“ਚਾਹ ਵਾਲਾ ਰਤਾ ਤ੍ਰਬਕਿਆ ਤੇ ਉਸਦੀਆਂ ਪਾਰਖੂ ਨਜ਼ਰਾਂ ਉਸ ਜੁਝਾਰੂ ਦਾ ਮੁਆਇਨਾ ...”
(1 ਫਰਵਰੀ 2023)
ਇਸ ਸਮੇਂ ਮਹਿਮਾਨ: 189.
ਮੈਂ ਦਫਤਰ ਦੇ ਕੰਮਕਾਰ ਵਿੱਚ ਰੁੱਝਾ ਹੋਇਆ ਸੀ ਕਿ ਅਚਾਨਕ ਮੇਰੇ ਕੰਮ ਵਿੱਚ ਕਿਸੇ ਸ਼ਖਸ ਨੇ ਆ ਕੇ ਵਿਘਨ ਪਾ ਦਿੱਤਾ, “ਮੈਂ ਤੁਹਾਨੂੰ ਮਿਲਣ ਆਇਐਂ?”
ਮੈਂ ਆਪਣੇ ਕੰਮ ਤੋਂ ਨਿਗਾਹ ਹਟਾਈ ਤੇ ਉਸ ਨੌਜਵਾਨ ਦਾ ਮੁਆਇਨਾ ਕਰਨ ਲੱਗਾ। ਉੱਚਾ ਲੰਮਾ ਕੱਦ, ਇਕਹਿਰਾ ਸਰੀਰ, ਚਿਹਰੇ ਦਾ ਰੰਗ ਸਾਫ, ਚੰਗੀ ਖਾਸੀ ਭਰਵੀਂ ਖੁੱਲ੍ਹੀ ਦਾਹੜੀ ਅਤੇ ਵੱਡੀਆਂ ਖੜ੍ਹੀਆਂ ਮੁੱਛਾਂ। ਚਿੱਟੇ ਕੁੜਤੇ ਪਜਾਮੇ ਤੇ ਕੇਸਰੀ ਦਸਤਾਰ ਨਾਲ ਉਹ ਮੈਨੂੰ ਕੋਈ ਖਾੜਕੂ ਜਾਪਿਆ। ਦਰਅਸਲ ਪੰਜਾਬ ਦੇ ਉਨ੍ਹਾਂ ਕਾਲੇ ਸਮਿਆਂ ਵਿੱਚ ਖਾੜਕੂਆਂ, ਜੁਝਾਰੂਆਂ ਦੇ ਬੋਲਬਾਲੇ ਸਨ। ਆਮ ਲੋਕ ਉਨ੍ਹਾਂ ਨੂੰ ਖਾੜਕੂ ਤੇ ਜੁਝਾਰੂ ਨਾਲ ਹੀ ਸੰਬੋਧਨ ਹੁੰਦੇ ਸਨ, ਜਦੋਂ ਕਿ ਸਰਕਾਰ ਜਾਂ ਕੁਝ ਡਰੇ ਘਬਰਾਏ ਬੰਦਿਆਂ ਦੀ ਨਜ਼ਰ ਵਿੱਚ ਉਹ ਅੱਤਵਾਦੀ ਵੀ ਸਨ ਤੇ ਇੰਤਹਾਪਸੰਦ ਵੀ। ਹਾਲੇ ਕੁਝ ਰੋਜ਼ ਪਹਿਲਾਂ ਹੀ ਸਾਡੇ ਦਫਤਰ ਦੇ ਲਾਗੇ ਹੀ ਇੱਕ ਕਾਰਖਾਨੇ ਦੇ ਮੁਨੀਮ ਨੂੰ ਦੋ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ ਸੀ ਤੇ ਨਕਦੀ ਵਗੈਰਾ ਲੁੱਟ ਕੇ ਲੈ ਗਏ ਸਨ। ਮੈਂ ਰਤਾ ਘਬਰਾਇਆ ਤੇ ਡਰਿਆ ਵੀ, ਕਿਉਂਕਿ ਮੈਂ ਸਿਰੋਂ ਮੋਨਾ ਸੀ। ਅਜਿਹੇ ਲੋਕਾਂ ’ਤੇ ਜਿੱਥੇ ਪੰਜਾਬ ਦੇ ਹਾਲਾਤ ਖਰਾਬ ਕਰਨ ਦਾ ਦੋਸ਼ ਲੱਗਦਾ ਸੀ, ਉੱਥੇ ਟਾਰਗੈਟ ਕੀਤੇ ਵਿਅਕਤੀਆਂ ਤੋਂ ਬਿਨਾਂ ਮਾਸੂਮਾਂ ਨੂੰ ਮਾਰਨ ਦੇ ਵੀ ਇਲਜ਼ਾਮ ਲੱਗਦੇ ਸਨ। ਪਰ ਇਸ ਦੇ ਬਾਵਜੂਦ ਸ਼ਿਸ਼ਟਾਚਾਰ ਵਜੋਂ ਮੈਂ ਬੈੱਲ ਦਿੱਤੀ ਤੇ ਸੇਵਾਦਾਰ ਤੁਰੰਤ ਪਾਣੀ ਲੈ ਆਇਆ। ਸਾਡੇ ਪਾਣੀ ਪੀਂਦਿਆਂ ਹੀ ਮੈਂ ਸੇਵਾਦਾਰ ਨੂੰ ਚਾਹ ਦਾ ਆਰਡਰ ਵੀ ਦੇ ਦਿੱਤਾ।
ਮੇਰੀ ਗੱਲ ਵਿਚਾਲਿਓਂ ਹੀ ਕੱਟਦਿਆਂ ਉਹ ਨੌਜਵਾਨ ਬੋਲ ਪਿਆ, “ਨਹੀਂ, ਐਥੇ ਨੀਂ, ਬਾਹਰ ਜਾਕੇ ਕਿਤੇ ਪੀਂਦੇ ਆਂ, ਨਾਲੇ ...।”
ਉਸਦੇ ਇਨ੍ਹਾਂ ਬੋਲਾਂ ਨਾਲ ਮੇਰਾ ਸ਼ੱਕ ਹੋਰ ਵੀ ਪੱਕਾ ਹੋਣ ਲੱਗਾ ਕਿ ਜ਼ਰੂਰ ਉਹ ਮੈਨੂੰ ਬਾਹਰ ਲਿਜਾ ਕੇ ਮਾਰ ਮੁਕਾਏਗਾ। ਦਰਅਸਲ ਉਨ੍ਹੀਂ ਦਿਨੀਂ ਸੱਚ ਬੋਲਣ ਦੀ ਸਜ਼ਾ ਗੋਲੀ ਸੀ। ਉਸ ਦੌਰ ਵਿੱਚ ਸੁਹਿਰਦ ਸਿਆਸੀ ਤੇ ਧਾਰਮਿਕ ਸੋਚ ਨੂੰ ਪ੍ਰਣਾਏ ਵਿਅਕਤੀਆਂ ਤੋਂ ਇਲਾਵਾ ਲੇਖਕਾਂ ਅਤੇ ਕਲਾਕਾਰਾਂ ਨੂੰ ਵੀ ਨਹੀਂ ਸੀ ਬਖਸ਼ਿਆ ਜਾਂਦਾ। ਮੈਂ ਜ਼ਿਆਦਾ ਕੰਮਕਾਜ ਬਾਰੇ ਕਹਿਣ ਦਾ ਸੋਚਿਆ, ਪ੍ਰੰਤੂ ਕਹਿ ਨਾ ਹੋਇਆ ਕਿਉਂਕਿ ਮੈਨੂੰ ਇਸ ਨਾਲ ਆਪਣੀ ਹਉਮੈਂ ਨੂੰ ਚੋਟ ਲੱਗਦੀ ਪ੍ਰਤੀਤ ਹੁੰਦੀ ਸੀ, ਮਤੇ ਉਹ ਸੋਚੇ ਕਿ ਮੈਂ ਸੱਚੀਂ ਹੀ ਡਰ ਗਿਆ ਹਾਂ।
ਦਫਤਰ ਤੋਂ ਦੁਕਾਨ ਤੱਕ ਪਹੁੰਚਦੇ ਪਹੁੰਚਦੇ ਮੈਂ ਕਿੰਨਾ ਕੁਝ ਸੋਚ ਗਿਆ। ਮਸਲਨ ਇਸ ਸ਼ਖਸ ਦੇ ਨਾਲ ਹੋਰ ਵੀ ਸਿੰਘ ਆਏ ਹੋਣਗੇ, ਬਾਹਰ ਕਿਤੇ ਖੜ੍ਹੇ ਹੋਣਗੇ ਕਿ ਕਦੋਂ ਉਹ ਨੌਜਵਾਨ ਮੈਨੂੰ ਦਫਤਰੋਂ ਬਾਹਰ ਲੈ ਕੇ ਆਵੇ ਤੇ ਇਹ ਮਿਲਕੇ ਮੇਰਾ ਅਰਦਾਸਾ ਸੋਧ ਦੇਣ। ਉਹ ਨੌਜਵਾਨ ਤੇਜ਼ ਕਦਮੀਂ ਚੱਲ ਰਿਹਾ ਸੀ ਤੇ ਮੈਂ ਮਰੀਅਲ ਜਿਹੀ ਤੋਰ। ਉਹ ਮੈਥੋਂ ਮੂਹਰੇ ਹੋ ਕੇ ਦੁਕਾਨ ’ਤੇ ਪਹੁੰਚ ਗਿਆ, ਜਿਵੇਂ ਉਹ ਪਹਿਲਾਂ ਹੀ ਇਸ ਇਲਾਕੇ ਤੋਂ ਜਾਣੂੰ ਹੋਵੇ ਤੇ ਇਰਾਦਾ ਬਣਾਕੇ ਹੀ ਆਇਆ ਹੋਵੇ ਕਿ ਮੈਨੂੰ ਕਿਵੇਂ ਵਿਊਂਤਬੰਦੀ ਨਾਲ ਉੱਥੇ ਲਿਜਾ ਕੇ ਮਾਰਨਾ ਹੈ। ਪਰ ਮੈਂ ਵੀ ਆਪਣੇ ਅੰਦਰਲੇ ਖੌਫ ਨੂੰ ਜ਼ਾਹਿਰ ਨਾ ਹੋਣ ਦਿੱਤਾ, ਬਲਕਿ ਨਿਡਰਤਾ ਦਾ ਵਿਖਾਵਾ ਕਰਦਿਆਂ ਦੁਕਾਨ ਵਿੱਚ ਉਸਦੇ ਬਰਾਬਰ ਕੁਰਸੀ ਮੱਲਦਿਆਂ ਬੋਲਿਆ, “ਦੋ ਕੱਪ ਚਾਹ ਬਣਾਈਂ ਵੀ ਫਕੀਰੀਏ।”
ਚਾਹ ਵਾਲਾ ਰਤਾ ਤ੍ਰਬਕਿਆ ਤੇ ਉਸਦੀਆਂ ਪਾਰਖੂ ਨਜ਼ਰਾਂ ਉਸ ਜੁਝਾਰੂ ਦਾ ਮੁਆਇਨਾ ਵੀ ਕਰ ਗਈਆਂ। ਇੰਨੇ ਵਿੱਚ ਉਹ ਨੌਜਵਾਨ ਆਪਣੇ ਪੁਰਾਣੇ ਘਸੇ ਜਿਹੇ ਬੈਗ ਦੀ ਜਿੱਪ ਖੋਲ੍ਹਣ ਲੱਗਾ। ਮੈਂ ਅੰਦਰੋ ਅੰਦਰੀ ਹੋਰ ਵੀ ਦਹਿਲ ਗਿਆ, “ਮਿੱਤਰਾ, ਅੱਜ ਤੇਰੀ ਖੈਰ ਨਹੀਂ? ਇਹ ਜ਼ਰੂਰ ਆਪਣੇ ਬੈਗ ਵਿੱਚੋਂ ਪਿਸਤੌਲ ਜਾਂ ਕੋਈ ਹੋਰ ਹਥਿਆਰ ਕੱਢੇਗੇ ਤੇ ਤੇਰਾ ਅਰਦਾਸਾ ਸੋਧ ਦੇਵੇਗਾ ...।”
ਉਸ ਨੌਜਵਾਨ ਨੇ ਬੈਗ ਨੂੰ ਟਟੋਲਣਾ ਬਰਾਬਰ ਜਾਰੀ ਰੱਖਿਆ। ਹੌਲੀ ਹੌਲੀ ਉਸਦੇ ਸੱਜੇ ਹੱਥ ਨਾਲ ਇੱਕ ਕਾਪੀ ਬਾਹਰ ਆ ਗਈ। ਉਸ ਨੇ ਆਪਣਾ ਨਾਮ ਪਤਾ ਦੱਸਦਿਆਂ ਉਹ ਕਾਪੀ ਮੇਰੇ ਸਪੁਰਦ ਕਰਦਿਆਂ ਬਹੁਤ ਹੀ ਅਧੀਨਗੀ ਸਹਿਤ ਗੁਜਾਰਿਸ਼ ਕੀਤੀ, “ਜਨਾਬ ਜੀ, ਮੈਂ ਤੁਹਾਡੀਆਂ ਰਚਨਾਵਾਂ ਅਖਬਾਰਾਂ, ਰਸਾਲਿਆਂ ਵਿੱਚ ਪੜ੍ਹੀਆਂ ਨੇ ਤੇ ਕਿਤਾਬਾਂ ਵੀ।
ਮੈਂ ਉਸਦੇ ਇੰਨਾ ਕਹਿਣ ’ਤੇ ਉਸ ਵੱਲ ਅਜੀਬ ਤਰ੍ਹਾਂ ਨਾਲ ਝਾਕਿਆ। ਉਸ ਅਗਾਂਹ ਕਹਿਣਾ ਆਰੰਭਿਆ, “ਇਸ ਕਾਪੀ ਵਿੱਚ ਮੈਂ ਕੁਛ ਕਵਿਤਾਵਾਂ ਤੇ ਮਿੰਨੀ ਕਹਾਣੀਆਂ ਲਿਖਣ ਦਾ ਯਤਨ ਕੀਤੈ। ਜਨਾਬ ਨੂੰ ਬੇਨਤੀ ਐ ਕਿ ਇਨ੍ਹਾਂ ਵਿੱਚ ਜਿੱਥੇ ਵੀ ਕੋਈ ਕਮੀ-ਪੇਸ਼ੀ ਹੋਵੇ ਤਾਂ ਸੋਧਣ ਦੀ ਕਿਰਪਾਲਤਾ ਕਰਨੀ।”
ਉਸਦੇ ਏਨਾ ਕਹਿਣ ’ਤੇ ਮੈਂ ਉਸ ਤੋਂ ਕਾਪੀ ਪਕੜਕੇ ਉਸਦੀਆਂ ਲਿਖਤਾਂ ਤੇ ਸਰਸਰੀ ਨਿਗਾਹ ਮਾਰਦਿਆਂ ਵਰਕੇ ਪਲਟਣ ਲੱਗਾ। ਹੁਣ ਮੈਂ ਬੇਖੌਫ ਹੁੰਦਿਆਂ ਕਿਸੇ ਮਾਣ ਨਾਲ ਉਸਦਾ ਮੋਢਾ ਥਪਥਪਾਇਆ, “ਕੋਈ ਨੀਂ ਛੋਟੇ ਵੀਰ, ... ਸੋਧ ਦਿਆਂਗੇ।” ਇੰਨਾ ਕਹਿੰਦਿਆਂ ਮੈਨੂੰ ਰਾਹਤ ਤੇ ਸਕੂਨ ਦਾ ਅਹਿਸਾਸ ਹੋਇਆ, ਪ੍ਰੰਤੂ ਸ਼ਿੱਦਤ ਨਾਲ ਇਸ ਗੱਲ ਦਾ ਪਛਤਾਵਾ ਵੀ ਕਿ ਮੇਰੀ ਪਾਰਖੂ ਨਜ਼ਰ ਕਿੰਜ ਧੋਖਾ ਖਾ ਗਈ ਸੀ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3770)
(ਸਰੋਕਾਰ ਨਾਲ ਸੰਪਰਕ ਲਈ: