GSGurdit7‘ਅੱਛੇ ਦਿਨਾਂ’ ਵਾਲਾ ਖਿਆਲੀ ਸੁਪਨਾ ਚਕਨਾਚੂਰ ਹੋ ਚੁੱਕਾ ਹੈ। ਕਾਲੇ ਧਨ ਵਾਲੇ 15-15ਲੱਖ ...
(21 ਜੂਨ 2018)

 

ਜਵਾਹਰਲਾਲ ਨਹਿਰੂ ਤੋਂ ਬਾਅਦ ਅੱਜ ਤੱਕ ਸਿਰਫ ਇੱਕ ਹੀ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਹੋਏ ਹਨ ਜਿਨ੍ਹਾਂ ਨੂੰ ਜਨਤਾ ਨੇ ਲਗਾਤਾਰ 10 ਸਾਲ ਰਾਜਗੱਦੀ ਬਖਸ਼ੀ ਹੈਕੱਲ੍ਹ ਤੱਕ ਤਾਂ ਨਰਿੰਦਰ ਮੋਦੀ ਦੀ ਸਿਆਸੀ ਹਾਲਤ ਵੀ ਬਹੁਤ ਮਜ਼ਬੂਤ ਨਜ਼ਰ ਆਉਂਦੀ ਸੀ ਕਿਉਂਕਿ ਕੋਈ ਵੀ ਵਿਰੋਧੀ ਪਾਰਟੀ ਜਾਂ ਨੇਤਾ ਉਸ ਨੂੰ ਟੱਕਰ ਦੇਣ ਦੇ ਸਮਰੱਥ ਨਹੀਂ ਨਜ਼ਰ ਆ ਰਹੇ ਸਨਕਾਂਗਰਸ ਅਤੇ ਬਾਕੀ ਵਿਰੋਧੀ ਪਾਰਟੀਆਂ ਆਪੋ-ਆਪਣੇ ਕੁਝ ਖਾਸ ਇਲਾਕਿਆਂ ਵਿੱਚ ਤਾਂ ਭਾਵੇਂ ਕਿੰਨੀਆਂ ਵੀ ਸਿਰਕੱਢ ਨਜ਼ਰ ਆਉਂਦੀਆਂ ਹੋਣ ਪਰ ਉਹਨਾਂ ਵਿੱਚ ਵੱਡੇ ਪੱਧਰ ਉੱਤੇ ਕੋਈ ਏਕਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੀਇਸ ਲਈ ਕੱਲ੍ਹ ਤੱਕ ਤਾਂ ਭਾਜਪਾ ਨੂੰ ਵਿਰੋਧੀਆਂ ਦੀ ਇਸ ਫੁੱਟ ਦਾ ਲਾਭ ਮਿਲਣ ਦੀ ਪੂਰੀ ਉਮੀਦ ਸੀ ਪਰ ਹੁਣ ਉਸਦੇ ਆਪਣੇ ਕਿਲੇ ਦੇ ਕਿੰਗਰੇ ਵੀ ਦਿਨੋ-ਦਿਨ ਢਹਿ ਰਹੇ ਹਨ

ਪਿਛਲੇ ਇੱਕ ਸਾਲ ਵਿੱਚ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਭਾਜਪਾ ਦੀ ਹਾਰ ਦਾ ਕਾਰਨ ਸਿਰਫ ਤੇ ਸਿਰਫ ਵਿਰੋਧੀਆਂ ਦੀ ਏਕਤਾ ਹੀ ਨਹੀਂ ਹੈਕਿਉਂਕਿ ਜੇਕਰ 2014 ਵਿੱਚ ਵੀ ਇਹਨਾਂ ਸੀਟਾਂ ਉੱਤੇ ਵਿਰੋਧੀ ਪਾਰਟੀਆਂ ਵਿੱਚ ਇੰਨੀ ਹੀ ਏਕਤਾ ਹੁੰਦੀ ਤਾਂ ਭਾਜਪਾ ਨੇ ਫਿਰ ਵੀ ਇਹ ਸੀਟਾਂ ਜਿੱਤ ਹੀ ਲੈਣੀਆਂ ਸਨ ਕਿਉਂਕਿ ਉਦੋਂ ਉਸ ਦੀ ਵੋਟ ਹਿੱਸੇਦਾਰੀ ਬਾਕੀ ਸਾਰਿਆਂ ਦੇ ਜੋੜ ਨਾਲੋਂ ਵੀ ਵੱਧ ਸੀਪਰ ਹੁਣ ਉਸ ਦਾ ਲੋਕ-ਆਧਾਰ ਪਹਿਲਾਂ ਦੇ ਮੁਕਾਬਲੇ ਦਿਨੋ-ਦਿਨ ਘਟ ਰਿਹਾ ਹੈਉਸ ਦੀ ਵੋਟ ਹਿੱਸੇਦਾਰੀ ਵਿੱਚ ਕਾਫੀ ਗਿਰਾਵਟ ਆਈ ਹੈਜੇਕਰ ਉਹ ਆਪਣੀ 2014 ਵਾਲੀ ਵੋਟ ਹਿੱਸੇਦਾਰੀ ਨੂੰ ਕਾਇਮ ਰੱਖ ਲੈਂਦੀ ਤਾਂ ਵਿਰੋਧੀ ਜਿੰਨੇ ਮਰਜ਼ੀ ਇਕੱਠੇ ਹੋ ਜਾਂਦੇ, ਉਸ ਨੂੰ ਹਰਾਉਣਾ ਸੰਭਵ ਨਹੀਂ ਸੀਸਭ ਤੋਂ ਸ਼ਰਮਨਾਕ ਹਾਰ ਤਾਂ ਉਸ ਨੂੰ ਗੋਰਖਪੁਰ ਦੀ ਲੋਕ ਸਭਾ ਸੀਟ ਤੋਂ ਹੋਈ ਜੋ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਾਨਾਥ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਉੱਥੋਂ ਉਹ 1989 ਤੋਂ ਲਗਾਤਾਰ ਜਿੱਤਦੀ ਆ ਰਹੀ ਸੀ

ਨਰਿੰਦਰ ਮੋਦੀ ਦੇ ਖਿਲਾਫ਼ ਕੁਝ ਹੱਦ ਤੱਕ ਉਸੇ ਤਰ੍ਹਾਂ ਦਾ ਮੁਹਾਜ਼ ਬਣਦਾ ਨਜ਼ਰ ਆ ਰਿਹਾ ਹੈ ਜਿਹੋ ਜਿਹਾ 1977 ਵਿੱਚ ਇੰਦਰਾ ਗਾਂਧੀ ਦੇ ਖਿਲਾਫ਼ ਬਣਿਆ ਸੀਭਾਵੇਂ ਕਿ ਉਹ ਮੁਹਾਜ਼ ਬਹੁਤਾ ਸਮਾਂ ਟਿਕ ਤਾਂ ਨਹੀਂ ਸਕਿਆ ਸੀ ਪਰ ਇੱਕ ਵਾਰੀ ਇੰਦਰਾ ਸਰਕਾਰ ਨੂੰ ਗੱਦੀ ਤੋਂ ਤਾਂ ਉਤਾਰ ਹੀ ਦਿੱਤਾ ਸੀਅੱਜ ਅਕਾਲੀ ਦਲ ਬਾਦਲ ਵਰਗੇ ਪੱਕੇ ਸਮਰਥਕਾਂ ਨੂੰ ਛੱਡ ਦੇਈਏ ਤਾਂ ਬਾਕੀਆਂ ਨਾਲ ਭਾਜਪਾ ਦੇ ਰਿਸ਼ਤੇ ਦਿਨੋ-ਦਿਨ ਤਿੜਕ ਰਹੇ ਹਨਸ਼ਿਵ ਸੈਨਾ ਦੇ ਆਗੂ ਤਾਂ ਆਪਣੀ ਨਰਾਜ਼ਗੀ ਸ਼ਰੇਆਮ ਹੀ ਜ਼ਾਹਿਰ ਕਰ ਰਹੇ ਹਨਨਿਤੀਸ਼ ਕੁਮਾਰ ਅਤੇ ਰਾਮ ਵਿਲਾਸ ਪਾਸਵਾਨ ਵਰਗੇ ਚਤੁਰ ਨੇਤਾਵਾਂ ਉੱਤੇ ਬਹੁਤੀ ਟੇਕ ਰੱਖਣੀ ਉਸ ਨੂੰ ਮਹਿੰਗੀ ਪੈ ਸਕਦੀ ਹੈਉਹ ਦੋਵੇਂ ਹੀ ਮੌਕੇ ਮੁਤਾਬਕ ਕਿਸੇ ਵੀ ਪਲੜੇ ਵਿੱਚ ਤੁਲ ਸਕਦੇ ਹਨਤਕਰੀਬਨ ਹਰ ਵੱਡੀ ਖੇਤਰੀ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਭਾਜਪਾ ਦੇ ਵਿਰੋਧ ਵਿੱਚ ਖੜ੍ਹੀ ਹੈਮਮਤਾ ਬੈਨਰਜੀ ਵਰਗੇ ਨੇਤਾਵਾਂ ਦੀ ਰਣਨੀਤੀ ਅਜੇ ਤੱਕ ਕੁਝ ਵੀ ਸਪਸ਼ਟ ਨਹੀਂਦੱਖਣ ਵਿੱਚ ਭਾਜਪਾ ਨੂੰ ਉਹ ਸਫ਼ਲਤਾ ਮਿਲ ਹੀ ਨਹੀਂ ਸਕੀ ਜਿਸਦੀ ਉਹ ਤਵੱਕੋ ਕਰਦੀ ਸੀਵੱਡੇ ਸੂਬਿਆਂ ਵਿੱਚ ਸਥਾਪਤੀ ਵਿਰੋਧੀ ਲਹਿਰ ਦਾ ਨੁਕਸਾਨ ਵੀ ਇਸ ਵਾਰੀ ਉਸੇ ਨੂੰ ਹੀ ਹੋਣਾ ਹੈ

ਭਾਜਪਾ ਨੂੰ ਨਾਪਸੰਦ ਕਰਨ ਵਾਲੇ ਲੋਕਾਂ ਲਈ ਵਿਰੋਧੀਆਂ ਦੀ ਏਕਤਾ ਅਤੇ ਉਪਰੋਕਤ ਬਾਕੀ ਤੱਤ ਇੱਕ ਆਸ ਦੀ ਕਿਰਨ ਹੋ ਸਕਦੇ ਹਨ ਪਰ ਸਾਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੂਝਣ ਦੀ ਤਾਕਤ ਨੂੰ ਭੁੱਲਣਾ ਨਹੀਂ ਚਾਹੀਦਾਦੋਹਾਂ ਦੀ ਸੰਗਠਨ ਨੂੰ ਚਲਾਉਣ ਵਿੱਚ ਮੁਹਾਰਤ ਬਹੁਤ ਕਮਾਲ ਹੈ ਅਤੇ ਦੋਹਾਂ ਕੋਲ ਨਾਅਰਿਆਂ ਅਤੇ ਜੁਮਲਿਆਂ ਦੀ ਵੀ ਭਰਮਾਰ ਰਹਿੰਦੀ ਹੈ ਜਿਸ ਨਾਲ ਆਮ ਵੋਟਰ ਨੂੰ ਪ੍ਰਭਾਵਿਤ ਕਰਨਾ ਬਹੁਤਾ ਔਖਾ ਨਹੀਂ ਹੁੰਦਾਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਕਾਂਗਰਸ ਉੱਤੇ ਭਾਜਪਾ ਨਾਲੋਂ ਕਿਤੇ ਵੱਧ ਹਨਉਂਜ ਵੀ ਵਿਰੋਧੀਆਂ ਦਾ ਏਕਾ ਅਜੇ ਤੱਕ ਤਾਂ ਬਿਨਾ ਕਿਸੇ ਜਰਨੈਲ ਤੋਂ ਖੁੱਲ੍ਹੀ ਫਿਰਦੀ ਫ਼ੌਜ ਵਾਂਗ ਹੀ ਹੈਪਤਾ ਨਹੀਂ ਉਹ ਫ਼ੌਜ ਕਿਸੇ ਇੱਕ ਜਰਨੈਲ ਦੀ ਅਗਵਾਈ ਕਬੂਲ ਕਰੇਗੀ ਜਾਂ ਨਹੀਂਜੇਕਰ ਇੱਕ ਪਾਸੇ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਰਿੰਦਰ ਮੋਦੀ ਹੋਇਆ ਅਤੇ ਦੂਜੇ ਪਾਸੇ ਕੋਈ ਇੱਕ ਸਪਸ਼ਟ ਚਿਹਰਾ ਨਾ ਹੋਇਆ ਤਾਂ ਇਸ ਦਾ ਖਮਿਆਜ਼ਾ ਵੀ ਮੋਦੀ ਵਿਰੋਧੀਆਂ ਨੂੰ ਭੁਗਤਣਾ ਪੈ ਸਕਦਾ ਹੈਬਹੁਤੀਆਂ ਪਾਰਟੀਆਂ ਦਾ ਮਿਲਗੋਭਾ ਉਂਜ ਵੀ ਰਾਜਨੀਤਕ ਤੌਰ ਉੱਤੇ ਸਫਲ ਹੋਣਾ ਕਾਫੀ ਔਖਾ ਹੁੰਦਾ ਹੈਅਸਲ ਵਿੱਚ ਉਹ ਜਿੰਨੀਆਂ ਪਾਰਟੀਆਂ ਹਨ, ਉੰਨੇ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਚਾਹਵਾਨ ਹਨਮੁੱਖ ਤੌਰ ਉੱਤੇ ਉਹ ਅੰਦਰਖਾਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਕੰਮ ਹੀ ਕਰ ਸਕਦੇ ਹਨਇਸੇ ਮ੍ਰਿਗ-ਤ੍ਰਿਸ਼ਨਾ ਵਿੱਚ ਉਹਨਾਂ ਵਿੱਚੋਂ ਕਿਸੇ ਦੀ ਵੀ ਸਧਰ ਪੂਰੀ ਹੋਣ ਦੇ ਕੋਈ ਖਾਸ ਆਸਾਰ ਨਹੀਂ ਦਿਸ ਰਹੇ ਸਨਜੇ ਤਾਂ ਇੱਕ ਪਾਰਟੀ ਵੱਡਾ ਬਹੁਮਤ ਰੱਖਦੀ ਹੋਵੇ ਫਿਰ ਤਾਂ ਉਸ ਦੀ ਚੌਧਰ ਨੂੰ ਖ਼ਤਰਾ ਘੱਟ ਹੁੰਦਾ ਹੈਉਸ ਪਾਰਟੀ ਦਾ ਕੋਈ ਵੱਡਾ ਆਗੂ ਪ੍ਰਧਾਨ ਮੰਤਰੀ ਦੇ ਇੱਕੋ-ਇੱਕ ਉਮੀਦਵਾਰ ਵਜੋਂ ਬਾਕੀਆਂ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਹੈਪਰ ਜੇਕਰ ਸੀਟਾਂ ਦੀ ਗਿਣਤੀ ਦੇ ਪੱਖੋਂ ਪਾਰਟੀਆਂ ਦਾ ਫਰਕ ਬਹੁਤਾ ਨਾ ਹੋਵੇ ਤਾਂ ਆਪਸੀ ਹਉਮੈ ਟਕਰਾਉਣ ਲੱਗ ਪੈਂਦੀ ਹੈਅਜਿਹੇ ਹਾਲਾਤ ਵਿੱਚ ਗਠਬੰਧਨ ਅੰਦਰ ਟੁੱਟ-ਭੱਜ ਹੋਣੀ ਹਰ ਰੋਜ਼ ਦਾ ਹੀ ਕੰਮ ਹੋ ਜਾਂਦਾ ਹੈਇਸ ਤਰ੍ਹਾਂ ਦੇਸ਼ ਨੂੰ ਇੱਕ ਮਜ਼ਬੂਤ ਸਰਕਾਰ ਨਹੀਂ ਮਿਲਦੀ ਅਤੇ ਨੀਤੀਆਂ ਬਣਾਉਣ ਦਾ ਅਮਲ ਅਕਸਰ ਹੀ ਅਧਵਾਟੇ ਲਟਕਿਆ ਰਹਿੰਦਾ ਹੈਇਹ ਸਾਰੇ ਤੱਤ ਕਾਂਗਰਸ ਦੇ ਵਿਰੋਧ ਵਿੱਚ ਭੁਗਤ ਸਕਦੇ ਹਨ

ਪਰ ਭਾਜਪਾ ਦੇ ਆਪਣੇ ਘਰ ਅੰਦਰ ਵੀ ‘ਸਭ ਅੱਛਾ’ ਨਹੀਂ ਹੈ‘ਮੋਦੀ-ਸ਼ਾਹ-ਜੇਤਲੀ ਤਿੱਕੜੀ’ ਨੇ ਪਿਛਲੇ ਸਮੇਂ ਵਿੱਚ ਪਾਰਟੀ ਦੇ ਵੱਡੇ-ਵੱਡੇ ਪੁਰਾਣੇ ਥੰਮ੍ਹਾਂ ਨੂੰ ਪੈਰਾਂ ਸਿਰ ਨਹੀਂ ਰਹਿਣ ਦਿੱਤਾਇਸੇ ਕਾਰਨ ਬਹੁਤੇ ਸੀਨੀਅਰ ਆਗੂ ਅੰਦਰੋਂ ਪੂਰੀ ਤਰ੍ਹਾਂ ਨਿਰਾਸ਼ ਅਤੇ ਨਾਰਾਜ਼ ਹਨਯਸ਼ਵੰਤ ਸਿਨ੍ਹਾ ਵਰਗੇ ਤਾਂ ਪਾਰਟੀ ਨੂੰ ਅਲਵਿਦਾ ਹੀ ਕਹਿ ਗਏ ਹਨ ਅਤੇ ਸ਼ਤਰੂਘਨ ਸਿਨ੍ਹਾ ਵਰਗੇ ਸ਼ਰੇਆਮ ਤਿੱਕੜੀ ਦੇ ਖਿਲਾਫ਼ ਆਪਣੀ ਭੜਾਸ ਕੱਢਦੇ ਰਹਿੰਦੇ ਹਨਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੋਵੇਂ ਹੀ ਬਿਲਕੁਲ ਚੁੱਪ ਹਨਦੋਵਾਂ ਨੂੰ ਹੀ ਭਾਜਪਾ ਦੀ ਸਭ ਤੋਂ ਉੱਚ-ਤਾਕਤੀ ਕਮੇਟੀ ‘ਸੰਸਦੀ ਬੋਰਡ’ ਤੋਂ ਬਾਹਰ ਰੱਖਿਆ ਗਿਆ ਹੈਐਵੇਂ ਮੂੰਹ ਰੱਖਣ ਲਈ ਇੱਕ ‘ਮਾਰਗ ਦਰਸ਼ਕ ਮੰਡਲ’ ਨਾਮ ਦੀ ਕਮੇਟੀ ਬਣਾ ਦਿੱਤੀ ਗਈ ਜਿਸ ਵਿੱਚ ਇਹਨਾਂ ਦੋਹਾਂ ਨੂੰ ਰੱਖ ਤਾਂ ਲਿਆ ਗਿਆ ਪਰ ਉਸ ਮੰਡਲ ਦੀ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਹੋ ਸਕੀਜੂਨ 1975 ਵਾਲੀ ਐਮਰਜੈਂਸੀ ਦੀ 40 ਵੀਂ ਵਰ੍ਹੇਗੰਢ ਉੱਤੇ ਬਜ਼ੁਰਗ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਣੇ ਦਿਲ ਦਾ ਹਾਲ ਸੁਣਾ ਹੀ ਦਿੱਤਾ ਸੀ ਕਿ ਦੇਸ਼ ਵਿੱਚ ਅੱਜ ਵੀ ਐਮਰਜੈਂਸੀ ਦੇ ਹਾਲਾਤ ਬਣ ਸਕਦੇ ਹਨਅਡਵਾਨੀ ਦਾ ਕਹਿਣਾ ਸੀ ਕਿ ਅੱਜ ਵੀ ਸੰਵਿਧਾਨ ਵਿੱਚ ਅਜਿਹੀ ਕੋਈ ਸਪਸ਼ਟ ਰੋਕ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਐਮਰਜੈਂਸੀ ਦੇ ਰਾਹ ਵਿੱਚ ਰੁਕਾਵਟ ਬਣ ਸਕੇਭਾਵੇਂ ਕਿ ਮੋਦੀ ਪੱਖੀ ਹਲਕਿਆਂ ਵਿੱਚ ਇਸ ਗੱਲ ਨੂੰ ਅਡਵਾਨੀ ਦੀ ਮੋਦੀ ਖਿਲਾਫ਼ ਭੜਾਸ ਹੀ ਮੰਨਿਆ ਗਿਆ ਸੀ ਪਰ ਫਿਰ ਵੀ ਇਹ ਤਾਂ ਮੰਨਣਾ ਹੀ ਪਏਗਾ ਕਿ ਪਾਰਟੀ ਦੇ ਅੰਦਰ ਮੋਦੀ ਵਿਰੋਧੀ ਲਾਵਾ ਲਗਾਤਾਰ ਉੱਬਲ ਰਿਹਾ ਹੈ

ਮਹਿੰਗਾਈ ਦੇ ਮੋਰਚੇ ਉੱਤੇ ਭਾਜਪਾ ਸਰਕਾਰ ਵੀ ਪਿਛਲੀ ਕਾਂਗਰਸ ਸਰਕਾਰ ਵਰਗੀ ਹੀ ਸਾਬਤ ਹੋਈ ਹੈਖਾਸ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਾਂ ਇਸ ਨੇ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨਰੋਜ਼ਾਨਾ ਜ਼ਿੰਦਗੀ ਦੀਆਂ ਬਾਕੀ ਜ਼ਰੂਰਤਾਂ ਵੀ ਪੂਰੀਆਂ ਕਰਨੀਆਂ ਔਖੀਆਂ ਹੋਈਆਂ ਪਈਆਂ ਹਨਅਫਸੋਸ ਦੀ ਗੱਲ ਹੈ ਕਿ ਅਰੁਣ ਜੇਤਲੀ ਵਿੱਤ ਮੰਤਰੀ ਬਣਨ ਤੋਂ ਪਹਿਲਾਂ, ਕਾਂਗਰਸੀ ਵਿੱਤ ਮੰਤਰੀਆਂ ਦੇ ਖਿਲਾਫ਼ ਤਾਂ ਬਥੇਰਾ ਕੁਝ ਬੋਲ ਲੈਂਦੇ ਸਨ ਪਰ ਆਪਣੀ ਵਾਰੀ ਉਹਨਾਂ ਤੋਂ ਕੋਈ ਕ੍ਰਿਸ਼ਮਾ ਨਹੀਂ ਹੋ ਸਕਿਆਸਮਰਿਤੀ ਇਰਾਨੀ ਅਤੇ ਸੁਸ਼ਮਾ ਸਵਰਾਜ ਵਰਗੀਆਂ ਆਗੂ ਜਿਨ੍ਹਾਂ ਨੇ ਕਾਂਗਰਸ ਦੀ ਸਰਕਾਰ ਵੇਲੇ ਮਹਿੰਗਾਈ ਖਿਲਾਫ਼ ਵੱਡੇ-ਵੱਡੇ ਧਰਨੇ ਦਿੱਤੇ ਸਨ ਅਤੇ ਵੰਨ-ਸੁਵੰਨੇ ਬਿਆਨ ਦਾਗੇ ਸਨ, ਹੁਣ ਜਦੋਂ ਉਹ ਸਭ ਕੁਝ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾਂ ਰਾਹੀਂ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਤਾਂ ਇਹਨਾਂ ਨੇਤਾਵਾਂ ਨੂੰ ਮੂੰਹ ਛੁਪਾਉਣਾ ਔਖਾ ਹੋਇਆ ਪਿਆ ਹੈਮੋਦੀ ਦੇ ਭਾਸ਼ਣਾਂ ਵਿੱਚ ਵੀ ਹੁਣ ਪਹਿਲਾਂ ਵਾਲਾ ਜਾਦੂ ਨਜ਼ਰ ਨਹੀਂ ਆਉਂਦਾਆਮ ਲੋਕ ਹੁਣ ਉਸ ਜਾਦੂ ਉੱਤੇ ਮੰਤਰ-ਮੁਗਧ ਨਹੀਂ ਹੋ ਰਹੇ ਬਲਕਿ ਸਵਾਲ ਉਠਾ ਰਹੇ ਹਨ‘ਅੱਛੇ ਦਿਨਾਂ’ ਵਾਲਾ ਖਿਆਲੀ ਸੁਪਨਾ ਚਕਨਾਚੂਰ ਹੋ ਚੁੱਕਾ ਹੈਕਾਲੇ ਧਨ ਵਾਲੇ 15-15 ਲੱਖ ਰੁਪਇਆਂ ਦੀ ਹੁਣ ਕਿਸੇ ਨੂੰ ਕੋਈ ਉਡੀਕ ਨਹੀਂ ਰਹੀਨੋਟਬੰਦੀ ਦਾ ਨੁਕਸਾਨ ਕਿਸੇ ਜਮ੍ਹਾਂਖੋਰ ਨੇ ਨਹੀਂ ਬਲਕਿ ਆਮ ਲੋਕਾਂ ਨੇ ਹੀ ਉਠਾਇਆ ਹੈਲੋਕ ਹੁਣ ਸੋਚਣ ਲੱਗ ਪਏ ਹਨ ਕਿ ਦੇਸ਼ ਦਾ ਹਾਕਮ ਭਾਵੇਂ ਚੁੱਪ ਰਹਿਣ ਵਾਲਾ ਹੋਵੇ ਤੇ ਭਾਵੇਂ ਉੱਚੀ-ਉੱਚੀ ਬੋਲਣ ਵਾਲਾ, ਆਮ ਲੋਕਾਂ ਦੀ ਹੋਣੀ ਤਾਂ ਉਹੀ ਰਹਿਣੀ ਹੁੰਦੀ ਹੈਵੱਡੀਆਂ ਤਬਦੀਲੀਆਂ ਰਾਤੋ-ਰਾਤ ਕਦੇ ਵੀ ਨਹੀਂ ਆਉਂਦੀਆਂ, ਇਹਨਾਂ ਵਾਸਤੇ ਤਾਂ ਲੰਮੇ ਸਮੇਂ ਦੀ ਉਡੀਕ ਕਰਨੀ ਪੈਂਦੀ ਹੈਸਹੀ ਅਰਥਾਂ ਵਿੱਚ ਤਾਂ ਵੱਡੀਆਂ ਤਬਦੀਲੀਆਂ ਵਾਸਤੇ ਨੀਤੀਆਂ ਅਤੇ ਨੀਅਤ, ਦੋਹਾਂ ਦੀ ਹੀ ਲੋੜ ਹੁੰਦੀ ਹੈਅਜਿਹੇ ਹਾਲਾਤ ਵਿੱਚ ਭਾਜਪਾ ਦੇ ਕਿਲੇ ਨੂੰ ਖ਼ਤਰਾ ਤਾਂ ਹੈ ਪਰ ਵਿਰੋਧੀ ਫ਼ੌਜਾਂ ਉਸ ਕਿਲੇ ਨੂੰ ਢਾਹ ਸਕਣਗੀਆਂ ਜਾਂ ਨਹੀਂ, ਇਸ ਬਾਰੇ ਕੁਝ ਵੀ ਕਹਿਣਾ ਅਜੇ ਜਲਦਬਾਜ਼ੀ ਹੀ ਹੋਏਗੀ

*****

(1201)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: (91 - 94171 - 93193)
Email: (gurditgs@gmail.com)

More articles from this author