“ਵੱਡੀ ਗੱਲ ਇਹ ਸੀ ਕਿ ਉਹ ਮੁਫ਼ਤ ਪੜ੍ਹਾਉਂਦੇ ਸਨ। ਉਹ ਕਈ ਵਾਰ ਦੇਵ ਸਮਾਜ ਦੀ ...”
(19 ਨਵੰਬਰ 2024)
ਪੁਰਾਣੀ ਗੱਲ ਹੈ ਜਦੋਂ ਮੈਂ ਦੇਵ ਸਮਾਜ ਹਾਇਰ ਸੈਕੰਡਰੀ ਸਕੂਲ ਮੋਗਾ ਵਿੱਚ ਪੜ੍ਹਦਾ ਸੀ। ਉਦੋਂ ਦਸਵੀਂ ਤੋਂ ਬਅਦ ਗਿਆਰ੍ਹਵੀਂ ਜਮਾਤ ਹੁੰਦੀ ਸੀ। ਹੁਣ ਪਲੱਸ ਵਨ ਅਤੇ ਪਲੱਸ ਟੂ ਹਨ। ਦਸਵੀਂ ਜਮਾਤ ਪਾਸ ਕਰ ਲਈ ਅਤੇ ਹੁਣ ਅਗਲੀ ਜਮਾਤ ਵਿੱਚ ਦਾਖਲਾ ਲੈਣਾ ਸੀ। ਇਸ ਦਾਖਲੇ ਦੇ ਸੰਬੰਧ ਵਿੱਚ ਮੇਰੇ ਭਰਾ ਸ੍ਰ. ਇਕਬਾਲ ਸਿੰਘ ਜੀ ਨੇ ਮੈਨੂੰ ਗਾਇਡ ਕੀਤਾ ਤੇ ਕਿਹਾ ਕਿ ਤੂੰ ਗਿਆਰ੍ਹਵੀਂ ਵਿੱਚ ਆਰਟਸ ਗਰੁੱਪ ਨਹੀਂ ਰੱਖਣਾ, ਸਾਇੰਸ ਗਰੁੱਪ ਨਾਨ ਮੈਡੀਕਲ ਲੈਣਾ ਹੈ। ਮੈਂ ਉਨ੍ਹਾਂ ਦਾ ਹੁਕਮ ਸਿਰ ਮੱਥੇ ਮੰਨ ਲਿਆ। ਮੈਂ ਦਾਖਲਾ ਲੈਣ ਲਈ ਆਪਣੇ ਸਕੂਲ ਚਲਾ ਗਿਆ ਅਤੇ ਜਮਾਤ ਦੇ ਇਚਾਰਜ ਅਧਿਆਪਕ ਨੂੰ ਮਿਲਿਆ ਤੇ ਸਾਇੰਸ ਗਰੁੱਪ ਨਾਨ ਮੈਡੀਕਲ ਵਿੱਚ ਦਾਖਲਾ ਲੈਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਮੈਨੂੰ ਦਾਖਲ ਕਰ ਲਿਆ।
ਗਿਆਰ੍ਹਵੀਂ ਵਿੱਚ ਫ਼ਿਜਿਕਸ, ਮੈਥ, ਕਮਿਸਟਰੀ ਅਤੇ ਅੰਗਰੇਜ਼ੀ ਵਿਸ਼ੇ ਸਨ। ਮੇਰਾ ਸਕੂਲ ਮੇਰੇ ਘਰ ਤੋਂ ਦੋ ਮਿੰਟ ਦੀ ਦੂਰੀ ’ਤੇ ਸੀ। ਸਕੂਲ ਦੇ ਸਾਰੇ ਅਧਿਆਪਕ ਮਿਹਨਤੀ ਸਨ। ਪਰ ਇੱਥੇ ਮੈਂ ਸਿਰਫ਼ ਜ਼ਿਕਰ ਪ੍ਰਿੰਸੀਪਲ ਗਿਰਵਰ ਪ੍ਰਸਾਦ ਜੀ ਦਾ ਕਰਾਂਗਾ। ਉਹ ਬਾਹਰਲੇ ਸੂਬੇ ਤੋਂ ਆਏ ਸਨ ਅਤੇ ਪਤਲੇ ਜਿਹੇ ਲੰਬੇ ਕੱਦ ਦੇ ਸਨ। ਉਹ ਇੱਥੇ ਸਕੂਲ ਦੇ ਵਿੱਚ ਕੇਵਲ ਆਪ ਹੀ ਰਹਿੰਦੇ ਸਨ, ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਪਿੰਡ ਹੀ ਰਹਿੰਦਾ ਸੀ। ਉਹ ਸ਼ੁੱਧ ਸ਼ਾਕਾਹਾਰੀ ਸਨ। ਉਨ੍ਹਾਂ ਦੀ ਯੋਗਤਾ ਅਤੇ ਪੜ੍ਹਾਉਣ ਦੀ ਕਾਬਲੀਅਤ ਅੱਵਲ ਦਰਜੇ ਦੀ ਸੀ। ਉਨ੍ਹਾਂ ਦੀ ਰਹਿਣੀ ਸਹਿਣੀ ਸਧਾਰਨ ਸੀ। ਅਕਸਰ ਹੀ ਉਹ ਚਿੱਟਾ ਕੁੜਤਾ, ਧੋਤੀ ਅਤੇ ਕੰਨਾਂ ਤੋਂ ਉੱਪਰ ਲੰਬੇ ਪੂੰਝੇਵਾਲੀ ਪੱਗ ਬੰਨ੍ਹਦੇ ਸਨ। ਉਹ ਹਿੰਦੀ ਵਿੱਚ ਗੱਲ ਕਰਦੇ ਸਨ। ਨੰਗੇ ਸਿਰ ਨਹੀਂ ਰਹਿੰਦੇ ਸਨ।
ਪ੍ਰਿੰਸੀਪਲ ਸਰ ਦੇ ਦਫਤਰ ਦੇ ਨਜ਼ਦੀਕ ਹੀ ਸਾਡਾ ਕਲਾਸ ਰੂਮ ਸੀ। ਅਕਸਰ ਸਾਡੇ ਪੀਰੀਅਡ ਫ਼ਿਜਿਕਸ ਲੈਬ, ਕਮਿਸਟਰੀ ਲੈਬ, ਬੋਹੜ ਹੇਠਾਂ ਅਤੇ ਕਈ ਵਾਰ ਕਲਾਸ ਵਿੱਚ ਲੱਗਦੇ ਸਨ। ਅਸੀਂ ਜਮਾਤੀ ਚੱਕਵਾਂ ਬਲੈਕਬੋਰਡ ਚੱਕ ਕੇ ਲਿਆਉਂਦੇ ਅਤੇ ਬੋਹੜ ਥੱਲੇ ਰੱਖ ਦਿੰਦੇ। ਪ੍ਰਿੰਸੀਪਲ ਸਰ ਅਕਸਰ ਹੀ ਬੋਹੜ ਥੱਲੇ ਕਲਾਸ ਲਾਉਂਦੇ ਸਨ। ਇੱਥੋਂ ਉਨ੍ਹਾਂ ਦੀ ਨਜ਼ਰ ਸਾਰੇ ਸਕੂਲ ਤਕ ਜਾਂਦੀ ਸੀ। ਬਲੈਕ ਬੋਰਡ ’ਤੇ ਸਵਾਲ ਕਰਾਉਂਦੇ ਸਨ ਅਤੇ ਫ਼ਿਜਿਕਸ ਦੀ ਪੜ੍ਹਾਈ ਤਾਂ ਉਹ ਆਪਣੇ ਕਲਾਸ ਟੇਬਲ ਦੇ ਨਜ਼ਦੀਕ ਸਾਨੂੰ ਬੈਂਚਾਂ ’ਤੇ ਬਿਠਾ ਕੇ ਕਰਾਉਂਦੇ ਸਨ। ਇੱਕ ਬੱਚੇ ਦੀ ਕਾਪੀ ਲੈ ਕੇ ਉਸ ਉੱਪਰ ਸਮਝਾ ਦਿੰਦੇ ਸੀ। ਉਹ ਆਪਣੇ ਵਿਸ਼ੇ ਦੇ ਬਹੁਤ ਜ਼ਿਆਦਾ ਮਾਹਰ ਸਨ। ਉਨ੍ਹਾਂ ਦੇ ਅੰਦਰ ਪੜ੍ਹਾਉਣ ਦਾ ਜਜ਼ਬਾ ਸੀ, ਉਹ ਕਦੇ ਵੀ ਕਲਾਸ ਨਹੀਂ ਛੱਡਦੇ ਸਨ। ਨਾ ਉਹ ਕਦੇ ਥੱਕਦੇ ਸਨ। ਜਿਹੋ ਜਿਹਾ ਗੁਰੂ ਉਹੇ ਜਿਹੇ ਚੇਲੇ ਸਨ। ਸਾਡੇ ਵਿੱਚ ਵੀ ਪੜ੍ਹਨ ਦੀ ਲਾਲਸਾ ਅਤੇ ਸਵਾਲ ਕਰਨ ਦੀ ਹਿੰਮਤ ਸੀ। ਉਹ ਸਵਾਲ ਕਰਾਉਂਦੇ, ਅਸੀਂ ਨਾਲ ਦੀ ਨਾਲ ਬੋਲੀ ਜਾਂਦੇ। ਉਹ ਸਾਡੇ ਪ੍ਰਤੀਕਰਮ ਤੋਂ ਖੁਸ਼ ਸਨ। ਅਸੀਂ ਸਾਰਾ ਕੰਮ ਨਾਲ ਦੀ ਨਾਲ ਯਾਦ ਕਰ ਲੈਂਦੇ। ਉਹ ਬਹੁਤ ਹੀ ਪਿਆਰ ਨਾਲ ਸਮਝਾਉਂਦੇ ਸਨ, ਗੁੱਸੇ ਕਦੇ ਵੀ ਨਹੀਂ ਹੁੰਦੇ ਸਨ।
ਪ੍ਰਿੰਸੀਪਲ ਗਿਰਵਰ ਪ੍ਰਸਾਦ ਜੀ ਨੇ ਫ਼ਿਜਿਕਸ ਪ੍ਰਯੋਗਸ਼ਲਾ ਲਈ ਸਮਾਨ ਖਰੀਦ ਕੇ ਲੈਬ ਭਰ ਦਿੱਤੀ ਸੀ, ਜਿਸਦਾ ਲਾਭ ਵਿਦਿਆਰਥੀਆਂ ਨੂੰ ਜ਼ਰੂਰ ਹੋਇਆ ਹੋਵੇਗਾ। ਕਈ ਵਾਰ ਫ਼ਿਜਿਕਸ ਦੇ ਪ੍ਰਯੋਗ ਕਰਨ ਲਈ ਲੈਬ ਵਿੱਚ ਬੁਲਾ ਲੈਂਦੇ ਸਨ। ਇੱਥੇ ਪਹਿਲਾਂ ਆਪ ਖੁਦ ਪ੍ਰਯੋਗ ਕਰਕੇ ਦਿਖਾਉਂਦੇ, ਫਿਰ ਸਾਨੂੰ ਕਰਨ ਨੂੰ ਕਹਿ ਦਿੰਦੇ। ਇਸ ਤਰ੍ਹਾਂ ਉਨ੍ਹਾਂ ਨੇ ਸਕੂਲ ਵਿੱਚ ਦੱਬ ਕੇ ਪੜ੍ਹਾਈ ਕਰਵਾਈ। ਉਹ ਰੋਜ਼ਾਨਾ ਸਾਨੂੰ ਸ਼ਾਮ ਨੂੰ ਸਕੂਲ ਦੀ ਪਾਰਕ ਵਿੱਚ ਬੁਲਾ ਕੇ ਕਲਾਸ ਲਗਾਉਂਦੇ ਸਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਅਸੀਂ ਇੱਕ ਕੁਰਸੀ ਲੈ ਆਉਂਦੇ ਅਤੇ ਆਪ ਘਾਹ ’ਤੇ ਅਰਾਮ ਨਾਲ ਬੈਠ ਜਾਂਦੇ। ਸ਼ਾਮ ਨੂੰ ਉਹ ਸਾਨੂੰ ਇੱਕ ਥਿਉਰਮ ਕਰਾਉਂਦੇ ਸਨ। ਜਿਹੜੀ ਥਿਉਰਮ ਕਰਨੀ ਹੁੰਦੀ ਸੀ, ਪਹਿਲਾਂ ਅਸੀਂ ਥਿਉਰਮ ਬੋਲਦੇ, ਫਿਰ ਉਹ ਜ਼ਬਾਨੀ ਸਮਝਾ ਦਿੰਦੇ ਸਨ। ਫਿਰ ਉਹ ਪਾਰਕ ਵਿੱਚੋਂ ਡੱਕੇ ਚੱਕ ਲੈਂਦੇ ਤੇ ਉਨ੍ਹਾਂ ਨੂੰ ਜ਼ਮੀਨ ਵਿੱਚ ਗੱਡ ਕੇ ਅਧਾਰ, ਲੰਬ ਅਤੇ ਕਰਨ ਬਣਾ ਕੇ ਸਵਾਲ ਕਰਾਉਂਦੇ ਸਨ। ਇਸ ਤਰ੍ਹਾਂ ਉਹ ਥਰੀ ਡਾਇਮੈਨਸ਼ਨ ਚਿੱਤਰ ਬਣਾ ਕੇ ਪੜ੍ਹਾਈ ਕਰਾਉਂਦੇ ਸਨ। ਇਸ ਤਰ੍ਹਾਂ ਸਾਨੂੰ ਵੀ ਜਲਦੀ ਸਮਝ ਆ ਜਾਂਦੀ ਸੀ। ਫਿਰ ਉਹ ਸਾਡੇ ਕੋਲੋਂ ਥਿਉਰਮ ਸੁਣਦੇ। ਅਸੀਂ ਵੀ ਉਨ੍ਹਾਂ ਵਾਂਗ ਥਿਉਰਮ ਸੁਣਾ ਦਿੰਦੇ। ਉਹ ਵਾਰੀ ਵਾਰੀ ਸਾਡੇ ਤੋਂ ਪੁੱਛਦੇ ਰਹਿੰਦੇ।
