“ਇਨ੍ਹਾਂ ਮਹਾਨ ਲੇਖਕਾਂ ਦੀਆਂ ਲਿਖਤਾਂ ਨੇ ਵੀ ਸਮਾਜਕ ਤਬਦੀਲੀ ਲਿਆਉਣ ਵਿੱਚ ਕੋਈ ਅਹਿਮ ਭੂਮਿਕਾ ਅਦਾ ਕੀਤੀ ਹੈ? ...”
(1 ਫਰਵਰੀ 2024)
ਇਸ ਸਮੇਂ ਪਾਠਕ: 535.
ਸਾਇੰਸ ਦਾ ਵਿਦਿਆਰਥੀ ਅਤੇ ਮਗਰੋਂ ਸਾਇੰਸ ਦਾ ਹੀ ਅਧਿਆਪਕ ਹੁੰਦਿਆਂ ਮੈਂ ਲਗਭਗ ਚਾਲੀ ਸਾਲ ਸਾਹਿਤ ਪੜ੍ਹਨ ਅਤੇ ਲਿਖਣ ਵਿੱਚ ਗੁਜ਼ਾਰ ਦਿੱਤੇ ਹਨ। ਕਦੇ-ਕਦੇ ਸੋਚਦਾ ਹਾਂ, ਜ਼ਿੰਦਗੀ ਦਾ ਇੰਨਾ ਸਮਾਂ ਮੈਂ ਸਾਹਿਤ ਦੇ ਲੇਖੇ ਲਾਇਆ, ਮੇਰੀਆਂ ਲਿਖਤਾਂ ਨੇ ਸਮਾਜ ਵਿੱਚ ਕੋਈ ਬਦਲਾਅ ਲਿਆਂਦਾ? ਮੈਂ ਪੜ੍ਹਦਾ ਹੁੰਦਾ ਸੀ, ਸੰਸਾਰ ਵਿੱਚ ਸਾਹਿਤ ਕਰਕੇ ਕ੍ਰਾਂਤੀਕਾਰੀ ਪਰਿਵਰਤਨ ਆਏ ਹਨ। ਸਾਹਿਤ ਹੀ ਹੈ ਜਿਹੜਾ ਸਧਾਰਣ ਆਦਮੀ ਨੂੰ ਫਰਿਸ਼ਤੇ ਵਿੱਚ ਬਦਲ ਸਕਦਾ ਹੈ। ਸੱਚ ਤਾਂ ਇਹ ਹੈ ਕਿ ਇਸ ਸਾਹਿਤ ਨਾਲ ਨਾ ਮੈਂ ਆਪਣੇ ਆਪ ਵਿੱਚ ਅਤੇ ਨਾ ਹੀ ਆਪਣੇ ਪਰਿਵਾਰ ਵਿੱਚ ਕੋਈ ਜ਼ਿਕਰਯੋਗ ਤਬਦੀਲੀ ਲਿਆ ਸਕਿਆ ਹਾਂ, ਫਿਰ ਸਮਾਜ ਵਿੱਚ ਤਬਦੀਲੀ ਬਾਰੇ ਮੈਂ ਕਿਵੇਂ ਸੋਚ ਸਕਦਾ ਹਾਂ? ਅਲਬੱਤਾ, ਇਸ ਪੜ੍ਹਨ-ਲਿਖਣ ਦੇ ਸ਼ੌਕ ਨੇ ਮੈਨੂੰ ਇੱਕ ਲੇਖਕ ਵਜੋਂ ਪਛਾਣ ਜ਼ਰੂਰ ਦਿੱਤੀ ਹੈ, ਉਹ ਵੀ ਸਿਰਫ ਤੇ ਸਿਰਫ ਲੇਖਕ ਬਰਾਦਰੀ ਵਿੱਚ ਹੀ। ਆਮ ਲੋਕਾਂ ਲਈ ਮੈਂ ਆਮ ਆਦਮੀ ਹੀ ਹਾਂ। ਮੁਹੱਲੇ ਜਾਂ ਸ਼ਹਿਰ ਵਿੱਚ ਇੱਕ ਛੋਟੇ-ਮੋਟੇ ਸਿਆਸੀ ਨੇਤਾ ਜਾਂ ਪੱਤਰਕਾਰ ਦੀ ਵੀ ਆਮ ਲੋਕਾਂ ਵਿੱਚ ਅਤੇ ਦਫਤਰਾਂ ਵਿੱਚ ਵਧੇਰੇ ਪਛਾਣ ਅਤੇ ਕਦਰ ਹੁੰਦੀ ਹੈ। ਪਰ ਬਤੌਰ ਇੱਕ ਲੇਖਕ ਮੇਰੇ ਵੱਲ ਕੋਈ ਉਚੇਚੀ ਤਵੱਜੋ ਨਹੀਂ ਦਿੰਦਾ।
ਫਿਰ ਸੋਚਦਾ ਹਾਂ, ਜਿਨ੍ਹਾਂ ਮਜ਼ਦੂਰਾਂ, ਕਿਸਾਨਾਂ, ਦੁਖਿਆਰੀਆਂ ਔਰਤਾਂ, ਸ਼ੋਸ਼ਿਤ ਵਰਗ, ਕਮਜ਼ੋਰ ਧਿਰ ਦੇ ਹੱਕ ਵਿੱਚ ਮੈਂ ਆਪਣੀਆਂ ਲਿਖਤਾਂ ਲਿਖਦਾ ਰਿਹਾ, ਜਿਨ੍ਹਾਂ ਦੇ ਦੁੱਖਾਂ-ਤਕਲੀਫਾਂ, ਵਧੀਕੀਆਂ, ਮਾੜੀਆਂ ਹਾਲਤਾਂ ਦੇ ਕੀਰਨੇ ਮੈਂ ਆਪਣੀਆਂ ਰਚਨਾਵਾਂ ਵਿੱਚ ਪਾਉਂਦਾ ਰਿਹਾ, ਨਸ਼ੇ, ਦਾਜ, ਭ੍ਰਿਸ਼ਟਾਚਾਰ, ਭਰੂਣ ਹੱਤਿਆ ਆਦਿ ਬੁਰਾਈਆਂ ਅਤੇ ਕੁਰੀਤੀਆਂ ਉੱਤੇ ਮੈਂ ਕਲਮ ਘਸਾਈ ਕਰਦਾ ਰਿਹਾ, ਉਨ੍ਹਾਂ ਤੇ ਕੋਈ ਅਸਰ ਹੋਇਆ? ਬਿਲਕੁਲ ਨਹੀਂ। ਸਭ ਕੁਝ ਉਵੇਂ ਦਾ ਉਵੇਂ ਹੀ ਨਹੀਂ, ਸਗੋਂ ਹੋਰ ਵੀ ਭਿਆਨਕ ਰੂਪ ਵਿੱਚ ਵੱਧ-ਫੁੱਲ ਰਿਹਾ ਹੈ। ਜਿਨ੍ਹਾਂ ਨੈਤਿਕ ਕਦਰਾਂ-ਕੀਮਤਾਂ ਦੀ ਮੈਂ ਦੁਹਾਈ ਦਿੰਦਾ ਰਿਹਾ, ਉਹ ਸਮਾਜ ਵਿੱਚ ਪੁਨਰ ਸੁਰਜੀਤ ਨਾ ਹੋ ਸਕੀਆਂ, ਸਗੋਂ ਉਨ੍ਹਾਂ ਦਾ ਹੋਰ ਵੀ ਘਾਣ ਹੁੰਦਾ ਜਾ ਰਿਹਾ ਹੈ। ਜਿਸ ਸਟੇਟ ਅਤੇ ਸਿਸਟਮ ਖਿਲਾਫ ਮੈਂ ਲਿਖ-ਲਿਖ ਕੇ ਕਿਤਾਬਾਂ ਅਤੇ ਅਖਬਾਰਾਂ ਭਰ ਛੱਡੀਆਂ, ਉਸ ਦੇ ਕੰਨਾਂ ਉੱਤੇ ਜੂੰ ਤਕ ਨਹੀਂ ਸਰਕੀ। ਸਗੋਂ ਉਹ ਤਾਂ ਹੋਰ ਵੀ ਕਰੂਰ, ਜ਼ਾਲਿਮ ਤੇ ਆਪਹੁਦਰੇ ਹੁੰਦੇ ਗਏ। ਮੇਰੀ ਕੋਈ ਲਿਖਤ ਉਨ੍ਹਾਂ ਦਾ ਹਿਰਦਾ ਪਰਿਵਰਤਨ ਨਾ ਕਰ ਸਕੀ, ਕੋਈ ਚਮਤਕਾਰ ਨਾ ਵਿਖਾ ਸਕੀ। ਇਹ ਸਮੱਸਿਆਵਾਂ ਹੋਰ ਵੀ ਜਟਿਲ ਰੂਪ ਇਖਤਿਆਰ ਕਰ ਗਈਆਂ ਹਨ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਫਿਰ ਸੋਚਦਾ ਹਾਂ, ਮੇਰਾ ਸਾਹਿਤ ਤਾਂ ਉਨ੍ਹਾਂ ਤੀਕ ਪੁੱਜਿਆ ਹੀ ਨਹੀਂ। ਉਨ੍ਹਾਂ ਪਾਸ ਮੇਰੀਆਂ ਮਹਿੰਗੀਆ ਪੁਸਤਕਾਂ ਖਰੀਦਣ ਲਈ ਨਾ ਪੈਸੇ ਹੁੰਦੇ ਹਨ ਤੇ ਨਾ ਹੀ ਇੰਨਾ ਸਮਾਂ। ਜੇ ਮੈਂ ਕਿਸੇ ਅਜਿਹੇ ਪਾਠਕ ਦੇ ਹੱਥਾਂ ਵਿੱਚ ਆਪਣੀ ਪੁਸਤਕ ਮੁਫਤ ਫੜਾ ਵੀ ਦਿੱਤੀ ਤਾਂ ਉਸਨੇ ਉਸ ਨੂੰ ਪੜ੍ਹਨ ਦੀ ਖੇਚਲ ਹੀ ਨਹੀਂ ਕੀਤੀ।
ਪੱਲਿਉਂ ਪੈਸੇ ਖਰਚ ਕਰਕੇ ਕਿਤਾਬਾਂ ਛਪਵਾਉਣੀਆਂ, ਆਪਣੇ ਹੀ ਪੈਸਿਆਂ ਨਾਲ ਲੋਕ-ਅਰਪਣ ਸਮਾਗਮ ਕਰਾਉਣੇ, ਗੋਸ਼ਟੀਆਂ ਆਯੋਜਿਤ ਕਰਾਉਣੀਆਂ, ਮੀਡੀਆ ਦੇ ਤਰਲੇ-ਮਿੰਨਤਾਂ ਤੇ ਸੇਵਾ ਕਰਕੇ ਖ਼ਬਰਾਂ ਲਵਾਉਣੀਆਂ, ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਆਦਿ ਨੂੰ ਮੁਫਤ ਪੁਸਤਕਾਂ ਭੇਂਟ ਕਰਨੀਆਂ - ਮਹਿੰਗੇ ਕੋਰੀਅਰ ਜਾਂ ਰਜਿਸਟਰੀਆਂ ਰਾਹੀਂ ਲੇਖਕਾਂ-ਵਿਦਵਾਨਾਂ ਨੂੰ ਭੇਜਣੀਆਂ ਤੇ ਫਿਰ ਆਪ ਫੋਨ ਕਰ-ਕਰ ਕੇ ਪੁੱਛਣਾ, ਜੀ ਕਿਤਾਬ ਮਿਲ ਗਈ? ਫਿਰ ਬੇਨਤੀ ਕਰਨੀ, ਜੀ ਸਮਾਂ ਕੱਢ ਕੇ ਪੜ੍ਹਿਉ ਤੇ ਕਿਤਾਬ ਬਾਰੇ ਕੁਝ ਜ਼ਰੂਰ ਦੱਸਿਉ। ਕਿਤਾਬ ਬਾਰੇ ਤਾਂ ਕੀ ਦੱਸਣਾ, ਉਹ ਭਲੇ ਮਾਣਸ ਤਾਂ ਪੁਸਤਕ ਦੀ ਪਹੁੰਚ ਬਾਰੇ ਦੱਸਣਾ ਵੀ ਜ਼ਰੂਰੀ ਨਹੀਂ ਸਮਝਦੇ। ਸਗੋਂ ਉਹ ਸਵਾਲ ਕਰਦੇ ਹਨ - ਤੁਸੀਂ ਲਗਾਤਾਰ ਲਿਖ ਰਹੇ ਹੋ, ਸਾਨੂੰ ਕਿਤਾਬਾਂ ਭੇਜ ਰਹੇ ਹੋ, ਤੁਸੀਂ ਇੰਨਾ ਸਮਾਂ ਕਿਵੇਂ ਕੱਢ ਲੈਂਦੇ ਹੋ? ਸਾਡੇ ਕੋਲੋਂ ਤਾਂ ਦੋ ਸਤਰਾਂ ਨੀ ਲਿਖ ਹੁੰਦੀਆਂ, ਤੁਸੀਂ ਇੰਨੀਆਂ ਮੋਟੀਆਂ-ਮੋਟੀਆਂ ਕਿਤਾਬਾਂ ਕਿਵੇਂ ਲਿਖ ਲੈਂਦੇ ਹੋ? ਧੰਨ ਹੋ ਤੁਸੀਂ। ਅਜਿਹੇ ਘਸੇ-ਪਿਟੇ ਜੁਮਲੇ ਜ਼ਰੂਰ ਉਛਾਲ ਕੇ ਆਪਣਾ ਫਰਜ਼ ਅਦਾ ਕਰ ਛੱਡਦੇ ਨੇ। ਜੇ ਸਾਡੀਆਂ ਲਿਖਤਾਂ ਦੀ ਸਮਾਜ ਵਿੱਚ ਇੰਨੀ ਕੁ ਹੀ ਕਦਰ ਹੈ ਤਾਂ ਫਿਰ ਘਰ ਫੂਕ ਤਮਾਸ਼ਾ ਵਿਖਾਲਣ ਦਾ ਕੀ ਲਾਭ? ਇੰਨਾ ਸਮਾਂ, ਊਰਜਾ ਤੇ ਪੈਸਾ ਅਜਾਈਂ ਗੁਆਉਣ ਦੀ ਲੋੜ ਕੀ ਹੈ? ਸਿਰਫ ਲੇਖਕ ਕਹਾਉਣ ਲਈ? ਸਮਾਜ ਵਿੱਚ ਬੁੱਧੀਜੀਵੀ ਦਾ ਦਰਜ਼ਾ ਪ੍ਰਾਪਤ ਕਰਨ ਲਈ? ਆਪਣੇ ਦਿਲ ਦੀ ਭੜਾਸ ਕੱਢਣ ਲਈ? ਆਪਣੇ ਮਨ ਦੀ ਸੰਤੁਸ਼ਟੀ ਲਈ? ਦੋਸਤਾਂ-ਮਿੱਤਰਾਂ ਵਿਚਾਲੇ ਪੈਂਠ ਬਣਾਉਣ ਲਈ? ਜਾਂ ਫਿਰ ਜੋੜ-ਤੋੜ ਕਰਕੇ ਸਰਕਾਰੀ ਇਨਾਮ-ਸਨਮਾਨ ਪ੍ਰਾਪਤ ਕਰਨ ਲਈ? ਵਿਦੇਸ਼ਾਂ ਦੀ ਸੈਰ ਲਈ? ਕਿਸੇ ਇੱਕ ਵਿਚਾਰਧਾਰਾ ਨੂੰ ਪੱਠੇ ਪਾਉਣ ਲਈ? ਸੱਚੀ-ਮੁੱਚੀ ਮਾਂ ਬੋਲੀ ਦੀ ਸੇਵਾ ਲਈ? ਕਿਸ ਲਈ ਇਹ ਸਾਰੀ ਮਾਰਾ-ਮਾਰੀ, ਹਫੜਾ-ਤਫੜੀ, ਨੱਠ-ਭੱਜ, ਜੋੜ-ਤੋੜ, ਲੱਤ-ਘੜੀਸੀ, ਫੂੰਅ-ਫਾਂਅ ਤੇ ਹੰਕਾਰ।
ਹਾਂ, ਚੰਦ ਕੁ ਸਥਾਪਤ ਲੇਖਕਾਂ ਨੂੰ ਛੱਡ ਕੇ ਸਾਰਿਆਂ ਦਾ ਮੇਰੇ ਵਾਲਾ ਹੀ ਹਾਲ ਹੈ। ਠੀਕ ਹੈ ਥੋੜ੍ਹੇ ਜਿਹੇ ਜਨਮ-ਜਾਤ, ਟੇਲੈਂਟਡ ਅਤੇ ਹਰਮਨ ਪਿਆਰੇ ਲੇਖਕਾਂ ਦਾ ਨਾਂ ਚਲਦਾ ਹੈ, ਉਨ੍ਹਾਂ ਨੂੰ ਕੁਝ ਪਾਠਕ ਖਰੀਦ ਕੇ ਵੀ ਪੜ੍ਹਨਾ ਪਸੰਦ ਕਰਦੇ ਹਨ। ਬਿਨਾਂ ਸ਼ੱਕ ਉਨ੍ਹਾਂ ਨੇ ਮਿਆਰੀ ਲਿਖਿਆ ਹੈ। ਉਹ ਹੋਰ ਲੇਖਕਾਂ ਲਈ ਰਾਹ ਦਸੇਰੇ ਵੀ ਹਨ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਵਿੱਚ ਪੜ੍ਹਾਏ ਜਾਂਦੇ ਹਨ। ਉਨ੍ਹਾਂ ’ਤੇ ਸੋਧ ਕਾਰਜ ਵੀ ਹੁੰਦੇ ਹਨ, ਸੈਮੀਨਾਰ ਤੇ ਗੋਸ਼ਟੀਆਂ ਵੀ ਕਰਾਈਆਂ ਜਾਂਦੀਆਂ ਹਨ। ਲੇਖਕ ਵਰਗ ਵਿੱਚ ਉਨ੍ਹਾਂ ਦੇ ਨਾਂ ਦਾ ਸਿੱਕਾ ਚਲਦਾ ਹੈ। ਉਨ੍ਹਾਂ ਨੂੰ ਵੱਡੇ-ਵੱਡੇ ਰਾਸ਼ਟਰੀ ਤੇ ਅੰਤਰਰਾਸ਼ਟਰੀ, ਸਰਕਾਰੀ ਤੇ ਗ਼ੈਰਸਰਕਾਰੀ ਪੁਰਸਕਾਰ ਵੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦਾ ਸਾਹਿਤਕ ਕੱਦ ਬਹੁਤ ਉੱਚਾ ਹੈ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਸਵਾਲ ਤਾਂ ਫਿਰ ਉੱਥੇ ਹੀ ਖੜ੍ਹਾ ਹੈ ਕਿ ਇਨ੍ਹਾਂ ਮਹਾਨ ਲੇਖਕਾਂ ਦੀਆਂ ਲਿਖਤਾਂ ਨੇ ਵੀ ਸਮਾਜਕ ਤਬਦੀਲੀ ਲਿਆਉਣ ਵਿੱਚ ਕੋਈ ਅਹਿਮ ਭੂਮਿਕਾ ਅਦਾ ਕੀਤੀ ਹੈ? ਇਹ ਖ਼ਿਆਲ ਵੀ ਆਉਂਦਾ ਹੈ, ਸਾਡੇ ਗੁਰੂਆਂ ਨੇ ਇੰਨਾ ਉੱਚ ਕੋਟੀ ਦਾ ਸਾਹਿਤ ਰਚਿਆ, ਇੰਨੇ ਵੱਡੇ-ਵੱਡੇ ਧਾਰਮਿਕ ਗ੍ਰੰਥ, ਜਿਨ੍ਹਾਂ ਦਾ ਪਾਠ ਆਦਮੀ ਸਦੀਆਂ ਤੋਂ ਸ਼ਰਧਾ ਪੂਰਵਕ ਨਿਰੰਤਰ ਕਰਦਾ ਆ ਰਿਹਾ ਹੈ - ਇਹ ਪੁਸਤਕਾਂ ਘਰਾਂ ਵਿੱਚ ਨਾ ਸਿਰਫ ਖਰੀਦ ਕੇ ਰੱਖੀਆਂ ਜਾਂਦੀਆਂ ਹਨ, ਇਨ੍ਹਾਂ ਦਾ ਪੂਰੀ ਸ਼ਰਧਾ ਨਾਲ ਨਿੱਤ ਪਾਠ ਵੀ ਕੀਤਾ ਜਾਂਦਾ ਹੈ। ਅਖੰਡ ਪਾਠ ਕਰਵਾਏ ਜਾਂਦੇ ਹਨ, ਦਰਬਾਰ ਸਜਾਏ ਜਾਂਦੇ ਹਨ, ਮੀਡੀਆ ਰਾਹੀਂ ਦਿਨ-ਰਾਤ ਅਣਮੁੱਕ ਪ੍ਰਚਾਰ ਤੇ ਪਸਾਰ ਕੀਤਾ ਜਾਂਦਾ ਹੈ, ਬੱਚਿਆਂ ਨੂੰ ਰੱਟੇ ਲਵਾਏ ਜਾਂਦੇ ਹਨ। ਇਨ੍ਹਾਂ ਦੀ ਬਾਣੀ ਨੂੰ ਕੰਠ ਕਰਕੇ ਦਿਨ-ਰਾਤ ਦੁਹਰਾਉਂਦੇ ਰਹਿੰਦੇ ਹਾਂ, ਫਿਰ ਵੀ ਆਮ ਆਦਮੀ ਵਿੱਚ ਜ਼ਹਿਨੀ ਤੌਰ ’ਤੇ ਕੋਈ ਖਾਸ ਤਬਦੀਲੀ ਨਹੀਂ ਵਿਖਾਈ ਦਿੰਦੀ। ਸਗੋਂ ਬੰਦਾ ਹੋਰ ਅਨੈਤਿਕ, ਕੱਟੜ ਅਤੇ ਸੰਕੀਰਣ ਹੁੰਦਾ ਜਾਂਦਾ ਹੈ। ਜੇ ਆਮ ਆਦਮੀ ਅੱਜ ਤਕ ਇਨ੍ਹਾਂ ਮਹਾਨ ਲਿਖਤਾਂ ਤੋਂ ਕੋਈ ਸਬਕ ਨਹੀਂ ਲੈ ਸਕਿਆ, ਉਸਨੇ ਇਨ੍ਹਾਂ ਗ੍ਰੰਥਾਂ ਨੂੰ ਤਾਂ ਮੰਨਿਆ ਪਰ ਇਨ੍ਹਾਂ ਦੀ ਕੋਈ ਗੱਲ ਨਹੀਂ ਮੰਨੀ, ਫਿਰ ਮੇਰੇ ਵਰਗੇ ਲੇਖਕ ਕਿਸਦੇ ਪਾਣੀਹਾਰ ਹਨ। ਮੈਂ ਇਹ ਭਰਮ ਕਿਉਂ ਪਾਲੀ ਫਿਰਦਾ ਹਾਂ ਕਿ ਮੇਰੀਆਂ ਲਿਖਤਾਂ ਨਾਲ ਰਾਤੋ-ਰਾਤ ਕੋਈ ਇਨਕਲਾਬ ਆ ਜਾਵੇਗਾ, ਮੇਰਾ ਲਿਖਣਾ ਸਾਰਥਕ ਸਾਬਤ ਹੋ ਜਾਵੇਗਾ। ਫਿਰ ਇਹ ਸੋਚਕੇ ਮਨ ਨੂੰ ਤਸੱਲੀ ਦਿੰਦਾ ਹਾਂ, ਘੱਟੋ-ਘੱਟ ਮੈਂ ਇਸ ਸਮਾਜ ਨੂੰ ਸਿਹਤਮੰਦ, ਨਰੋਆ, ਸਾਫ ਸੁਥਰਾ ਤੇ ਸੁੰਦਰ ਬਣਾਉਣ ਲਈ ਸੋਚਿਆ, ਲਿਖ ਕੇ ਕੋਸ਼ਿਸ਼ ਤਾਂ ਕੀਤੀ। ਮੇਰਾ ਨਾਂ ਜੰਗਲ ਨੂੰ ਅੱਗ ਲਾਉਣ ਵਾਲਿਆਂ ਵਿੱਚ ਨਹੀਂ, ਸਗੋਂ ਅੱਗ ਬੁਝਾਉਣ ਵਾਲਿਆਂ ਵਿੱਚ ਤਾਂ ਸ਼ੁਮਾਰ ਹੋਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4689)
(ਸਰੋਕਾਰ ਨਾਲ ਸੰਪਰਕ ਲਈ: (