“ਦਿਨ ਮਹੀਨੇ ਗੁਜ਼ਰਦੇ ਗਏ। ਮਨ ਕਾਹਲਾ ਪੈਣ ਲੱਗਾ। ਪਰ ਇਸ ਦੌਰਾਨ ਮੈਨੂੰ ਬੰਬਈ (ਮੁੰਬਈ) ਜਾਣਾ ਪੈ ਗਿਆ ...”
(8 ਜੂਨ 2022)
ਮਹਿਮਾਨ: 48
ਅੱਜ ਕੱਲ੍ਹ ਤਾਂ ਕਿਤਾਬਾਂ ਛਪਵਾਉਣ ਵਿਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ, ਬੱਸ ਜੇਬ ਹਲਕੀ ਕਰਨੀ ਪੈਂਦੀ ਹੈ ਪ੍ਰੰਤੂ ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਕਿਸੇ ਲੇਖਕ ਵੱਲੋਂ ਕੋਈ ਕਿਤਾਬ ਛਪਾਉਣੀ ਸਮਝੋ ਅੱਗ ਦਾ ਦਰਿਆ ਪਾਰ ਕਰਨ ਦੇ ਤੁੱਲ ਸੀ। ਅਤੇ ਜੇਕਰ ਲੇਖਕ ਨਵਾਂ ਹੋਵੇ ਤੇ ਉਸ ਨੂੰ ਪੁਸਤਕ ਛਪਵਾਉਣ ਦਾ ਕੋਈ ਰਾਹ ਵੀ ਨਜ਼ਰ ਨਾ ਆਉਂਦਾ ਹੋਵੇ ਤਾਂ ਤੁਸੀਂ ਹੀ ਦੱਸੋ ਦੋਸਤੋ, ਉਹ ਕਵੀ, ਲੇਖਕ ਆਪਣੀ ਕਿਤਾਬ ਕਿਵੇਂ ਛਪਵਾਉਂਦਾ ਹੋਵੇਗਾ? ਮੇਰੇ ਨਾਲ ਵੀ ਕੁਝ ਇਵੇਂ ਹੀ ਵਾਪਰਿਆ। ਕਵਿਤਾਵਾਂ, ਕਹਾਣੀਆਂ ਤਾਂ ਮੈਂ ਪੜ੍ਹਾਈ ਦੌਰਾਨ ਹੀ ਲਿਖਣੀਆਂ ਆਰੰਭ ਦਿੱਤੀਆਂ ਸਨ ਅਤੇ ਫੇਰ ਸਰਕਾਰੀ ਨੌਕਰੀ ਵਿੱਚ ਆਉਣ ਉਪਰੰਤ ਤਾਂ ਮੈਂ ਵਿਅੰਗ, ਇਕਾਂਗੀ ’ਤੇ ਵੀ ਹੱਥ ਫੇਰਣ ਲੱਗਾ ਸੀ। ਨਾਭੇ ਅਸੀਂ ਕੁਝ ਨੌਜਵਾਨ ਸਾਹਿਤਕ ਮਿੱਤਰਾਂ ਨੇ 1978 ਵਿੱਚ ਇੱਕ ਸਭਾ ਵੀ ਬਣਾ ਲਈ ਸੀ, ਜਿਸਦਾ ਨਾਮਕਰਨ ਕੀਤਾ ਗਿਆ ਸੀ ‘ਪੰਜਾਬੀ ਸਾਹਿਤ ਸਦਨ, ਨਾਭਾ’। ਸੁਰਜੀਤ ਰਾਮੁਪਰੀ, ਕੰਵਰ ਚੌਹਾਨ, ਗੁਰਦੇਵ ਨਿਰਧਨ, ਮਾਧੋ ਰਾਮ ਸ਼ਰਸ਼ਾਰ, ਗੁਰਸ਼ਰਨ ਸਿੰਘ, ਗੁਰਮੀਤ ਸਿੰਘ, ਅਜੀਤ ਸਿੰਘ, ਗੁਰਬਖਸ਼ ਸਿੰਘ ਬਖਸ਼ੀ, ਰਾਮ ਲਾਲ ਨਾਭਵੀ, ਬੀ.ਐੱਸ ਬੀਰ, ਅਸ਼ਕ ਕੁਮਾਰ, ਤਿਲਕ ਰਾਜ, ਮਨਜੀਤ ਸਿੰਘ, ਅਜੇ ਕੁਮਾਰ, ਹਰਦਿਆਲ ਥੂਹੀ, ਸ਼ਿਕਵਾ, ਗੁਰਚਰਨ ਸਿੰਘ ਗੌਹਰ, ਪ੍ਰੋ. ਸੁਖਦੇਵ ਗਰੇਵਾਲ, ਹਰਜੱਸ ਸ਼ਰਮਾ, ਮਖਮੂਰ ਜਿੰਦਲ, ਡਾਕਟਰ ਕਪੂਰ। ਬਾਅਦ ਵਿੱਚ ਹੋਰ ਵੀ ਕਵੀ, ਲੇਖਕ ਆ ਸ਼ਾਮਿਲ ਹੋਏ, ਮਸਲਨ ਅਮਰਜੀਤ ਕੌਕੇ, ਦਰਸ਼ਨ ਬੁੱਟਰ ਆਦਿ ਇਸਦੇ ਮੁਢਲੇ ਮੈਂਬਰ ਸਨ। ਪ੍ਰੰਤੂ ਇਹਨਾਂ ਸਾਰੇ ਮੈਬਰਾਂ ਵਿੱਚੋਂ ਉਦੋਂ ਤਕ ਕੇਵਲ ਸੁਰਜੀਤ ਰਾਮਪੁਰੀ ਤੋਂ ਬਿਨਾਂ ਕਿਸੇ ਵੀ ਹੋਰ ਲੇਖਕ ਦੀ ਕੋਈ ਕਿਤਾਬ ਨਹੀਂ ਛਪੀ ਸੀ। ਸ਼ਾਇਦ ਇਸੇ ਲਈ ਕਿਸੇ ਨੂੰ ਪੁਸਤਕ ਛਪਵਾਉਣ ਬਾਰੇ ਕੋਈ ਤਜਰਬਾ ਨਹੀਂ ਸੀ। ਪ੍ਰੰਤੂ ਇੱਕ ਦਿਨ ਆਥਣ ਨੂੰ ਸ਼ਾਇਰ ਕੰਵਰ ਤੇ ਨਿਰਧਨ ਨੇ ਮੈਨੂੰ ਕਿਹਾ, ਅੱਜ ਡਾਕਟਰ ਰਣਧੀਰ ਸਿੰਘ ਚੰਦ ਨੇ ਪਰਤਾਪਪੁਰਿਓਂ (ਜਲੰਧਰ) ਔਣਾ ਹੈ, ਆਪਣਾ ਉਹ ਗੂੜ੍ਹਾ ਮਿੱਤਰ ਐ, ਡਾਕਟਰ ਜਗਤਾਰ ਵੀ ਸ਼ਾਇਦ ਆਵੇ, ਆਪਾਂ ਬੈਠਾਂਗੇ ...।”
ਅਸੀਂ ਬੈਠੇ ਤੇ ਫੈਸਲਾ ਹੋਇਆ ਕਿ ਮੇਰੀਆਂ (ਸੇਖੋਂ) ਕਹਾਣੀਆਂ ਦਾ ਖਰੜਾ ਤਿਆਰ ਹੈ, ਇਸ ਨੂੰ ਛਾਪਣ ਦਾ ਪ੍ਰਬੰਧ ਕੀਤਾ ਜਾਵੇ। ਡਾਕਟਰ ਚੰਦ ਕਹਿਣ ਲੱਗਾ, “ਮੈਂ ਸੇਖੋਂ ਨੂੰ ਪੜ੍ਹਿਆ ਹੈ, ਇਹਦੀ ਕਿਤਾਬ ਮੈਂ ਛਾਪੂੰਗਾ।” ਅਤੇ ਉਹ ਮੇਰੀਆਂ ਕਹਾਣੀਆਂ ਦਾ ਖਰੜਾ ਆਪਣੇ ਨਾਲ ਲੈ ਗਿਆ। ਉਸ ਜਾਂਦਿਆਂ ਹੋਇਆਂ ਆਖਿਆ ਕਿ ਮੈਂ ਆਪਣੀ ਇੱਕ ਵਧੀਆ ਜਿਹੀ ਪਾਸਪੋਰਟ ਸਾਈਜ਼ ਫੋਟੋ ਵੀ ਭੇਜ ਦੇਵਾਂ। ਮੈਂ ਫੋਟੋ ਭੇਜ ਦਿੱਤੀ। ਪਰ ਇਸ ਦੌਰਾਨ ਸਾਡੀ ਸਭਾ ਕਿਸੇ ਕਾਰਨ ਕਰਕੇ ਦੋਫਾੜ ਹੋ ਗਈ। ਕੰਵਰ ਤੇ ਨਿਰਧਨ ਮੈਨੂੰ ਇਕੱਲੇ ਨੂੰ ਕਹਿਣ ਲੱਗੇ, “ਸੇਖੋਂ, ਤੂੰ ਸਾਡਾ ਸਾਥ ਦੇ, ਅਸੀਂ ਤੇਰੀ ਕਿਤਾਬ ਛਪਵਾ ਰਹੇ ਹਾਂ, ਫਰੀ ...।” ਨਾਲੇ ਉਨ੍ਹਾਂ ਕਿਹਾ ਕਿ ਤੂੰ ਚੰਦ ਨੂੰ ਆਪਣੀ ਕਹਾਣੀ ਭੇਜ, ਅਸੀਂ ਤੇਰੀ ਕਹਾਣੀ ਛਪਵਾਵਾਂਗੇ। ਹਾਲਾਂਕਿ ਮੈਨੂੰ ਪਤਾ ਸੀ ਕਿ ਸੁਰਤਾਲ ਗਜ਼ਲ ਦੀ ਪੱਤ੍ਰਕਾ ਹੈ। ਉਨ੍ਹਾਂ ਅੱਗਿਓਂ ਇਹ ਵੀ ਤਾਕੀਦ ਕੀਤੀ,“ਦੇਖ ਸੇਖੋਂ! ਤੂੰ ਸਾਡਾ ਛੋਟਾ ਭਰਾ ਐਂ, ਸਾਡਾ ਸਾਥ ਦੇ, ਸਾਡੇ ਗਰੁੱਪ ਨਾਲ ਰਹਿ, ਅਸੀਂ ਤੈਨੂੰ ਦੂਰਦਰਸ਼ਨ ’ਤੇ ਵੀ ਲੈ ਕੇ ਜਾਵਾਂਗੇ।”
ਪਰ ਮੈਂ ਉਹੀ ਕੀਤਾ ਜੋ ਮੇਰੀ ਜ਼ਮੀਰ ਨੇ ਮੈਨੂੰ ਹੁਕਮ ਕੀਤਾ। ਸ਼ਾਇਦ ਇਸੇ ਲਈ ਮੇਰੀ ਕਿਤਾਬ ਛਪਦੀ ਛਪਦੀ ਰਹਿ ਗਈ। ਮੈਂ ਖਰੜੇ ਦੀ ਮੰਗ ਕੀਤੀ, ਪ੍ਰੰਤੂ ਖਰੜਾ ਵਾਪਸ ਨਾ ਪਰਤਾਇਆ ਗਿਆ। ਮੋਬਾਇਲ ਦਾ ਉਦੋਂ ਜ਼ਮਾਨਾ ਨਹੀਂ ਸੀ, ਮੈਂ ਡਾ. ਚੰਦ ਨੂੰ ਇੱਕ ਦੋ ਖ਼ਤ ਲਿਖੇ, ਪਰ ਕੋਈ ਢੁਕਵਾਂ ਉੱਤਰ ਨਾ ਮਿਲਿਆ। ਪਰ ਇੱਥੇ ਇਹ ਭਲੀ ਰਹੀ ਕਿ ਨਿਰਧਨ-ਚੌਹਾਨ-ਸੇਖੋਂ-ਚੰਦ ਫੇਰ ਇਕੱਠੇ ਹੋ ਗਏ ਤੇ ਉਨ੍ਹਾਂ ਆਪਣੇ ਛੋਟੇ ਵੀਰ ਨੂੰ ਗਲਵੱਕੜੀ ਵਿੱਚ ਲੈ ਲਿਆ। ਨਵੀਂ ਸਾਹਿਤ ਸਭਾ ਦਾ ਗਠਨ ਹੋਇਆ, ਨਾਮਕਰਨ ਹੋਇਆ- ਪੰਜਾਬ ਲੇਖਕ-ਕਲਾ ਮੰਚ (ਪਲਕਮ)। ਅਸੀਂ ਹਫਤੇ ਪੰਦਰੀਂ ਦਿਨੀਂ ਜੁੜਦੇ। ਪੰਦਰਵਾੜਾ ਇਕੱਤਰਤਾਵਾਂ ਹੁੰਦੀਆਂ ਤੇ ਭਰਵੇਂ ਸਾਹਿਤਕ ਸਮਾਗਮਾਂ ਨੂੰ ਵੀ ਬਾਖੂਬੀ ਅੰਜਾਮ ਦਿੱਤਾ ਗਿਆ।
ਡਾ. ਚੰਦ ਨੂੰ ਮੈਂ ਆਪਣੇ ਕਹਾਣੀਆਂ ਦੇ ਖਰੜੇ ਬਾਰੇ ਕਦੇ ਪ੍ਰਸ਼ਨ ਨਾ ਕੀਤਾ ਬਲਕਿ ਆਪਣੀਆਂ ਕਹਾਣੀਆਂ ਦੀਆਂ ਕਾਰਬਨ ਕਾਪੀਆਂ ਇਕੱਤਰ ਕਰਨ ਵਿੱਚ ਜੁਟ ਗਿਆ। ਮੈਨੂੰ ਇੱਕ ਮਿੱਤਰ ਨੇ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਦਾ ਐਡਰੈੱਸ ਦੇ ਦਿੱਤਾ। ਮੈਂ ਮੋਹਨ ਸਿੰਘ ਰਾਹੀ ਨੂੰ ਪੱਤਰ ਲਿਖਿਆ। ਉਨ੍ਹਾਂ ਝੱਟ ਹਾਂ ਪੱਖੀ ਉੱਤਰ ਭੇਜ ਦਿੱਤਾ। ਪੰਜ ਸੌ ਰੁਪਇਆਂ ਵਿੱਚ ਸੌ ਕਾਪੀ। ਪ੍ਰੰਤੂ ਉੰਨੀ ਸੌ ਉਨਾਸੀ-ਅੱਸੀ ਵਿੱਚ ਨਵਾਂ ਨਵਾਂ ਨੌਕਰੀ ਲੱਗਿਆ ਹੋਣ ਕਰਕੇ ਹਜ਼ਾਰ ਤੋਂ ਘੱਟ ਤਾਂ ਸਾਰੀ ਤਨਖ਼ਾਹ ਸੀ ਮੇਰੀ। ਆਪਣੀ ਜੇਬ ਖਰਚੀ ਵਿੱਚੋਂ ਪਾਈ ਪਾਈ ਇਕੱਠੀ ਕਰਕੇ ਮੈਂ ਕਿਤਾਬ ਪ੍ਰਕਾਸ਼ਿਤ ਕਰਨ ਦੇ ਰਾਹ ਹੋ ਤੁਰਿਆ। ਪੰਜ ਸੌ ਮਨੀਆਰਡਰ ਕਰਵਾ ਦਿੱਤੇ। ਜਦੋਂ ਮੈਂ ਪੱਤਰ ਰਾਹੀਂ ਉਹਨਾਂ ਨੂੰ ਸੂਚਿਤ ਕੀਤਾ ਕਿ ਮੇਰਾ ਨਵਾਂ ਨਵਾਂ ਵਿਆਹ ਹੋਇਆ ਹੈ ਅਤੇ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਆਉਣਾ ਹੈ ਤਾਂ ਉਨ੍ਹਾਂ ਦਾ ਆਦੇਸ਼ ਪ੍ਰਾਪਤ ਹੋਇਆ ਕਿ ਕਾਗਜ਼ ਮਹਿੰਗਾ ਹੋ ਗਿਆ ਹੈ, ਦੋ ਕੁ ਸੌ ਹੋਰ ਨਾਲ ਲੈਂਦੇ ਆਉਣਾ।
ਅਚਾਨਕ ਹੀ ਆਲ ਇੰਡੀਆ ਰੇਡੀਓ ਤੋਂ ਦਿਹਾਤੀ ਪ੍ਰੋਗਰਾਮ ਲਈ ਕਹਾਣੀ ਦੀ ਰਿਕਾਰਡਿੰਗ ਦਾ ਵੀ ਸੱਦਾ ਮਿਲ ਗਿਆ। ਮੈ ਆਪਣੀ ਪਤਨੀ ਨੂੰ ਨਾਲ ਲੈ ਕੇ ਪਹਿਲਾਂ ਜਲੰਧਰ ਦੇ ਬੱਸ ਅੱਡੇ ’ਤੇ ਉੱਤਰ ਕੇ ਆਕਾਸ਼ਬਾਣੀ ਪਹੁੰਚ ਕੇ ਆਪਣੀ ਕਹਾਣੀ ਦੀ ਰਿਕਾਰਡਿੰਗ ਕਰਵਾਈ। ਉੱਥੇ ਮੈਨੂੰ ਕਥਾਕਾਰ ਮਿੱਤਰ ਦਰਸ਼ਨ ਮਿੱਤਵਾ ਮਿਲਿਆ। ਬੱਸ ਸਟੈਂਡ ’ਤੇ ਆਉਣ ਵੇਲੇ ਕਹਿਣ ਲੱਗਾ, “ਯਾਰ! ਤੇਰੀ ਕਿਤਾਬ ਮੈਂ ਛਾਪੂੰਗਾ, ਤੂੰ ਬੱਸ ਦਰਬਾਰ ਸਾਹਬ ਦੇ ਦਰਸ਼ਨ ਕਰਕੇ ਵਾਪਸ ਆ ਕੇ ਮੇਰੇ ਨਾਲ ਸੰਪਰਕ ਕਰ।” ਪਰ ਮੈਂ ਤਾਂ ਪੱਕਾ ਫੈਸਲਾ ਕਰ ਚੁੱਕਾ ਸੀ, ਖਰੜਾ ਮੇਰੇ ਬੈਗ ਵਿੱਚ ਸੀ। ਦਰਬਾਰ ਸਾਹਿਬ ਮੱਥਾ ਟੇਕਿਆ, ਦਰਸ਼ਨ ਕੀਤੇ। ਖਰੜਾ ਰਵੀ ਸਾਹਿਤ ਵਾਲੇ ਰਾਹੀ ਹੁਰਾਂ ਨੂੰ ਦੇ ਦਿੱਤਾ। ਉੁਹ ਬਹੁਤ ਪ੍ਰੇਮ ਤੇ ਨਿੱਘ ਨਾਲ ਮਿਲੇ, ਚਾਹ ਪਾਣੀ ਪਿਲਾਇਆ। ਉੱਥੇ ਮੌਜੂਦ ਕਵੀ ਨਿਰਮਲ ਅਰਪਨ ਨਾਲ ਮੁਲਾਕਾਤ ਕਰਵਾਈ। ਬੱਸ ਸਟੈਂਡ ਤਕ ਉਹ ਸਾਡੇ ਨਾਲ ਆਇਆ। ਆਪਣੀ ਕਵਿਤਾ ਤੇ ਮੇਰੀਆਂ ਕਹਾਣੀਆਂ ਬਾਰੇ ਚਰਚਾ ਤੇ ਗੱਲਬਾਤ ਕਰਦਾ ਰਿਹਾ। ਉਹਨੇ ਆਪਣੇ ਨਾਲ ਪੱਟੀ ਲਿਜਾਣ ਲਈ ਵੀ ਗੁਜ਼ਾਰਿਸ਼ ਕੀਤੀ ਪ੍ਰੰਤੂ ਮੈਂ ਖਿਮਾ ਸਹਿਤ ਆਗਿਆ ਲਈ। ਦਰਅਸਲ ਮੈਂ ਤਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਪਿਆ ਸੀ ਤੇ ਉੱਪਰੋਂ ਆਕਾਸ਼ਬਾਣੀ ਜਲੰਧਰ ਤੋਂ ਕਹਾਣੀ ਦੀ ਰਿਕਾਰਡਿੰਗ ਅਤੇ ਜਲਦੀ ਹੀ ਕਿਤਾਬ ਛਪਣ ਦੀ ਖੁਸ਼ੀ ਮੈਥੋਂ ਸਾਂਭੀ ਨਹੀਂ ਸੀ ਜਾ ਰਹੀ।
ਦਿਨ ਮਹੀਨੇ ਗੁਜ਼ਰਦੇ ਗਏ। ਮਨ ਕਾਹਲਾ ਪੈਣ ਲੱਗਾ। ਪਰ ਇਸ ਦੌਰਾਨ ਮੈਨੂੰ ਬੰਬਈ (ਮੁੰਬਈ) ਜਾਣਾ ਪੈ ਗਿਆ। ਉੱਥੇ ਨਾਟਕ ਸਟੇਜ ਕਰਨ ਦਾ ਸੱਦਾ ਸੀ। ਦੋਸਤਾਂ, ਰੰਗਕਰਮੀਆਂ ਨਾਲ ਮੈਂ ਬੰਬਈ ਚਲੇ ਗਿਆ। ਉੱਥੇ ਗੁਲਜ਼ਾਰ, ਸੁਖਬੀਰ, ਨਾਜ਼, ਐੱਸ ਸਵਰਨ, ਰਮਾ ਵਿੱਜ, ਸਵਿਤਾ ਸਾਥੀ, ਦਾਰਾ ਸਿੰਘ, ਸੁਰਿੰਦਰ ਕੋਹਲੀ, ਮਦਨ ਪੁਰੀ ਆਦਿ ਲੇਖਕ ਮਿਲੇ ਤੇ ਕਲਾਕਾਰ ਵੀ। ਗੁਲਜ਼ਾਰ ਦੀ ਇੰਟਰਵਿਊ ਕੀਤੀ ਤੇ ਸੁਖਬੀਰ ਨੇ ਕਿਤਾਬ ਬਾਰੇ ਪੁੱਛਿਆ। ਕੀ ਜਵਾਬ ਦਿੰਦਾ, ਬੱਸ ਇੰਨਾ ਹੀ ਕਿਹਾ ਕਿ ਛਪ ਰਹੀ ਹੈ।
ਵਾਪਸ ਘਰ ਆਇਆ ਤਾਂ ਹੋਰ ਡਾਕ ਦੇ ਨਾਲ ਰਾਹੀ ਜੀ ਦਾ ਪੱਤਰ ਵੀ ਮਿਲਿਆ, ਪੜ੍ਹਿਆ, ਲਿਖਿਆ ਸੀ, “ਬਿਲਟੀ ਕਰਵਾ ਦਿੱਤੀ ਹੈ, ਪਟਿਆਲੇ ਦੇ ਸਟੇਸ਼ਨ ਤੋਂ ਜਾ ਕੇ ਆਪਣੀਆਂ ਕਿਤਾਬਾਂ ਛੁਡਵਾ ਲਵੋ।”
ਬਿਨਾਂ ਕੁਝ ਖਾਧੇ ਪੀਤੇ ਸਾਈਕਲ ਲੈ ਕੇ ਸਟੇਸ਼ਨ ’ਤੇ ਅੱਪੜਿਆ। ਬਿਲਟੀ ਦੀ ਪੇਮੈਂਟ ਕੀਤੀ। ਕਿਤਾਬਾਂ ਦਾ ਬੰਡਲ ਲੈ ਕੇ ਬਾਹਰ ਆਇਆ। ਰਿਕਸ਼ੇ ਵਾਲਾ ਕਹਿਣ ਲੱਗਾ, ਪੰਦਰਾਂ ਰੁਪਏ ਲੱਗਣਗੇ। ਮੈਂ ਕਿਹਾ ਦਸ ਰੁਪਏ ਬਹੁਤ ਨੇ। ਜਦੋਂ ਉਹ ਨਾ ਮੰਨਿਆ ਤਾਂ ਮੈਂ ਉਸ ਦੀ ਪਿੱਠ ਥਾਪੜੀ ਕਿ ਚੱਲ ਮੇਰਾ ਬੰਡਲ ਸਾਈਕਲ ਦੇ ਕੈਰੀਅਰ ’ਤੇ ਰਖਵਾ ਛੱਡ। ਉਸ ਰਖਵਾ ਦਿੱਤਾ। ਮੈਂ ਉਸ ਨੂੰ ਪੰਦਰਾਂ ਰੁਪਏ ਦੇ ਦਿੱਤੇ। ਉਹ ਬਾਰ ਬਾਰ ਦਸ ਤੇ ਪੰਜ ਦੇ ਨੋਟ ਨੂੰ ਮੱਥੇ ਨਾਲ ਲਾਉਂਦਾ ਰਿਹਾ। ਘਰ ਅੱਪੜਿਆ, ਬੰਡਲ ਖੋਲ੍ਹਿਆ ਤਾਂ ਅਮਰ ਚਿੱਤਰਕਾਰ ਦਾ ਡਿਜ਼ਾਇਨ ਕੀਤਾ ਟਾਈਟਲ ਦਿਲ ਖਿਚਵਾਂ ਲੱਗਿਆ। ਪ੍ਰੰਤੂ ਟਾਈਟਲ ਦੇ ਕਵਰ ਥੱਲੇ ਹਾਰਡ ਜਿਲਦ ’ਤੇ ਪ੍ਰਿੰਟ/ਚਿੱਤਰ ਨਹੀਂ ਛਪਿਆ ਹੋਇਆ ਸੀ। ਮਨ ਥੋੜ੍ਹਾ ਦੁਖੀ ਹੋਇਆ। ਪਰ ਅਗਲੇ ਹੀ ਬਿੰਦ ਮੇਰਾ ਮਨ ਖੁਸ਼ੀ ਨਾਲ ਮਚਲ ਗਿਆ, ਜਦੋਂ ਮੈਂ ਆਪਣੀਆਂ ਲਿਖੀਆਂ ਕਹਾਣੀਆਂ ਨੂੰ ਇੱਕ ਇੱਕ ਕਰਕੇ ਦੇਖਿਆ, ਵਾਚਿਆ। ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਕਹਾਣੀਆਂ ਮੇਰੀਆਂ ਹੀ ਲਿਖੀਆਂ ਹੋਈਆਂ ਨੇ? ਤੇ ਇਹ ਜੋ ਮੇਰੇ ਸਾਹਮਣੇ ਹਾਜ਼ਰ ਨਾਜ਼ਰ ਕਿਤਾਬ ਮੌਜੂਦ ਹੈ, ਕੀ ਇਹ ਮੇਰੀ ਹੀ ਹੈ? ਕਿਤਾਬ ਦੇ ਟਾਈਟਲ ਨੂੰ ਬਾਰ ਬਾਰ ਪੜ੍ਹਨ ਲਈ ਚਿੱਤ ਨੂੰ ਕਰਦਾ - ਉੱਚੀਆਂ ਕੰਧਾਂ ਦੀ ਸ਼ਰਾਰਤ! ਕਿਵੇਂ ਕਿਵੇਂ ਦੇ ਹਾਲਾਤ ਵਿੱਚ ਛਪੀ, ਇਹ ਮੇਰੀ ਪਹਿਲੀ ਕਿਤਾਬ ਮੈਨੂੰ ਕਦੇ ਨਹੀਂ ਭੁੱਲਣੀ, ਚੂੰਕਿ ਇਹ ਮੇਰਾ ਪਲੇਠਾ ਪੁੱਤਰ ਵੀ ਸੀ ਤੇ ਧੀ ਵੀ!
ਬੇਸ਼ਕ ਉਸ ਪਹਿਲੀ ਕਿਤਾਬ ਤੋਂ ਬਾਅਦ ਮੇਰੀਆਂ ਡੇਢ ਕੁ ਦਰਜਨ ਹੋਰ ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਪ੍ਰੰਤੂ ਉਸ ਪਲੇਠੀ ਪੁਸਤਕ ਦਾ ਹਾਲੇ ਵੀ ਚਾਓ ਨਹੀਂ ਜਾਂਦਾ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3614)
(ਸਰੋਕਾਰ ਨਾਲ ਸੰਪਰਕ ਲਈ: