“ਦੋਵੇਂ ਟੀਮਾਂ ਮੈਦਾਨ ਵਿੱਚ ਆ ਗਈਆਂ। ਖਿਡਾਰੀਆਂ ਨੇ ਇੱਕ ਦੂਜੇ ਨਾਲ ਮਿਲਣੀ ਕੀਤੀ। ਅਸੀਂ ਆਪਣੇ ...”
(28 ਨਵੰਬਰ 2024)
ਡੀ.ਐੱਮ. ਕਾਲਜ ਮੋਗਾ ਵਿੱਚ ਮੈਂ ਬੀ.ਐੱਸਸੀ. ਕਰਦਿਆਂ ਕਦੇ ਵੀ ਕਿਸੇ ਖੇਡ ਵਿੱਚ ਭਾਗ ਨਹੀਂ ਲਿਆ, ਸਿਰਫ਼ ਪੜ੍ਹਾਈ ਵੱਲ ਧਿਆਨ ਸੀ। ਕਾਲਜ ਵਿੱਚ ਪਹਿਲੇ ਪੀਰੀਅਡ ਥਿਊਰੀ ਦੇ ਲੱਗਦੇ ਸਨ ਅਤੇ ਬਾਅਦ ਵਿੱਚ ਪ੍ਰਯੋਗੀ ਹੁੰਦੇ ਸਨ। ਸਵੇਰ ਤੋਂ ਸ਼ਾਮ ਤਕ ਪੜ੍ਹਾਈ ਹੀ ਪੜ੍ਹਾਈ ਕਰਦੇ ਸੀ। ਕਦੇ ਪੀਰੀਅਡ ਛੱਡਣ ਦੀ ਹਿੰਮਤ ਹੀ ਨਹੀਂ ਸੀ। ਕਾਲਜ ਵਿੱਚ ਸ਼ਾਮ ਪੈ ਜਾਂਦੀ ਸੀ। ਫਿਰ ਘਰ ਜਾ ਕੇ ਸਾਰੀ ਪੜ੍ਹਾਈ ਕਰਨੀ। ਜਦੋਂ ਕੰਮ ਨਿੱਬੜਦਾ ਸੀ, ਉਦੋਂ ਕੁਝ ਅਰਾਮ ਕਰੀਦਾ ਸੀ। ਬੀ.ਐੱਸਸੀ. ਕਰਨ ਉਪਰੰਤ ਸੈਸ਼ਨ 1984-85 ਵਿੱਚ ਮੈਂ ਦਾਖਲਾ ਡੀ.ਐੱਮ. ਕਾਲਜ ਆਫ ਐਜੂਕੇਸ਼ਨ ਮੋਗਾ ਵਿਖੇ ਲੈ ਲਿਆ। ਇਨ੍ਹਾਂ ਦੋਹਾਂ ਕਾਲਜਾਂ ਦੀ ਕੰਧ ਸਾਂਝੀ ਸੀ। ਘਰ ਤੋਂ ਕਾਲਜ ਪੈਦਲ ਪੰਜ ਮਿੰਟ ਵਿੱਚ ਪਹੁੰਚ ਜਾਈਦਾ ਸੀ। ਇੱਥੇ ਵੀ ਮੈਂ ਪੜ੍ਹਾਈ ਵਿੱਚ ਮਗਨ ਰਹਿੰਦਾ ਸੀ। ਸ਼ਹਿਰੀ ਹੋਣ ਕਰਕੇ ਮੇਰੀ ਸ਼ਹਿਰੀ ਹਮ ਜਮਾਤੀਆਂ ਨਾਲ ਨੇੜਤਾ ਸੀ ਪਰ ਮੇਰੀ ਪੇਂਡੂ ਸਾਥੀਆਂ ਨਾਲ ਵੀ ਨਜ਼ਦੀਕੀ ਸੀ। ਜਿੰਨੇ ਸ਼ਹਿਰੀ ਸਾਥੀ ਸਨ, ਉਹ ਖਾਲੀ ਪੀਰੀਅਡ ਵਿੱਚ ਆਪਣੇ ਘਰਾਂ ਨੂੰ ਚਲੇ ਜਾਂਦੇ ਸੀ। ਹੌਲੀ ਹੌਲੀ ਮੇਰੀ ਨੇੜਤਾ ਸਭ ਨਾਲ ਹੋ ਗਈ।
ਪੀਰੀਅਡ ਤੋਂ ਬਾਅਦ ਅਸੀਂ ਕੰਟੀਨ ’ਤੇ ਚਲੇ ਜਾਂਦੇ ਸੀ। ਇੱਥੇ ਬੈਠ ਕੇ ਚਾਹ ਪਾਣੀ ਪੀ ਲੈਂਦੇ ਸੀ, ਫਿਰ ਜਮਾਤਾਂ ਵਿੱਚ ਵਾਪਸ ਚਲੇ ਜਾਂਦੇ ਸੀ। ਇਹ ਰੋਜ਼ਾਨਾ ਰੁਟੀਨ ਸੀ। ਕਈ ਵਾਰ ਸਾਡੇ ਪੇਂਡੂ ਸਾਥੀ ਕਾਲਜ ਤੋਂ ਬਾਅਦ ਖਾਣ ਪੀਣ ਲਈ ਗਲੀ ਨੰਬਰ ਦੋ ਵਿੱਚ ਚਲੇ ਜਾਂਦੇ ਅਤੇ ਉੱਥੇ ਸਮੋਸੇ, ਟਿੱਕੀਆਂ, ਪਕੌੜੇ, ਬਰੈੱਡ ਪੀਸ ਆਦਿ ਰਲਮਿਲ ਕੇ ਖਾਂਦੇ। ਉਸ ਬੈਠਣੀ ਦਾ ਵੱਖਰਾ ਹੀ ਅਨੰਦ ਸੀ। ਇੱਕ ਹਮ ਜਮਾਤੀ ਸਾਥੀ ਸਵਰਨ ਸਿੰਘ ਸੀ, ਉਹਦਾ ਪਿੰਡ ਮਹੇਸਰੀ ਸੀ। ਉਹ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ। ਉਹ ਬਹੁਤ ਹੀ ਨਰਮ, ਮਿਲਣਸਾਰ ਅਤੇ ਸਲੀਕੇ ਨਾਲ ਗੱਲ ਕਰਦਾ ਸੀ। ਉਹਨੇ ਇੱਕ ਦਿਨ ਕਿਹਾ ਕਿ ਆਪਾਂ ਕਾਲਜ ਵਿੱਚ ਵਾਲੀਬਾਲ ਖੇਡ ਲਿਆ ਕਰੀਏ, ਸਾਡਾ ਸਮਾਂ ਚੰਗਾ ਲੰਘ ਜਾਇਆ ਕਰੂ। ਮੈਂ ਵੀ ਸਵਰਨ ਨੂੰ ਹਾਂ ਕਰ ਦਿੱਤੀ, ਹੋਰਾਂ ਨੇ ਵੀ ਹਾਂ ਕਰ ਦਿੱਤੀ।
ਮੈਂ ਦੇਵ ਸਮਾਜ ਸਕੂਲ ਵਿੱਚ ਵਾਲੀਵਾਲ ਦੀ ਟੀਮ ਵਿੱਚ ਖੇਡਦਾ ਸੀ ਅਤੇ ਕਾਫੀ ਸਮਾਂ ਖੇਡਦਾ ਰਿਹਾ। ਕਾਲਜ ਵਿੱਚ ਇੱਕ ਪਾਸੇ ਖਾਲੀ ਥਾਂ ਪਈ ਸੀ, ਅਸੀਂ ਕਾਲਜ ਪ੍ਰੋਫੈਸਰਾਂ ਤੋਂ ਪੁੱਛ ਕੇ ਵਾਲੀਬਾਲ ਦੀ ਗਰਾਊਂਡ ਤਿਆਰ ਕਰ ਲਈ। ਉਦੋਂ ਇਹ ਕਾਲਜ ਦੀ ਇਮਾਰਤ ਦੇ ਬਿਲਕੁਲ ਸਾਹਮਣੇ ਸੀ। ਵਾਲੀਬਾਲ ਦੀ ਖੇਡ ਵਿੱਚ ਕੁੱਲ ਛੇ ਖਿਡਾਰੀ ਖੇਡਦੇ ਹਨ। ਤਿੰਨ ਅਗਲੇ ਪਾਸੇ ਨੈੱਟ ਕੋਲ ਅਤੇ ਬਾਕੀ ਤਿੰਨ ਉਨ੍ਹਾਂ ਦੇ ਪਿਛਲੇ ਪਾਸੇ ਖਡਦੇ ਹਨ। ਇੱਕ ਖਿਡਾਰੀ ਬਾਲ ਨੂੰ ਦੋ ਵਾਰੀ ਛੂਹ ਨਹੀਂ ਸਕਦਾ ਸੀ। ਖੇਡਦੇ ਸਮੇਂ ਜਦੋਂ ਬਾਲ ਲਾਈਨ ਨੂੰ ਛੂਹ ਜਾਵੇ ਤਾਂ ਅੰਦਰ (ਇੰਨ) ਗਿਣਿਆ ਜਾਂਦਾ ਹੈ। ਕੁੱਲ ਤਿੰਨ ਖੇਡਾਂ ਹੁੰਦੀਆਂ ਸਨ, ਜਿਹੜੇ ਦੋ ਜਿੱਤ ਜਾਂਦੇ ਸਨ, ਉਹ ਜੇਤੂ ਹੋ ਜਾਂਦੇ ਸਨ। ਅਸੀਂ ਇੱਥੇ ਨੈੱਟ ਲਗਾ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ।
ਸਵਰਨ ਵਾਲੀਬਾਲ ਦਾ ਬਹੁਤ ਤਕੜਾ ਖਿਡਾਰੀ ਸੀ। ਉਹਦਾ ਕੋਈ ਸਾਨੀ ਨਹੀਂ ਸੀ। ਉਹ ਸੁਪਰ ਸੀ। ਉਹਦੀ ਖੇਡ ਦੇਖ ਕੇ ਸਾਰੇ ਦੰਗ ਰਹਿ ਜਾਂਦੇ ਸਨ। ਅਸੀਂ ਕਾਲਜ ਵਿੱਚ ਇੱਕ ਦੋ ਪੀਰੀਅਡ ਜ਼ਰੂਰ ਖੇਡਦੇ ਸੀ। ਅਸੀਂ ਕਾਲਜ ਵਿੱਚ ਖੇਡਣ ਦਾ ਸਿਲਸਲਾ ਲਗਾਤਾਰ ਬਰਕਰਾਰ ਰੱਖਿਆ। ਇਸ ਤਰ੍ਹਾਂ ਸਾਡੀ ਕਾਲਜ ਦੀ ਇੱਕ ਟੀਮ ਤਿਆਰ ਹੋ ਗਈ।
ਇੱਕ ਵਾਰ ਸਾਡਾ ਬੀ.ਐੱਡ. ਕਾਲਜ ਫਰੀਦਕੋਟ ਨਾਲ ਦੋਸਤਾਨਾ ਮੈਚ ਲਗਾਉਣ ਦਾ ਸਬੱਬ ਬਣ ਗਿਆ। ਅਸੀਂ ਮੈਚ ਵਾਲੇ ਦਿਨ ਬੱਸ ਅੱਡੇ ਇਕੱਠੇ ਹੋਏ ਤੇ ਫਰੀਦਕੋਟ ਲਈ ਬੱਸ ਲੈ ਲਈ। ਬੱਸ ਫਰੀਦਕੋਟ ਅੱਡੇ ’ਤੇ ਪਹੁੰਚ ਗਈ। ਇੱਥੋਂ ਬੀ.ਐੱਡ. ਕਾਲਜ ਨੇੜੇ ਹੀ ਸੀ। ਅਸੀਂ ਪੈਦਲ ਹੀ ਚਲੇ ਗਏ। ਉਦੋਂ ਦੋਵੇਂ ਕਾਲਜ ਡਿਗਰੀ ਅਤੇ ਬੀ.ਐੱਡ. ਆਹਮਣੇ ਸਾਹਮਣੇ ਸਨ। ਅਸੀਂ ਕਾਲਜ ਵਿੱਚ ਚਲੇ ਗਏ। ਇਹ ਕਾਲਜ ਵੀ ਸਾਡੇ ਕਾਲਜ ਵਾਂਗ ਹੀ ਬਣਿਆ ਸੀ। ਉੰਨਾ ਕੁ ਖੇਤਰ ਇਸ ਕਾਲਜ ਦਾ ਸੀ। ਕਾਲਜ ਦੇ ਖੱਬੇ ਪਾਸੇ ਵਾਲੀਵਾਲ ਦੀ ਗਰਾਊਂਡ ਸੀ।
ਉਸ ਦਿਨ ਕਾਲਜ ਵਿੱਚ ਕਾਫੀ ਚਹਿਲ ਪਹਿਲ ਸੀ। ਸਾਰੇ ਮੈਚ ਦੇਖਣ ਲਈ ਉਤਾਵਲੇ ਸਨ। ਸਮਾਂ ਹੋ ਗਿਆ। ਰੈਫਰੀ ਨੇ ਵਿਸਲ ਮਾਰੀ। ਦੋਵੇਂ ਟੀਮਾਂ ਮੈਦਾਨ ਵਿੱਚ ਆ ਗਈਆਂ। ਖਿਡਾਰੀਆਂ ਨੇ ਇੱਕ ਦੂਜੇ ਨਾਲ ਮਿਲਣੀ ਕੀਤੀ। ਅਸੀਂ ਆਪਣੇ ਪਾਲੇ ਵਿੱਚ ਚਲੇ ਗਏ। ਮੈਂ ਨੈੱਟ ਦੇ ਕੋਲ ਖੱਬੇ ਪਾਸੇ ਸੀ। ਬਾਕੀ ਖਿਡਾਰੀ ਵੀ ਆਪਣੀਆਂ ਥਾਵਾਂ ’ਤੇ ਖੜ੍ਹੇ ਸਨ। ਸਾਡਾ ਯੋਧਾ ਸਵਰਨ ਕੇਂਦਰ ਵਿੱਚ ਸੀ। ਖੇਡ ਸ਼ੁਰੂ ਹੋ ਗਈ। ਸਵਰਨ ਦੀ ਸਰਵਿਸ ਬੜੀ ਕਮਾਲ ਦੀ ਸੀ। ਉਹ ਬਾਲ ਨੂੰ ਬਹੁਤ ਹੀ ਨੱਪ ਕੇ ਮਾਰਦਾ ਸੀ ਤੇ ਅਗਲੀ ਟੀਮ ਨੂੰ ਬਾਲ ਚੁੱਕਣ ਵਿੱਚ ਮੁਸ਼ਕਿਲ ਆਉਂਦੀ ਸੀ। ਇਸ ਮੈਚ ਵਿੱਚ ਸਵਰਨ ਦੂਜੀ ਟੀਮ ਦਾ ਧੂੰਆਂ ਕਢਾਈ ਜਾ ਰਿਹਾ ਸੀ। ਉਹਨੇ ਖੇਡ ਬਹੁਤ ਵਧੀਆ ਢੰਗ ਨਾਲ ਖੇਡੀ। ਹਰ ਪਾਸੇ ਸਵਰਨ ਸਿੰਘ ਮਹੇਸਰੀ ਦੀ ਬੱਲੇ ਬੱਲੇ ਹੋਈ ਪਈ ਸੀ। ਸਾਥੀ ਸਵਰਨ ਸਿੰਘ ਮਹੇਸਰੀ ਨੇ ਡੀ.ਐੱਮ. ਕਾਲਜ ਆਫ ਐਜੂਕੇਸ਼ਨ ਮੋਗਾ ਦਾ ਨਾਂਅ ਸੁਨਹਿਰੀ ਅੱਖਰਾਂ ਵਿੱਚ ਚਮਕਾ ਦਿੱਤਾ।
ਬੇਸ਼ਕ ਇਹ ਮੈਚ ਦੋਸਤਾਨਾ ਸੀ ਪਰ ਸਵਰਨ ਸਿੰਘ ਦੇ ਜੌਹਰ ਦੇਖਣ ਵਾਲੇ ਸਨ। ਉਹਨੇ ਕਮਾਲ ਦੀ ਖੇਡ ਖੇਡੀ, ਫੱਟੇ ਚੱਕ ਦਿੱਤੇ। ਅੱਜ ਬੜੇ ਲੰਬੇ ਸਮੇਂ ਬਾਅਦ ਯਾਦਾਂ ਦੀ ਪਟਾਰੀ ਵਿੱਚੋਂ ਸਵਰਨ ਸਿੰਘ ਯਾਦ ਆਏ ਅਤੇ ਬੀਤੇ ਪਲ ਸਾਂਝੇ ਕਰਨ ਦਾ ਮੌਕਾ ਮਿਲਿਆ। ਬੇਸ਼ਕ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਸਦੀਆਂ ਯਾਦਾਂ, ਉਹਦੇ ਨਾਲ ਬਿਤਾਏ ਪਲ ਸਦਾ ਯਾਦ ਰਹਿਣਗੇ ਅਤੇ ਜ਼ਿੰਦਗੀ ਦੇ ਨਾਲ ਨਾਲ ਚੱਲਣਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5485)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)