“ਉਹਨਾਂ ਕੋਲ ਹਿੰਦੀ ਦੇ ਪੀਰੀਅਡ ਦੂਜੇ ਅਧਿਆਪਕਾਂ ਦੇ ਮੁਕਾਬਲੇ ਵੱਧ ਹੁੰਦੇ ਸਨ ਕਿਉਂਕਿ ...”
(25 ਨਵੰਬਰ 2025)
ਬਹੁਤ ਸਾਰੀਆਂ ਵਿੱਦਿਆਕ ਸੰਸਥਾਵਾਂ ਵਿੱਚ ਮੈਂ ਬਤੌਰ ਅਧਿਆਪਕ ਅਤੇ ਮੁਖੀ ਹੋਣ ਦਾ ਕਾਰਜ ਕੀਤਾ ਅਤੇ ਆਪਣੇ ਸਾਥੀ ਅਧਿਆਪਕਾਂ ਨਾਲ ਸਿੱਖਿਆ ਦੇ ਸਫਰ ਵਿੱਚ ਨਿੱਘੇ ਸਤਿਕਾਰਤ ਸਬੰਧ ਰਹੇ। ਉਹਨਾਂ ਨਾਲ ਬਤੀਤ ਕੀਤੇ ਪਲ ਸਦਾ ਹੀ ਯਾਦ ਆਉਂਦੇ ਰਹਿੰਦੇ ਹਨ। ਜਦੋਂ ਕਿਸੇ ਸ਼ਖਸੀਅਤ ਵੱਲ ਧਿਆਨ ਜਾਂਦਾ ਹੈ ਤਾਂ ਉਨ੍ਹਾਂ ਨਾਲ ਬਤੀਤ ਕੀਤੇ ਪਲਾਂ ਦਾ ਮੰਜ਼ਰ ਅੱਖਾਂ ਅੱਗੇ ਆ ਜਾਂਦਾ ਹੈ। ਅਜਿਹੀ ਹੀ ਨਿੱਘੀ, ਸਾਫ ਸੁਥਰੀ ਅਤੇ ਵਧੀਆ ਸ਼ਖਸੀਅਤ ਦੇ ਮਾਲਕ ਹਨ ਸ੍ਰੀ ਪ੍ਰਵੀਨ ਕਾਲੀਆ, ਹਿੰਦੀ ਮਾਸਟਰ। ਉਹ ਸਾਫ ਦਿਲ ਇਨਸਾਨ ਹਨ ਅਤੇ ਅੰਦਰੋਂ ਬਾਹਰੋਂ ਇੱਕ ਹਨ। ਉਹ ਜਦੋਂ ਵੀ ਕਿਸੇ ਗੱਲ ਦਾ ਪ੍ਰਗਟਾਵਾ ਕਰਦੇ ਹਨ ਤਾਂ ਉਹ ਹਰ ਇੱਕ ਗੱਲ ਦਾ ਠੀਕ ਤੇ ਸਹੀ ਜਵਾਬ ਮੌਕੇ ਦੇ ਦਿੰਦੇ ਹਨ। ਉਹ ਇਸ ਕਾਬਲੀਅਤ ਦੇ ਮਾਲਕ ਹਨ। ਬੇਸ਼ਕ ਮੈਂ ਆਪਣੇ ਸਰਕਾਰੀ ਨੌਕਰੀ ਦੇ ਸਫਰ ਵਿੱਚ ਉਹਨਾਂ ਨਾਲ ਪੰਜ ਕੁ ਸਾਲ ਬਿਤਾਏ ਹਨ ਤੇ ਉਹਨਾਂ ਨੂੰ ਅੰਦਰ ਤੋਂ ਜਾਣੂ ਹੋਇਆ ਹਾਂ, ਹੁਣ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਮੈਂ ਉਹਨਾਂ ਨਾਲ ਆਪਣੀ ਸਾਰੀ ਸਰਵਿਸ ਬਤੀਤ ਕੀਤੀ ਹੋਵੇ। ਉਹਨਾਂ ਵਿੱਚ ਕੋਈ ਵਲ ਛਲ ਨਹੀਂ। ਉਹ ਧਾਰਮਿਕ ਵਿਚਾਰਧਾਰਾ ਦੇ ਮਾਲਕ ਹਨ ਅਤੇ ਸਦਾ ਹੀ ਸੱਚ ਬੋਲਦੇ ਹਨ। ਉਹ ਝੂਠ ਦੇ ਕੋਲੋਂ ਦੂਰੋਂ ਹੀ ਲੰਘ ਜਾਂਦੇ। ਇਹ ਗੁਣ ਵਿਰਲੇ ਹੀ ਇਨਸਾਨਾਂ ਵਿੱਚ ਹੁੰਦੇ ਹਨ। ਨਹੀਂ ਤਾਂ ਬਹੁਤੀ ਦੁਨੀਆ ਮੂੰਹ’ ਤੇ ਜੀ ਜੀ, ਹਾਂਜੀ ਹਾਂਜੀ ਤੇ ਪਿੱਠ ਪਿੱਛੇ ਕੁਝ ਹੋਰ ਹੀ ਬਣ ਜਾਂਦੀ ਹੈ। ਪਰ ਇਨ੍ਹਾਂ ਦੀ ਆਪਣੀ ਹੀ ਵਿਚਾਰਧਾਰਾ ਹੈ। ਉਹ ਕਦੇ ਵੀ ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਉਂਦੇ। ਉਹ ਸਾਹਮਣੇ ਵਾਲੇ ਨੂੰ ਪਹਿਲਾਂ ਸਮਝਦੇ ਹਨ ਕਿ ਉਹ ਕਿੱਥੋਂ ਬੋਲਦਾ ਹੈ ਤੇ ਫਿਰ ਨਤੀਜੇ ’ਤੇ ਪੁੱਜਦੇ ਹਨ। ਉਹਨਾਂ ਕੋਲ ਸਕੂਲ ਪ੍ਰੀਖਿਆਵਾਂ ਦਾ ਚਾਰਜ ਸੀ ਤੇ ਉਹ ਸਮੇਂ ਤੋਂ ਪਹਿਲਾਂ ਹੀ ਸਾਰੇ ਕਮਰੇ ਸੈੱਟ ਕਰਵਾ ਦਿੰਦੇ ਸੀ। ਹਰ ਕਮਰੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰੀਆਂ ਉਹਨਾਂ ਨੇ ਪਹਿਲਾਂ ਹੀ ਸੈੱਟ ਕਰਕੇ ਰੱਖੀਆਂ ਹੁੰਦੀਆਂ ਸਨ। ਉਹ ਸਮੇਂ ਤੋਂ ਪਹਿਲਾਂ ਹੀ ਅਗਾਊਂ ਸੁਚੇਤ ਹੋ ਕੇ ਕਾਰਜ ਕਰਦੇ ਸਨ ਤੇ ਸਾਰੀਆਂ ਕਾਰਗੁਜ਼ਾਰੀਆਂ ਮੇਰੇ ਨਾਲ ਸਾਂਝੀਆਂ ਕਰ ਲੈਂਦੇ ਸਨ। ਰੋਜ਼ਾਨਾ ਸਵੇਰ ਦੀ ਸਭਾ ਤੋਂ ਹੀ ਪਹਿਲਾਂ ਉਹ ਅਧਿਆਪਕਾਂ ਦੀ ਡਿਊਟੀ ਲਾ ਕੇ ਪ੍ਰਸ਼ਨ ਪੱਤਰ, ਉੱਤਰ ਪੱਤਰੀਆਂ ਅਤੇ ਧਾਗੇ ਉਹਨਾਂ ਦੇ ਹਵਾਲੇ ਕਰ ਦਿੰਦੇ ਸੀ। ਇੱਥੇ ਹੀ ਬੱਸ ਨਹੀਂ ਉਹ ਆਪ ਵੀ ਸਕੂਲ ਵਿੱਚ ਖੁਦ ਨਿਗਰਾਨ ਦੀ ਡਿਊਟੀ ਨਿਭਾਉਂਦੇ ਸਨ। ਹਰ ਕਮਰੇ ਵਿੱਚ ਉੱਤਰ ਪੱਤਰੀਆਂ, ਧਾਗੇ ਪਹੁੰਚਾਉਂਦੇ ਸਨ। ਉਹ ਚਾਰੇ ਪਾਸੇ ਧਿਆਨ ਰੱਖਦੇ, ਸਾਰੇ ਕਮਰਿਆਂ ਵਿੱਚ ਗੇੜਾ ਮਾਰਦੇ। ਇਹ ਹੀ ਇੱਕ ਚੰਗੀ ਡਿਊਟੀ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਦੀ ਹੁੰਦੀ ਹੈ। ਪੇਪਰ ਖਤਮ ਹੋਣ ਉਪਰੰਤ ਉਹ ਕਲਾਸ ਅਨੁਸਾਰ ਪੇਪਰਾਂ ਦੇ ਪੈਕਟ ਬਣਾ ਕੇ ਆਪਣੇ ਸਾਥੀ ਅਧਿਆਪਕਾਂ ਦੇ ਸਪੁਰਦ ਕਰ ਦਿੰਦੇ ਸਨ ਤੇ ਇਸਦਾ ਸਮੁੱਚਾ ਰਿਕਾਰਡ ਇੱਕ ਰਜਿਸਟਰ ਵਿੱਚ ਰੱਖਦੇ ਸਨ।
ਉਹਨਾਂ ਕੋਲ ਹਿੰਦੀ ਦੇ ਪੀਰੀਅਡ ਦੂਜੇ ਅਧਿਆਪਕਾਂ ਦੇ ਮੁਕਾਬਲੇ ਵੱਧ ਹੁੰਦੇ ਸਨ ਕਿਉਂਕਿ ਸਕੂਲ ਵਿੱਚ ਹਿੰਦੀ ਦੀ ਇੱਕ ਹੀ ਪੋਸਟ ਸੀ। ਸ੍ਰੀ ਪ੍ਰਵੀਨ ਕਾਲੀਆਂ ਹਰੇਕ ਅਧਿਆਪਕ ਦੇ ਕਾਰਜਾਂ ਵਿੱਚ ਸਹਿਯੋਗ ਦਿੰਦੇ ਸਨ। ਉਹ ਦਫਤਰੀ ਕਾਰਜਾਂ ਦੇ ਮਾਹਰ ਸਨ ਅਤੇ ਖਾਸ ਕਰ ਵਿਤੀ ਮਾਮਲੇ ਦੇ ਕਾਰਜ ਸਦਾ ਹੀ ਆਨਲਾਈਨ ਰੱਖਦੇ ਸਨ। ਅੱਜ ਵੀ ਮੈਨੂੰ ਯਾਦ ਹੈ ਕਿ ਅਚਾਨਕ ਹੀ ਸਿੱਖਿਆ ਵਿਭਾਗ ਨੇ ਕੋਈ ਜ਼ਰੂਰੀ ਡਾਕ ਮੰਗਵਾਈ ਅਤੇ ਉਸਨੂੰ ਤਿਆਰ ਕਰਵਾ ਕੇ ਉਹਨਾਂ ਨੂੰ ਫੜਾ ਕੇ ਕਿਹਾ ਕਿ ਤੁਸੀਂ ਇਸ ਨੂੰ ਸੀਨੀਅਰ ਸੈਕੰਡਰੀ ਸਕੂਲ, ਜੋ ਸਾਡੇ ਸਕੂਲ ਤੋਂ 12 ਕਿਲੋਮੀਟਰ ਦੂਰ ਸੀ, ਉੱਥੇ ਫੜਾਉਣ ਲਈ ਉਹਨਾਂ ਨੂੰ ਭੇਜਿਆ। ਉਹ ਉਸ ਸਕੂਲ ਜਾ ਕੇ ਡਾਕ ਦੇ ਕੇ ਵਾਪਸ ਸਕੂਲ ਆ ਗਏ। ਅਜੇ ਆ ਕੇ ਬੈਠੇ ਹੀ ਸਨ ਇੱਕ ਡਾਕ ਕਲੱਸਟਰ ਸਕੂਲ ਨੇ ਮੰਗਵਾਈ ਜੋ ਸਾਡੇ ਸਕੂਲ ਤੋਂ ਪੰਜ ਕਿਲੋਮੀਟਰ ਦੂਰ ਸੀ ਤੇ ਉਹਨਾਂ ਨੂੰ ਇਹ ਦੂਜਾ ਵੀ ਕਾਰਜ ਦੇ ਦਿੱਤਾ ਤੇ ਉਹ ਫਿਰ ਦੂਜੇ ਸਕੂਲ ਡਾਕ ਦੇਣ ਨੂੰ ਚਲੇ ਗਏ। ਅਜੇ ਆਪਣੇ ਸਕੂਲ ਆ ਕੇ ਉਹਨਾਂ ਨੇ ਦਮ ਹੀ ਨਹੀਂ ਲਿਆ ਹੋਵੇਗਾ ਕਿ ਸਿੱਖਿਆ ਦਫਤਰ ਵੱਲੋਂ ਕੁਝ ਕੰਮ ਕਰਨ ਲਈ ਆ ਗਿਆ ਤੇ ਇਸ ਕਾਰਜ ਨੂੰ ਤਿਆਰ ਕਰਕੇ ਫਿਰ ਉਹਨਾਂ ਨੂੰ ਤੀਜੀ ਵਾਰ ਕਹਿਣ ਨੂੰ ਤਾਂ ਨਹੀਂ ਜੀ ਕਰਦਾ ਸੀ ਪਰ ਫਿਰ ਵੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਇਹ ਸਕੂਲ ਦੀ ਡਾਕ ਸ਼ਹਿਰ ਦੇ ਸਿੱਖਿਆ ਦਫਤਰ ਵਿੱਚ ਦੇ ਆਉ ਕਿਉਂਕਿ ਸਕੂਲ ਵਿੱਚ ਪਹਿਲਾਂ ਹੀ ਕਲਰਕ ਅਤੇ ਦਰਜਾ ਚਾਰ ਦੀ ਘਾਟ ਸੀ। ਹਾਈ ਸਕੂਲ ਹੋਣ ਦੇ ਬਾਵਜੂਦ ਵੀ ਉੱਥੇ ਇਹ ਮਨਜ਼ੂਰ ਸ਼ੁਦਾ ਪੋਸਟਾਂ ਵੀ ਨਹੀਂ ਸਨ। ਇਸ ਤਰ੍ਹਾਂ ਫਿਰ ਤੀਜੀ ਵਾਰੀ ਉਹ ਸ਼ਹਿਰ ਦੇ ਦਫਤਰ ਵਿੱਚ ਡਾਕ ਦੇਣ ਲਈ ਚਲੇ ਗਏ। ਉਹਨਾਂ ਵਿੱਚ ਐਨਾ ਜ਼ਿਆਦਾ ਸਬਰ ਸੀ।
ਇਸ ਤਰ੍ਹਾਂ ਮੈਂ ਦੇਖਿਆ ਉਹਨਾਂ ਦੇ ਵਿੱਚ ਸਦਾ ਹੀ ਹਾਂ ਪੱਖੀ ਰਵਈਆ ਸੀ। ਅਜਿਹੀ ਕਾਰਜਸ਼ੀਲਤਾ, ਸਹਿਣਸ਼ੀਲਤਾ ਅਤੇ ਸਤਿਕਾਰਤਾ ਉਹਨਾਂ ਵਿੱਚ ਮੈਨੂੰ ਉਡ ਉੱਡ ਕੇ ਨਜ਼ਰ ਆਈ। ਉਹਨਾਂ ਨੇ ਮੇਰੇ ਵਿਭਾਗੀ ਕਾਰਜਾਂ ਅਤੇ ਨਿੱਜੀ ਕਾਰਜਾਂ ਵਿੱਚ ਵੀ ਸਹਿਯੋਗ ਦਿੱਤਾ ਤੇ ਮੈਂ ਉਹਨਾਂ ਨੂੰ ਕਦੇ ਵੀ ਭੁਲਾ ਨਹੀਂ ਸਕਦਾ। ਉਹਨਾਂ ਉੱਤੇ ਪਰਮਾਤਮਾ ਦੀ ਐਨੀ ਬਖਸ਼ਿਸ਼ ਹੈ ਕਿ ਉਹ ਆਪਣੀ ਪਹੁੰਚ ਨਾਲ ਉਲਝੇ ਹੋਏ ਕੰਮ ਨੂੰ ਵੀ ਸੁਲਝਾ ਲੈਂਦੇ ਹਨ। ਇਹੋ ਜਿਹੇ ਪਿਆਰੇ ਇਨਸਾਨ ਕਿਤੇ ਕਿਤੇ ਹੀ ਮਿਲਦੇ ਹਨ। ਉਹਨਾਂ ਦੀ ਕਰਵਾਈ ਗਈ ਸਿਫਾਰਿਸ਼ ਰਾਹੀਂ ਅਫਸਰਸ਼ਾਹੀ ਵੀ ਸਹੀ ਕਾਰਜ ਕਰਕੇ ਰਾਹ ’ਤੇ ਆ ਜਾਂਦੇ ਸਨ। ਇਸ ਸਾਥੀ ਅਧਿਆਪਕ ਨਾਲ ਅੰਦਰੋਂ ਦਿਲੀ ਸਾਂਝ ਹੈ ਤੇ ਇਹ ਸਦੀਵੀ ਰਹੇਗੀ।
ਸਕੂਲ ਦੇ ਦਫਤਰੀ ਕਾਰਜਾਂ ਵਿੱਚ ਉਹਨਾਂ ਨੇ ਮੈਨੂੰ ਇੱਕ ਸਕੂਲ ਮੁਖੀ ਹੋਣ ਦੇ ਨਾਤੇ ਬਹੁਤ ਸਹਿਯੋਗ ਦਿੱਤਾ। ਉਨ੍ਹਾਂ ਨੂੰ ਸਕੂਲ ਦਾ ਸਮੁੱਚਾ ਦਫਤਰੀ ਚਾਰਜ ਦਿੱਤਾ ਹੋਇਆ ਸੀ, ਜਿਸ ਕਰਕੇ ਸਾਰੇ ਕੰਮ ਸਮੇਂ ਸਿਰ ਹੋ ਰਹੇ ਸਨ। ਕੁਝ ਰਕਮ ਸਕੂਲ ਵਿੱਚ ਫੁੱਲ, ਬੂਟੇ, ਦਰੱਖਤ ਆਦਿ ਲਾਉਣ ਲਈ ਆਈ ਸੀ ਤੇ ਉਹਨਾਂ ਨਾਲ ਸਰਦਾਰ ਗੁਰਸੇਵਕ ਸਿੰਘ ਸਿੱਧੂ ਪੰਜਾਬੀ ਅਧਿਆਪਕ ਅਤੇ ਖੁਦ ਮੈਂ ਨਰਸਰੀ ਵਿਖੇ ਗਏ ਤੇ ਉੱਥੇ ਜਾ ਕੇ ਬੂਟਿਆਂ ਦੀ ਪਸੰਦ ਕਰਾਈ। ਫਿਰ ਸਾਰੇ ਬੂਟੇ ਗਿਣ ਕੇ ਛੋਟੀ ਹਾਥੀ ਗੱਡੀ ਵਿੱਚ ਰਖਵਾ ਕੇ ਸਕੂਲ ਪਹੁੰਚਾਏ। ਅੱਜ ਵੀ ਉਹ ਮਨ ਅੰਦਰ ਉੱਕਰੀ ਹੋਈ ਤਸਵੀਰ ਦੇਖਦਾ ਹਾਂ ਤਾਂ ਮਨ ਖੁਸ਼ ਹੋ ਜਾਂਦਾ ਹੈ ਕਿ ਮੈਨੂੰ ਅਜਿਹੇ ਸਾਥੀਆਂ ਦਾ ਸਾਥ ਮਿਲਿਆ। ਸ੍ਰੀ ਪ੍ਰਵੀਨ ਕਾਲੀਆਂ ਹਿੰਦੀ ਅਧਿਆਪਕ ਦੇ ਕੀਤੇ ਸਾਰੇ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਸਕੂਲ ਦਾ ਇੱਕ ਧੁਰਾ ਬਣ ਕੇ ਸੇਵਾ ਕਾਰਜ ਕੀਤੇ ਅਤੇ ਇਹ ਯਾਦਾਂ ਅਭੁੱਲ ਅਤੇ ਸੁਨਹਿਰੀ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (