“ਉਸ ਲੜਕੀ ਦੀ ਗੱਲ ਸੁਣ ਕੇ ਮੈਂ ਧਿਆਨ ਦਿੱਤਾ ਤਾਂ ਮੈਨੂੰ ਯਾਦ ਆ ਗਿਆ ...”
(26 ਜਨਵਰੀ 2025)
ਵਿਦਿਆਰਥੀ ਬਚਪਨ ਵਿੱਚ ਵਧੇਰੇ ਸਮਾਂ ਖੇਡ ਮਸਤੀ ਵਿੱਚ ਬਤੀਤ ਕਰਦੇ ਹਨ ਅਤੇ ਪੜ੍ਹਾਈ ਵੱਲ ਧਿਆਨ ਘੱਟ ਕਰਦੇ ਹਨ, ਜਿਸ ਕਰਕੇ ਕਈ ਪਛੜ ਜਾਂਦੇ ਹਨ। ਪਰ ਜਿਹੜੇ ਰੋਜ਼ਾਨਾ ਕੰਮ ਕਰਦੇ ਹਨ, ਘਰ ਦਾ ਕੰਮ ਬਾਕੀ ਨਹੀਂ ਛੱਡਦੇ, ਨਾਲ ਦੀ ਨਾਲ ਯਾਦ ਕਰਦੇ ਰਹਿੰਦੇ ਹਨ, ਲਿਖ ਲਿਖ ਕੇ ਦੇਖਦੇ ਹਨ, ਸਮੇਂ ਦੀ ਸਹੀ ਵਰਤੋਂ ਕਰਦੇ ਹਨ; ਉਹ ਬੱਚੇ ਕਦੇ ਵੀ ਪਿੱਛੇ ਨਹੀਂ ਰਹਿੰਦੇ ਸਗੋਂ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ ਅਤੇ ਇੱਕ ਦਿਨ ਆਪਣੇ ਟੀਚੇ ’ਤੇ ਪਹੁੰਚ ਜਾਂਦੇ ਹਨ। ਉਹ ਬੱਚੇ ਆਪਣੇ ਮਾਂ ਬਾਪ, ਪਿੰਡ, ਸਕੂਲ ਅਤੇ ਅਧਿਆਪਕਾਂ ਦਾ ਨਾਂਅ ਵੀ ਰੌਸ਼ਨ ਕਰਦੇ ਹਨ।
ਅਕਸਰ ਹੀ ਪ੍ਰਾਇਮਰੀ ਸਕੂਲਾਂ ਦੇ ਬੱਚੇ ਅੱਗੇ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੇਵੀਂ ਕਲਾਸ ਵਿੱਚ ਪੜ੍ਹਨ ਲਈ ਜਾਂਦੇ ਹਨ। ਸਾਰੇ ਬੱਚੇ ਮਿਹਨਤੀ ਹੁੰਦੇ ਹਨ ਪਰ ਕੋਈ ਕਿਸੇ ਪਾਸੇ ਮਿਹਨਤ ਲਗਾ ਦਿੰਦਾ, ਕੋਈ ਕਿਸੇ ਪਾਸੇ। ਮੈਨੂੰ ਯਾਦ ਹੈ ਕਿ ਮੈਂ ਬਦਲੀ ਕਰਵਾ ਕੇ ਸ਼ਹਿਰ ਦੇ ਨੇੜਲੇ ਸਕੂਲ ਵਿੱਚ ਚਲਾ ਗਿਆ। ਅਜੇ ਗਏ ਨੂੰ ਕੁਝ ਕੁ ਦਿਨ ਹੀ ਹੋਏ ਸਨ ਕਿ ਜ਼ਿਲ੍ਹਾ ਦਫਤਰ ਨੇ ਦੁਬਾਰਾ ਫਿਰ ਪੁਰਾਣੇ ਸਕੂਲ ਆਰਡਰ ਕਰ ਦਿੱਤੇ। ਪਰ ਮੈਂ ਪੰਚਾਇਤ ਦੀ ਮਦਦ ਨਾਲ ਇਹ ਆਰਡਰ ਰੱਦ ਕਰਵਾ ਲਏ। ਇਸ ਨਵੇਂ ਸਕੂਲ ਵਿੱਚ ਇਮਾਰਤ ਸੰਪੂਰਨ ਨਹੀਂ ਸੀ। ਕਮਰੇ ਬਣੇ ਹੋਏ ਸਨ ਪਰ ਕੋਈ ਬਾਰੀ, ਦਰਵਾਜ਼ਾ ਨਹੀਂ ਸੀ ਅਤੇ ਨਾ ਹੀ ਕੋਈ ਫਰਨੀਚਰ ਜਾਂ ਚਾਰਦੀਵਾਰੀ। ਸਕੂਲ ਵਿੱਚ ਕੋਈ ਵੀ ਬਲੈਕਬੋਰਡ ਨਹੀਂ ਸੀ। ਪਾਣੀ ਦਾ ਪ੍ਰਬੰਧ ਵੀ ਨਹੀਂ ਸੀ। ਬਾਥਰੂਮ ਵੀ ਨਹੀਂ ਸੀ ਅਤੇ ਨਾ ਹੀ ਬਿਜਲੀ ਦਾ ਕੋਈ ਕੁਨੈਕਸ਼ਨ। ਇੱਕ ਸਮਾਜਸੇਵੀ ਸ਼ਖਸੀਅਤ ਇੱਕ ਦਿਨ ਸਕੂਲ ਆਏ। ਉਨ੍ਹਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਸਭ ਤੋਂ ਪਹਿਲਾਂ ਸਾਨੂੰ ਉਨ੍ਹਾਂ ਨੇ ਇੱਕ ਪੁਰਾਣਾ ਟਰੰਕ ਮੁਹਈਆ ਕਰਵਾਇਆ ਜਿਸ ਵਿੱਚ ਅਸੀਂ ਸਕੂਲ ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ। ਜਦੋਂ ਸਾਰੀ ਛੁੱਟੀ ਹੁੰਦੀ, ਟਰੰਕ ਨੂੰ ਅਸੀਂ ਸਕੂਲ ਦੇ ਗੁਆਂਢ ਵਿੱਚ ਇੱਕ ਘਰ ਵਿੱਚ ਰੱਖ ਦਿੰਦੇ ਤੇ ਅਗਲੇ ਦਿਨ ਫਿਰ ਲੈ ਆਉਂਦੇ।
ਕੁਝ ਦਿਨਾਂ ਬਾਅਦ ਇੱਕ ਦਾਨੀ ਪੁਰਸ਼ ਸਕੂਲ ਆਇਆ ਤੇ ਜਦੋਂ ਉਸਨੇ ਦੇਖਿਆ ਕਿ ਬੱਚੇ ਪਾਣੀ ਪੀਣ ਲਈ ਨਾਲ ਦੇ ਪ੍ਰਾਇਮਰੀ ਸਕੂਲ ਜਾਂ ਨੇੜੇ ਦੇ ਘਰਾਂ ਵਿੱਚ ਜਾਂਦੇ ਹਨ ਤਾਂ ਉਸਨੇ ਇੱਕ ਨਲਕਾ ਲਗਾਉਣ ਦੀ ਸੇਵਾ ਲਈ ਅਤੇ ਕੁਝ ਦਿਨਾਂ ਵਿੱਚ ਸਕੂਲ ਵਿੱਚ ਨਲਕਾ ਲੱਗ ਗਿਆ। ਸਾਨੂੰ ਸਭ ਨੂੰ ਚਾਅ ਚੜ੍ਹ ਗਿਆ। ਸਾਡੇ ਬੱਚੇ ਸਾਡੇ ਸਕੂਲ ਵਿੱਚ ਪਾਣੀ ਲੱਗ ਪਏ। ਇਸੇ ਤਰ੍ਹਾਂ ਇੱਕ ਬਜ਼ੁਰਗ ਬੰਦਾ ਆਇਆ ਤੇ ਉਨ੍ਹਾਂ ਨੇ ਕਾਫੀ ਸਾਰੀ ਰਕਮ ਸਕੂਲ ’ਤੇ ਖਰਚ ਕਰਨੀ ਸੀ। ਇਸ ਲਈ ਉਨ੍ਹਾਂ ਸਾਡੇ ਤੋਂ ਪੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ। ਅਸੀਂ ਤਾਂ ਸਾਰਾ ਕੁਝ ਦੱਸ ਦਿੱਤਾ। ਉਨ੍ਹਾਂ ਨੇ ਸਾਰੇ ਸਕੂਲ ਦੇ ਕਮਰਿਆਂ ਦੇ ਪੱਲੇ, ਬਾਰ ਬਾਰੀਆਂ ਲਗਾਉਣ ਲਈ ਕਿਹਾ। ਕੁਝ ਹਫਤਿਆਂ ਵਿੱਚ ਇਹ ਕੰਮ ਮੁਕੰਮਲ ਹੋ ਗਿਆ। ਸਕੂਲ ਵਿੱਚ ਇੱਟਾਂ ਦੇ ਢੇਰ ਲੱਗੇ ਪਏ ਸਨ। ਅਸੀਂ ਉਹ ਇੱਟਾਂ ਚੁੱਕ ਕੇ ਸਕੂਲ ਦੇ ਪਿਛਲੇ ਪਾਸੇ ਲੈ ਗਏ ਅਤੇ ਬਿਨਾਂ ਗਾਰੇ ਤੋਂ ਚਿਣ ਕੇ ਉਹਲਾ ਜਿਹਾ ਕਰ ਦਿੱਤਾ। ਇਸ ਤਰ੍ਹਾਂ ਸਭ ਲਈ ਆਰਜ਼ੀ ਜਿਹਾ ਬਾਥਰੂਮ ਬਣ ਗਿਆ। ਬਾਅਦ ਵਿੱਚ ਸਰਪੰਚ ਸਾਹਿਬ ਅਤੇ ਪੰਚਾਇਤ ਰਲ਼ ਕੇ ਸਕੂਲ ਲਈ ਉਪਰਾਲੇ ਕਰਦੇ ਰਹੇ। ਇਸ ਤਰ੍ਹਾਂ ਚਾਰਦੀਵਾਰੀ ਵੀ ਕਰ ਦਿੱਤੀ ਗਈ ਅਤੇ ਨਲਕੇ ’ਤੇ ਮੋਟਰ ਲੱਗ ਗਈ ਅਤੇ ਬਿਜਲੀ ਦਾ ਕੁਨੈਕਸ਼ਨ ਲਗਾ ਦਿੱਤਾ ਅਤੇ ਸਾਰੇ ਪਾਸੇ ਬਿਜਲੀ ਦੀ ਫਿਟਿੰਗ ਹੋ ਗਈ। ਅਜੇ ਵੀ ਬੱਚੇ ਟਾਟਾਂ ’ਤੇ ਬੈਠਦੇ ਸਨ। ਇੱਕ ਸ਼ਖਸ ਨੇ ਸਕੂਲ ਦੀ ਹਾਲਤ ਦੇਖ ਕੇ ਬੈਂਚ ਡੈਸਕ ਬਣਾ ਦਿੱਤੇ। ਮੈਨੂੰ ਯਾਦ ਹੈ, ਸ਼ੁਰੂ ਵਿੱਚ ਮੈਂ ਬਲੈਕਬੋਰਡ ਨਾ ਹੋਣ ਕਰਕੇ ਕੰਧ ਦੇ ਪਲਸਤਰ ’ਤੇ ਰੰਗ ਕਰਕੇ ਹੀ ਕੰਮ ਚਲਾ ਲਿਆ। ਬਾਅਦ ਵਿੱਚ ਕਮਰਿਆਂ ਵਿੱਚ ਵੀ ਬਲੈਕਬੋਰਡ ਬਣ ਗਏ ਅਤੇ ਤਿੰਨ ਲੱਤਾਂ ਵਾਲੇ ਚੱਕਵੇਂ ਬਲੈਕਬੋਰਡ ਵੀ ਲੈ ਆਂਦੇ। ਗੱਲ ਕੀ, ਸਮੇਂ ਦੇ ਨਾਲ ਨਾਲ ਸਕੂਲ ਵਿੱਚ ਸਾਰਾ ਕੁਝ ਬਣ ਗਿਆ।
