GSGurditt7ਕਤਲੋਗਾਰਤ ਵਾਲੀ ਜਿਹੜੀ ਦਲਦਲ ਵਿੱਚ ਇਜ਼ਰਾਈਲ ਫਸ ਚੁੱਕਾ ਹੈ ...
(16 ਨਵੰਬਰ 2016)

 

ਸਤੰਬਰ 2016 ਦੇ ਅਖੀਰ ਵਿੱਚ ਭਾਰਤ ਦੇ ਪਾਕਿਸਤਾਨ ਖਿਲਾਫ਼ ਸਰਜੀਕਲ ਉਪਰੇਸ਼ਨ ਦੇ ਦਾਅਵੇ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਹਾਲਾਤ ਸੁਧਰਨ ਦਾ ਨਾਮ ਨਹੀਂ ਲੈ ਰਹੇਹਰ ਰੋਜ਼ ਕਿਸੇ ਨਾ ਕਿਸੇ ਪਾਸਿਉਂ ਹਮਲੇ ਦੀ ਖ਼ਬਰ ਆ ਰਹੀ ਹੈ ਅਤੇ ਦੋਹਾਂ ਹੀ ਧਿਰਾਂ ਦੇ ਫੌਜੀ ਜਵਾਨਾਂ ਦੀਆਂ ਮੌਤਾਂ ਅਖ਼ਬਾਰਾਂ ਦੇ ਪਹਿਲੇ ਪੰਨਿਆਂ ਵਿੱਚ ਥਾਂ ਮੱਲੀ ਬੈਠੀਆਂ ਹਨਦੋਹਾਂ ਦੇਸ਼ਾਂ ਵੱਲੋਂ ਆਪੋ-ਆਪਣੇ ਦਾਅਵੇ ਠੋਕੇ ਜਾ ਰਹੇ ਹਨ ਅਤੇ ਵਿਰੋਧੀ ਦੇ ਦਾਅਵਿਆਂ ਨੂੰ ਝੁਠਲਾਇਆ ਜਾ ਰਿਹਾ ਹੈਦੋਹਾਂ ਹੀ ਦੇਸ਼ਾਂ ਦਾ ਇਲੈਕਟ੍ਰਾਨਿਕ ਮੀਡੀਆ ਉਗਰ-ਰਾਸ਼ਟਰਵਾਦ ਦਾ ਗੁਣਗਾਨ ਕਰ ਰਿਹਾ ਹੈ ਅਤੇ ਇੰਜ ਭੁਲੇਖਾ ਸਿਰਜਿਆ ਜਾ ਰਿਹਾ ਹੈ ਜਿਵੇਂ ਕਿ ਇਹ ਜੰਗ ਮੀਡੀਆ ਨੇ ਹੀ ਜਿੱਤ ਕੇ ਦੇਣੀ ਹੋਵੇਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰੀ ਆਪਣੇ ਭਾਸ਼ਣ ਵਿੱਚ ਇਜ਼ਰਾਈਲ ਦਾ ਕਾਹਦਾ ਨਾਮ ਲੈ ਲਿਆ ਕਿ ਹੁਣ ਕੁਝ ਟੈਲੀਵਿਜ਼ਨ ਚੈਨਲਾਂ ਦੇ ਐਂਕਰ ਭਾਰਤ ਨੂੰ ਇਜ਼ਰਾਈਲ ਵਾਂਗੂੰ ਹੀ ਪੇਸ਼ ਕਰ ਰਹੇ ਹਨਉੱਧਰ ਕੱਟੜ ਹਿੰਦੂ ਜਥੇਬੰਦੀਆਂ ਵੀ ਬਿਆਨ ਦੇ ਰਹੀਆਂ ਹਨ ਕਿ ਪਾਕਿਸਤਾਨ ਨੂੰ ਕਾਬੂ ਕਰਨ ਲਈ ਭਾਰਤ ਨੂੰ ਇਜ਼ਰਾਈਲ ਵਰਗੀਆਂ ਕਾਰਵਾਈਆਂ ਕਰਨ ਦੀ ਲੋੜ ਹੈਅਨਾੜੀ ਕਿਸਮ ਦੇ ਸਟੇਜੀ ਪ੍ਰਚਾਰਕਾਂ ਦੇ ਇਸ ਤਰ੍ਹਾਂ ਦੇ ਬਿਆਨ ਸੁਣ ਕੇ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਲੋਕਾਂ ਨੂੰ ਨਾ ਤਾਂ ਇਜ਼ਰਾਈਲ-ਫਲਸਤੀਨ ਦੇ ਝਗੜੇ ਸੰਬੰਧੀ ਕੋਈ ਜਾਣਕਾਰੀ ਹੈ ਅਤੇ ਨਾ ਉਹਨਾਂ ਦੇ ਭੂਗੋਲਿਕ, ਰਾਜਨੀਤਕ, ਧਾਰਮਿਕ ਜਾਂ ਰਣਨੀਤਕ ਹਾਲਾਤ ਬਾਰੇ ਹੀ ਕੁਝ ਪਤਾ ਹੈ

ਫਲਸਤੀਨ ਪੱਛਮੀ ਏਸ਼ੀਆ ਵਿੱਚ ਭੂ ਮੱਧ ਸਾਗਰ ਅਤੇ ਜਾਰਡਨ ਨਹਿਰ ਦੇ ਵਿਚਕਾਰਲਾ ਉਹ ਖਿੱਤਾ ਹੈ ਜਿਸਦੇ ਬਾਰੇ ਈਸਾਈ ਅਤੇ ਯਹੂਦੀ ਦੋਹਾਂ ਹੀ ਧਰਮਾਂ ਦੀ ਜਨਮ ਭੂਮੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈਜੇਰੂਸ਼ਲਮ ਇੱਥੋਂ ਦਾ ਪ੍ਰਾਚੀਨ ਅਤੇ ਪ੍ਰਸਿੱਧ ਨਗਰ ਹੈਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਇਹ ਖਿੱਤਾ ਆਟੋਮਨ ਸਾਮਰਾਜ ਦਾ ਹਿੱਸਾ ਸੀਪਰ ਉਸ ਜੰਗ ਵਿੱਚ ਆਟੋਮਨ ਸਾਮਰਾਜ ਬਰਤਾਨੀਆ ਤੋਂ ਹਾਰ ਗਿਆ ਅਤੇ ਟੁਕੜਿਆਂ ਵਿੱਚ ਵੰਡਿਆ ਗਿਆਇਸ ਕਾਰਨ ਫਲਸਤੀਨ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਜੋ ਕਿ 1948 ਤੱਕ ਚੱਲਿਆਇਸ ਦੌਰਾਨ ਯਹੂਦੀ ਲੋਕਾਂ ਨੂੰ ਯੂਰਪ ਤੋਂ ਲਿਆ ਕੇ ਇਸ ਖਿੱਤੇ ਵਿੱਚ ਵਸਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲਦਾ ਰਿਹਾਜਰਮਨੀ ਵਿੱਚ ਹਿਟਲਰ ਦੇ ਜ਼ੁਲਮਾਂ ਤੋਂ ਸਤਾਏ ਹੋਏ ਯਹੂਦੀ ਲੋਕ ਇੱਥੇ ਆ ਕੇ ਵਸਦੇ ਰਹੇ ਅਤੇ ਅਮਰੀਕਾ ਅਤੇ ਬਰਤਾਨੀਆ ਨੇ ਉਹਨਾਂ ਨਾਲ ਵਾਅਦਾ ਵੀ ਕਰ ਲਿਆ ਕਿ ਇਸ ਥਾਂ ਉੱਤੇ ਵਸਣ ਲਈ ਉਹਨਾਂ ਨੂੰ ਇੱਕ ਆਜ਼ਾਦ ਖਿੱਤਾ ਦਿੱਤਾ ਜਾਏਗਾਫਿਰ ਜਦੋਂ 1948 ਵਿੱਚ ਫਲਸਤੀਨ, ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਤਾਂ ਰਾਤੋ-ਰਾਤ ਇੱਥੇ ਇਜ਼ਰਾਈਲ ਨਾਮ ਦੇ ਦੇਸ਼ ਦੀ ਸਥਾਪਨਾ ਕਰ ਦਿੱਤੀ ਗਈਅਰਬੀ ਮੁਸਲਮਾਨਾਂ ਨੇ ਇਸ ਨੂੰ ਆਪਣੀ ਹਿੱਕ ਉੱਤੇ ਪਿੱਪਲ ਲਾਏ ਜਾਣ ਵਜੋਂ ਲਿਆ ਅਤੇ ਇਸਦਾ ਡਟ ਕੇ ਵਿਰੋਧ ਸ਼ੁਰੂ ਕਰ ਦਿੱਤਾਪਰ ਅਰਬ ਅਤੇ ਇਜ਼ਰਾਈਲ ਦੀਆਂ ਆਪਸੀ ਲੜਾਈਆਂ ਵਿੱਚ ਇਜ਼ਰਾਈਲ ਦਾ ਪਲੜਾ ਹਮੇਸ਼ਾ ਹੀ ਭਾਰੀ ਰਿਹਾਇਸ ਸਮੇਂ ਬਾਕੀ ਬਚੇ ਫਲਸਤੀਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈਇੱਕ ਹਿੱਸੇ ਨੂੰ ਗਾਜ਼ਾ ਪੱਟੀ ਅਤੇ ਦੂਜੇ ਨੂੰ ਪੱਛਮੀ ਕਿਨਾਰਾ ਕਿਹਾ ਜਾਂਦਾ ਹੈਫਲਸਤੀਨ ਅਤੇ ਇਜ਼ਰਾਈਲ, ਦੋਵੇਂ ਦੇਸ਼ ਇੱਕ ਦੂਜੇ ਨੂੰ ਮਾਨਤਾ ਨਹੀਂ ਦਿੰਦੇ ਅਤੇ ਆਪਸ ਵਿੱਚ ਫੌਜੀ ਝੜਪਾਂ ਹਰ ਰੋਜ਼ ਹੀ ਹੁੰਦੀਆਂ ਰਹਿੰਦੀਆਂ ਹਨਇਜ਼ਰਾਈਲ ਨੂੰ ਪੱਛਮੀ ਦੇਸ਼ਾਂ ਦਾ ਲੁਕਵਾਂ ਸਮਰਥਨ ਵੀ ਹੈ ਅਤੇ ਉਹ ਇੱਕ ਪਰਮਾਣੂ ਤਾਕਤ ਵੀ ਬਣ ਚੁੱਕਾ ਹੈਇਸ ਤੋਂ ਇਲਾਵਾ ਉਸਨੇ ਪਿਛਲੇ ਛੇ-ਸੱਤ ਦਹਾਕਿਆਂ ਵਿੱਚ ਅਥਾਹ ਤਰੱਕੀ ਕੀਤੀ ਹੈ ਅਤੇ ਅੱਜ ਉਹ ਇੱਕ ਅਮੀਰ ਦੇਸ਼ ਵਜੋਂ ਸਥਾਪਤ ਹੋ ਚੁੱਕਾ ਹੈ ਜਿੱਥੇ ਲੋਕਾਂ ਦਾ ਜੀਵਨ ਪੱਧਰ ਵੀ ਫਲਸਤੀਨ ਅਤੇ ਅਰਬ ਦੇਸ਼ਾਂ ਦੇ ਮੁਕਾਬਲੇ ਕਿਤੇ ਉੱਚਾ ਹੈ

ਇਸ ਤਰ੍ਹਾਂ ਇਜ਼ਰਾਈਲ ਇੱਕ ਕੱਟੜ ਯਹੂਦੀ ਮੁਲਕ ਹੈ ਜਿਸਦਾ ਆਸ-ਪਾਸ ਦੇ ਮੁਸਲਿਮ ਮੁਲਕਾਂ ਨਾਲ ਇੱਟ-ਖੜਿੱਕਾ ਚੱਲਦਾ ਹੀ ਰਹਿੰਦਾ ਹੈਭਾਰਤ ਦੀਆਂ ਕੱਟੜ ਹਿੰਦੂ ਜਥੇਬੰਦੀਆਂ ਨੂੰ ਉਸਦੀ ਇਹੋ ਇੱਕੋ ਗੱਲ ਲੁਭਾਉਂਦੀ ਹੈ ਅਤੇ ਇਸ ਕਾਰਨ ਉਹ ਉਸਦੀਆਂ ਪ੍ਰਸ਼ੰਸਕ ਹਨਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਇਜ਼ਰਾਈਲ ਨੇ ਮੁਸਲਿਮ ਦੇਸ਼ਾਂ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਰੱਖਿਆ ਹੈ ਉਸੇ ਤਰ੍ਹਾਂ ਭਾਰਤ ਵੀ ਪਾਕਿਸਤਾਨ ਦੇ ਟੋਟੇ ਕਰ ਸਕਦਾ ਹੈਪਿਛਲੇ ਸਮੇਂ ਵਿੱਚ 1971 ਦੀ ਲੜਾਈ ਵਿੱਚ ਪਾਕਿਸਤਾਨ ਦੇ ਦੋ ਟੋਟੇ ਕਰ ਕੇ ਬੰਗਲਾਦੇਸ਼ ਬਣਾਉਣ ਨੂੰ ਉਹ ਉਸੇ ਰੂਪ ਵਿੱਚ ਹੀ ਵੇਖਦੀਆਂ ਹਨਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਇਜ਼ਰਾਈਲ ਫਲਸਤੀਨ ਦੇ ਅੰਦਰ ਜਾ ਕੇ ਹਮਲੇ ਕਰਦਾ ਹੈ ਉਵੇਂ ਹੀ ਭਾਰਤ ਨੂੰ ਕਰਨਾ ਚਾਹੀਦਾ ਹੈਇਸ ਲਈ ਅਜਿਹੀਆਂ ਜਥੇਬੰਦੀਆਂ ਦੇ ਆਗੂ ਭਾਰਤ ਨੂੰ ਅਕਸਰ ਹੀ ‘ਇਜ਼ਰਾਈਲੀ ਸੁਰੱਖਿਆ ਮਾਡਲ’ ਅਪਣਾਉਣ ਦੀ ਸਲਾਹ ਦਿੰਦੇ ਹੋਏ ਵੇਖੇ ਜਾ ਸਕਦੇ ਹਨ

ਪਰ ਅਸਲੀਅਤ ਇਸ ਤੋਂ ਕਾਫੀ ਵੱਖਰੀ ਹੈਇਜ਼ਰਾਈਲ ਦੀ ਸਫਲਤਾ ਨੂੰ ਜਿੰਨੀ ਵੱਡੀ ਪ੍ਰਚਾਰਿਆ ਜਾਂਦਾ ਹੈ ਅਸਲ ਵਿੱਚ ਉਹ ਓਨੀ ਵੱਡੀ ਹੈ ਨਹੀਂਉਸ ਖਿੱਤੇ ਦੀ ਇੱਕੋ-ਇੱਕ ਪਰਮਾਣੂ ਤਾਕਤ ਹੋਣ ਦੇ ਬਾਵਜੂਦ, ਇਜ਼ਰਾਈਲ ਆਪਣੇ ‘ਹਮਲਾਵਰ ਮਾਡਲ’ ਵਿੱਚ ਬਹੁਤਾ ਸਫਲ ਨਹੀਂ ਹੋ ਸਕਿਆ ਹੈਉਦਾਹਰਣ ਵਜੋਂ, 1982 ਵਿੱਚ ਉਸਨੇ ਆਪਣੇ ਉੱਤਰ ਵਿੱਚ ਲਿਬਨਾਨ ਉੱਤੇ ਹਮਲਾ ਕਰ ਦਿੱਤਾ ਸੀ ਕਿਉਂਕਿ ਦੱਖਣੀ ਲਿਬਨਾਨ ਵਿੱਚੋਂ ਫਲਸਤੀਨ ਲਿਬਰੇਸ਼ਨ ਸੰਗਠਨ ਵੱਲੋਂ ਉਸਨੂੰ ਵਾਰ-ਵਾਰ ਤੰਗ ਕੀਤਾ ਜਾ ਰਿਹਾ ਸੀਪਰ 18 ਸਾਲ ਦੀ ਲੜਾਈ ਤੋਂ ਬਾਅਦ ਵੀ ਦੱਖਣੀ ਲਿਬਨਾਨ ਵਿੱਚੋਂ ਅੱਤਵਾਦ ਦਾ ਖਾਤਮਾ ਨਹੀਂ ਹੋ ਸਕਿਆ ਕਿਉਂਕਿ ਇਜ਼ਰਾਈਲੀ ਕਬਜ਼ੇ ਕਾਰਨ ਲਿਬਨਾਨ ਵਿੱਚ ਗ੍ਰਹਿ ਯੁੱਧ ਸ਼ੁਰੂ ਹੋ ਗਿਆਗ੍ਰਹਿ ਯੁੱਧ ਦੇ ਨਤੀਜੇ ਵਜੋਂ ਉੱਥੇ ਹਿਜ਼ਬੁੱਲਾ ਨਾਮ ਦਾ ਇੱਕ ਸ਼ੀਆ ਮੁਸਲਿਮ ਸੰਗਠਨ ਕਾਇਮ ਹੋ ਗਿਆ ਜੋ ਕਿ ਅੱਜ ਤਕ ਇਜ਼ਰਾਈਲ ਉੱਤੇ ਹਮਲੇ ਕਰ ਰਿਹਾ ਹੈਇਹੀ ਹਾਲ ਗਾਜ਼ਾ ਪੱਟੀ ਵਿਚਲੇ ਸੰਗਠਨ ਹਮਾਸ ਦਾ ਹੈਭਾਵੇਂ ਕਿ ਇਜ਼ਰਾਈਲ ਨੇ 2005 ਵਿੱਚ ਗਾਜ਼ਾ ਵਿੱਚੋਂ ਆਪਣੀ ਫੌਜ ਹਟਾ ਲਈ ਸੀ ਪਰ ਉਦੋਂ ਤੋਂ ਅੱਜ ਤੱਕ ਇੱਕ ਦੂਜੇ ਉੱਤੇ ਰਾਕਟ ਹਮਲੇ ਲਗਾਤਾਰ ਜਾਰੀ ਹਨਇਸ ਨਾਲ ਗਾਜ਼ਾ ਵਿੱਚ ਹਫੜਾ-ਦਫੜੀ ਵਾਲਾ ਮਾਹੌਲ ਹੈ ਅਤੇ ਆਲਮੀ ਭਾਈਚਾਰੇ ਵਿੱਚ ਦੋਹਾਂ ਹੀ ਦੇਸ਼ਾਂ ਨੂੰ ਯੁੱਧ ਅਪਰਾਧਾਂ ਲਈ ਨਿੰਦਿਆ ਜਾ ਰਿਹਾ ਹੈਗਾਜ਼ਾ ਪੱਟੀ ਦੀ 2014 ਵਾਲੀ ਲੜਾਈ ਵਿੱਚ ਇਜ਼ਰਾਈਲੀ ਬੰਬਾਰੀ ਵਿੱਚ ਜਿੰਨੇ ਹਮਾਸ ਲੜਾਕੂ ਮਰੇ, ਉਸ ਤੋਂ ਤਿੰਨ ਗੁਣਾਂ ਵੱਧ ਆਮ ਫ਼ਲਸਤੀਨੀ ਨਾਗਰਿਕ ਮਾਰੇ ਗਏ ਜਿਨ੍ਹਾਂ ਵਿੱਚ ਬਹੁਤ ਸਾਰੇ ਮਾਸੂਮ ਬੱਚੇ ਵੀ ਸਨ

ਭਾਵੇਂ ਇਜ਼ਰਾਈਲ ਨੇ ਲਿਬਨਾਨ, ਫ਼ਲਸਤੀਨ ਅਤੇ ਸੀਰੀਆ ਦੇ ਅੰਦਰ ਜਾ ਕੇ ਵੀ ਹਮਲੇ ਕੀਤੇ ਹਨ ਪਰ ਫਿਰ ਵੀ ਉਸ ਇਲਾਕੇ ਵਿੱਚ ਉਸਦਾ ਕਿਸੇ ਪਰਮਾਣੂ ਤਾਕਤ ਨਾਲ ਟਾਕਰਾ ਨਹੀਂ ਹੈ ਅਤੇ ਇਸ ਕਾਰਨ ਕੋਈ ਵੱਡੀ ਜੰਗ ਛਿੜਨ ਦਾ ਖਤਰਾ ਤਕਰੀਬਨ ਨਾ ਦੇ ਬਰਾਬਰ ਹੀ ਹੈਉਂਜ ਵੀ ਅੱਜ ਫਲਸਤੀਨ ਨਾਮਕ ਦੇਸ਼ ਦੀ ਅਸਲ ਵਿੱਚ ਕੋਈ ਹੋਂਦ ਹੀ ਨਹੀਂ ਹੈਇਹ ਦੋ ਹਿੱਸਿਆਂ ਵਿੱਚ ਖੰਡਿਤ ਧਰਤੀ ਦਾ ਟੁਕੜਾ ਮਾਤਰ ਹੀ ਰਹਿ ਗਿਆ ਹੈਗਾਜ਼ਾ ਵਿਚਲਾ ਹਮਾਸ ਸੰਗਠਨ ਕੋਈ ਮਾਨਤਾ ਪ੍ਰਾਪਤ ਮੁਲਕ ਨਹੀਂ ਹੈ ਅਤੇ ਪੱਛਮੀ ਕਿਨਾਰੇ ਉੱਤੇ ਤਾਂ ਅਸਿੱਧੇ ਰੂਪ ਵਿੱਚ ਇਜ਼ਰਾਈਲ ਦਾ ਹੀ ਕਬਜ਼ਾ ਹੈਪਰ ਭਾਰਤ ਦਾ ਗੁਆਂਢੀ ਪਾਕਿਸਤਾਨ, ਇਜ਼ਰਾਈਲ ਦੇ ਗੁਆਂਢੀ ਮੁਲਕਾਂ ਜਿੰਨਾ ਕਮਜ਼ੋਰ ਅਤੇ ਘੱਟ ਅਹਿਮੀਅਤ ਵਾਲਾ ਮੁਲਕ ਨਹੀਂ ਹੈਅਮਰੀਕਾ ਅਤੇ ਚੀਨ ਵਰਗੀਆਂ ਮਹਾਂ ਸ਼ਕਤੀਆਂ ਦੇ ਪਾਕਿਸਤਾਨ ਵਿੱਚ ਵੱਡੇ ਆਰਥਿਕ ਅਤੇ ਰਣਨੀਤਕ ਹਿੱਤ ਹਨਉਹਨਾਂ ਨੂੰ ਆਪਣੇ ਹਿੱਤਾਂ ਲਈ ਇੱਕ ਸੰਗਠਿਤ ਪਾਕਿਸਤਾਨ ਦੀ ਬਹੁਤ ਲੋੜ ਹੈ ਅਤੇ ਇੱਕ ਖਾਨਾਜੰਗੀ-ਗ੍ਰਸਤ ਪਾਕਿਸਤਾਨ ਉਹਨਾਂ ਨੂੰ ਵਾਰਾ ਨਹੀਂ ਖਾਂਦਾਉਂਜ ਵੀ ਭਾਰਤ ਨੂੰ ਅਮਰੀਕਾ ਤੋਂ ਉਸ ਤਰ੍ਹਾਂ ਦਾ ਸਮਰਥਨ ਕਦੇ ਮਿਲ ਹੀ ਨਹੀਂ ਸਕਦਾ ਜਿਹੋ ਜਿਹਾ ਇਜ਼ਰਾਈਲ ਨੂੰ ਮਿਲ ਰਿਹਾ ਹੈਇਸ ਤੋਂ ਇਲਾਵਾ ਇਜ਼ਰਾਈਲ ਖੁਦ ਹੀ ਇੱਕ ਹਥਿਆਰ ਵੇਚਣ ਵਾਲਾ ਮੁਲਕ ਹੈ ਪਰ ਭਾਰਤ ਨੂੰ ਬਹੁਤ ਸਾਰਾ ਜੰਗੀ ਸਾਜ਼ੋ-ਸਮਾਨ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਤੋਂ ਖਰੀਦਣਾ ਪੈਂਦਾ ਹੈਇਜ਼ਰਾਈਲ ਨੂੰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਵੱਧ ਆਬਾਦੀ ਅਤੇ ਨਕਸਲਵਾਦ ਵਰਗੀਆਂ ਸਮੱਸਿਆਵਾਂ ਨਾਲ ਅੰਦਰੂਨੀ ਯੁੱਧ ਵੀ ਨਹੀਂ ਕਰਨਾ ਪੈ ਰਿਹਾ ਅਤੇ ਉਸਦੇ ਨਾਗਰਿਕਾਂ ਦੀ ਆਰਥਿਕ ਹਾਲਤ ਭਾਰਤ ਤੋਂ ਕਿਤੇ ਬਿਹਤਰ ਹੈ

ਫਿਰ ਵੀ, ਉਪਰੋਕਤ ਦਾ ਇਹ ਅਰਥ ਨਹੀਂ ਹੈ ਕਿ ਭਾਰਤ ਹੱਥ ਉੱਤੇ ਹੱਥ ਧਰਕੇ ਬੈਠ ਜਾਵੇ ਅਤੇ ਪਾਕਿਸਤਾਨ ਨੂੰ ਆਪਣੀਆਂ ਮਨਮਾਨੀਆਂ ਕਰੀ ਜਾਣ ਦੇਵੇਦੁਸ਼ਮਣ ਦੀ ਅਸਲੀ ਤਾਕਤ ਸਾਡਾ ਅਵੇਸਲਾਪਣ ਹੀ ਹੁੰਦਾ ਹੈ ਅਤੇ ਸਾਡੇ ਭੋਲੇਪਣ ਕਾਰਨ ਹੀ ਉਹ ਚਲਾਕੀਆਂ ਕਰਦਾ ਹੈਇਸ ਲਈ ਭਾਰਤ ਨੂੰ ਆਪਣੀ ਸਰਹੱਦੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਚੌਕਸ ਕਰ ਕੇ ਰੱਖਣਾ ਚਾਹੀਦਾ ਹੈ ਅਤੇ ਸਰਹੱਦਾਂ ਦੀ ਸੀਲਿੰਗ ਨਵੀਆਂ ਤਕਨੀਕਾਂ ਨਾਲ ਕਰਨੀ ਚਾਹੀਦੀ ਹੈਆਪਣੀਆਂ ਖੁਫ਼ੀਆ ਏਜੰਸੀਆਂ ਨੂੰ ਚੁਸਤ-ਦਰੁਸਤ ਰੱਖ ਕੇ ਵੈਰੀ ਦੀਆਂ ਚਾਲਾਂ ਬਾਰੇ ਅਗਾਊਂ ਜਾਣਕਾਰੀ ਪ੍ਰਾਪਤ ਕਰਨ ਨੂੰ ਪ੍ਰਮੁੱਖਤਾ ਨਾਲ ਲੈਣਾ ਚਾਹੀਦਾ ਹੈਪਰ ਕਿਸੇ ਵੀ ਕੀਮਤ ਉੱਤੇ, ਅੰਤਰਰਾਸ਼ਟਰੀ ਭਾਈਚਾਰੇ ਵਿੱਚ, ਇਸ ਨੂੰ ਆਪਣਾ ਅਕਸ ਇਜ਼ਰਾਈਲ ਵਰਗਾ ਬਣਾਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸਰਹੱਦੀ ਫੌਜੀ ਚੌਂਕੀਆਂ ਉੱਤੇ ਹਮਲੇ ਕਰਨਾ ਹੋਰ ਗੱਲ ਹੈ ਅਤੇ ਆਮ ਲੋਕਾਂ ਉੱਤੇ ਅੰਨ੍ਹੇਵਾਹ ਬੰਬਾਰੀ ਕਰਨਾ ਬਿਲਕੁਲ ਹੀ ਹੋਰ ਗੱਲ ਹੈਇਹ ਆਲਮੀ ਕਾਇਦਿਆਂ ਨੂੰ ਮੰਨਣ ਵਾਲਾ ਮੁਲਕ ਹੈ ਅਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਊਂਸਿਲ ਵਿੱਚ ਵੀ ਸਥਾਈ ਸੀਟ ਦਾ ਚਾਹਵਾਨ ਹੈਇਜ਼ਰਾਈਲ ਨਾਲੋਂ ਇਸ ਦਾ ਇਹ ਫਰਕ ਜਰੂਰ ਰਹਿਣਾ ਚਾਹੀਦਾ ਹੈ ਕਿ ਇਹ ਕਿਸੇ ਉਕਸਾਵੇ ਵਿੱਚ ਆ ਕੇ, ਅੰਨ੍ਹੇਵਾਹ ਨਾਗਰਿਕ ਆਬਾਦੀਆਂ ਉੱਤੇ ਹਮਲੇ ਕਰਕੇ ਬੇਗੁਨਾਹਾਂ ਦੀ ਹੱਤਿਆ ਵਾਲਾ ਕਲੰਕ ਨਾ ਲਗਵਾ ਬੈਠੇਕਤਲੋਗਾਰਤ ਵਾਲੀ ਜਿਹੜੀ ਦਲਦਲ ਵਿੱਚ ਇਜ਼ਰਾਈਲ ਫਸ ਚੁੱਕਾ ਹੈ, ਭਾਰਤ ਨੂੰ ਉਸ ਦਲਦਲ ਤੋਂ ਸੁਚੇਤ ਰੂਪ ਵਿੱਚ ਬਚਣ ਦੀ ਲੋੜ ਹੈ

*****

(497)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: (91 - 94171 - 93193)
Email: (gurditgs@gmail.com)

More articles from this author