“ਉਦੋਂ ਸਮਝਦਾਰ ਵੋਟਰ ਸੋਚਣਗੇ ਕਿ ਕਿਸ ਪਾਰਟੀ ਨੇ ਬੀਤੇ ਸਮੇਂ ਵਿੱਚ ...”
(2 ਨਵੰਬਰ 2026)
ਪੰਜਾਬ ਵਿਧਾਨ ਸਭਾ ਚੋਣਾਂ-2027 ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਦੇ ਵੱਖਰੇ-ਵੱਖਰੇ ਬਿਆਨ ਅਤੇ ਵੱਖਰੀ-ਵੱਖਰੀ ਵਿਚਾਰਧਾਰਾ ਹੈ ਜਿਨ੍ਹਾਂ ਨੂੰ ਲੈ ਕੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੀਆਂ ਚੋਣਾਂ ਲੜਨਗੇ। ਇਸ ਸੰਬੰਧ ਵਿੱਚ ਭਾਜਪਾ ਦੇ ਆਗੂ ਅਤੇ ਕੌਮੀ ਸਕੱਤਰ ਇੰਚਾਰਜ ਪੰਜਾਬ ਡਾ. ਸਤੀਸ਼ ਪੂਨੀਆ ਨੇ ਸਪਸ਼ਟ ਕਰ ਦਿੱਤਾ ਕਿ ਭਾਜਪਾ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2027 ਵਿੱਚ ਪਾਰਟੀ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ। ਉਹ ਸੂਬੇ ਵਿੱਚ ਤਿੰਨ ਦਿਨਾਂ ਵਾਸਤੇ ਪ੍ਰਚਾਰ ਕਰਨ ਆਏ ਸਨ। ਉਨ੍ਹਾਂ ਨੇ ਪਹਿਲੀ ਵਾਰ ਚੰਡੀਗੜ੍ਹ ਵਿੱਚ ਭਾਜਪਾ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪ੍ਰੈੱਸ ਬਿਆਨ ਰਾਹੀਂ ਸਪਸ਼ਟ ਕੀਤਾ ਕਿ ਹਾਈਕਮਾਂਡ ਦੇ ਅਨੁਸਾਰ ਪਾਰਟੀ ਆਪਣੇ ਬਲਬੂਤੇ ’ਤੇ ਚੋਣਾਂ ਵਿੱਚ ਉੱਤਰੇਗੀ ਅਤੇ ਉਨ੍ਹਾਂ ਨੇ ਰਾਜ ਵਿੱਚ ਕਿਸੇ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਮੁੱਢੋਂ ਨਕਾਰ ਦਿੱਤਾ। ਉਨ੍ਹਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੇਕਰ ਰਾਜ ਦੇ ਆਗੂ ਵੀ ਗੱਠਜੋੜ ਦੀ ਗੱਲ ਕਰਨਗੇ ਤਾਂ ਵੀ ਹਾਈ ਕਮਾਨ ਦੇ ਫੈਸਲੇ ਅਨੁਸਾਰ ਭਾਜਪਾ ਸਾਰੀਆਂ ਸੀਟਾਂ ’ਤੇ ਉਮੀਦਵਾਰ ਖੜ੍ਹਾ ਕਰਕੇ ਚੋਣਾਂ ਲੜੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਅਕਸਰ ਹੀ ਮਿਲਦੇ ਰਹਿੰਦੇ ਹਨ, ਇਸਦਾ ਇਹ ਮਤਲਬ ਨਹੀਂ ਕਿ ਉਸ ਨੂੰ ਗੱਠਜੋੜ ਸਮਝ ਕੇ ਦੇਖਿਆ ਜਾਵੇ। ਕੋਈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲ ਸਕਦਾ ਹੈ।
ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਕਾਲੀ ਦਲ (ਵਾਰਸ ਪੰਜਾਬ) ਦੀ ਪਾਰਟੀ ਨਾਲ ਭਾਜਪਾ ਦੀ ਸਿਆਸੀ ਸਾਂਝ ਦੀ ਗੱਲ ਨੂੰ ਉਨ੍ਹਾਂ ਨੇ ਨਕਾਰ ਦਿੱਤਾ; ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਭਾਜਪਾ ਨੇ ਆਪਣਾ ਘੇਰਾ ਵਿਸ਼ਾਲ ਕਰ ਲਿਆ ਹੈ। ਪੰਜਾਬ ਵਿੱਚ ਆਪਣਾ ਪ੍ਰਭਾਵ ਬਣਾ ਲਿਆ ਹੈ। ਉਹ ਹਰ ਪੱਧਰ ’ਤੇ ਭਾਜਪਾ ਨੂੰ ਹੋਰ ਤਕੜਾ ਕਰਨ ਲਈ ਅੰਤਿਮ ਯੋਜਨਾ ਬਣਾ ਰਹੇ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ ਤੇ ਉਨ੍ਹਾਂ ਵਿੱਚ ਕਾਫੀ ਲੰਬੇ ਸਮੇਂ ਤੋਂ ਦੂਰੀਆਂ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਬੀ.ਐੱਲ. ਸੰਤੋਸ਼, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਇਸੇ ਤਰ੍ਹਾਂ ਦੇ ਬਿਆਨ ਦਿੱਤੇ। ਭਾਰਤੀ ਜਨਤਾ ਪਾਰਟੀ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਰਾਜ ਸਰਕਾਰ ਨੂੰ ਘੇਰ ਰਹੀ ਹੈ ਅਤੇ ਮੁਲਾਜ਼ਮ ਪੱਖੀ ਹੋ ਕੇ ਮਹਿੰਗਾਈ ਭੱਤੇ ਦੇ ਮੁੱਦਿਆਂ ਨੂੰ ਵੀ ਉਠਾ ਰਹੀ ਹੈ। ਭਾਜਪਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਜਿੱਥੇ ਵੀ ਹੈ, ਉੱਥੇ ਜਨਤਾ ਖੁਸ਼ ਹੈ। ਬਾਕੀ ਕੁਝ ਕੁ ਮਹੀਨੇ ਰਹਿ ਗਏ ਹਨ।
ਸੰਨ 2027 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਤਿਆਰ ਕਰਨ ਲਈ ਕਾਂਗਰਸ ਆਗੂ ਅਮਰ ਸਿੰਘ, ਪ੍ਰਗਟ ਸਿੰਘ ਅਤੇ ਗੁਰਜੀਤ ਔਜਲਾ ਦੀ ਅਗਵਾਈ ਹੇਠ ਕਾਰਵਾਈ ਅਰੰਭ ਕਰ ਦਿੱਤੀ ਹੈ। ਕਾਂਗਰਸ ਪਾਰਟੀ ਦੀ ਰਾਏ ਹੈ ਕਿ ਮੈਨੀਫੈਸਟੋ ਆਮ ਜਨਤਾ, ਐਸੋਸੀਏਸ਼ਨਾਂ, ਬੁੱਧੀਜੀਵੀਆਂ ਅਤੇ ਸਿਵਲ ਸੁਸਾਇਟੀ ਦੇ ਸੁਝਾਵਾਂ ਨਾਲ ਤਿਆਰ ਕੀਤਾ ਜਾਵੇਗਾ। ਸਾਰੇ ਸੂਬੇ ਵਿੱਚ ਚੱਕਰ ਲਾਉਣ ਤੋਂ ਬਾਅਦ ਹਰ ਵਰਗ ਦੀ ਸਲਾਹ ਲਈ ਜਾਵੇਗੀ। ਇਸ ਵਾਰ ਪਾਰਟੀ 60-70 ਨਵੇਂ ਚਿਹਰਿਆਂ ਨੂੰ ਵੀ ਮੌਕਾ ਦੇ ਸਕਦੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਰਾਜ ਦੇ ਲੀਡਰਾਂ ਨਾਲ ਬੈਠਕਾਂ ਕਰਕੇ ਰਣਨੀਤੀ ਬਣਾਈ ਜਾ ਰਹੀ ਹੈ। ਪੰਜਾਬ ਇਮਾਨਦਾਰ ਅਤੇ ਪਾਰਦਰਸ਼ੀ ਸ਼ਾਸਨ ਦਾ ਹੱਕਦਾਰ ਹੈ। ਸੂਬੇ ਨੂੰ ਅਜਿਹੀ ਸਰਕਾਰ ਦੀ ਜ਼ਰੂਰਤ ਹੈ ਜਿਹੜੀ ਲੋਕਾਂ ਲਈ ਜਵਾਬਦੇਹ ਹੋਵੇ, ਵਿਕਾਸ ਕਾਰਜਾਂ ਨੂੰ ਪਹਿਲ ਦੇਵੇ ਅਤੇ ਲੋਕਾਂ ਦੀ ਅਵਾਜ਼ ਬਣੇ। ਕਾਂਗਰਸ ਪਾਰਟੀ ਰਾਜ ਦੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਾ, ਰਾਜ ਨੂੰ ਮੁੜ ਤਰੱਕੀ, ਖੁਸ਼ਹਾਲੀ ਅਤੇ ਭਰੋਸੇ ਦੇ ਰਾਹ ’ਤੇ ਲੈ ਕੇ ਜਾਣ ਲਈ ਦ੍ਰਿੜ੍ਹ ਹੋਵੇਗੀ।
ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਿਖਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ-2027 ਲਈ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਪੰਜਾਬ ਬਿਹਤਰ ਭਵਿੱਖ ਦਾ ਹੱਕਦਾਰ ਹੈ। ਰਾਜ ਨੂੰ ਇਮਾਨਦਾਰ ਅਤੇ ਪਾਰਦਰਸ਼ੀ ਸ਼ਾਸਨ ਦੀ ਲੋੜ ਹੈ। ਉਹ ਕਾਂਗਰਸ 2027 ਵਿੱਚ ਚੋਣਾਂ ਵਿੱਚ ਕਾਂਗਰਸ ਦਾ ਝੰਡਾ ਲਹਿਰਾਉਣਗੇ। ਪਿਛਲੀ ਚੰਨੀ ਸਰਕਾਰ ਨੇ ਆਖਰੀ ਸਮੇਂ ਵਿੱਚ ਮੁਲਾਜ਼ਮਾਂ ਦਾ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਜਿਸ ਨਾਲ ਮੁਲਾਜ਼ਮਾਂ ਨੂੰ ਲੰਬੇ ਸਮੇਂ ਦੀ ਉਡੀਕ ਖਤਮ ਹੋਈ ਸੀ। ਉਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਰਾਜ ਲਈ ਵੱਡੇ ਐਲਾਨ ਕੀਤੇ।
ਸ਼੍ਰੋਮਣੀ ਅਕਾਲੀ ਦਲ ਨੇ 2027 ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤੇਜ਼ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਨੀਤੀ ਅਨੁਸਾਰ ਵਰਕਰਾਂ ਨੂੰ ਮਿਲਣ ਅਤੇ ਚੋਣ ਮੈਨੀਫੈਸਟੋ ’ਤੇ ਕੰਮ ਕਰ ਰਹੀ ਹੈ। ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਵੱਖ-ਵੱਖ ਇਲਾਕਿਆਂ ਵਿੱਚ ਵਰਕਰ ਮਿਲਣੀਆਂ ਦਾ ਸਿਲਸਿਲਾ ਰੈਲੀਆਂ ਦੌਰਾਨ ਕੀਤਾ ਜਾ ਰਿਹਾ ਹੈ। ਪਾਰਟੀ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉੱਤਰੇਗੀ ਅਤੇ 2027 ਵਿੱਚ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਗੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਇਆ ਹੈ ਅਤੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ। ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਲਈ ਏਜੰਸੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਠ ਜ਼ਿਲ੍ਹਿਆਂ ਦੀਆਂ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕੀਤਾ। ਇਸ ਤਰ੍ਹਾਂ ਜ਼ਿੰਮੇਵਾਰੀ ਦੇ ਕੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਹਲਕਿਆਂ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਜਾ ਰਿਹਾ ਹੈ। ਲੋਕ ਅੱਜ ਵੀ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਕਾਰਜਾਂ ਨੂੰ ਯਾਦ ਕਰਦੇ ਹਨ। ਉਹ ਨਿਮਰਤਾ, ਪਿਆਰ ਅਤੇ ਸਾਦਗੀ ਵਰਗੇ ਗੁਣਾਂ ਨਾਲ ਭਰਪੂਰ ਸਨ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਢੇ ਚਾਰ ਸਾਲ ਵਿੱਚ ਚੋਣਾਂ ਤੋਂ ਕੀਤੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ। ਆਪਣੀਆਂ ਸਾਰੀਆਂ ਕਹੀਆਂ ਗੱਲਾਂ ਨੂੰ ਪੁਗਾ ਦਿੱਤਾ ਹੈ ਜਿਸ ਕਰਕੇ ਰਾਜ ਦੇ ਲੋਕ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ। ਅੱਜ ਵੀ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਡਟ ਕੇ ਖੜ੍ਹੀ ਹੈ। ਆਮ ਆਦਮੀ ਪਾਰਟੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਅੱਗੇ ਨਾਲੋਂ ਵਧਾ ਦਿੱਤੀਆਂ ਹਨ ਤੇ ਹੁਣ ਲੋਕ ਮਿਲਣੀ ਸ਼ੁਰੂ ਕਰ ਦਿੱਤੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਪੂਰੀ ਤਰ੍ਹਾਂ ਤਿਆਰ ਕਰ ਲਿਆ ਹੈ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ 2027 ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਸਰਕਾਰ ਦੇ ਲੋਕ ਪੱਖੀ ਕਾਰਜਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ। ਸਰਕਾਰ ਦੇ ਇਸ ਭਲਾਈ ਕਾਰਜਾਂ ਨੇ ਜ਼ਮੀਨੀ ਪੱਧਰ ’ਤੇ ਬਹੁਤ ਵੱਡਾ ਬਦਲਾਅ ਲਿਆਂਦਾ ਹੈ। ਅਸੀਂ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਵਿਰੋਧੀ ਪਾਰਟੀਆਂ ਲਾੜੇ ਤੋਂ ਬਿਨਾਂ ਜੰਝ ਵਾਂਗ ਹਨ ਹਾਲਾਂਕਿ ਇਹ ਸੱਤਾ ਲਈ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਕਈ ਧੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ। ਸੱਤਾ ਦੇ ਭੁੱਖੇ ਲੋਕ ਸਿਰਫ ਸੂਬੇ ਦੀ ਦੌਲਤ ਲੁੱਟਣ ਲਈ ਸੱਤਾ ਹਥਿਆਉਣਾ ਚਾਹੁੰਦੇ ਹਨ। ਸਰਕਾਰੀ ਖਜ਼ਾਨੇ ਦਾ ਇੱਕ ਇੱਕ ਪੈਸਾ ਲੋਕਾਂ ਦੀ ਭਲਾਈ ਲਈ ਇਮਾਨਦਾਰੀ ਨਾਲ ਖਰਚ ਕੀਤਾ ਜਾ ਰਿਹਾ ਹੈ। ਪੰਜਾਬ ਦੇ 90 ਪ੍ਰਤੀਸ਼ਤ ਤੋਂ ਵੱਧ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਤੇ ਕਿਸਾਨਾਂ ਨੂੰ ਵੀ ਦਿਨ ਵੇਲੇ ਬਿਜਲੀ ਮਿਲ ਰਹੀ ਹੈ। ਵਿਰੋਧੀ ਧਿਰਾਂ ਆਖਰੀ ਸਾਹਾਂ ’ਤੇ ਹਨ ਅਤੇ ਬਹੁਤ ਛੇਤੀ ਖਤਮ ਹੋ ਜਾਣਗੀਆਂ। ਵਿਰੋਧੀ ਧਿਰਾਂ ਦਾ ਖਿੰਡਰਿਆ ਹੋਇਆ ਘਰ ਹੈ। ਇਹ ਅੰਦਰੂਨੀ ਲੜਾਈਆਂ ਨਾਲ ਢਹਿ ਢੇਰੀ ਹੋ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟੋਲ ਪਲਾਜੇ ਬੰਦ ਕਰ ਦਿੱਤੇ ਹਨ ਜਿਸ ਨਾਲ ਲੋਕਾਂ ਦੇ ਲੱਖਾਂ ਰੁਪਏ ਬਚ ਰਹੇ ਹਨ।
ਸਰਕਾਰ ਦੇ ਆਖਰੀ ਕੁਝ ਮਹੀਨਿਆਂ ਵਿੱਚ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਤਲਖੀ ਵਧ ਗਈ ਹੈ। ਸਰਕਾਰ ਮੁਲਾਜ਼ਮ ਮੰਗਾਂ ਨੂੰ ਲਾਗੂ ਕਰਨ ਤੋਂ ਕਿਨਾਰਾ ਵੱਟ ਰਹੀ ਹੈ ਅਤੇ ਮੁਲਾਜ਼ਮ ਰੈਲੀਆਂ, ਮੁਜ਼ਾਹਰਿਆਂ ਨੂੰ ਸਮਰਪਿਤ ਹਨ। ਅੱਜ ਸੂਬੇ ਵਿੱਚ ਆਈ.ਟੀ. ਸੋਸ਼ਲ ਮੀਡੀਆ ਪੂਰੀ ਤਰ੍ਹਾਂ ਸਰਗਰਮ ਹੈ।
ਅਕਾਲੀ ਦਲ (ਵਾਰਸ ਪੰਜਾਬ ਦੇ) ਨੇ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੀ ਯੋਜਨਾ ਹੈ ਕਿ 15 ਸਤੰਬਰ 2026 ਤਕ ਪੰਜਾਹ ਸੱਠ ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਂਅ ਐਲਾਨ ਕਰ ਦਿੱਤੇ ਜਾਣਗੇ। ਪਾਰਟੀ ਦੂਜੀਆਂ ਪਾਰਟੀਆਂ ਤੋਂ ਪਹਿਲਾਂ ਆਪਣੇ ਉਮੀਦਵਾਰ ਉਤਾਰ ਕੇ ਚੋਣ ਨੂੰ ਤੇਜ਼ ਕਰਨਾ ਚਾਹੁੰਦੀ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਬੋਰਡ ਵੱਖ-ਵੱਖ ਹਲਕਿਆਂ ਤੋਂ ਆਉਣ ਵਾਲੇ ਨਾਂਵਾਂ ਤੇ ਵਿਚਾਰ ਕਰੇਗਾ ਅਤੇ ਉਮੀਦਵਾਰਾਂ ਦੀ ਪੰਥ ਅਤੇ ਪੰਜਾਬ ਪ੍ਰਤੀ ਸੇਵਾ, ਵਫਾਦਾਰੀ, ਜਥੇਬੰਧਕ ਕੰਮ ਅਤੇ ਲੋਕਾਂ ਵਿੱਚ ਉਸਦੀ ਪਕੜ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕੀਤਾ ਜਾਵੇਗਾ। ਅਕਾਲੀ ਦਲ (ਵਾਰਸ ਪੰਜਾਬ) ਦੀ ਸਿਆਸਤ ਦਾ ਮਕਸਦ ਸਿਰਫ ਸੱਤਾ ਹਾਸਲ ਕਰਨਾ ਨਹੀਂ ਹੈ ਸਗੋਂ ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ ਅਤੇ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਦੇ ਮਾਣ ਸਨਮਾਨ ਨੂੰ ਅੱਗੇ ਲੈ ਜਾਣਾ ਵੀ ਪਾਰਟੀ ਦੀ ਮੁੱਖ ਤਰਜੀਹ ਹੈ। ਅਕਾਲੀ ਦਲ (ਵਾਰਸ ਪੰਜਾਬ ਦੇ) ਸੂਬੇ ਵਿੱਚ ਆਪਣੀ ਸਰਗਰਮੀ ਵਿੱਢ ਰਿਹਾ ਹੈ ਤੇ ਪੰਥਕ ਸੰਸਥਾਵਾਂ ਨੂੰ ਨਾਲ ਜੋੜ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਵਿੱਚ ਆਪਣੇ ਉਮੀਦਵਾਰ ਵੀ ਐਲਾਨ ਦਿੱਤੇ ਹਨ। ਪਾਰਟੀ ਵੱਲੋਂ ਮਿਸ਼ਨ 2027 ਗੱਲ ਪੰਜਾਬ ਦੀ ਅਧੀਨ ਕਿਸਾਨਾਂ ਦੇ ਨੌਜਵਾਨਾਂ ਦੇ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਤਿਆਰੀਆਂ ਚੱਲ ਰਹੀਆਂ ਹਨ। ਪਾਰਟੀ ਦਾ ਕਾਫਲਾ ਵਧ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ ਅਤੇ ਨੌਜਵਾਨਾਂ ਦੀ ਅਵਾਜ਼ ਬਣ ਰਿਹਾ ਹੈ। ਪਾਰਟੀ ਆਗੂਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਰਕਰਾਂ ਅਤੇ ਪਾਰਟੀ ਅਹੁਦੇਦਾਰਾਂ ਨੂੰ ਪੂਰੀ ਤਨਦੇਹੀ ਨਾਲ ਮੈਦਾਨ ਵਿੱਚ ਡਟਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਵਿਧਾਨ ਸਭਾ ਹਲਕਿਆਂ ਦੇ ਕੋਆਰਡੀਨੇਟਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਵਿਜ਼ਨ ਡਾਕੂਮੈਂਟ ਵਿੱਚ ਪੰਥ, ਸਿਹਤ, ਸਿੱਖਿਆ, ਸੁਰੱਖਿਆ, ਕਿਸਾਨੀ ਅਤੇ ਮੁਲਾਜ਼ਮਾਂ ਸਮੇਤ ਹਰ ਵਰਗ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਪਾਰਟੀ ਵਿੱਚ 40% ਨੌਜਵਾਨਾਂ ਅਤੇ 35% ਔਰਤਾਂ ਨੂੰ ਵਿਸ਼ੇਸ਼ ਨੁਮਾਇੰਦਗੀ ਦਿੱਤੀ ਜਾਵੇਗੀ ਅਤੇ ਪਾਰਟੀ ਪ੍ਰਧਾਨ ਵੱਲੋਂ ਕੋਈ ਵੀ ਚੋਣ ਨਹੀਂ ਲੜੀ ਜਾਵੇਗੀ ਉਹ ਸਿਰਫ ਪਾਰਟੀ ਲਈ ਕੰਮ ਕਰੇਗਾ। ਪੰਜਾਬ ਨੂੰ ਵੱਧ ਅਧਿਕਾਰਾਂ ਦੀ ਪੈਰਵਾਈ ਦੀ ਮੰਗ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਵਿੱਚ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਭਵਿੱਖ ਵਿੱਚ ਰਣਨੀਤੀ ’ਤੇ ਵਿਸਥਾਰ ਪੂਰਵਕ ਚਰਚਾ ਕੀਤੀ।
ਐਡਵੋਕੇਟ ਇਕਬਾਲ ਸਿੰਘ ਝੂੰਦਾ ਨੇ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਪੈਂਦਾ ਤਾਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣਦੀ ਅਤੇ ਨਾ ਹੀ ਪਾਰਟੀ ਆਗੂ ਵੱਖ ਹੁੰਦੇ। ਇਸ ਲਈ ਨਿੱਜੀ ਸਿਆਸੀ ਹਿਤਾਂ ਤੋਂ ਉੱਪਰ ਉੱਠ ਕੇ ਕੌਮ ਅਤੇ ਪੰਜਾਬ ਦੇ ਹਿਤਾਂ ਲਈ ਹੰਭਲਾ ਮਾਰਨ ਦੀ ਲੋੜ ਹੈ। ਬੀਤੇ ਸਮੇਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਅਹੁਦਿਆਂ ਤੋਂ ਅਸਤੀਫੇ ਦੇਣ ਨਾਲ ਪਾਰਟੀ ਅੰਦਰ ਹਲਚਲ ਹੋ ਗਈ ਸੀ ਇਸਦਾ ਭਵਿੱਖ ਵਿੱਚ ਮਾੜਾ ਪ੍ਰਭਾਵ ਪੈ ਸਕਦਾ ਹੈ। ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਪੰਥਕ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਖੀ ਲਈ ਰੱਖੀ ਗਈ ਸੀ ਪਰ ਸਮੇਂ ਦੇ ਨਾਲ ਕੁਝ ਵਿਅਕਤੀਆਂ ਨੇ ਆਪਣੇ ਨਿੱਜੀ ਹਿਤਾਂ ਲਈ ਪਾਰਟੀ ਦੀ ਦਿਸ਼ਾ ਹੀ ਬਦਲ ਦਿੱਤੀ ਅਤੇ ਪੰਥ ਪ੍ਰਸਤ ਅਤੇ ਵਫਾਦਾਰ ਵਰਕਰਾਂ ਨੂੰ ਬਾਹਰ ਕੱਢ ਦਿੱਤਾ।
ਪੰਜਾਬ ਵਿਧਾਨ ਸਭਾ ਚੋਣਾਂ-2027 ਸਿਰ ਤੇ’ ਆਉਣ ਵਾਲੀਆਂ ਹਨ ਤੇ ਹਰ ਪਾਰਟੀ ਪੂਰੀ ਤਰ੍ਹਾਂ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰਭਾਵਿਤ ਕਰੇਗੀ। ਉਦੋਂ ਸਮਝਦਾਰ ਵੋਟਰ ਸੋਚਣਗੇ ਕਿ ਕਿਸ ਪਾਰਟੀ ਨੇ ਬੀਤੇ ਸਮੇਂ ਵਿੱਚ ਕੁਝ ਕੀਤਾ? ਕਿਸਨੇ ਚੰਗਾ ਕੀਤਾ? ਕਿਸਨੇ ਸਿਰਫ ਗੱਲਾਂ ਹੀ ਕੀਤੀਆਂ?ਕਿਸਨੇ ਨਿੱਜੀ ਕੰਮ ਕੀਤੇ? ਇਹ ਸੋਚਣ ਵਿਚਾਰਨ ਵਾਲੀ ਗੱਲ ਹੈ। ਇਸ ਤਰ੍ਹਾਂ ਵੋਟਰ ਪਹਿਲਾਂ ਨਾਪ ਤੋਲ ਕਰੇਗਾ; ਫਿਰ ਵੋਟ ਪਾਵੇਗਾ ਅਤੇ ਪੰਜਾਬ ਵਿੱਚ ਵਧੀਆ ਸਰਕਾਰ ਬਣਾਉਣ ਵਿੱਚ ਯੋਗਦਾਨ ਪਾਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































