“ਸਾਡੇ ਕੰਨਾਂ ਵਿੱਚ ਐੱਸ. ਡੀ. ਐਮ. ਦੇ ਬੋਲ ਪਏ, “ਤੁਸੀਂ ਤਾਂ ਬਈ ਐਨੇ ਸੀਮਿੰਟ ਦੇ ਥੈਲਿਆਂ ਦੀ ਮੰਗ ...”
(30 ਮਈ 2021)
ਨਿੱਕੀ ਉਮਰ ਤੋਂ ਹੀ ਚੰਗੀਆਂ ਕਿਤਾਬਾਂ ਪੜ੍ਹਨ ਕਰਕੇ ਖੌਰੇ ਮੈਂ ਕਦੋਂ ਲਿਖਣ ਦੇ ਰਾਹੇ ਵੀ ਪੈ ਤੁਰਿਆ ਤੇ 21-22 ਵਰ੍ਹਿਆਂ ਦੀ ਉਮਰ ਵਿੱਚ ਹੀ ਦੋ ਤਿੰਨ ਹਮ-ਉਮਰ ਮਿੱਤਰਾਂ ਨਾਲ ਮਿਲਕੇ ਆਪਣੇ ਸ਼ਹਿਰ ਨਾਭੇ ਇੱਕ ਸਾਹਿਤ ਸਭਾ ਵੀ ਬਣਾ ਲਈ। ਇਸ ਵਿੱਚ ਵੱਡੀ ਉਮਰ ਦੇ ਸ਼ਾਇਰ ਵੀ ਜੁੜਨ ਲੱਗੇ। ਜਦੋਂ ਇਹ ਸਭਾ ਆਪਣੀ ਤੋਰ ਤੁਰਨ ਲੱਗੀ ਤਾਂ ਇੱਕ ਸ਼ਾਮ ਦੀ ਇਕੱਤਰਤਾ ਤੋਂ ਬਾਅਦ ਕੁਝ ਸਿਆਣਿਆਂ ਨੇ ਮਤਾ ਪਕਾਇਆ ਕਿ ਕਿਉਂ ਨਾ ਸਾਹਿਤ ਸਭਾ ਦੀਆਂ ਮੀਟਿੰਗਾਂ ਲਈ ਕੋਈ ਪੱਕਾ ਠਿਕਾਣਾ ਲੱਭਿਆ ਜਾਵੇ। ਮੀਟਿੰਗ ਖਤਮ ਹੁੰਦਿਆਂ ਹੀ ਅਸੀਂ ਦੋਂਹ ਮੈਬਰਾਂ ਨੂੰ ਐੱਸ. ਡੀ .ਐੱਮ. ਦੀ ਕੋਠੀ ਵਿੱਚ ਉਨ੍ਹਾਂ ਨੂੰ ਮਿਲਣ ਦਾ ਸਮਾਂ ਲੈਣ ਲਈ ਭੇਜਿਆ। ਉਨ੍ਹਾਂ ਦੇ ਵਾਪਸ ਪਰਤਣ ਤੋਂ ਤੁਰੰਤ ਬਾਅਦ ਲਗਭਗ ਸਾਰੇ ਹੀ ਮੈਂਬਰ ਐੱਸ. ਡੀ. ਐੱਮ. ਉਨ੍ਹਾਂ ਨੂੰ ਕੋਠੀ ਵਿੱਚ ਮਿਲਣ ਲਈ ਤੁਰ ਪਏ।
ਸਰਦਾਰ ਸਾਹਿਬ ਬੜੇ ਹੀ ਤਪਾਕ ਨਾਲ ਸਾਰੇ ਮੈਂਬਰਾਂ ਨੂੰ ਮਿਲੇ। ਤਿੰਨ ਚਾਰ ਵਡੇਰੀ ਉਮਰ ਦੇ ਸ਼ਾਇਰਾਂ ਨਾਲ ਹੱਥ ਵੀ ਮਿਲਾਏ। ਗਰਮੀਆਂ ਦੇ ਦਿਨ ਹੋਣ ਕਰਕੇ ਉਨ੍ਹਾਂ ਕੋਠੀ ਦੇ ਲਾਅਨ ਵਿੱਚ ਹੀ ਕੁਰਸੀਆਂ ਦਾ ਪ੍ਰਬੰਧ ਕਰਵਾ ਦਿੱਤਾ। ਸਾਡੇ ਸਾਰਿਆਂ ਨੂੰ ਘੋਖਵਾਂ ਜਿਹਾ ਨਿਹਾਰਦਿਆਂ ਉਨ੍ਹਾਂ ਬੇਪ੍ਰਵਾਹੀ ਜਿਹੀ ਨਾਲ ਕਿਹਾ, “ਅੱਛਾ ਵੀ ਸਿੰਗਰੋ! ਕੋਈ ਗੀਤ ਗੂਤ ਈ ਸੁਣਾ ਛੱਡੋ, ਮੈਹਫਲਾਂ ’ਚ ਵੀ ਤਾਂ ਗੌਂਦੇ ਈ ਹੋਵੋਂਗੇ...।” ਪਰ ਸਾਡੇ ਵਿੱਚ ਉੱਥੇ ਕੋਈ ਵੀ ਗਾਇਕ ਨਹੀਂ ਸੀ ਅਤੇ ਨਾ ਹੀ ਗੀਤਕਾਰ। ਸਾਰੇ ਕਵੀ ਸਨ, ਕਵਿਤਾ ਜਾਂ ਗਜ਼ਲ ਲਿਖਣ ਵਾਲੇ। ਕੇਵਲ ਇੱਕੋ ਸ਼ਖ਼ਸ ਸੀ, ਜਿਹੜਾ ਆਪ ਤਾਂ ਗੀਤ ਨਹੀਂ ਸੀ ਲਿਖਦਾ ਪਰ ਕਦੇ ਕਦੇ ਕਿਸੇ ਗਾਇਕ ਦਾ ਗਾਇਆ ਗੀਤ ਇਕੱਤਰਤਾਵਾਂ ਵਿੱਚ ਸੁਣਾ ਦਿਆ ਕਰਦਾ ਸੀ। ਦੂਸਰੇ ਸਾਰੇ ਤਾਂ ਅਲਫਾਜ਼ ਵਿੱਚ ਕਹਿਣ ਵਾਲੇ ਸ਼ਾਇਰ ਹੀ ਸਨ, ਕਵੀ ਜਾਂ ਗਜ਼ਲਕਾਰ। ਮੈਂ ਉਦੋਂ ਕੇਵਲ ਕਹਾਣੀ ਲਿਖਦਾ ਸੀ ਜਾਂ ਕਦੇ ਕਦਾਈਂ ਕੋਈ ਵਿਅੰਗ। ਮੇਰਾ ਇੱਕ ਮਿੱਤਰ ਮਿੰਨੀ ਕਹਾਣੀਆਂ ਲਿਖਦਾ ਸੀ। ਜਦੋਂ ਸਾਡੇ ਵਿੱਚੋਂ ਕਿਸੇ ਨੇ ਵੀ ਗੀਤ ਗਾਉਣ ਲਈ ਹਾਮੀ ਨਾ ਭਰੀ ਤਾਂ ਅਫਸਰ ਸਾਹਿਬਾਨ ਹੋਰੂੰ ਜਿਹਾ ਮੁਸਕਰਾਏ। ਅਸੀਂ ਵੀ ਅਸਲ ਮੁੱਦੇ ਵੱਲ ਆਏ। ਦੋ ਤਿੰਨ ਵੱਡੀ ਉਮਰ ਦੇ ਸਿਆਣਿਆਂ ਨੇ ਸਾਹਿਤਕ ਮੀਟਿੰਗਾਂ ਤੇ ਸਮਾਗਮਾਂ ਲਈ ਉਚਿਤ ਥਾਂ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੂੰ ਗੁਜਾਰਿਸ਼ ਕੀਤੀ, ਮਸਲਨ ਕੋਈ ਪਲਾਟ ਜਾਂ ਪੁਰਾਣੇ ਕਿਲੇ ਵਿੱਚ ਕੋਈ ਪੁਰਾਣਾ ਜਿਹੀ ਇਮਾਰਤ। ਐੱਸ. ਡੀ. ਐੱਮ ਸਹਿਬ ਦਾ ਚਿਹਰਾ ਇਕਦਮ ਗੰਭੀਰ ਹੋ ਗਿਆ ਅਤੇ ਉਹ ਸਾਰਿਆਂ ਦੀ ਗੱਲਬਾਤ ਸੁਣਨ ਉਪਰੰਤ ਕਹਿਣ ਲੱਗੇ, “ਦੇਖੋ ਵੀ ਮੇਰੇ ਕੋਲ ਐਸੀ ਕੋਈ ਪਾਵਰ ਨੀ ਕਿ ਮੈਂ ਤੁਹਾਡੇ ਲਈ ਕੋਈ ਪਲਾਟ ਅਲਾਟ ਕਰਵਾ ਸਕਾਂ ਜਾਂ ਕੋਈ ਬਿਲਡਿੰਗ ਅਰੇਂਜ ਕਰਵਾ ਸਕਾਂ।”
ਅਸੀਂ ਸਾਰੇ ਜਣੇ ਐੱਸ ਡੀ. ਐੱਮ. ਦੇ ਮੂੰਹ ਵੱਲ ਹੈਰਾਨ ਤੇ ਕੁਝ ਪਰੇਸ਼ਾਨ ਜਿਹੇ ਝਾਕਣ ਲੱਗੇ। ਪ੍ਰੰਤੂ ਦੋ ਕੁ ਪਲ ਦੀ ਚੁੱਪੀ ਉਪਰੰਤ ਉਨ੍ਹਾਂ ਸਾਨੂੰ ਥੋੜ੍ਹੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ, “ਪਰ ਹਾਂ! ਮੈਂ ਕਿਸੇ ਸਕੂਲ ਦੇ ਪ੍ਰਿੰਸੀਪਲ ਨਾਲ ਜ਼ਰੂਰ ਗੱਲ ਕਰਾਂਗਾ ...।”
ਇੱਕ ਸ਼ਾਇਰ ਬੋਲ ਉੱਠਿਆ, “ਜਨਾਬ! ਅਸੀਂ ਤਾਂ ਸਾਹਿਤ ਸਭਾ ਦੀਆਂ ਮੀਟਿੰਗਾਂ ਲਈ ਤੁਹਾਡੇ ਕੋਲੋਂ ਕੋਈ ਪੱਕੀ ਜਗ੍ਹਾ ਅਲਾਟ ਕਰਨ ਲਈ ਬਹੁਤ ਹੀ ਮਾਣ ਨਾਲ ਆਪਣੀ ਬੇਨਤੀ ਕਰਨ ਆਏ ਸੀ।”
ਸਾਹਿਬ ਬਹਾਦਰ ਨੇ ਆਪਣੀ ਬੇਵਸੀ ਜ਼ਾਹਿਰ ਕਰਦਿਆਂ ਸਾਡੀ ਬੇਨਤੀ ’ਤੇ ਗੌਰ ਕਰਨ ਲਈ ਸਾਡੀ ਦਰਖਾਸਤ ਆਪਣੇ ਕੋਲ ਰੱਖ ਲਈ ਅਤੇ ਨਾਲ ਹੀ ਸਾਡੇ ਚਿਹਰਿਆਂ ਨੂੰ ਤਾੜਦਿਆਂ ਕਹਿਣ ਲੱਗੇ, “ਕੋਈ ਨੀ ... ਮੈਂ ਤੁਹਾਡਾ ਮੈਮੋਰੰਡਮ ਆਪਣੇ ਕੋਲ ਰੱਖ ਲਿਐ ... ਸਰਕਾਰ ਨੂੰ ਭੇਜ ਦਿਆਂਗਾ। ਹੋਰ ਸੇਵਾ ਦੱਸੋ?”
ਜਦੋਂ ਅਸੀਂ ਕੁਝ ਤਸੱਲੀ ਪਰ ਮਾਯੂਸ ਜਿਹੇ ਚਿਹਰਿਆਂ ਨਾਲ ਉੱਥੋਂ ਜਦੋਂ ਤੁਰਨ ਲੱਗੇ ਤਾਂ ਦੋ ਤਿੰਨ ਕਵੀ ਉੱਥੇ ਹੀ ਖੜ੍ਹੇ ਰਹੇ। ਅਸੀਂ ਤੱਕਿਆ, ਉਨ੍ਹਾਂ ਵਿੱਚੋਂ ਇੱਕ ਪੱਕੇ ਰੰਗ ਤੇ ਪਕੇਰੀ ਉਮਰ ਦੇ ਸ਼ਾਇਰ ਨੇ ਇੱਕ ਅੰਗਰੇਜ਼ੀ ਵਿੱਚ ਲਿਖੀ ਦਰਖਾਸਤ ਆਪਣੀ ਜੇਬ ਵਿੱਚੋਂ ਕੱਢ ਲਈ। ਸ਼ਾਇਦ ਉਹ ਕੁਝ ਸੋਚਕੇ ਹੀ ਸਾਡੇ ਨਾਲ ਆਇਆ ਹੋਵੇ। ਉਸ ਸ਼ਾਇਰ ਨੇ ਸਾਡੇ ਬੈਠਿਆਂ ਬੈਠਿਆਂ ਵੀ ਆਪਣੀ ਜੇਬ ਵਿੱਚੋਂ ਕੱਢਕੇ ਉਹੀ ਦਰਖਾਸਤ ਦੋ ਤਿੰਨ ਬਾਰ ਪੜ੍ਹੀ ਸੀ, ਜਿਸ ’ਤੇ ਮੈਂ ਚੋਰੀਓਂ ਸਰਸਰੀ ਜਿਹੀ ਨਿਗਾਹ ਵੀ ਮਾਰ ਲਈ ਸੀ। ਉਸ ਦਰਖਾਸਤ ਵਿੱਚਲੇ ਕੁਝ ਸ਼ਬਦ ਮੈਂਨੂੰ ਯਾਦ ਸਨ - ਹਾਊਸ, ਰਿਪੇਅਰ, ਸੀਮਿੰਟ ਵਗੈਰਾ। ਉਨ੍ਹਾਂ ਵੇਲਿਆਂ ਵਿੱਚ ਸੀਮਿੰਟ ’ਤੇ ਸਰਕਾਰ ਦਾ ਕੰਟਰੋਲ ਸੀ। ਅਸੀਂ ਸਾਰੇ ਜਦੋਂ ਵਾਪਸ ਪਰਤਣ ਲੱਗੇ ਤਾਂ ਸਾਡੇ ਕੰਨਾਂ ਵਿੱਚ ਐੱਸ. ਡੀ. ਐਮ. ਦੇ ਬੋਲ ਪਏ, “ਤੁਸੀਂ ਤਾਂ ਬਈ ਐਨੇ ਸੀਮਿੰਟ ਦੇ ਥੈਲਿਆਂ ਦੀ ਮੰਗ ਕਰ ਰਹੇ ਹੋ ਜਿਵੈਂ ਇਹ ਆਪਣੇ ਮਕਾਨਾਂ ਦੀ ਰਿਪੇਅਰ ਲਈ ਨਹੀਂ, ਕੋਈ ਬਲੈਕ ਕਰਨੇ ਹੋਣ ...।”
ਇਨ੍ਹਾਂ ਬੋਲਾਂ ਦੇ ਨਾਲ ਹੀ ਉਨ੍ਹਾਂ ਦਾ ਹਾਸਾ ਵੀ ਸਾਡਾ ਪਿੱਛਾ ਕਰ ਰਿਹਾ ਸੀ, ਜਿਵੇਂ ਉਹ ਕਵੀਆਂ ਤੇ ਲੇਖਕਾਂ ਦਾ ਮਜ਼ਾਕ ਉਡਾ ਰਿਹਾ ਹੋਵੇ! ਵਾਪਸ ਆਉਂਦਿਆਂ ਮੈਂ ਆਪਣੇ ਹਮ-ਉਮਰ ਮਿੱਤਰ ਨੂੰ ਪੁੱਛਿਆ, “ਇਹ ਕਵੀ ਲੇਖਕ ਕੀ ਬਲੈਕਮੇਲੀਏ ਹੁੰਦੇ ਨੇ?”
ਮੇਰੇ ਮਿੱਤਰ ਨੇ ਤੁਰੰਤ ਇਸਦਾ ਜਵਾਬ ਦਿੱਤਾ, “ਨਹੀਂ, ਲੇਖਕ ਬਲੈਕਮੇਲੀਏ ਤਾਂ ਨਹੀਂ ਹੁੰਦੇ ਪਰ ਇਨ੍ਹਾਂ ਵਿੱਚੋਂ ਕਈ ਦੂਸਰੇ ਬਹੁਤੇ ਲੋਕਾਂ ਵਾਂਗ ਮੌਕਾ ਪ੍ਰਸਤ ਜ਼ਰੂਰ ਹੁੰਦੇ ਨੇ।”
ਅੱਜ ਵੀ ਜਦੋਂ ਮੈਂਨੂੰ ਆਪਣੇ ਮਿੱਤਰ ਦੇ ਇਹ ਬੋਲ ਸ਼ਿੱਦਤ ਨਾਲ ਚੇਤੇ ਆਉਂਦੇ ਹਨ ਤਾਂ ਕਈ ਕਵੀਆਂ ਤੇ ਲੇਖਕਾਂ ਬਾਰੇ ਉਸਦੀ ਇਹ ਟਿੱਪਣੀ ਬਿਲਕੁਲ ਢੁੱਕਵੀਂ ਜਾਪਦੀ ਹੈ ਜਦੋਂ ਅਸੀਂ ਕੁਝ ਇੱਕ ਕਵੀਆਂ, ਲੇਖਕਾਂ ਨੂੰ ਇਨਾਮਾਂ-ਸਨਮਾਨਾਂ ਲਈ ਸਿਫਾਰਸ਼ਾਂ ਤੇ ਹੋਰ ਜੁਗਾੜ ਲੜਾਉਂਦਿਆਂ ਵੇਖਦੇ ਜਾਂ ਸੁਣਦੇ ਹਾਂ। ਦਰਅਸਲ ਇਹ ਲੇਖਕ ਵੀ ਤਾਂ ਆਖਰ ਇਸ ਗਲੇ ਸੜ੍ਹੇ ਨਿਜ਼ਾਮ ਦਾ ਹੀ ਹਿੱਸਾ ਹਨ। ਪ੍ਰੰਤੂ ਫਿਰ ਆਮ ਲੋਕਾਂ ਤੇ ਲੇਖਕਾਂ ਵਿੱਚ ਫਰਕ ਹੀ ਕੀ ਰਹਿ ਗਿਆ? ਲੇਖਕਾਂ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ, ਉਨ੍ਹਾਂ ਨੂੰ ਆਪਣੀ ਕਹਿਣੀ ਅਤੇ ਕਥਨੀ ਉੱਤੇ ਪੂਰੇ ਉੱਤਰਨਾ ਚਾਹੀਦਾ ਹੈ, ਨੇਕ-ਦਿਲ ਬੰਦਿਆਂ ਵਾਂਗ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2814)
(ਸਰੋਕਾਰ ਨਾਲ ਸੰਪਰਕ ਲਈ: