JaspalSLoham7“ਇੱਕ ਗੱਲ ਸਮਝਣ ਵਾਲੀ ਹੈ ਇੱਕ ਪਾਸੇ ਪਾਕਿਸਤਾਨ ਸ਼ਾਂਤੀ ਦੂਤ ਬਣਦਾ ਹੈ ਅਤੇ ...”
(6 ਨਵੰਬਰ 2026)

 

ਸੰਸਾਰ ਭਰ ਦੇ ਹਾਲਾਤ ਦੇਖੋ, ਕਿਵੇਂ ਆਪਣੀ ਹਿੰਡ ਪੁਗਾਉਣ ਲਈ ਇੱਕ ਦੇਸ਼ ਦੂਜੇ ਦੇਸ਼ ਨਾਲ ਲੜਦਾ ਹੈ, ਜੰਗ ਲਾਉਂਦਾ ਹੈ; ਜਿਸ ਵਿੱਚ ਦੋਹਾਂ ਪਾਸਿਆਂ ਦਾ ਵੱਡੀ ਪੱਧਰ ’ਤੇ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਅਜਿਹੇ ਮੁਲਕ ਤਰੱਕੀ ਦੇ ਮਾਮਲੇ ਵਿੱਚ ਬਹੁਤ ਪਿੱਛੇ ਚਲੇ ਜਾਂਦੇ ਹਨ ਅਤੇ ਉਨ੍ਹਾਂ ਦੀ ਆਰਥਿਕਤਾ ਨੂੰ ਵੱਡੇ ਪੱਧਰ ਦੇ ਢਾਹ ਲਗਦੀ ਹੈ। ਬੀਤੇ ਦਿਨੀਂ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਦੇ ਨੇਤਾਵਾਂ ਦੀ ਇੱਕ ਸਾਂਝੀ ਮੀਟਿੰਗ ਸਊਦੀ ਅਰਬ ਦੇ ਅੱਲ ਮੁਕਰਮਾ ਵਿੱਚ ਹੋਈ। ਇਹ ਸਾਂਝੀ ਰੱਖਿਆ ਮੀਟਿੰਗ ਸੀ। ਇਸ ਵਿੱਚ ਇੱਕ ਰੱਖਿਆ ਸਮਝੌਤੇ ’ਤੇ ਦਸਤਖਤ ਕੀਤੇ ਗਏ। ਇਸ ਸਮਝੌਤੇ ਵਿੱਚ ਇਹ ਫੈਸਲਾ ਕਰ ਲਿਆ ਗਿਆ ਕਿ ਜੇਕਰ ਕਿਸੇ ਦੁਸ਼ਮਣ ਦੇਸ਼ ਨੇ ਤਿੰਨਾਂ ਵਿੱਚੋਂ ਕਿਸੇ ਇੱਕ ’ਤੇ ਹਮਲਾ ਕੀਤਾ ਤਾਂ ਇਹ ਹਮਲਾ ਤਿੰਨਾਂ ਦੇਸ਼ਾਂ ’ਤੇ ਹੋਇਆ ਸਮਝਿਆ ਜਾਵੇਗਾ।

ਸਾਊਦੀ ਕਰਾਊਨ ਪ੍ਰਿੰਸ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਉਸ ਮੀਟਿੰਗ ਵਿੱਚ ਹਾਜ਼ਰ ਸਨ। ਉਨ੍ਹਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਸੀ ਕਿ ਇਹ ਸਮਝੌਤਾ ਇਤਿਹਾਸਿਕ ਸੰਬੰਧਾਂ, ਇਸਲਾਮੀ ਏਕਤਾ ਅਤੇ ਸਾਂਝੇ ਰਣਨੀਤਕ ਹਿਤਾਂ ’ਤੇ ਪਹਿਰਾ ਦੇਵੇਗਾ। ਇਹ ਸਮਝੌਤਾ ਤੇਲ ਭਰਪੂਰ ਸਾਊਦੀ ਅਰਬ, ਪਰਮਾਣੂ ਸ਼ਕਤੀ ਪਾਕਿਸਤਾਨ ਅਤੇ ਤਕੜੀ ਫੌਜ ਵਾਲੇ ਦੇਸ਼ ਤੁਰਕੀ, ਇਨ੍ਹਾਂ ਦੇਸ਼ਾਂ ਦਾ ਹੈ। ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਲੋੜ ਪੈਂਦੀ ਹੈ ਤਾਂ ਦੂਜਿਆਂ ਨੂੰ ਬੇਨਤੀ ਕਰੇਗਾ ਤੇ ਫਿਰ ਬਾਕੀ ਦੇ ਦੋਵੇਂ ਦੇਸ਼ ਉਸਦੀ ਹਰ ਤਰ੍ਹਾਂ ਦੀ ਮਦਦ ਕਰਨਗੇ। ਇਹ ਤਿੰਨੇ ਦੇਸ਼ ਸਾਊਦੀ ਅਰਬ ਵਿੱਚ ਵੀ ਇੱਕ ਸਕੱਤਰ ਵੀ ਬਣਾਉਣਗੇ। ਇਸ ਸਮਝੌਤੇ ਨੂੰ “ਮੱਕਾ ਜੋਆਇੰਟ ਡਿਫੈਂਸ ਐਗਰੀਮੈਂਟ” ਦਾ ਨਾਂਅ ਦਿੱਤਾ ਗਿਆ। ਅਸਲ ਵਿੱਚ ਤਿੰਨ ਫੌਜੀ ਤਾਕਤਾਂ ਨੂੰ ਇਕੱਠਾ ਕਰਕੇ ਇਨ੍ਹਾਂ ਨੇ ਤਿੱਗਣਾ ਕਰ ਦਿੱਤਾ ਹੈ।

ਪਾਕਿਸਤਾਨ ਕੋਲ ਹਥਿਆਰਾਂ ਅਤੇ ਪਰਮਾਣੂ ਹਥਿਆਰਾਂ ਦਾ ਲੰਬਾ ਤਜਰਬਾ ਹੈ। ਸਾਊਦੀ ਅਰਬ ਕੋਲ ਤਕੜੀ ਆਰਥਿਕ ਸ਼ਕਤੀ ਹੈ ਜੋ ਫੌਜ ਦੇ ਲਈ, ਫੌਜ ਦੇ ਹਥਿਆਰਾਂ ਲਈ ਕੰਮ ਆਏਗੀ। ਤੁਰਕੀ ਇੱਕ ਨਾਟੋ ਮੈਂਬਰ ਹੈ ਜਿਸ ਕੋਲ ਡਰੋਨ ਟੈਕਨੌਲੋਜੀ ਅਤੇ ਮਜ਼ਬੂਤ ਰੱਖਿਆ ਉਦਯੋਗ ਹੈ। ਇਹ ਵੀ ਕਾਰਨ ਹੋ ਸਕਦਾ ਹੈ ਕਿ ਉਨ੍ਹਾਂ ਦਾ ਅਮਰੀਕਾ ਕੋਲੋਂ ਵਿਸ਼ਵਾਸ ਘਟਣ ਲੱਗ ਗਿਆ ਹੈ ਤੇ ਇਹ ਨਵੇਂ ਗੱਠਜੋੜ ਵਧ ਰਹੇ ਹਨ। ਕਿਸੇ ਸਮੇਂ ਇਹ ਦੇਸ਼ ਸਿਰਫ ਅਮਰੀਕਾ ਨੂੰ ਹੀ ਆਪਣਾ ਸੁਰੱਖਿਆ ਮਿੱਤਰ ਸਮਝਦੇ ਸਨ। ਇਹ ਸਮਝੌਤਾ ਭਾਰਤ ਲਈ ਵੀ ਇੱਕ ਨਵੀਂ ਸਮੱਸਿਆ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਇੱਕ ’ਤੇ ਹਮਲਾ ਸਭ ’ਤੇ ਹਮਲਾ ਸਮਝਿਆ ਜਾਵੇਗਾ। ਇਹ ਨਵਾਂ ਸਮਝੌਤਾ ਤਿੰਨਾਂ ਦੇਸ਼ਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਇਹ ਉਨ੍ਹਾਂ ਦਾ ਹੋਰ ਹੌਸਲਾ ਬੁਲੰਦ ਕਰੇਗਾ।

ਇਨ੍ਹਾਂ ਤਿੰਨਾਂ ਦੇਸ਼ਾਂ ਤੋਂ ਇਲਾਵਾ ਬਾਕੀ ਆਸ ਪਾਸ ਦੇ ਦੇਸ਼ਾਂ ਨੇ ਵੀ ਇਨ੍ਹਾਂ ਦੀ ਰਣਨੀਤੀ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਕਿ ਇਹ ਆਪਣਾ ਗੱਠਜੋੜ ਬਣਾ ਕੇ ਕੀ ਕਰਨਾ ਚਾਹੁੰਦੇ ਹਨ? ਇਹ ਹੋਰ ਦੇਸ਼ਾਂ ਨੂੰ ਵੀ ਆਪਣੀ ਤਾਕਤ ਦੱਸਣਾ ਚਾਹੁੰਦੇ ਹਨ। ਦੂਜਿਆਂ ਨੂੰ ਇਹ ਆਪਣੀ ਪਾਵਰ ਤਿੰਨ ਗੁਣਾ ਦਿਖਾ ਰਹੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ। ਏਕੇ ਵਿੱਚ ਬਰਕਤ ਹੈ।

ਇਹ ਸਾਰੇ ਹੀ ਮੁਸਲਮਾਨ ਦੇਸ਼ ਹਨ ਤੇ ਉਨ੍ਹਾਂ ਦੀ ਵਿਚਾਰਧਾਰਾ ਵੀ ਇੱਕਸਾਰ ਮਿਲਦੀ ਜੁਲਦੀ ਹੈ। ਇਹ ਗੱਠਜੋੜ ਦੂਸਰਿਆਂ ਲਈ ਸਬਕ ਹੈ ਤੇ ਉਹ ਦੱਸਣਾ ਚਾਹੁੰਦੇ ਹਨ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਜੇ ਕਿਸੇ ਨੇ ਸਾਡੇ ਨਾਲ ਪੰਗਾ ਲਿਆ, ਅਸੀਂ ਤਿੰਨੇ ਹੀ ਉੱਸ ਉੱਤੇ ਭਾਰੀ ਪਵਾਂਗੇ, ਹਮਲਾਵਰ ਰੁੱਖ ਅਪਣਾਵਾਂਗੇ। ਬੀਤੇ ਸਮੇਂ ਵੱਲ ਝਾਤ ਮਾਰ ਲਈ ਜਾਵੇ। ਕਦੇ ਵੀ ਭਾਰਤ ਨੇ ਪਹਿਲਾਂ ਹਮਲਾ ਨਹੀਂ ਕੀਤਾ; ਜਦੋਂ ਵੀ ਪਾਕਿਸਤਾਨ ਹਮਲਾ ਕਰਦਾ ਹੈ, ਉਦੋਂ ਪਾਕਿਸਤਾਨ ਹੀ ਪਹਿਲ ਕਰਦਾ ਹੈ। ਉਸਦੇ ਜਵਾਬ ਵਿੱਚ ਉਸਨੂੰ ਭਾਜੀ ਮੋੜਨ ਲਈ ਭਾਰਤ ਆਪਣੀ ਰੱਖਿਆ ਕਰਨ ਲਈ ਉਹਦੇ ’ਤੇ ਹਮਲਾ ਕਰਕੇ ਮੂੰਹ ਤੋੜ ਜਵਾਬ ਦਿੰਦਾ ਰਿਹਾ ਹੈ। ਭਾਰਤ ਹਵਾਈ, ਜ਼ਮੀਨੀ ਅਤੇ ਸਮੁੰਦਰੀ ਫੌਜ ਨਾਲ ਪੂਰੀ ਤਰ੍ਹਾਂ ਲੈਸ ਹੈ। ਉੱਧਰ ਪਾਕਿਸਤਾਨ ਕੋਲ ਵੀ ਆਰਮੀ, ਨੇਵੀ ਅਤੇ ਏਅਰ ਫੋਰਸ ਦਾ ਭੰਡਾਰ ਹੈ। ਪਾਕਿਸਤਾਨ ਸਰਕਾਰ ਆਪਣੀ ਫੌਜ ਉੱਤੇ ਆਪਣੇ ਬਜਟ ਦਾ ਤਿੰਨ ਫੀਸਦੀ ਹਿੱਸਾ ਖਰਚਾ ਕਰਦੀ ਹੈ।

ਬੀਤੇ ਸਮੇਂ ਪਾਕਿਸਤਾਨ ਦੇ ਦੋ ਚਿਹਰੇ ਸਾਹਮਣੇ ਆਏ ਹਨ। ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ, ਇਜ਼ਰਾਇਲ ਅਤੇ ਇਰਾਨ ਵਿੱਚ ਚੱਲ ਰਹੀ ਜੰਗ ਵਿੱਚ ਦੋਹਾਂ ਦੇਸ਼ਾਂ ਨਾਲ ਅੰਦਰੂਨੀ ਸੰਪਰਕ ਕਰਕੇ ਪਾਕਿਸਤਾਨ ਵਿੱਚ ਇੱਕ ਥਾਂ ’ਤੇ ਦੋਨਾਂ ਧਿਰਾਂ ਨੂੰ ਸੱਦ ਕੇ ਸ਼ਾਂਤੀ ਰੱਖਣ ਅਤੇ ਜੰਗ ਰੋਕਣ ਦੇ ਮੁੱਦੇ ਤੇ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਚੱਲ ਰਹੀ ਜੰਗ ਨੂੰ ਤੁਰੰਤ ਰੋਕਿਆ ਜਾ ਸਕੇ। ਇਸ ਤਰ੍ਹਾਂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਜੰਗ ਰੋਕਣ ਦੇ ਮੁੱਦੇ ’ਤੇ ਸਰਗਰਮੀ ਵੀ ਚਲਦੀ ਰਹੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪਾਕਿਸਤਾਨ ਇੱਕ ਸ਼ਾਂਤੀ ਦੂਤ ਬਣ ਕੇ ਇੱਕ ਨੇਕ ਮਿਲਣੀ ਕਰਵਾ ਰਿਹਾ ਹੈ ਜਦੋਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਦੂਜਾ ਚਿਹਰਾ ਇਹ ਹੈ ਕਿ ਉਸਨੇ ਭਾਰਤ ਅੰਦਰ ਵੱਖਵਾਦੀ ਅੱਤਵਾਦੀ ਗਰੁੱਪਾਂ ਰਾਹੀਂ ਭਾਰਤੀ ਜੰਮੂ ਕਸ਼ਮੀਰ ਵਿੱਚ ਅੱਤਵਾਦ ਨੂੰ ਹੱਲਾਸ਼ੇਰੀ ਦਿੱਤੀ ਅਤੇ ਅਜ਼ਾਦੀ ਦਾ ਢੌਂਗ ਰਚਾਇਆ। ਇਹ ਜੰਮੂ ਕਸ਼ਮੀਰ ਜੰਗਲੀ ਪਹਾੜੀ ਖੇਤਰ ਹੋਣ ਕਰਕੇ ਕਈ ਦਹਾਕਿਆਂ ਤੋਂ ਅੱਗ ਵਿੱਚ ਸੁਲਗਦਾ ਆ ਰਿਹਾ ਹੈ।

ਪਾਕਿਸਤਾਨ ਦੇ ਸਿਆਸੀ ਨੇਤਾ, ਪਾਕਿਸਤਾਨੀ ਫੌਜ ਅਤੇ ਅੱਤਵਾਦੀ ਜਥੇਬੰਦੀਆਂ ਨੇ ਰਲਮਿਲ ਕੇ ਜੰਮੂ ਕਸ਼ਮੀਰ ਨੂੰ ਭਾਰਤ ਨਾਲੋਂ ਤੋੜਨ ਲਈ ਸਰਗਰਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਸੰਸਾਰ ਪੱਧਰ ’ਤੇ ਵੀ ਭਾਰਤੀ ਫੌਜ ਵੱਲੋਂ ਜੰਮੂ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਦੇ ਮੁੱਦੇ ’ਤੇ ਭਾਰਤ ਦੀ ਕਿਰਕਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਅਸਫਲ ਹੋਈ। ਸਾਰੇ ਦੇਸ਼ ਇਹ ਭਲੀਭਾਂਤ ਜਾਣਦੇ ਹਨ ਕਿ ਪਾਕਿਸਤਾਨ ਖੁਦ ਗੁਰਬਤ ਦੀ ਜ਼ਿੰਦਗੀ ਜੀਅ ਰਿਹਾ ਹੈ, ਪਾਕਿਸਤਾਨ ਦੇ ਅੰਦਰ ਵੱਡੇ ਪੱਧਰ ’ਤੇ ਅਸ਼ਾਂਤੀ ਫੈਲੀ ਹੋਈ ਹੈ। ਪਾਕਿਸਤਾਨੀ ਨੇਤਾ ਆਪਣੇ ਦੇਸ਼ ਨੂੰ ਸੰਭਾਲ ਨਹੀਂ ਪਾ ਰਹੇ; ਉਹ ਹੋਰ ਕੀ ਕਰ ਸਕਦੇ ਹਨ।

ਪਾਕਿਸਤਾਨ ਦੇ ਆਜ਼ਾਦ ਕਸ਼ਮੀਰ ਅਤੇ ਬਲੋਚਿਸਤਾਨ ਵਿੱਚ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ। ਉੱਥੋਂ ਦੇ ਨਾਗਰਿਕ ਪਾਕਿਸਤਾਨ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਉਹ ਹਥਿਆਰਬੰਦ ਹੋ ਕੇ ਅਜ਼ਾਦੀ ਮੰਗਦੇ ਹਨ ਅਤੇ ਪਾਕਿਸਤਾਨੀ ਫੌਜ ਨਾਲ ਦੋ ਹੱਥ ਕਰ ਰਹੇ ਹਨ। ਇੱਕ ਗੱਲ ਸਮਝਣ ਵਾਲੀ ਹੈ ਇੱਕ ਪਾਸੇ ਪਾਕਿਸਤਾਨ ਸ਼ਾਂਤੀ ਦੂਤ ਬਣਦਾ ਹੈ ਅਤੇ ਦੂਜੇ ਪਾਸੇ ਨਫਰਤ ਦੇ ਬੀਜ ਬੀਜ ਰਿਹਾ ਹੈ। ਇਹ ਗੱਲ ਹਜ਼ਮ ਨਹੀਂ ਹੁੰਦੀ। ਇਹ ਪਾਕਿਸਤਾਨ ਦਾ ਦੋਗਲਾ ਵਰਤਾਰਾ ਹੈ। ਇਹ ਅਜੋਕੇ ਸਮੇਂ ਦੀ ਗੱਲ ਨਹੀਂ, ਇਸਦਾ ਤਾਂ ਅਜ਼ਾਦੀ ਤੋਂ ਬਾਅਦ ਦਾ ਰਵਈਆ ਵੀ ਮਾੜਾ ਰਿਹਾ ਹੈ। ਇਸ ਤਰ੍ਹਾਂ ਪਾਕਿਸਤਾਨੀ ਹੁਕਮਰਾਨਾਂ ਨੇ ਚਿਹਰੇ ’ਤੇ ਕਈ ਨਕਾਬ ਚੜ੍ਹਾਏ ਹੋਏ ਹਨ। ਹੁਣ ਉਨ੍ਹਾਂ ਉੱਪਰ ਯਕੀਨ ਕਰਨਾ ਸਹੀ ਨਹੀਂ ਹੋਵੇਗਾ, ਸਗੋਂ ਮਾਰੂ ਸਿੱਧ ਹੋਵੇਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਪ੍ਰਿੰ. ਜਸਪਾਲ ਸਿੰਘ ਲੋਹਾਮ

ਪ੍ਰਿੰ. ਜਸਪਾਲ ਸਿੰਘ ਲੋਹਾਮ

Moga, Punjab, India.
WhatsApp: (91 - 97810 - 40140)
Email: (jaspal.loham@gmail.com)

More articles from this author