਦਾਨ ਤੇ ਹੁਕਮਰਾਨ ਯੋਗਾ, ਗੌਰਖਿਆ ਅਤੇ ਸਵਦੇਸ਼ੀ ਦੇ ਸੁਪਨ ਸੰਸਾਰ ਵਿੱਚ ਗੁਆਚੇ ਹੋਏ ਹਨ।
ਇਸ ਵਿਗਿਆਨਕ ਯੁੱਗ ਵਿੱਚ ਚੈਨਲਾਂ ਤੋਂ ਵਹਿਮਾਂ-ਭਰਮਾਂ, ਭੂਤਾਂ ਪ੍ਰੇਤਾਂ, ਧਾਗੇ ਤਵੀਜ਼ਾਂ, ਟੂਣੇ ਟੋਟਕਿਆਂ, ਜੰਤਰਾਂ ਮੰਤਰਾਂ ਆਦਿ ਦਾ ਪ੍ਰਚਾਰ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਇਹ ਕਿਹੋ ਜਿਹੀ ਵਿਡੰਬਣਾ ਹੈ ਕਿ ਵਿਗਿਆਨ ਦੇ ਇਸ ਯੁੱਗ ਵਿੱਚ ਵਿਗਿਆਨ ਦੀਆਂ ਕਾਢਾਂ ਦੀ ਵਰਤੋਂ ਗ਼ੈਰ ਵਿਗਿਆਨਕ ਗੱਲਾਂ ਦੇ ਪ੍ਰਚਾਰ-ਪਸਾਰ ਲਈ ਸਭ ਤੋਂ ਵੱਧ ਕੀਤੀ ਜਾ ਰਹੀ ਹੈ। ਲੋਕਾਂ ਨੂੰ ਇਸ ਜਿੱਲ੍ਹਣ ਵਿੱਚੋਂ ਕੱਢਣ ਦੀ ਬਜਾਏ ਉਨ੍ਹਾਂ ਨੂੰ ਅੰਧ ਵਿਸ਼ਵਾਸਾਂ ਵਿੱਚ ਫਸਾ ਕੇ ਹੋਰ ਵੀ ਨਿਕੰਮੇ ਅਤੇ ਅਯੋਗ ਬਣਾਇਆ ਜਾ ਰਿਹਾ ਹੈ। ਵਿਗਿਆਨ ਦੀਆਂ ਕਾਢਾਂ ਦੀ ਜਿੰਨੀ ਦੁਰਵਰਤੋਂ ਸਾਡੇ ਮੁਲਕ ਵਿੱਚ ਹੋ ਰਹੀ ਹੈ, ਸ਼ਾਇਦ ਹੀ ਕਿਸੇ ਹੋਰ ਮੁਲਕ ਵਿੱਚ ਹੋ ਰਹੀ ਹੋਵੇਗੀ।
ਮੁਬਾਈਲ ਫੋਨ ਦੀ ਵਰਤੋਂ ਸਹੀ ਅਤੇ ਚੰਗੇ ਕੰਮਾਂ ਲਈ ਘੱਟ ਅਤੇ ਗ਼ਲਤ ਕੰਮਾਂ ਲਈ ਵੱਧ ਹੋ ਰਹੀ ਹੈ। ਇਸ ਮੁਬਾਈਲ ਕਰਕੇ ਦਫਤਰਾਂ ਵਿੱਚ ਘੱਟ ਕੰਮ, ਡਰਾਈਵਿੰਗ ਸਮੇਂ ਵਰਤੋਂ ਕਰਕੇ ਐਕਸੀਡੈਂਟ ਵੱਧ ਹੋ ਰਹੇ ਹਨ। ਵਿਅਕਤੀਗਤ ਆਜ਼ਾਦੀ ਦੇ ਨਾਂ ’ਤੇ ਕੋਈ ਰੋਕ ਟੋਕ ਨਹੀਂ ਹੈ।
ਸਾਡੇ ਸਿਰਕੱਢ ਲੇਖਕਾਂ, ਕਲਾਕਾਰਾਂ, ਖਿਡਾਰੀਆਂ, ਸਾਇੰਸਦਾਨਾਂ ਅਤੇ ਬੁੱਧੀਜੀਵੀਆਂ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਜਾਂਦਾ ਹੈ ਕਿ ਉਹ ਉੱਥੇ ਜਾ ਕੇ ਸਰਕਾਰ ਨੂੰ ਕੋਈ ਨਵੀਂ ਸੇਧ ਦੇ ਸਕਣ। ਪਰ ਉਹ ਤਾਂ ਰਾਜਸਭਾ ਵਿੱਚ ਜਾਣ ਤੋਂ ਹੀ ਗੁਰੇਜ਼ ਕਰਦੇ ਹਨ ਤੇ ਸਿਰਫ ਰਾਜ ਸਭਾ ਮੈਂਬਰਾਂ ਦੀਆਂ ਸਹੂਲਤਾਂ ਮਾਣਨ ਤੱਕ ਹੀ ਸੀਮਤ ਰਹਿੰਦੇ ਹਨ। ਅਜਿਹੇ ਸਮੇਂ ਵਿੱਚ ਜੈ ਜਵਾਨ, ਜੈ ਕਿਸਾਨ ਤੇ ਜੈ ਵਿਗਿਆਨ ਨਾਹਰਿਆਂ ਦੀ ਕੀ ਪ੍ਰਸੰਗਤਾ ਰਹਿ ਗਈ ਹੈ? ਇਸ ਬਾਰੇ ਬਹੁਤ ਹੀ ਗੰਭੀਰਤਾ ਨਾਲ ਸੋਚਣ ਵਿਚਾਰਨ ਦੀ ਲੋੜ ਹੈ।
*****
(826)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)