“ਪਰ ਉਹ ਲਫੰਗੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸਨ ਆ ਰਹੇ, ਬਲਕਿ ਉਨ੍ਹਾਂ ਇੱਕ ਜਗ੍ਹਾ ਸਕੂਟਰ ਖਲ੍ਹਾਰ ਲਿਆ ਤੇ ਇੱਕ ...”
(2 ਅਕਤੂਬਰ 2024)
ਸਾਢੇ ਤਿੰਨ ਕੁ ਦਹਾਕੇ ਪਹਿਲਾਂ ਪਟਿਆਲੇ ਆਪਣੇ ਇੱਕ ਨਾਟਕ ‘ਹੀਰੋ ਨਹੀਂ ਆਏਗਾ’ ਦੀ ਰੀਹਰਸਲ ਕਰਕੇ ਮੈਂ ਆਪਣੇ ਬਾਕੀ ਕਲਾਕਾਰਾਂ ਤੋਂ ਵਿਦਾ ਹੋਕੇ ਨਾਟਕ ਵਿੱਚ ਹੀਰੋਇਨ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦੇ ਸਾਈਕਲ ਦੇ ਨਾਲ ਨਾਲ ਆਪਣੇ ਸਾਈਕਲ ’ਤੇ ਉਸ ਨੂੰ ਘਰ ਤਕ ਛੱਡਣ ਜਾ ਰਿਹਾ ਸੀ। ਇਹ ਰੋਜ਼ਾਨਾ ਦੀ ਮੇਰੀ ਜਾਂ ਕਿਸੇ ਹੋਰ ਸਾਥੀ ਅਦਾਕਾਰ ਦੀ ਡਿਊਟੀ ਹੁੰਦੀ ਸੀ। ਪਰ ਉਸ ਦਿਨ ਰਸਤੇ ਵਿੱਚ ਦੋ ਲੋਫਰਨੁਮਾ ਮੁੰਡਿਆਂ ਨੇ ਅਦਾਕਾਰਾ ’ਤੇ ਅਸ਼ਲੀਲ ਟਿੱਪਣੀਆਂ ਕਰਨੀਆਂ ਆਰੰਭ ਦਿੱਤੀਆਂ। ਮੈਨੂੰ ਅਦਾਕਾਰਾ ਨੇ ਦੱਸਿਆ ਕਿ ਇਹ ਮੁੰਡੇ ਉਸ ਨੂੰ ਰੋਜ਼ ਹੀ ਛੇੜਦੇ ਹਨ, ਜਿਸਦਾ ਉਸ ਨੂੰ ਗੁੱਸਾ ਤਾਂ ਬਹੁਤ ਚੜ੍ਹਦਾ ਹੈ ਪਰ ਉਹ ਨਜ਼ਰ ਅੰਦਾਜ਼ ਕਰ ਦਿੰਦੀ ਹੈ। ਮੈਨੂੰ ਵੀ ਇੱਕ ਦੋ ਸਾਥੀ ਕਲਾਕਾਰਾਂ ਤੋਂ ਇਹ ਭਿਣਕ ਪਈ ਸੀ। ਉਸ ਦਿਨ ਵੀ ਸਕੂਟਰ ’ਤੇ ਸਵਾਰ ਉਹ ਮੁੰਡੇ ਸਾਡੇ ਅੱਗੇ ਪਿੱਛੇ ਹੋ ਰਹੇ ਸਨ। ਇੱਕ ਕਲੀਨ ਸ਼ੇਵ ਸੀ ਪਰ ਮੁੱਛਾਂ ਰੱਖੀਆਂ ਹੋਈਆਂ ਸਨ, ਦੂਸਰੇ ਦੇ ਵੱਡੀ ਦਾਹੜੀ ਮੁੱਛਾਂ ਸਨ ਤੇ ਸਿਰ ਉੱਤੇ ਪਰਨਾ ਬੰਨ੍ਹਿਆ ਹੋਇਆ ਸੀ। ਕਲੀਨ ਸ਼ੇਵ ਹੱਟਾ-ਕੱਟਾ ਸੀ ਤੇ ਦੂਸਰਾ ਮਾੜਕੂ ਜਿਹਾ। ਮੈਨੂੰ ਉਨ੍ਹਾਂ ਦੇ ਅਜਿਹਾ ਕਰਨ ’ਤੇ ਗੁੱਸਾ ਆ ਰਿਹਾ ਸੀ। ਪਰ ਕੁੜੀ ਮੈਨੂੰ ਮੁਖਾਤਿਬ ਸੀ “ਰਹਿਣ ਦਿਓ ਸੇਖੋਂ ਜੀ, ਆਪੇ ਬੋਲ ਕੇ ਚਲੇ ਜਾਣਗੇ ...। ਜਵਾਬ ਤਾਂ ਮੈਂ ਵੀ ਦੇ ਸਕਦੀ ਆਂ ਪਰ ਉਲਟਾ ਬਦਨਾਮੀ ਮੇਰੀ ਈ ਹੋਵੇਗੀ ...।”
ਪਰ ਉਹ ਲਫੰਗੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸਨ ਆ ਰਹੇ, ਬਲਕਿ ਉਨ੍ਹਾਂ ਇੱਕ ਜਗ੍ਹਾ ਸਕੂਟਰ ਖਲ੍ਹਾਰ ਲਿਆ ਤੇ ਇੱਕ ਜਣੇ ਨੇ ਅਦਾਕਾਰਾ ਦੇ ਸਾਈਕਲ ਨੂੰ ਪਿੱਛਿਓਂ ਫੜ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਮੇਰੇ ਸਬਰ ਦਾ ਪਿਆਲਾ ਛਲਕਦਾ ਜਾ ਰਿਹਾ ਸੀ। ਮੈਂ ਆਪਣੇ ਸਾਈਕਲ ਦੇ ਪੈਡਲ ਹੌਲੀ ਕੀਤੇ, ਬਰੇਕ ਲਗਾ ਕੇ ਉਨ੍ਹਾਂ ਨੂੰ ਲਲਕਾਰਿਆ। ਮਾੜਕੂ ਜਿਹੇ ਚਾਂਭਲੇ ਹੋਏ ਮੁੰਡੇ ਨੂੰ ਮੈਂ ਮੋਢਿਆਂ ਤੋਂ ਫੜਕੇ ਪਿਛਾਂਹ ਪਟਕਾ ਮਾਰਿਆ। ਪਤਾ ਨਹੀਂ ਮੇਰੇ ਇਕਹਿਰੀ ਹੱਡੀ ਵਲੇ ਸਰੀਰ ਵਿੱਚ ਉਸ ਦਿਨ ਇੰਨਾ ਜ਼ੋਰ ਕਿਵੇਂ ਆ ਗਿਆ ਸੀ। ਜਦੋਂ ਹੱਟਾ ਕੱਟਾ ਮੁੱਛਲ ਮੇਰੇ ਘਸੰਨ ਮਾਰਨ ਨੂੰ ਲਾਗੇ ਹੋਇਆ ਤਾਂ ਮੈਂ ਉਸ ਦੇ ਇੱਕ ਅਜਿਹੀ ਚਪੇੜ ਦੇ ਮਾਰੀ ਕਿ ਉਹ ਭੰਵੱਤਰ ਗਿਆ। ਉਹ ਫਿਰ ਮਾਰਨ ਲਈ ਉੱਲਰਿਆ ਤਾਂ ਮੈਂ ਇੱਕ ਹੋਰ ਕੱਸਵੀਂ ਜਿਹੀ ਚਪੇੜ ਉਸਦੇ ਬੈਥੇ ’ਤੇ ਦਾਗ ਦਿੱਤੀ। ਉਹ ਡਿਗਦਾ ਡਿਗਦਾ ਮਸਾਂ ਬਚਿਆ। ਉਸਨੇ ਆਲੇ ਦੁਆਲੇ ਆਉਂਦੇ ਜਾਂਦੇ ਲੋਕਾਂ ਵੰਨੀਂ ਤੱਕਿਆ ਤਾਂ ਉਹ ਸ਼ਰਮਿੰਦਾ ਜਿਹਾ ਹੋ ਗਿਆ। ਬੇਇੱਜ਼ਤੀ ਮਹਿਸੂਸ ਕਰਦਿਆਂ ਉਸਨੇ ਆਪਣੇ ਸਾਥੀ ਨੂੰ ਇਸ਼ਾਰਾ ਕੀਤਾ ਅਤੇ ਸਕੂਟਰ ਦੇ ਮਗਰ ਉਸ ਨੂੰ ਬਿਠਾਕੇ ਸਕੂਟਰ ਤੇਜ਼ੀ ਨਾਲ ਭਜਾ ਲਿਆ।
ਮੈਨੂੰ ਆਪਣੇ ਆਪ ’ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇੱਕ ਕਲਮਕਾਰ ਤੇ ਕਲਾਕਾਰ ਵਿੱਚ ਅਜਿਹੀ ਕਿਹੜੀ ਸ਼ਕਤੀ ਨੇ ਪ੍ਰਵੇਸ਼ ਕਰ ਲਿਆ ਸੀ। ਮੈਂ ਆਲੇ ਦੁਆਲੇ ਆਉਂਦੇ ਜਾਂਦੇ ਬੰਦਿਆਂ ਵੱਲ ਕਿਸੇ ਜੇਤੂ ਅੰਦਾਜ਼ ਨਾਲ ਝਾਕਦਾ ਹੋਇਆ ਉਸ ਅਦਾਕਾਰ ਕੁੜੀ ਨੂੰ ਉਸਦੇ ਘਰ ਤਕ ਛੱਡਣ ਗਿਆ।
ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਕਿਸੇ ਨਾਟਕ ਦਾ ਨਹੀਂ, ਬਲਿਕ ਅਸਲ ਜ਼ਿੰਦਗੀ ਵਿੱਚ ਵੀ ਇੱਕ ਹੀਰੋ ਬਣ ਗਿਆ ਹੋਵਾਂ। ਪਰ ਰਾਤ ਨੂੰ ਜਦੋਂ ਰੋਟੀ ਖਾਣ ਲੱਗਾ ਤਾਂ ਮੇਰੇ ਸੰਘ ਤੋਂ ਗਰਾਹੀ ਅੰਦਰ ਨਹੀਂ ਸੀ ਲੰਘ ਰਹੀ। ਸੌਣ ਲੱਗਿਆਂ ਨੀਂਦ ਨਾ ਆਵੇ। ਮੇਰੀਆਂ ਅੱਖਾਂ ਸਾਹਮਣੇ ਉਹ ਦੋਨੋਂ ਬਦਮਾਸ਼ ਮੁੰਡੇ ਵਾਰ ਵਾਰ ਆ ਰਹੇ ਸਨ, ਜਿਵੇਂ ਕਹਿ ਰਹੇ ਹੋਣ ‘... ਤੂੰ ਸਾਡੇ ਨਾਲ ਪੰਗਾ ਲੈ ਤਾਂ ਲਿਆ, ਪਰ ਹੁਣ ਦੇਖੀਂ ਅਸੀਂ ਤੇਰਾ ਕੀ ਹਸ਼ਰ ਕਰਦੇ ਆਂ ਵੱਡਿਆ ਹੀਰੋਆ?’
ਸਵੇਰੇ ਉਨੀਂਦਰਾ ਜਿਹਾ ਉੱਠਿਆ। ਦਫਤਰ ਜਾਣ ਨੂੰ ਚਿੱਤ ਨਾ ਕਰੇ, ਮਤੇ ਉਨ੍ਹਾਂ ਮੇਰੀ ਖੋਜ ਖਬਰ ਕੱਢ ਲਈ ਹੋਵੇ ਤੇ ਰਸਤੇ ਵਿੱਚ ਮੈਨੂੰ ਰੋਕਕੇ ਸੱਚਮੁੱਚ ਹੀ ਮੇਰੇ ’ਤੇ ਹਮਲਾ ਕਰ ਦੇਣ। ਲੇਕਿਨ ਅਜਿਹਾ ਨਾ ਵਾਪਰਿਆ। ਪਰ ਸ਼ਾਮ ਨੂੰ ਨਾਟਕ ਦੇ ਰਿਹਰਸਲ ਸਥਾਨ ’ਤੇ ਜਾਂਦਿਆਂ ਵੀ ਇੱਕ ਡਰ ਤੇ ਖੌਫ ਜਿਹਾ ਆ ਰਿਹਾ ਸੀ। ਖਾਸ ਕਰਕੇ ਜਦੋਂ ਮੈਂ ਰੀਹਰਸਲ ਖਤਮ ਕਰਕੇ ਆਪਣੇ ਸਾਥੀਆਂ ਤੋਂ ਵਿਦਾਇਗੀ ਲਈ ਤਾਂ ਮੇਰਾ ਮਨ ਕਰੇ ਕਿ ਅੱਜ ਇਸ ਕੁੜੀ ਨੂੰ ਉਸਦੇ ਘਰ ਤਕ ਕੋਈ ਹੋਰ ਛੱਡਕੇ ਆਵੇ। ਪਰ ਇਵੇਂ ਚਾਹਕੇ ਵੀ ਅਜਿਹਾ ਕਰ ਨਾ ਸਕਿਆ, ਕਿਉਂਕਿ ਅਜਿਹਾ ਕਰਨ ਨਾਲ ਸਾਥੀ ਸਮਝਣਗੇ ਕਿ ਮੈਂ ਆਪਣੀਆਂ ਲਿਖਤਾਂ ਤੇ ਨਾਟਕਾਂ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਇਨ੍ਹਾਂ ਬਦਮਾਸ਼ਾਂ ਦੇ ਡਰ ਕਾਰਨ ਪਿੱਛੇ ਹਟ ਗਿਆ ਹਾਂ। ਮੈਨੂੰ ਇਹ ਵੀ ਤਾਂ ਸ਼ਿੱਦਤ ਨਾਲ ਅਹਿਸਾਸ ਹੋ ਰਿਹਾ ਸੀ ਕਿ ਕੱਲ੍ਹ ਜਿੱਥੇ ਇਹ ਕਾਂਡ ਵਾਪਰਿਆ ਸੀ, ਉੱਥੇ ਦੇਖ ਰਹੇ ਦੁਕਾਨਦਾਰ ਤੇ ਹੋਰ ਲੋਕਾਂ ਵਿੱਚ ਹੀ ਨਹੀਂ ਬਲਕਿ ਉਸ ਅਦਾਕਾਰਾ ਦੀਆਂ ਨਜ਼ਰਾਂ ਵਿੱਚ ਵੀ ਮੈਂ ਇੱਕ ਹੀਰੋ ਬਣ ਗਿਆ ਸੀ। ਇਸ ਲਈ ਮੈਂ ਖੌਫਜ਼ਦਾ ਹੁੰਦਿਆਂ ਵੀ ਰੁਟੀਨ ਵਾਂਗ ਅਦਾਕਾਰਾ ਦੇ ਸਾਈਕਲ ਦੇ ਨਾਲ ਹੀ ਆਪਣਾ ਸਾਈਕਲ ਲਾ ਲਿਆ।
ਦੂਰ ਦੂਰ ਤਕ ਜਿੱਥੇ ਤਕ ਵੀ ਮੇਰੀ ਡਰੀ ਜਿਹੀ ਨਜ਼ਰ ਸਫਰ ਕਰ ਰਹੀ ਸੀ, ਉਹ ਲੋਫਰ ਦਿਖਾਈ ਨਾ ਦਿੱਤੇ। ਰਤਾ ਸੁੱਖ ਦਾ ਸਾਹ ਆਇਆ। ਪਰ ਅਗਲੇ ਮੋੜ ਤਕ ਜਾਂਦਿਆਂ ਹੀ ਮੈਂ ਦੇਖਿਆ ਕਿ ਉੱਥੇ ਇੱਕ ਦਰਖ਼ਤ ਦੇ ਥੱਲੇ ਉਹ ਦੋਨੋਂ ਬਦਮਾਸ਼ਨੁਮਾ ਮੰਡੇ ਖੜ੍ਹੇ ਸਨ। ਸਕੂਟਰ ਉਨ੍ਹਾਂ ਸਾਈਡ ’ਤੇ ਲਗਾ ਰੱਖਿਆ ਸੀ। ਉਨ੍ਹਾਂ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਕੁੜੀ ਨੂੰ ਇਸ਼ਾਰੇ ਨਾਲ ਰੁਕਣ ਤੋਂ ਵਰਜ ਦਿੱਤਾ। ਪਰ ਉਨ੍ਹਾਂ ਨੇ ਉਸ ਦੇ ਸਾਈਕਲ ਨੂੰ ਪਿੱਛਿਓਂ ਪਕੜਕੇ ਰੋਕ ਲਿਆ। ਮੈਨੂੰ ਵੀ ਰੁਕਣਾ ਪਿਆ। ਮੇਰਾ ਦਿਲ ਧਕ ਧਕ ਕਰ ਰਿਹਾ ਸੀ। ਇੱਕ ਖੌਫ ਅਤੇ ਡਰ ਨਾਲ ਮੈਂ ਨਿੱਘਰਦਾ ਜਾ ਰਿਹਾ ਸਾਂ, ਪਰ ਉੱਪਰੋਂ ਉੱਪਰੋਂ ਦਲੇਰੀ ਦਿਖਾਉਂਦਿਆਂ ਆਪਣਾ ਸਾਈਕਲ ਰੋਕ ਲਿਆ ਤੇ ਥੱਲੇ ਉੱਤਰ ਆਇਆ। ਅਦਾਕਾਰਾ ਨੇ ਵੀ ਸਾਈਕਲ ਸਟੈਂਡ ’ਤੇ ਲਾ ਲਿਆ। ਉਹ ਪਿਆਰੀ ਤੇ ਕੋਮਲ ਜਿਹੀ ਕੁੜੀ ਪਹਿਲਾਂ ਉਸ ਹੱਟੇ ਕੱਟੇ ਮੁੱਛਲ ਵੱਲ ਆਪਣੀਆਂ ਮੋਟੀਆਂ ਮੋਟੀਆਂ ਅੱਖਾਂ ਕੱਢਕੇ ਝਾਕੀ ਤੇ ਫਿਰ ਉਸਨੇ ਮਾੜਚੂ ਜਿਹੇ ਮੰਡੇ ਨੂੰ ਧੱਕਾ ਮਾਰਦਿਆਂ ਲਲਕਾਰ ਕੇ ਕਿਹਾ, “ਜੇ ਕਿਸੇ ਦੀ ਹਿੰਮਤ ਐ ਤਾਂ ਹੱਥ ਲਾਕੇ ਦੇਖੇ ਮੈਨੂੰ?”
ਮੁੰਡੇ ਵੀ ਥੋੜ੍ਹੇ ਹੈਰਾਨ ਪਰੇਸ਼ਾਨ ਹੋ ਉੱਠੇ। ਪਰ ਹੱਟੇ ਕੱਟੇ ਮੁੱਛਲ ਨੇ ਜਦੋਂ ਉਸਦੀ ਬਾਂਹ ਪਕੜਕੇ ਉਸ ਨੂੰ ਆਪਣੇ ਨੇੜੇ ਕਰਨਾ ਚਾਹਿਆ ਤਾਂ ਉਸ ਨੇ ਇੱਕ ਖਿੱਚਵੀਂ ਚਪੇੜ ਉਸਦੀ ਸੱਜੀ ਗੱਲ੍ਹ ’ਤੇ ਜੜ ਦਿੱਤੀ। ਇਸ ਤੋਂ ਪਹਿਲਾਂ ਕਿ ਇਸਦੇ ਇਵਜ਼ ਲਫੰਗੇ ਕੋਈ ਅਗਲੀ ਕਾਰਾਵਾਈ ਕਰਦੇ, ਇਹ ਨਾਟਕ ਜਿਹਾ ਦੇਖਕੇ ਲੋਕ ਇਕੱਠੇ ਹੋਣੇ ਆਰੰਭ ਹੋ ਗਏ। ਉਨ੍ਹਾਂ ਵਿੱਚੋਂ ਕੁਝ ਇੱਕ ਨੇ ਬਾਹਵਾਂ ਉਲਾਰੀਆਂ, ਜਿਵੇਂ ਕਹਿ ਰਹੇ ਹੋਣ - ਡਰੀਂ ਨਾ, ਅਸੀਂ ਸਾਰੇ ਤੇਰੇ ਨਾਲ ਆਂ …।
ਉਹ ਦੋਨੋਂ ਗੁੰਡੇ ਨੁਮਾ ਮੁੰਡੇ ਵੀ ਸ਼ਾਇਦ ਡਰ ਤੇ ਘਬਰਾ ਗਏ ਸਨ। ਉਨ੍ਹਾਂ ਉੱਥੋਂ ਖਿਸਕਣ ਵਿੱਚ ਹੀ ਭਲਾਈ ਸਮਝੀ। ਜਦੋਂ ਦੁਬਾਰਾ ਗੁਰਦੀਪ ਦੀ ਗਰਜਵੀਂ ਆਵਾਜ਼ ਉਨ੍ਹਾਂ ਦੇ ਕੰਨੀਂ ਪਈ – ‘ਆਪਣੀ ਭੈਣ ਤੋਂ ਰੱਖੜੀ ਨਹੀਂ ਜੇ ਬੰਨ੍ਹਵਾਉਣੀ? ... ਹੁਣ ਦੌੜ ਕਿਉਂ ਗਏ?’ ਤਾਂ ਉਨ੍ਹਾਂ ਸਕੂਟਰ ਤੇਜ਼ੀ ਨਾਲ ਭਜਾ ਲਿਆ।
ਇਨ੍ਹਾਂ ਪਲਾਂ ਛਿਣਾਂ ਵਿੱਚ ਮੈਨੂੰ ਜਾਪਿਆ ਕਿ ਮੇਰਾ ਲੰਮਾ ਕੱਦ ਜਿਵੇਂ ਨਿੱਕਾ ਜਿਹਾ ਹੋ ਗਿਆ ਹੋਵੇ ਤੇ ਮਧਰੇ ਕੱਦ ਵਾਲੀ ਗੁਰਦੀਪ ਮੈਥੋਂ ਕਿਤੇ ਉੱਚੇ ਕੱਦ ਦੀ ਮਾਲਕ ਹੋ ਗਈ ਹੋਵੇ … ਜ਼ਿੰਦਗੀ ਦੇ ਨਾਟਕ ਦੀ ਅਸਲ ਨਾਇਕਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5327)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.







































































































