“ਜਦੋਂ ਭੋਲੇ ਭਾਲੇ ਲੋਕਾਂ ਦੇ ਮੂੰਹੋਂ ਸਨਕੀ ਪ੍ਰਸਾਦ ਨੇ ਅਜਿਹੀਆਂ ਗੱਲਾਂ ਸੁਣੀਆਂ ਤਾਂ ਲੱਗੇ ...”
(15 ਫਰਵਰੀ 2021)
(ਸ਼ਬਦ 1470)
ਅਸੀਂ ਵਹਿਮਾਂ ਭਰਮਾਂ ਦਾ ਕੋਈ ਠੇਕਾ ਲਿਐ ਜੋ ਸਾਨੂੰ ਪਏ ਪੁੱਛਦੇ ਹੋ ਕਿ ਇਹਨਾਂ ਨੂੰ ਸਮਾਜ ਵਿੱਚੋਂ ਕਿਵੇਂ ਖਤਮ ਕੀਤਾ ਜਾਵੇ? ਨਾਲੇ ਵਹਿਮ ਕੀ ਹੁੰਦੇ ਨੇ ਤੇ ਭਰਮ ਕੀ, ਸਾਥੋਂ ਕਿਉਂ ਪੁੱਛਦੇ ਹੋ? ਅਸੀਂ ਕੋਈ ਪੰਡਤ ਜਾਂ ਗਿਆਨੀ ਹਾਂ? ਨਾ ਹੀ ਅਸੀਂ ਜਿਉਤਸ਼ੀ ਹਾਂ ਜੋ ਤੁਹਾਨੂੰ ਇਹਨਾਂ ਬਾਬਤ ਹੱਥ ਦੇਖਕੇ ਜਾਂ ਕਿਸੇ ਦੀ ਜਨਮ ਪੱਤਰੀ ਦੇਖਕੇ ਹਿਸਾਬ ਕਿਤਾਬ ਵਿੱਚ ਐਵੇਂ ਕਿਤੇ ਵਾਧੂ ਦਾ ਉਲਝਦੇ ਪਈਏ। ਅਸੀਂ ਤਾਂ ਵਿਗਿਆਨੀ ਵੀ ਨਹੀਂ ਜੋ ਤੁਹਾਨੂੰ ਵਿਗਿਆਨਕ ਨਜ਼ਰੀਏ ਨਾਲ ਸਮਝਾ ਸਕੀਏ ਪਈ ਵਹਿਮ ਤੇ ਭਰਮ ਕਿਨ੍ਹਾਂ ਵਸਤੂਆਂ ਦੇ ਨਾਂ ਹਨ। ਅਸੀਂ ਤਾਂ ਮੌਸਮ ਵਿਗਿਆਨੀ ਵੀ ਨਹੀਂ ਕਿ ਮੌਸਮ ਵਿਭਾਗ ਵਾਂਗ ਵਹਿਮਾਂ ਭਰਮਾਂ ਦੇ ਮੌਸਮਾਂ ਦਾ ਹਾਲ ਜਾਣ ਕੇ ਤੁਹਾਨੂੰ ਵਿਸਥਾਰ ਸਹਿਤ ਸੂਚਨਾ ਦੇ ਸਕੀਏ। ਵੈਸੇ ਵੀ ਵਹਿਮੀ ਬੰਦਿਆਂ ਤੇ ਭਰਮੀ ਲੋਕਾਂ ਦਾ ਹਾਲ ਅਸੀਂ ਕਿਵੇਂ ਜਾਣ ਸਕਦੇ ਹਾਂ, ਉਨ੍ਹਾਂ ਦੇ ਤਾਂ ਲਹੂ ਵਿੱਚ ਹੀ ਵਹਿਮ ਭਰਮ ਰਸਿਆ ਮਿਸਿਆ ਹੁੰਦਾ ਹੈ।
ਚਲੋ ਇੱਕ ਆਮ ਜਿਹੇ ਬੰਦੇ ਦੇ ਹਿਸਾਬ ਨਾਲ ਤੁਹਾਨੂੰ ਔਹ ਸਾਹਮਣੇ ਤੁਰਿਆ ਆਉਂਦਾ ਬੰਦਾ, ਜਿਸਦਾ ਨਾਉਂ ਸ਼ਾਇਦ ਸਨਕੀ ਪ੍ਰਸਾਦ ਹੈ, ਉਹ ਖੁੱਲ੍ਹਕੇ ਚਾਨਣਾ ਪਾਵੇਗਾ।
“ਤੁਹਾਡਾ ਹੀ ਨਾਉਂ ਜਨਾਬ ਸਨਕੀ ਪ੍ਰਸਾਦ ਹੈ ਜੀ?”
“ਹਾਂਅ! ਮੈਂ ਹੀ ਸਨਕੀ ਪ੍ਰਸਾਦ ਹਾਂ ... ਕਿਉਂ ਮੇਰੇ ਚਿਹਰਾ ਮੋਹਰਾ ਦੇਖਕੇ ਪਛਾਣ ਨੀ ਹੁੰਦਾ, ਭੁੱਲ ਗਿਆ? ਚੱਲ ਹਟ ਪਿੱਛੇ ਸਨਕੀ ਸੁਣਾਉਂਦਾ ਹੈ ਤੁਹਾਨੂੰ ਆਪਣੇ ਮੂੰਹੋਂ ਆਪਣਾ ਸਨਕੀਨਾਮਾ!
“ਔਹ ਦੇਖਦੇ ਹੋ ਇੱਕ ਨਵੇਂ ਪਏ ਘਰ ਦੇ ਫਰੰਟ ’ਤੇ ਕੀ ਬਣਿਐ ਹੋਇਆ ਹੈ, ਕਾਲਾ ਰਾਕਸ਼ਸ ਵਰਗਾ ਮੂੰਹ ... ਤੇ ਨਾਲ ਹੀ ਲਟਕ ਰਹੀ ਹੈ ਇੱਕ ਜੁੱਤੀ, ਛਿੱਤਰ! ਇਹ ਤਾਂ ਟੰਗਿਆ ਛਿੱਤਰ ਕਿਉਂਕਿ ਇਸ ਘਰ ਦਾ ਮਾਲਕ ਸਨਕੀ ... ਨਹੀਂ ਵਹਿਮੀ ਪ੍ਰਸਾਦ ਹੈ। ਵਹਿਮ ਨੂੰ ਮੰਨਣ ਵਾਲਾ। ਮਕਾਨ .. ਨਹੀਂ ਨਹੀਂ ... ਇਹ ਵੱਡੀ ਕੋਠੀ ਪਾਉਣ ਤੋਂ ਪਹਿਲਾਂ ਉਸ ਨੇ ਵਸਤੂ ਸ਼ਸਤਰ ਦੇ ਇੱਕ ਅਖੌਤੀ ਮਾਸਟਰ ਦੀ ਸਲਾਹ ਵੀ ਲਈ ਸੀ ਤੇ ਉਸ ਅਨੁਸਾਰ ਹੀ ਆਪਣਾ ਇਹ ਜੁਗਾੜ ਖੜ੍ਹਾ ਕੀਤਾ ਹੈ। ਕੇਵਲ ਫੋਕਾ ਇਸ ਨਾਲ ਵੀ ਨਾ ਸਰਿਆ ਤੇ ਬਾਹਰ ਕਾਲੇ ਰਾਕਸ਼ਸਨੁਮਾ ਵਹਿਮੀ ਜਿਹੇ ਬੰਦੇ ਦੀ ਮੂਰਤੀ ਜਿਹੀ ਵੀ ਬਣਵਾ ਦਿੱਤੀ ਤੇ ਨਾਲ ਹੀ ਲਟਕਾ ਦਿੱਤੀ ਜੁੱਤੀ - ਇੱਕ ਵੱਡਾ ਛਿੱਤਰ! ਕਿਉਂ? ਰੱਬ ਦੇ ਛਿੱਤਰਾਂ ਤੋਂ ਬਚਣ ਲਈ! ਇਸ ਘਰ ਦਾ ਮਾਲਕ ਸਮਾਜ ਸੁਧਾਰਕ ਹੈ ਤੇ ਸਮਾਜ ਵਾਲੇ ਇਸਦੇ ਮਗਰ ਲੱਗੇ ਹੋਏ ਹਨ।
“ ...ਹੁਣ ਅਗਾਂਹ ਚਲਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕਿ ਇਹ ਸੜਕ ਦੇ ਚੌਰਾਹੇ ’ਤੇ ਜਿਸ ਵਿਅਕਤੀ ਨੇ ਟੂਣਾ ਜਿਹਾ ਕੀਤਾ ਹੋਇਆ ਹੈ, ਇਹ ਇਸ ਸ਼ਹਿਰ ਦਾ ਮੰਨਿਆ ਪ੍ਰਮੰਨਿਆ ਇੰਜਨੀਅਰ ਹੈ ਤੇ ਇਸ ਨੂੰ ਹਰ ਵੇਲੇ ਇਹੋ ਫਿਕਰ ਰਹਿੰਦਾ ਹੈ ਕਿ ਇਸਦੇ ਪਰਿਵਾਰ ਦਾ ਦੁੱਖ ਦਲਿੱਦਰ ਕਿਸੇ ਹੋਰ ਦੇ ਗੱਲ ਨੂੰ ਚੰਬੜ ਜਾਵੇ। ਇਸੇ ਲਈ ਇਸ ਨੇ ਵਿੱਚ ਚੌਰਾਹੇ ਇੱਕ ਨਾਰੀਅਲ, ਇੱਕ ਘੜਾ, ਕੁਝ ਦਾਖਾਂ ਤੇ ਹੋਰ ਨਿਕ ਸੁਕ ਰੱਖਿਆ ਹੋਇਆ ਹੈ। ਨਿਕ ਸੁਕ ਦੀ ਤਾਂ ਬਾਅਦ ਵਿੱਚ ਦੇਖਾਂਗਾ ਪਹਿਲਾਂ ਇਸ ਘੜੇ ਦੇ ਠੁੱਡਾ ਮਾਰਕੇ ਇਹਦਾ ਠੀਕਰਾ ਚੌਰਾਹੇ ਵਿੱਚ ਭੰਨਦੇ ਹਾਂ ਤੇ ਬਾਅਦ ਵਿੱਚ ਨਾਰੀਅਲ ਤੋੜ ਕੇ ਇਹਦੀ ਗਿਰੀ ਤੇ ਨਾਲ ਰੱਖੀਆਂ ਦਾਖਾਂ ਧੋ ਧੋ ਕੇ ਮਜ਼ੇ ਨਾਲ ਖਾਵਾਂਗੇ। ...”
ਤੇ ਸਨਕੀ ਪ੍ਰਸਾਦ ਜੀ ਨੇ ਬਿਲਕੁਲ ਇਵੇਂ ਹੀ ਕੀਤਾ ਤੇ ਇਸ ਨਾਟਕ ਦਾ ਕੋਈ ਦੁਖਾਂਤ ਨਹੀਂ, ਸੁਖਾਂਤ ਅੰਤ ਕਰਦਿਆਂ ਠਹਾਕਾ ਲਗਾਉਂਦਿਆਂ ਬੋਲੇ, “ਹੁਣ ਤੇਰਾ ਕੀ ਬਣੇਗਾ ...ਟੂਣੇ ਵਾਲੇ ਇੰਜਨੀਅਰਾ!
“ਔਹ ਸਾਹਮਣੇ ਕੌਣ ਝਾੜਾ ਪਿਆ ਕਰਦਾ ਹੈ? ਕੌਣ ਹੱਥ ਪਿਆ ਦੇਖਦੈ, ਕਿਹੜਾ ਜਣਾ ਸੜਕ ਦੇ ਕਿਨਾਰੇ ਬੈਠਾ ਤੋਤੇ ਤੋਂ ਕਿਸੇ ਗਰੀਬ ਦਾ ਭਵਿੱਖ ਪਿਆ ਪੁੱਛ ਰਿਹਾ ਹੈ? ਅਸੀਂ ਲੈਨੇ ਆਂ ਇਹਦੀ ਖਬਰ! ਸਨਕੀ ਪ੍ਰਸਾਦ ਪਹਿਲਾਂ ਝਾੜਾ ਕਰਦੇ ਬੰਦੇ ਕੋਲ ਗਏ ਤੇ ਉਹਦੇ ਹੀ ਝਾੜੂ ਨਾਲ ਉਹਦੀ ਚੰਗੀ ਕੁਟਾਈ ਕੀਤੀ ਤੇ ਨਾਲ ਹੀ ਸਫਾਈ ਵੀ ...। ਫੇਰ ਉਹ ਹੱਥ ਦੇਖਣ ਵਾਲੇ ਕੋਲ ਗਏ ਤੇ ਉਸਦੇ ਹੱਥ ਨੂੰ ਇੰਨੀ ਜ਼ੋਰ ਦੀ ਘੁੱਟਿਆ ਕਿ ਉਹ ‘ਹਾਏ ਡਾਕਟਰ! ਹਾਏ ਦਵਾਈ!’ ਕਰਦਾ ਫਿਰਦਾ ਹੈ। ਫਿਰ ਤੋਤੇ ਵਾਲੇ ਦਾ ਤੋਤਾ ਖੋਹ ਕੇ ਬੋਲਣ ਲੱਗੇ, “ਤੋਤੇ ਨੂੰ ਕੈਦ ਕਰਕੇ ਗਰੀਬਾਂ ਨੂੰ ਲੁੱਟਣ ਵਾਲੇ ਤੋਤੇਬਾਜ਼ਾ! ਜੇਕਰ ਇੱਥੇ ਕਿਤੇ ਨੇੜੇ ਤੇੜੇ ਵੀ ਨਜ਼ਰ ਆਇਆ ਤਾਂ ਤੈਨੂੰ ਇਸੇ ਤੋਤੇ ਤੋਂ ਠੂੰਗਾਂ ਮਰਵਾ ਮਰਵਾ ਕੇ ਮਰਵਾ ਦਿਆਂਗਾ ...ਠੱਗਾ!” ਇਹ ਆਖਦਿਆਂ ਹੀ ਉਨ੍ਹਾਂ ਤੋਤੇ ਵਾਲੇ ਨੂੰ ਭਜਾਉਂਦਿਆਂ ਤੋਤੇ ਨੂੰ ਖੁੱਲ੍ਹਾ ਛੱਡ ਦਿੱਤਾ ਤੇ ਤੋਤਾ ਲੱਗਾ ਲੰਮੀਆਂ ਉਡਾਰੀਆਂ ਮਾਰਨ।
“ਪਾਸੇ ਹਟ ਜੋ, ਮੇਰਾ ਰਸਤਾ ਛੱਡ ਦਿਓ, ਨਹੀਂ ਮੈਥੋਂ ਬੁਰਾ ਕੋਈ ਨਹੀਂ, ਮੈਲੀ ਅੱਖ ਨਾਲ ਦੇਖਣ ਵਾਲਿਆਂ ...” ਇੰਨਾ ਕਹਿੰਦਿਆਂ ਸਨਕੀ ਪ੍ਰਦਾਦ ਨੇ ਨਿੱਛ ਮਾਰਕੇ ਦਮ ਮਾਰਦੇ ਇੱਕ ਵਿਅਕਤੀ ਨੂੰ ਮੋਢਿਆਂ ਤੋਂ ਫੜਕੇ ਹਲੂਣਿਆਂ ਤੇ ਅਗਾਂਹ ਵੱਲ ਨੂੰ ਧੱਕਾ ਦਿੱਤਾ ਤੇ ਫਿਰ ਉਨ੍ਹਾਂ ਇੱਕ ਡਰੇ ਜਿਹੇ ਵਿਅਕਤੀ ਨੂੰ ਉਸਦੇ ਡਰ ਦਾ ਕਾਰਨ ਪੁੱਛਿਆ, “ਭਲਿਆ ਮਾਣਸਾ! ਇੱਥੇ ਐਮੇ ਕਿਮੇ ਡਰ ਕੇ ਕਿਉਂ ਖੜ੍ਹੈ? ਕੀ ਕੋਈ ਤੈਨੂੰ ਡਰਾ ਕੇ ਗਿਆ ਹੈ ਜਾਂ ਧਮਕਾ ਕੇ ਲੰਘਿਐ?” ਉਹ ਡਰਿਆ ਜਿਹਾ ਆਦਮੀ ਆਪਣਾ ਡਰ ਪ੍ਰਗਟ ਕਰਦਿਆਂ ਬੋਲਣ ਲੱਗਾ, “ਨਹੀਂ ਜਨਾਬ! ਮੈਂਨੂੰ ਨਾ ਤਾਂ ਕਿਸੇ ਬੰਦੇ ਨੇ ਡਰਾਇਐ ਤੇ ਨਾ ਹੀ ਧਮਕਾਇਐ।”
ਸਨਕੀ ਪ੍ਰਸਾਦ ਜੀ ਪੁੱਛਣ ਲੱਗੇ, “ਤਾਂ ਫੇਰ?” ਬੰਦਾ ਬੋਲਿਆ, “ਜਨਾਬ! ਮੇਰਾ ਰਸਤਾ ਇੱਕ ਬਿੱਲੀ ਕੱਟ ਗਈ ਐ, ਮਤੇ ਕੋਈ ਮੰਦੀ ਘਟਨਾ ਵਾਪਰ ਜਾਵੇ, ਇਸੇ ਡਰੋਂ ਮੈਂ ਇੱਥੇ ਖੜ੍ਹਾ ਹੋਇਆਂ।”
ਸਨਕੀ ਪ੍ਰਸਾਦ ਖੁੱਲ੍ਹਕੇ ਹੱਸੇ ਤੇ ਉਸ ਆਦਮੀ ਦੇ ਮੋਢੇ ਉੱਤੇ ਧੱਫਾ ਮਾਰਕੇ ਬੋਲੇ, “ਜਿਹੜਾ ਹੁਣ ਮੈਂ ਮੋਢਿਆਂ ’ਤੇ ਧੱਫਾ ਮਾਰਿਐ ਨਾ, ਉਹ ਸਿਰਫ ਤੇਰੇ ਮਨ ਦਾ ਡਰ ਕੱਢਣ ਲਈ ਕਿ ਬਿੱਲੀਆਂ ਤਾਂ ਰੋਜ਼ ਹੀ ਇੱਧਰ ਉੱਧਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਕੀ ਉਹਨਾਂ ਨੂੰ ਘੰਮਣ ਫਿਰਣ ਦਾ ਕੋਈ ਹੱਕ ਨਹੀਂ? ਉਹ ਤਾਂ ਸਗੋਂ ਤੇਰੇ ਵਰਗੇ ਬੰਦਿਆਂ ਤੋਂ ਡਰਦੀਆਂ ਹੋਣਗੀਆਂ ਕਿ ਮਤੇ ਥੋਡੇ ਵਰਗੇ ਰੱਬ ਦੇ ਜਨੌਰ ਕਿਤੇ ਉਨ੍ਹਾਂ ’ਤੇ ਹਮਲਾ ਨਾ ਕਰ ਦੇਣ! ਉਹ ਤਾਂ ਵਿਚਾਰੀਆਂ ਆਪ ਪਈਆਂ ਡਰਦੀਆਂ ਨੇ ਤੇ ਤੂੰ ਉਨ੍ਹਾਂ ਮਾਸੂਮ ਬਿੱਲੀਆਂ ਦਾ ਡਰ ਮੰਨਕੇ ਇੱਥੇ ਵਹਿਮੀ ਪ੍ਰਸਾਦ ਬਣਿਆ ਖੜ੍ਹੈਂ?”
ਇਸ ਉਪਰੰਤ ਪਹੁੰਚੇ ਸਨਕੀ ਪ੍ਰਸਾਦ ਜੀ ਇੱਕ ਵਹਿਮੀਆਂ ਭਰਮੀਆਂ ਦੇ ਪਿੰਡ ਵਿੱਚ, ਜਿੱਥੇ ਇੱਕ ਜਟਾਧਾਰੀ ਸਾਧ ਭੋਲੇ ਭਾਲੇ ਲੋਕਾਂ ਦੇ ਭੋਲਪੁਣੇ ਨਾਲ ਰੱਜ ਰੱਜ ਖੇਡਦਾ ਸੀ। ਬੀਮਾਰ ਬੰਦਿਆਂ ਨੂੰ ਤੇ ਡੰਗਰਾਂ ਪਸ਼ੂਆਂ ਨੂੰ ਡਾਕਟਰਾਂ ਕੋਲ ਨਹੀਂ ਸੀ ਜਾਣ ਦਿੰਦਾ, ਆਪਣੇ ਫਾਰਮੂਲੇ ਘੜ ਘੜ ਕੇ ਇਸ ਨੇ ਬੰਦੇ ਤੇ ਪਸ਼ੂ ਮਾਰਣ ਦਾ ਠੇਕਾ ਲੈ ਰੱਖਿਆ ਸੀ। ਮੁੰਡੇ ਦੀ ਚਾਹਤ ਰੱਖਣ ਵਾਲੀਆਂ ਮਾਸੂਮ ਬੀਬੀਆਂ ਨੂੰ ਮੰਡਾ ਹੋਣ ਦੀ ਬਖਸ਼ਸ਼ ਵਜੋਂ ਭੋਗ ਲੁਆਉਂਦਾ ਸੀ ਤੇ ਆਪਣੇ ਚੇਲਿਆਂ ਨੂੰ ਕਿਸੇ ਕੁਆਰੀ ਦਾ ਭੂਤ ਕੱਢਣ ਭੇਜ ਦਿੰਦਾ ਸੀ। ਉਸਦੇ ਕਾਰਨਾਮਿਆਂ ਦੇ ਬਲਿਹਾਰੇ ਜਾਂਦਿਆਆਂ ਸਨਕੀ ਪ੍ਰਸਾਦ ਸਿੱਧੇ ਉਸਦੇ ਟਿੱਲੇ ’ਤੇ ਪਹੁੰਚੇ ਤੇ ਉਸ ਨੂੰ ਪਹਿਲਾਂ ਤਾਂ ਅਜੀਬੋ ਗਰੀਬ ਸਵਾਲਾਂ ਦੀਆਂ ਸੂਲਾਂ ਨਾਲ ਵਿੰਨ੍ਹਿਆ ਤੇ ਮਗਰੋਂ ਉਸਦੇ ਹੀ ਚਿਮਟਿਆਂ ਨਾਲ ਉਸ ਦੀ ਖੂਬ ਭੁਗਤ ਸੁਆਰੀ ਤੇ ਬੋਲੇ, “ਦੌੜ ਜਾ ਇੱਥੋਂ ਬੁੜ੍ਹਿਆ! ... ਜੇਕਰ ਫਿਰ ਕਦੇ ਇਸ ਪਿੰਡ ਤਾਂ ਕੀ, ਕਿਧਰੇ ਨੇੜੇ ਤੇੜੇ ਵੀ ਦਿਖਾਈ ਦਿੱਤਾ ਤਾਂ ਪਿੰਡ ਵਿੱਚ ਜਿੱਥੇ ਵੀ ਕਿਤੇ ਬੰਜਰ ਜ਼ਮੀਨ ਹੋਈ ਉਸ ’ਤੇ ਤੈਥੋਂ ਖੇਤੀ ਕਰਾਵਾਂਗਾ ਤੇ ਰੋਜ਼ ਇੱਕ ਡੰਗ ਦੀ ਮਿਰਚਾਂ ਨਾਲ ਭਰੀ ਰੋਟੀ ਦਿਆ ਕਰਾਂਗਾ ਤੇ ਨਾਲ ਨੂੰ ਮਿਰਚਾਂ ਵਾਲੀ ਕਰਾਰੀ ਲੱਸੀ ਦਾ ਵੱਡਾ ਗਲਾਸ!”
ਹੁਣ ਸਾਰ ਲੈਣ ਪਹੁੰਚੇ ਸਨਕੀ ਪ੍ਰਸਾਦ ਜੀ ਵਹਿਮੀ ਜਿਹੇ ਟੀ ਵੀ ਬਕਸੇ ਕੋਲ ...। ਜਾਂਦਿਆਂ ਹੀ ਉਸਦਾ ਬਟਨ ਆਨ ਕਰਦਿਆਂ ਬੋਲੇ, “ਟੀਵੀ ਸਿਆਂ! ਜੇ ਇੱਕ ਵੀ ਬਾਬਾ ਵਹਿਮਾਂ ਭਰਮਾਂ ਦਾ ਪ੍ਰਚਾਰ ਕਰਦਾ ਦੇਖ ਲਿਆ ਤਾਂ ਟੀਵੀ ਨੂੰ ਹਮੇਸਾ ਲਈ ਸਾਸਰੀਅਕਾਲ! ਨਮਸ਼ਕਾਰ!” ਰੰਗ ਬਿਰੰਗਾ ਟੀਵੀ ਆਪਣੇ ਜਲਵੇ ਦਿਖਾਉਣ ਲੱਗਾ ਅਤੇ ਜਦੋਂ ਸਨਕੀ ਪ੍ਰਸਾਦ ਚੈਨਲ ਬਦਲਣ ਲੱਗੇ ਤਾਂ ਟੀਵੀ ਇਕਦਮ ਖਰਾਬ ਹੋ ਗਿਆ ਤੇ ਬੁਝੇ ਜਿਹੇ ਮਨ ਸਨਕੀ ਪ੍ਰਸਾਦ ਟੀਵੀ ਨੂੰ ਸੁਣਾਉਣ ਲੱਗੇ, “ਟੀਵੀ ਰਾਮਾ! ਅੱਜ ਤਾਂ ਤੂੰ ਬਚ ਗਿਆ, ਤੈਨੂੰ ਫੇਰ ਦੇਖਾਂਗੇ। ਹੁਣ ਤਾਂ ਅਸੀਂ ਚੱਲੇ ਹਾਂ ਉਸ ਡਾਕਟਰ ਸਾਹਿਬ ਨੂੰ ਆਪਣੀ ਨਬਜ਼ ਦਿਖਾਉਣ ਜੋ ਪਹਿਲਾਂ ਆਪਣੀ ਮੋਟੀ ਫੀਸ ਲੈ ਕੇ ਬੋਝੇ ਵਿੱਚ ਪਾ ਲੈਂਦੇ ਨੇ ਤੇ ਫੇਰ ਬਾਹਰੋਂ ਮਹਿੰਗੇ ਭਾਅ ਦੇ ਟੈਸਟ ਕਰਵਾਉਣ ਲਈ ਆਖਦੇ ਨੇ ਤੇ ਫਿਰ ਦਵਾਈਆਂ ਦੀ ਮੋਟੀ ਸੂਚੀ ਹੱਥ ਵਿੱਚ ਫੜਾਕੇ ਆਖਦੇ ਹਨ - ਵੈਸੇ ਤਾਂ ਦਵਾਈਆਂ ਨਾਲ ਵੀ ਅਰਾਮ ਆਜੂਗਾ ... ਸ਼ਾਇਦ! ਪਰ ਫੇਰ ਵੀ ਪ੍ਰਾਰਥਨਾ ਕਰਨੀ, ਕਿਉਂਕਿ ਦਵਾ ਨਾਲੋਂ ਦੁਆ ਵਧੇਰੇ ਅਸਰ ਕਰਦੀ ਹੈ। ਸਨਕੀ ਪ੍ਰਸਾਦ ਨੇ ਆਪਣੀ ਨਬਜ਼ ਦਿਖਾਉਂਦਿਆਂ ਡਾਕਟਰ ਦੇ ਕਨੀਨਿਕ ਦੇ ਇੱਧਰ ਉੱਧਰ ਕਾਹਲੀ ਨਾਲ ਦੇਖਦਿਆਂ ਉੱਥੋਂ ਇੱਕ ਸਰਿੰਜ ਚੁੱਕੀ ਤੇ ਡਾਕਟਰ ਦੇ ਟੀਕਾ ਲਗਾਉਂਦਿਆਂ ਉਚਾਰਿਆ, “ਸਤਿ ਬਚਨ! ਹੁਣ ਡਾਕਟਰ ਘਸੀਟਾ ਮੱਲ ਜੀ! ਤੁਸੀਂ ’ਰਾਮ ਨਾਲ ਰੈਸਟ ਕਰੋ। ਅਸੀਂ ਇਲਾਜ ਕਰਦੇ ਆਂ ਕਿਸੇ ਹੋਰ ਵਹਿਮੀ ਭਰਮੀ ਬੰਦੇ ਦਾ ...।”
ਇੰਨੇ ਪ੍ਰਵਚਨ ਝਾੜ ਕੇ ਸਨਕੀ ਪ੍ਰਸਾਦ ਇੱਕ ਹੋਰ ਵੱਡੇ ਸ਼ਹਿਰ ਦੇ ਵੱਡੇ ਪ੍ਰਵਚਨ ਕੇਂਦਰ ਵਿੱਚ ਅੱਪੜ ਗਏ ਜਿੱਥੇ ਕਿੰਨੇ ਹੀ ਡਾਕਟਰ, ਇੰਜਨੀਅਰ, ਪ੍ਰੋਫੈਸਰ, ਬਿਜ਼ਨਸਮੈਨ ਤੇ ਵੱਡੇ ਵੱਡੇ ਅਫਸਰ ਬੈਠੇ ਹੋਏ ਸਨ। ਸਾਰੇ ਹੀ ਰੱਜੇ ਪੁੱਜੇ ਰੱਜੀਆਂ ਪੁੱਜੀਆਂ ਗੱਲਾਂ ਕਰ ਰਹੇ ਸਨ। ਉਹਨਾਂ ਦੇ ਵਿਚਕਾਰ ਘਿਰੇ ਹੋਏ ਸਨ ਦੂਰੋਂ ਨੇੜਿਓਂ ਪੁੱਜੇ ਭੋਲੇ ਭਾਲੇ ਲੋਕ! ਦੋ ਤਿੰਨ ਭੋਲੇ ਤੇ ਭਲੇ ਲੋਕ ਵੀ ਆਮ ਜਿਹੀਆਂ ਗੱਲਾਂ ਕਰ ਰਹੇ ਸਨ, “ਧੰਨ ਓ ਮਾਰ੍ਹਾਜ! ਸਾਡੇ ਤਾਂ ਦੁੱਖ ਹੀ ਕੱਟੇ ਗਏ ਇਸ ਪਵਿੱਤਰ ਅਸਥਾਨ ’ਤੇ ਆ ਕੇ! ਸਾਡੇ ਵਰਗੇ ਤੁੱਛ ਜੀਵ ਦਾ ਕੀ ਹੈ, ਇੱਥੇ ਤਾਂ ਦੇਖੋ ਕਿੰਨੇ ਵੱਡੇ ਵੱਡੇ ਲੋਕ ਪਹੁੰਚੇ ਹੋਏ ਹਨ, ਡਾਕਟਰ, ਇੰਜਨੀਅਰ, ਬਿਜਨੈਸਮੈਨ, ਅਫਸਰ ...। ਇਹ ਬਾਬੇ ਆਪਣੀ ਕਰਾਮਾਤ ਨਾਲ ਸਾਰਿਆਂ ਦੇ ਦੁੱਖਾਂ ਦਾ ਹਰਣ ਕਰਦੇ ਨੇ, ਬਹੁਤ ਹੀ ਪਹੁੰਚੇ ਹੋਏ ਨੇ ਬਾਬੇ! ਇਹਨਾਂ ਕੋਲ ਹਰ ਬੀਮਾਰੀ ਤੇ ਵੱਡੇ ਵੱਡੇ ਦੁੱਖਾਂ ਦਾ ਇਲਾਜ ਹੈ, ਮਿੰਟਾਂ ਸਕਿੰਟਾਂ ਵਿੱਚ ਹੀ ਚੁਟਕੀ ਲੈ ਕੇ ਦੂਰ ਕਰ ਦਿੰਦੇ ਨੇ। ਕਿੰਨੀ ਸ਼ਰਧਾ ਹੈ ਇੱਥੇ ਬਾਬਿਆਂ ਦੀ, ਜੋ ਦੂਰੋਂ ਦੂਰੋਂ ਮਹਾਂਪੁਰਸ਼ ਚੱਲਕੇ ਆਏ ਨੇ। ਬੱਸ ਹੁਣੇ ਹੀ ਬਾਬਿਆਂ ਦੇ ਪ੍ਰਵਚਨ ਆਰੰਭ ਹੋ ਜਾਣਗੇ ਤੇ ਵੱਡੇ ਵੱਡੇ ਲੋਕਾਂ ਵਾਂਗ ਸਾਡੀਆਂ ਵੀ ਜੂਨੀਆਂ ਕੱਟੀਆਂ ਜਾਣਗੀਆਂ ਅਤੇ ਅਸੀਂ ਸਿੱਧੇ ਸਵਰਗਾਂ ਨੂੰ ਜਾਵਾਂਗੇ ...।”
ਜਦੋਂ ਭੋਲੇ ਭਾਲੇ ਲੋਕਾਂ ਦੇ ਮੂੰਹੋਂ ਸਨਕੀ ਪ੍ਰਸਾਦ ਨੇ ਅਜਿਹੀਆਂ ਗੱਲਾਂ ਸੁਣੀਆਂ ਤਾਂ ਲੱਗੇ ਆਪਣੇ ਆਪ ਨਾਲ ਹੀ ਗੱਲਾਂ ਕਰਨ, “ਇਹਨਾਂ ਲੋਕਾਂ ਦਾ ਰੱਬ ਈ ਰਾਖਾ! ਅਸੀਂ ਕਿਉਂ ਐਮੇ ਹੀ ਹਵਾ ਵਿੱਚ ਡਾਂਗਾਂ ਮਾਰਦੇ ਰਹੇ ਹਾਂ? ਇਹਨਾਂ ਵਹਿਮਾਂ ਭਰਮਾਂ ਦੀ ਐਸੀ ਕੀ ਤੈਸੀ ...” ਸਨਕੀ ਪ੍ਰਸਾਦ ਜੀ ਨੇ ਇੰਨਾ ਆਖਦਿਆਂ ਆਪਣੀ ਖੂੰਢੀ ਹਵਾ ਵਿੱਚ ਲਹਿਰਾਈ ਤੇ ਉੱਪਰ ਨੂੰ ਮੂੰਹ ਕਰਦਿਆਂ ਇੱਕ ਹਵਾਈ ਜਿਹੀ ਮੋਟੀ ਗਾਲ੍ਹ ਹਵਾ ਵਿੱਚ ਲਹਿਰਾ ਦਿੱਤੀ, “ਸਨਕੀ ਪ੍ਰਸਾਦ ਨੇ ਵਹਿਮਾਂ-ਭਰਮਾਂ ਦਾ ਕੋਈ ਠੇਕਾ ਲਿਐ! ... ਵਹਿਮੀ-ਭਰਮੀ ਲੋਕਾਂ ਦੀ ਐਹੀ ਕੀ ਤੈਹੀ ...”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2585)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)