ਉਹ ਹਰ ਤਰ੍ਹਾਂ ਦੇ ਫਾਰਮੂਲੇ ਸਾਨੂੰ ਰਟਾ ਦਿੰਦੇ ਸਨ ਅਤੇ ਸੌਖੇ ਤਰੀਕੇ ਦੱਸ ਕੇ ਯਾਦ ਕਰਨ ਦਾ ਢੰਗ ਦੱਸਦੇ ਸਨ। ਵੱਡੀ ਗੱਲ ਇਹ ਸੀ ਕਿ ਉਹ ਮੁਫ਼ਤ ਪੜ੍ਹਾਉਂਦੇ ਸਨ। ਉਹ ਕਈ ਵਾਰ ਦੇਵ ਸਮਾਜ ਦੀ ਪਾਠਸ਼ਾਲਾ ਵਿੱਚ ਹਾਲ ਵਿੱਚ ਵੀ ਸਾਨੂੰ ਲੈ ਜਾਂਦੇ ਸੀ ਅਤੇ ਉੱਥੇ ਕਈ ਸ਼ਖਸੀਅਤਾਂ ਦੇ ਵਿਚਾਰ ਸੁਣਨ ਨੂੰ ਮਿਲਦੇ ਸਨ। ਮੈਂ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ। ਸਾਡੀਆਂ ਉਂਗਲਾਂ ’ਤੇ ਸਾਨੂੰ ਹਰ ਚੀਜ਼ ਯਾਦ ਸੀ। ਬੇਸ਼ਕ ਅੱਜ ਦੇ ਜ਼ਮਾਨੇ ਵਿੱਚ ਕਈ ਅਧਿਆਪਕ ਦੱਬ ਕੇ ਮਿਹਨਤ ਕਰਕੇ ਟਿਊਸ਼ਨ ਕਰਦੇ ਹਨ, ਜਿਸ ਨਾਲ ਉਹ ਆਰਥਿਕ ਤੌਰ ’ਤੇ ਤਕੜੇ ਹੋ ਜਾਂਦੇ ਹਨ।
ਇੱਕ ਤਾਂ ਸਾਇੰਸ, ਮੈਥ ਨਾਲ ਸਾਡਾ ਮੋਹ ਸੀ ਤੇ ਦੂਜੇ ਸਾਡੇ ਸਰ ਬਹੁਤ ਵਧੀਆ ਸਨ। ਅੱਜ ਵੀ ਉਨ੍ਹਾਂ ਦੀ ਪਿਆਰ ਭਰੀ ਨਿੱਘੀ ਯਾਦ ਆਉਂਦੀ ਹੈ। ਉਨ੍ਹਾਂ ਵੱਲੋਂ ਨਵੇਕਲੇ ਢੰਗਾਂ ਨਾਲ ਕਰਾਈ ਪੜ੍ਹਾਈ ਅਤੇ ਪੜ੍ਹਾਏ ਹੋਏ ਬਹੁਤ ਸਾਰੇ ਵਿਦਿਆਰਥੀ ਬੁਲੰਦੀਆਂ ’ਤੇ ਪੁੱਜੇ ਹੋਏ ਹੋਣਗੇ। ਮੈਂ ਉਨ੍ਹਾਂ ਦੀ ਬਦੌਲਤ ਸਾਇੰਸ ਵਿਸ਼ੇ ਦੀ ਪੜ੍ਹਾਈ ਕੀਤੀ ਤੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਪਹਿਲਾਂ ਸਾਇੰਸ ਮਾਸਟਰ, ਫਿਰ ਮੁੱਖ ਅਧਿਆਪਕ ਅਤੇ ਫਿਰ ਪ੍ਰਿੰਸੀਪਲ ਬਣ ਕੇ ਸੇਵਾਮੁਕਤ ਹੋ ਗਿਆ ਹਾਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5457)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)