GSGurditt7ਜੇਕਰ ਅਸੀਂ ਸੱਚਮੁੱਚ ਹੀ ਕਿਰਤ ਸੱਭਿਆਚਾਰ ਨੂੰ ਬਚਾਉਣਾ ਅਤੇ ਵਿਹਲੜ ਸੱਭਿਆਚਾਰ ਨੂੰ ਭਜਾਉਣਾ ਚਾਹੁੰਦੇ ਹਾਂ ਤਾਂ ...
(ਅਪਰੈਲ 25, 2016)

 

ਇੰਜ ਲੱਗਦਾ ਹੈ ਕਿ ਅੱਜਕੱਲ ਦੀ ਪੰਜਾਬੀ ਗਾਇਕੀ ਵਿੱਚ ਪੈਰ ਧਰਨ ਲਈ ਕਿਸੇ ਵੀ ਤਰ੍ਹਾਂ ਦੀ ਯੋਗਤਾ ਦੀ ਕੋਈ ਲੋੜ ਨਹੀਂ ਹੈ ਜੇਕਰ ਕਿਸੇ ਕੋਲ ਮਾਇਆ ਦੇ ਗੱਫੇ ਹਨ ਜਾਂ ਕੋਈ ਜਾਇਦਾਦ ਵੇਚ ਕੇ ਅਮੀਰੀ ਆਈ ਹੈ ਤਾਂ ਉਹ ਕਿਸੇ ਵੀ ਚੈਨਲ ਉੱਤੇ ਲਗਾਤਾਰ ਵੱਜ ਸਕਦਾ ਹੈ ਅਤੇ ਆਪਣੇ ਆਪ ਨੂੰ ਸਿਰੇ ਦਾ ਗਵਈਆ ਸਮਝਣ ਦਾ ਭਰਮ ਪਾਲ ਸਕਦਾ ਹੈ। ਬੇਸ਼ਕ ਗਾਇਕੀ ਰੂਹ ਨੂੰ ਸਕੂਨ ਦੇਣ ਵਾਲੀ ਸੂਖਮ ਕਲਾ ਹੈ ਅਤੇ ਮਿੱਠਾ ਸੰਗੀਤ ਸੁਣ ਕੇ ਸਿਰ ਝੂੰਮਦਾ ਹੈ ਪਰ ਜਦੋਂ ਗਾਇਕੀ ਥੋੜ੍ਹੀ ਜਿਹੀ ਉਲਾਰ ਹੁੰਦੀ ਹੈ ਤਾਂ ਪੈਰ ਥਿਰਕਦੇ ਹਨ। ਪਰ ਅੱਜਕੱਲ ਦੀ ਗਾਇਕੀ ਪੈਰ ‘ਥਿਰਕਾਉਣ’ ਦੇ ਨਾਲ, ਪੈਰ ‘ਥਿੜਕਾਉਣ’ ਦਾ ਕੰਮ ਵੱਧ ਕਰ ਰਹੀ ਹੈ ਭਾਵੇਂ ਕਿ ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਉੱਤੇ ਕੋਈ ਪਾਬੰਦੀਆਂ ਲਗਾ ਦਿੱਤੀਆਂ ਜਾਣ ਪਰ ਇਸ ਉੱਤੇ ਨਿਰੰਤਰ ਨਜ਼ਰਸਾਨੀ ਦੀ ਲੋੜ ਜ਼ਰੂਰ ਹੈ ਇਸ ਕੰਮ ਵਾਸਤੇ ਜਿਹੜੀ ਗੰਭੀਰਤਾ ਦੀ ਲੋੜ ਹੈ, ਉਹ ਅਜੇ ਤੱਕ ਸਾਡੀ ਸਰਕਾਰ ਜਾਂ ਹੋਰ ਅਦਾਰਿਆਂ ਵਿੱਚ ਨਜ਼ਰ ਨਹੀਂ ਆ ਰਹੀ

ਜਦੋਂ ਵੀ ਕੋਈ ਲੱਚਰ ਕਿਸਮ ਦਾ ਗੀਤ-ਸੰਗੀਤ ਮਾਰਕੀਟ ਵਿੱਚ ਆਉਂਦਾ ਹੈ ਤਾਂ ਅਕਸਰ ਹੀ ਕੁਝ ਲੋਕਾਂ ਵੱਲੋਂ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਬੰਦੇ ਨੇ ਇਸ ਕਿਸਮ ਦਾ ਗੀਤ ਕਿਉਂ ਗਾਇਆ ਹੈ ਜੇ ਗੁਰਦਾਸ ਮਾਨ ਸਾਫ਼-ਸੁਥਰਾ ਗਾ ਕੇ ਸੁਪਰ ਹਿੱਟ ਹੋ ਸਕਦਾ ਹੈ ਤਾਂ ਇਹ ਕਿਉਂ ਨਹੀਂ ਹੋ ਸਕਦਾ? ਕੁਝ ਲੋਕ ਇਹ ਕਹਿੰਦੇ ਹਨ ਕਿ ਜੇਕਰ ਪਾਲੀ ਦੇਤਵਾਲੀਆ ਪਰਿਵਾਰਕ ਗੀਤ ਗਾ ਕੇ ਰੋਟੀ ਖਾ ਸਕਦਾ ਹੈ ਤਾਂ ਬਾਕੀਆਂ ਨੂੰ ਆਸ਼ਕੀ-ਮਸ਼ੂਕੀ ਵਾਲੇ ਗੀਤ ਕਿਉਂ ਗਾਉਣੇ ਪੈਂਦੇ ਹਨ? ਇਸੇ ਤਰ੍ਹਾਂ ਦੀਆਂ ਹੋਰ ਵੀ ਕਈ ਦਲੀਲਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਸਾਰੇ ਗਾਇਕ ਗੁਰਦਾਸ ਮਾਨ ਵਰਗੇ ਗੀਤ ਹੀ ਗਾਉਣ ਲੱਗ ਪੈਣ ਤਾਂ ਉਹਨਾਂ ਗੀਤਾਂ ਦੇ ਸਰੋਤੇ ਵੀ ਹੌਲੀ-ਹੌਲੀ ਘਟ ਜਾਣਗੇ ਜੇਕਰ ਸਾਰੇ ਗਾਇਕ, ਪਾਲੀ ਦੇਤਵਾਲੀਏ ਵਾਂਗੂੰ ਭੈਣਾਂ-ਭਰਾਵਾਂ ਵਾਲੇ ਗੀਤ ਹੀ ਗਾਉਣੇ ਸ਼ੁਰੂ ਕਰ ਦੇਣ ਤਾਂ ਉਹਨਾਂ ਗੀਤਾਂ ਦੀ ਉਮਰ ਵੀ ਬਹੁਤੀ ਲੰਮੀ ਨਹੀਂ ਰਹੇਗੀ ਜੇਕਰ ਸਾਰੇ ਗਾਇਕ ਸਤਿੰਦਰ ਸਰਤਾਜ ਜਾਂ ਕੰਵਰ ਗਰੇਵਾਲ ਵਾਂਗੂੰ ਗਾਉਣ ਲੱਗ ਪੈਣ ਤਾਂ ਉਹ ਵੀ ਬੜੀ ਜਲਦੀ ਬੇਹੇ ਲੱਗਣ ਲੱਗ ਪੈਣਗੇ ਜੇਕਰ ਹਰ ਕੋਈ ਮਾਣਕ ਵਾਂਗੂੰ ਕਲੀਆਂ ਗਾਉਣ ਲੱਗ ਪਵੇ ਜਾਂ ਸਲੀਮ ਜਾਂ ਸਰਦੂਲ ਵਾਂਗੂੰ ਮਾਤਾ ਦੀਆਂ ਭੇਟਾਂ ਗਾਉਣ ਲੱਗ ਪਵੇ ਤਾਂ ਇੱਕ ਦਿਨ ਸਾਰਿਆਂ ਨੂੰ ਹੀ ਰੋਟੀ ਮਿਲਣੀ ਬੰਦ ਹੋ ਜਾਏਗੀ ਜੇਕਰ ਸਾਰੇ ਹੀ ਗਾਇਕ ਬੱਬੂ ਮਾਨ ਵਾਂਗੂੰ ਨਵੇਂ ਵਿਸ਼ਿਆਂ ਉੱਤੇ ਹੱਥ ਅਜ਼ਮਾਉਣ ਲੱਗ ਪੈਣ ਤਾਂ ਇਹ ਸੰਭਵ ਨਹੀਂ ਕਿ ਉਹ ਸਾਰੇ ਹੀ ਸਫਲ ਹੋ ਜਾਣ ਜੇ ਹਰਭਜਨ ਮਾਨ ਸਿਰਫ ਕਵੀਸ਼ਰੀ ਹੀ ਗਾਉਣੀ ਸ਼ੁਰੂ ਕਰ ਦੇਵੇ ਤਾਂ ਉਹ ਅੱਜ ਜਿੰਨਾ ਹਰਮਨ ਪਿਆਰਾ ਰਹਿ ਹੀ ਨਹੀਂ ਸਕਦਾ ਜੇਕਰ ਸਾਰੇ ਗਾਇਕ ਹਰ ਸਾਲ, ਪੰਜਾਬੀ ਵਿਰਸਾ ਹੀ ਕੱਢਣ ਲੱਗ ਪੈਣ ਤਾਂ ਉਹ ਤਾਂ ਵਾਰਿਸ ਭਰਾਵਾਂ ਨੂੰ ਵੀ ਲੈ ਕੇ ਬਹਿ ਜਾਣਗੇ। ਇਸੇ ਤਰ੍ਹਾਂ ਹਰਜੀਤ ਹਰਮਨ ਵਰਗੇ ਗੀਤ ਗਾਉਣ ਨੂੰ ਤਾਂ ਬਹੁਤ ਸਾਰੇ ਗਾਇਕ ਤਿਆਰ ਹੋ ਜਾਣਗੇ ਪਰ ਉਸ ਵਰਗੀ ਮਿੱਠੀ ਆਵਾਜ਼ ਕਿੱਥੋਂ ਲਿਆਉਣਗੇ?

ਇਸ ਲਈ ਇਹ ਤਾਂ ਮੰਨਣਾ ਹੀ ਪਏਗਾ ਕਿ ਗਾਇਕੀ ਵਿੱਚ ਵੰਨ-ਸੁਵੰਨਤਾ ਬਹੁਤ ਜਰੂਰੀ ਹੈਨਾ ਤਾਂ ਸਾਰੇ ਗਾਇਕਾਂ ਨੇ ਇੱਕੋ ਤਰ੍ਹਾਂ ਦੇ ਗੀਤ ਗਾਉਣੇ ਹਨ ਅਤੇ ਨਾ ਹੀ ਇਹ ਸੰਭਵ ਹੈ। ਗੀਤਾਂ ਦੇ ਵਿਸ਼ਿਆਂ ਅਤੇ ਮਿਆਰ ਵਿੱਚ ਬਾਜ਼ਾਰ ਦੀ ਮੰਗ ਮੁਤਾਬਕ ਵੱਖਰਤਾ ਰਹਿਣੀ ਹੀ ਰਹਿਣੀ ਹੈ ਮਿਸਾਲ ਵਜੋਂ ਬਾਜ਼ਾਰ ਵਿੱਚ ਜਲੇਬੀਆਂ ਦੀ ਜਿੰਨੀ ਮਰਜ਼ੀ ਮੰਗ ਹੋਵੇ ਪਰ ਜੇਕਰ ਸਾਰੇ ਹਲਵਾਈ ਸਿਰਫ ਜਲੇਬੀਆਂ ਹੀ ਕੱਢਣ ਲੱਗ ਪੈਣ ਅਤੇ ਹੋਰ ਹਰ ਤਰ੍ਹਾਂ ਦੀਆਂ ਮਠਿਆਈਆਂ ਬਣਾਉਣੀਆਂ ਬੰਦ ਕਰ ਦੇਣ ਤਾਂ ਜਲਦੀ ਹੀ ਲੋਕਾਂ ਨੂੰ ਜਲੇਬੀਆਂ ਫਿੱਕੀਆਂ ਲੱਗਣ ਲੱਗ ਪੈਣਗੀਆਂ ਵਿਆਹ ਸ਼ਾਦੀਆਂ ਵਿੱਚ ਮਿੱਠੇ, ਨਮਕੀਨ, ਖੱਟੇ, ਹਲਕੇ, ਭਾਰੇ ਆਦਿ ਹਰ ਤਰ੍ਹਾਂ ਦੇ ਵਿਅੰਜਨ ਰੱਖਣੇ ਪੈਂਦੇ ਹਨ ਤਾਂ ਕਿ ਮਹਿਮਾਨ ਆਪੋ-ਆਪਣੀ ਪਸੰਦ ਦੀ ਚੀਜ਼ ਖਾ ਸਕਣ ਇਸੇ ਤਰ੍ਹਾਂ ਗਾਇਕੀ ਦੇ ਖੇਤਰ ਵਿੱਚ ਵੀ ਹਰ ਤਰ੍ਹਾਂ ਦੇ ਗੀਤ-ਸੰਗੀਤ ਦੀ ਮੰਗ ਰਹਿਣੀ ਹੀ ਹੈ। ਕਿਉਂਕਿ ਜਿਹੜੇ ਗੀਤ ਸਾਨੂੰ ਮਾੜੇ ਲੱਗਦੇ ਹਨ, ਉਹ ਕਿਸੇ ਹੋਰ ਨੂੰ ਪਸੰਦ ਹੋ ਸਕਦੇ ਹਨ। ਜੇ ਉਹ ਸਾਰਿਆਂ ਨੂੰ ਹੀ ਮਾੜੇ ਲੱਗਦੇ ਹੋਣ ਤਾਂ ਫਿਰ ਉਹ ਹਿੱਟ ਕਿਵੇਂ ਹੋ ਜਾਣ? ਜਿਹੜੀ ਗਾਇਕੀ ਸਾਨੂੰ ਸੁਣਨਯੋਗ ਨਹੀਂ ਲੱਗਦੀ, ਉਹ ਕਿਸੇ ਹੋਰ ਨੂੰ ਪੂਰਾ ਆਨੰਦ ਦੇਣ ਵਾਲੀ ਹੋ ਸਕਦੀ ਹੈ ਜਿਹੜਾ ਗੀਤ ਸਾਨੂੰ ਅਸ਼ਲੀਲ ਲੱਗਦਾ ਹੈ, ਉਹ ਕਿਸੇ ਹੋਰ ਨੂੰ ਸਧਾਰਨ ਕਿਸਮ ਦਾ ਲੱਗ ਸਕਦਾ ਹੈ ਜਿਹੜਾ ਗੀਤ ਕਿਸੇ ਧੀਆਂ-ਭੈਣਾਂ ਵਾਲੇ ਪਰਿਵਾਰ ਨੂੰ ਘਟੀਆ ਲੱਗ ਸਕਦਾ ਹੈ, ਕਿਸੇ ਛੜੇ ਨੂੰ ਉਹ ਗੀਤ ਸੁਣ ਕੇ ਪਸੰਦ ਆ ਸਕਦਾ ਹੈ ਇਸ ਲਈ ਬਹੁਤ ਸਾਰੇ ਗੀਤ ਜਿਹੜੇ ਸਾਨੂੰ ਲੱਚਰ ਲੱਗਦੇ ਹਨ ਜਾਂ ਉਹਨਾਂ ਦੀਆਂ ਵੀਡੀਓਜ਼ ਅਸ਼ਲੀਲ ਲੱਗਦੀਆਂ ਹਨ, ਕਈ ਲੋਕ ਆਪਣੇ ਪਰਿਵਾਰ ਵਿੱਚ ਬੈਠੇ ਉਹ ਸਭ ਕੁਝ ਵੇਖ ਸੁਣ ਰਹੇ ਹੁੰਦੇ ਹਨ ਉਹਨਾਂ ਨੂੰ ਇਸ ਬਾਰੇ ਪੁੱਛੋ ਤਾਂ ਅੱਗੋਂ ਸਿੱਧਾ ਜਿਹਾ ਜਵਾਬ ਮਿਲਦਾ ਹੈ, ‘ਫਿਰ ਕੀ ਹੋਇਆ, ਗੀਤ ਤਾਂ ਮਨੋਰੰਜਨ ਵਾਸਤੇ ਹੁੰਦੇ ਹਨ, ਬਹੁਤੀ ਟੈਨਸ਼ਨ ਨਹੀਂ ਲੈਣੀ ਚਾਹੀਦੀ

ਇਸ ਲਈ ਪਹਿਲਾਂ ਤਾਂ ਸਾਨੂੰ ਇਹ ਮੰਨ ਕੇ ਚੱਲਣ ਦੀ ਲੋੜ ਹੈ ਕਿ ਹਰ ਕਿਸੇ ਦੀ ਆਪੋ-ਆਪਣੀ ਪਸੰਦ ਹੁੰਦੀ ਹੈ ਅਤੇ ਹਰ ਕੋਈ ਆਪੋ-ਆਪਣੀ ਪਸੰਦ ਦੇ ਹਿਸਾਬ ਨਾਲ ਜੋ ਮਰਜ਼ੀ ਵੇਖਣ, ਸੁਣਨ ਜਾਂ ਗਾਉਣ ਦਾ ਹੱਕ ਰੱਖਦਾ ਹੈ ਇਸ ਮਾਮਲੇ ਵਿੱਚ ਬਹੁਤੇ ਉਪਦੇਸ਼ ਦੇਣ ਦੀ ਕੋਈ ਲੋੜ ਨਹੀਂ ਹੁੰਦੀ ਪਰ ਨਾਲ ਹੀ ਇਹ ਵੀ ਗੱਲ ਸਮਝ ਲੈਣ ਦੀ ਲੋੜ ਹੈ ਕਿ ਕੋਈ ਵੀ ਆਪਣੀ ਊਟ-ਪਟਾਂਗ ਪਸੰਦ ਨੂੰ ਦੂਜਿਆਂ ਉੱਤੇ ਥੋਪਣ ਦਾ ਹੱਕ ਨਹੀਂ ਰੱਖਦਾ ਇਸ ਕਰਕੇ ਅਜਿਹੇ ਗੀਤ ਹਰ ਜਨਤਕ ਥਾਂ ਉੱਤੇ ਵਜਾਉਣੇ ਅਤੇ ਵਿਖਾਉਣੇ ਪੂਰੀ ਤਰ੍ਹਾਂ ਗੈਰ-ਇਖ਼ਲਾਕੀ ਅਤੇ ਗੈਰ-ਕਾਨੂੰਨੀ ਮੰਨੇ ਜਾਣੇ ਚਾਹੀਦੇ ਹਨ ਬੱਸਾਂ ਜਾਂ ਟੈਕਸੀਆਂ ਵਿੱਚ ਸਵਾਰੀਆਂ ਦੀ ਮਰਜ਼ੀ ਦੇ ਉਲਟ ਇਸ ਤਰ੍ਹਾਂ ਦੇ ਗੀਤ ਚਲਾਉਣੇ, ਦਿਨ ਦੇ ਸਮੇਂ ਹੀ ਟੈਲੀਵਿਜ਼ਨ ਚੈਨਲਾਂ ਉੱਤੇ ਅਜਿਹਾ ਗੰਦ ਪਰੋਸਣਾ, ਵਿਆਹ-ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਮੌਕਿਆਂ ਉੱਤੇ ਕੰਨ-ਪਾੜਵੀਂ ਆਵਾਜ਼ ਵਿੱਚ ਡੀਜੇ ਵਜਾਉਣਾ ਅਤੇ ਨੇੜੇ ਰਹਿਣ ਵਾਲੇ ਲੋਕਾਂ ਦੀ ਮਰਜ਼ੀ ਦੇ ਉਲਟ, ਉਹਨਾਂ ਨੂੰ ਗੈਰ-ਮਿਆਰੀ ਗੀਤ ਸੁਣਨ ਲਈ ਮਜ਼ਬੂਰ ਕਰਨਾ, ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਜੇਕਰ ਕਿਸੇ ਨੂੰ ਇਸ ਤਰ੍ਹਾਂ ਦੇ ਗੀਤ ਪਸੰਦ ਹਨ ਤਾਂ ਉਹ ਆਪਣੇ ਘਰ ਵਿੱਚ ਲੋੜੀਂਦੀ ਆਵਾਜ਼ ਵਿੱਚ ਲਗਾ ਕੇ ਸੁਣ ਲਵੇ ਜਾਂ ਵੇਖ ਲਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਆਪਣੀ ਪਸੰਦ ਦੇ ਗੀਤ, ਹੋਰ ਲੋਕਾਂ ਨੂੰ ਧੱਕੇ ਨਾਲ ਸੁਣਾਉਣੇ ਜਾਂ ਵਿਖਾਉਣੇ, ਦੂਸਰਿਆਂ ਦੀ ਆਜ਼ਾਦੀ ਵਿੱਚ ਵਿਘਨ ਪਾਉਣ ਦੇ ਬਰਾਬਰ ਹੈ

ਇਸ ਕਰਕੇ ਹਰ ਕਿਸਮ ਦੇ ਗੀਤ ਮਾਰਕੀਟ ਵਿੱਚ ਆਉਣਗੇ ਵੀ ਅਤੇ ਵਿਕਣਗੇ ਵੀ, ਉਹਨਾਂ ਉੱਤੇ ਰੋਕ ਨਹੀਂ ਲਾਈ ਜਾ ਸਕਦੀ। ਪਰ ਸਮੱਸਿਆ ਇਹ ਹੈ ਕਿ ਸਾਡੇ ਭਾਰਤ ਵਿੱਚ ਟੈਲੀਵਿਜ਼ਨ ਚੈਨਲਾਂ ਉੱਤੇ ਵਿਖਾਏ ਜਾਂਦੇ ਪ੍ਰੋਗਰਾਮਾਂ ਵਿੱਚ ਅਜਿਹੀ ਕੋਈ ਗਰੇਡਿੰਗ ਨਹੀਂ ਹੁੰਦੀ ਕਿ ਕੋਈ ਗੀਤ ਜਾਂ ਪ੍ਰੋਗਰਾਮ ਕਿਸ ਉਮਰ/ਵਰਗ ਦੇ ਦਰਸ਼ਕਾਂ ਲਈ ਹੈ ਇਸ ਲਈ ਸਾਡੇ ਬੱਚੇ ਆਪਣੀ ਉਮਰ ਤੋਂ ਪਹਿਲਾਂ ਹੀ ਉਹ ਸਭ ਕੁਝ ਵੇਖਣਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਉਹਨਾਂ ਲਈ ਕਿਸੇ ਖਾਸ ਉਮਰ ਵਿੱਚ ਵੇਖਣ ਲਈ ਠੀਕ ਹੁੰਦਾ ਹੈ ਪਰ ਆਪਣੀ ਕੱਚੀ ਸਮਝ ਕਾਰਨ ਉਹ ਉਸ ਬੋਲ ਜਾਂ ਦ੍ਰਿਸ਼ ਦੇ ਅਸਲੀ ਅਰਥਾਂ ਅਤੇ ਮਹੱਤਤਾ ਨੂੰ ਸਮਝ ਨਹੀਂ ਪਾਉਂਦੇ ਇਸੇ ਕਾਰਨ ਉਹ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ, ਜਿਨ੍ਹਾਂ ਦੇ ਨਤੀਜੇ ਬਾਰੇ ਉਹਨਾਂ ਨੂੰ ਬਿਲਕੁਲ ਹੀ ਇਲਮ ਨਹੀਂ ਹੁੰਦਾ ਇਹ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਕੋਈ 10-12 ਸਾਲ ਦਾ ਬੱਚਾ ਕਾਰ ਜਾਂ ਸਕੂਟਰ ਚਲਾਉਣ ਦੀ ਕੋਸ਼ਿਸ਼ ਕਰੇ ਅਤੇ ਲੱਤਾਂ-ਬਾਹਾਂ ਤੁੜਵਾ ਬੈਠੇ ਜਾਂ ਆਪਣੀ ਜਾਨ ਹੀ ਗੁਆ ਲਵੇ

ਇਸ ਲਈ ਹੁਣ ਸਾਨੂੰ ਇਸ ਮੁੱਦੇ ਉੱਤੇ ਸੋਚਣ ਦੀ ਲੋੜ ਹੈ ਕਿ ਅਸੀਂ ਆਪਣੇ ਗੀਤਾਂ ਅਤੇ ਵੀਡੀਓਜ਼ ਦੀ ਗਰੇਡਿੰਗ ਕਰਨ ਦੀ ਸ਼ੁਰੂਆਤ ਕਰੀਏ ਆਖਰ ਕੁਝ ਤਾਂ ਸਰਬ ਸੰਮਤੀ ਵਾਲੇ ਨਿਯਮ ਬਣਾਈਏ ਜਿਨ੍ਹਾਂ ਰਾਹੀਂ ਅਸੀਂ ਇਸ ਸੰਗੀਤਕ ਪ੍ਰਦੂਸ਼ਣ ਉੱਤੇ ਕੋਈ ਰੋਕ ਲਾ ਸਕੀਏ। ਸਾਨੂੰ ਇਹ ਵੰਡ ਕਰਨੀ ਹੀ ਪਵੇਗੀ ਕਿ ਟੈਲੀਵਿਜ਼ਨ ਉੱਤੇ ਚਲਾਉਣ ਵਾਲੇ ਗੀਤ ਕਿਹੜੇ ਹੋਣ ਅਤੇ ਟਰੱਕਾਂ ਅਤੇ ਖੇਤਾਂ ਦੀਆਂ ਮੋਟਰਾਂ ਉੱਤੇ ਸੁਣਨ ਵਾਲੇ ਕਿਹੜੇ ਹੋਣ। ਸਾਨੂੰ ਫੈਸਲਾ ਕਰਨਾ ਹੀ ਚਾਹੀਦਾ ਹੈ ਕਿ ਵਿਹੜੇ ਵਿੱਚ ਲਾਏ ਡੀਜੇ ਉੱਤੇ ਕਿਹੜੇ ਗੀਤ ਚੱਲਣ ਅਤੇ ਬੰਦ ਕਮਰੇ ਵਿੱਚ ਲੱਗੀ ਸੀਡੀ ਉੱਤੇ ਕਿਹੜੇ ਚੱਲਣ ਇਸੇ ਤਰ੍ਹਾਂ ਡੀਜੇ ਦੀ ਆਵਾਜ਼ ਦਾ ਪੱਧਰ ਵੀ ਨਿਰਧਾਰਤ ਕਰਨ ਦੀ ਲੋੜ ਹੈ। ਇਹ ਵੀ ਤੈਅ ਕਰਨ ਦੀ ਲੋੜ ਹੈ ਕਿ ਟੈਲੀਵਿਜ਼ਨ ਚੈਨਲਾਂ ਉੱਤੇ ਕਿਹੜੇ-ਕਿਹੜੇ ਸਮੇਂ, ਕਿਸ-ਕਿਸ ਪੱਧਰ ਦੇ ਗੀਤ ਚਲਾਏ ਜਾ ਸਕਦੇ ਹਨ ਇਸੇ ਤਰ੍ਹਾਂ ਕੁਝ ਖਾਸ ਕਿਸਮ ਦੇ ਗੀਤਾਂ ਨੂੰ ਕੁਝ ਖਾਸ ਤਰ੍ਹਾਂ ਦੇ ਟੈਲੀਵਿਜ਼ਨ ਚੈਨਲਾਂ ਉੱਤੇ ਹੀ ਚਲਾਇਆ ਜਾਵੇ ਹਰ ਥਾਂ ਉੱਤੇ ਅਤੇ ਹਰ ਵੇਲੇ ਇਸ ਤਰ੍ਹਾਂ ਕਰਨਾ ਗੈਰ ਕਾਨੂੰਨੀ ਮੰਨਿਆ ਜਾਵੇ ਗੀਤਾਂ ਦੇ ਵੀਡੀਓਜ਼ ਬਾਰੇ ਨਿਯਮ ਬਣਾਉਣੇ ਤਾਂ ਹੋਰ ਵੀ ਸੌਖੇ ਹਨ ਕਿਉਂਕਿ ਬੋਲਣ ਦੀ ਭਾਸ਼ਾ ਦੇ ਅਰਥ ਤਾਂ ਇੱਕ ਤੋਂ ਵੱਧ ਵੀ ਹੋ ਸਕਦੇ ਹਨ ਪਰ ਵੇਖਣ ਦੀ ਭਾਸ਼ਾ ਦੇ ਅਰਥ ਬਹੁਤੇ ਫਰਕ ਵਾਲੇ ਨਹੀਂ ਹੁੰਦੇ। ਕੀ ਇਹ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਗੀਤ ਦੇ ਵੀਡੀਓ ਵਿੱਚ, ਸਰੀਰ ਦੇ ਕਿਹੜੇ ਕਿਹੜੇ ਅੰਗ ਢਕੇ ਹੋਏ ਹੋਣੇ ਜਰੂਰੀ ਹਨ? ਕੀ ਇਹ ਨਿਰਧਾਰਨ ਨਹੀਂ ਕਰਨਾ ਚਾਹੀਦਾ ਕਿ ਇਹਨਾਂ ਵਿੱਚੋਂ ਕਿਹੜੇ ਵੀਡੀਓਜ਼ ਜਨਤਕ ਤੌਰ ’ਤੇ ਵਿਖਾਉਣ ਵਾਲੇ ਹਨ ਅਤੇ ਕਿਹੜੇ ਨਹੀਂ? ਕੀ ਕੁਝ ਸਿਆਣੇ ਵਿਦਵਾਨ ਇਕੱਠੇ ਬੈਠ ਕੇ ਇੰਨਾ ਵੀ ਫੈਸਲਾ ਨਹੀਂ ਕਰ ਸਕਦੇ? ਕੀ ਇਸ ਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾ ਸਕਦਾ?

ਜੇਕਰ ਅਸੀਂ ਸੱਚਮੁੱਚ ਹੀ ਕਿਰਤ ਸੱਭਿਆਚਾਰ ਨੂੰ ਬਚਾਉਣਾ ਅਤੇ ਵਿਹਲੜ ਸੱਭਿਆਚਾਰ ਨੂੰ ਭਜਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਔਖੇ ਹੋ ਕੇ ਵੀ ਬਿੱਲੀ ਦੇ ਗਲ਼ ਵਿੱਚ ਟੱਲੀ ਬੰਨ੍ਹਣੀ ਹੀ ਪਏਗੀ। ਬੇਮਤਲਬ ਦੀ ਹਿੰਸਾ ਅਤੇ ਅਸ਼ਲੀਲ ਦ੍ਰਿਸ਼ ਹਰ ਉਮਰ ਦੇ ਦਰਸ਼ਕਾਂ ਨੂੰ ਬੇਵਜ੍ਹਾ ਵਿਖਾਉਣੇ ਬੰਦ ਕਰਨੇ ਹੀ ਪੈਣਗੇ। ਨਿੱਜੀ ਤੌਰ ’ਤੇ ਅਸੀਂ ਸੈਂਸਰ ਦੇ ਹੱਕ ਵਿੱਚ ਹੋਈਏ ਜਾਂ ਨਾ ਹੋਈਏ ਪਰ ਭੂਤਰੇ ਵਹਿੜਕਿਆਂ ਨੂੰ ਨੱਥ ਤਾਂ ਪਾਉਣੀ ਹੀ ਪਏਗੀ ਜੇਕਰ ਇੰਜ ਨਾ ਕੀਤਾ ਗਿਆ ਤਾਂ ਉਹਨਾਂ ਨੇ ਸੱਭਿਆਚਾਰ ਦੀ ਗੱਡੀ ਨੂੰ ਮੂਧੀ ਮਾਰਨ ਵਿੱਚ ਕੋਈ ਕਸਰ ਨਹੀਂ ਛੱਡਣੀ। ਭਾਵੇਂ ਕਿ ਉਪਰੋਕਤ ਸਭ ਕੁਝ ਸਰਕਾਰ ਦੇ ਕਰਨ ਨਾਲ ਹੀ ਹੋਣਾ ਹੈ ਪਰ ਸਾਨੂੰ ਆਪਣੇ ਪੱਧਰ ਉੱਤੇ ਵੀ ਯਤਨ ਸ਼ੁਰੂ ਕਰਨ ਦੀ ਲੋੜ ਹੈ ਫਿਰ ਵੀ ਇਸ ਸੰਬੰਧੀ ਪਹਿਲ ਕੋਈ ਉੱਚੇ ਰੁਤਬੇ ਵਾਲੀ ਏਜੰਸੀ ਹੀ ਕਰੇ ਤਾਂ ਕਿ ਲੋਕ ਉਸਦਾ ਸਾਥ ਦੇਣ ਨੂੰ ਵੀ ਤਿਆਰ ਹੋ ਜਾਣ ਕੁਝ ਗਿਣਵੇਂ-ਚੁਣਵੇਂ, ਵਿਗੜਿਆਂ-ਤਿਗੜਿਆਂ ਨੂੰ ਸੁਧਾਰਨ ਲਈ, ਜੇਕਰ ਡੰਡੇ-ਪੀਰ ਦੀ ਸਹਾਇਤਾ ਵੀ ਲੈਣੀ ਪਵੇ ਤਾਂ ਗੈਰ-ਮੁਨਾਸਿਬ ਨਹੀਂ ਹੋਵੇਗੀ ਆਖਰ ਕੋਈ ਹੀਲਾ ਤਾਂ ਕਰਨਾ ਹੀ ਪਊ, ਐਵੇਂ ‘ਗੁੜ-ਗੁੜ’ ਆਖਣ ਨਾਲ ਹੀ ਤਾਂ ਮੂੰਹ ਮਿੱਠਾ ਨਹੀਂ ਹੋ ਜਾਂਦਾ

*****

(268)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: (91 - 94171 - 93193)
Email: (gurditgs@gmail.com)

More articles from this author