ਇਸ ਸਕੂਲ ਦੇ ਬੱਚੇ ਤਿੰਨ ਸਾਲ ਦੀ ਪੜ੍ਹਾਈ ਕਰਕੇ ਅਗਲੇ ਸਕੂਲਾਂ ਵਿੱਚ ਚਲੇ ਗਏ। ਜਿਹੜੇ ਬੱਚੇ ਹੁਸ਼ਿਆਰ ਸਨ, ਉਹ ਅਜੇ ਵੀ ਯਾਦ ਹਨ। ਸ਼ਰਾਰਤੀ ਵੀ ਯਾਦ ਹਨ। ਉਹ ਆਪਣੀ ਪੜ੍ਹਾਈ ਵਿੱਚ ਵਿਅਸਤ ਹੋ ਗਏ। ਮੈਂ ਇੱਥੋਂ ਬਦਲੀ ਕਰਵਾ ਕੇ ਕਿਸੇ ਹੋਰ ਸਕੂਲ ਚਲਾ ਗਿਆ। ਨਵੇਂ ਸਕੂਲ ਵਿੱਚ ਸਾਰੀਆਂ ਸਹੂਲਤਾਂ ਸਨ। ਸ਼ੁਰੂ ਵਿੱਚ ਮੈਨੂੰ ਇੱਕ ਬਾਰੀ ਕੰਧ ਵਿਚਲੀ ਮਿਲੀ। ਉਹਨੂੰ ਆਮ ਦੇਸੀ ਜਿੰਦਾ ਲਗਾਉਂਦੇ ਸੀ। ਇੱਕ ਮੌਜ ਸੀ, ਇਹ ਸਟਾਫ ਰੂਮ ਵਿੱਚ ਸੀ। ਇੱਥੋਂ ਦੇ ਸਾਥੀ ਅਧਿਆਪਕ ਬੜੇ ਮਿਹਨਤੀ ਸਨ। ਸਾਰੇ ਡਟ ਕੇ ਪੜ੍ਹਾਈ ਕਰਾਉਂਦੇ ਸਨ। ਮੈਂ ਸਾਇੰਸ ਅਤੇ ਮੈਥ ਦੋਨੋ ਵਿਸ਼ੇ ਕਰਾਉਂਦਾ ਸੀ। ਕਈ ਸਾਲ ਇੱਥੇ ਲਗਾਏ, ਬੱਚਿਆਂ ਨੂੰ ਤਨਦੇਹੀ ਨਾਲ ਪੜ੍ਹਾਇਆ।
ਕਈ ਸਕੂਲਾਂ ਵਿੱਚ ਨੌਕਰੀ ਕਰਨ ਉਪਰੰਤ ਮੇਰੀ ਤਰੱਕੀ ਬਤੌਰ ਮੁੱਖਅਧਿਆਪਕ ਹੋ ਗਈ ਅਤੇ ਨਵੇਂ ਸਕੂਲ ਵਿੱਚ ਬਤੌਰ ਮੁਖੀ ਕੰਮ ਕੀਤਾ। ਮੈਂ ਘਰ ਤੋਂ ਹੀ ਕੰਮਾਂ ਦੀ ਪਰਚੀ ਬਣਾ ਕੇ ਲਿਜਾਂਦਾ ਤੇ ਉਹ ਕੰਮ ਕਰਕੇ ਆਉਂਦਾ। ਇਹ ਰੋਜ਼ਾਨਾ ਦਾ ਸਿਲਸਲਾ ਸੀ। ਇੱਕ ਦਿਨ ਦਫਤਰ ਵਿੱਚ ਬੈਠੇ ਕੰਮ ਕਰ ਰਹੇ ਸੀ ਕਿ ਇੱਕ ਲੜਕੀ ਦਫਤਰ ਵੱਲ ਤੁਰੀ ਆ ਰਹੀ ਸੀ। ਬਾਹਰੋਂ ਪੁੱਛ ਕੇ ਅੰਦਰ ਆ ਗਈ। ਉਹਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈਂ ਵੀ ਜਵਾਬ ਦਿੱਤਾ। ਮੈਂ ਉਸ ਨੂੰ ਪੁੱਛਿਆ, ਤੁਸੀਂ ਕਿਸ ਕੰਮ ਆਏ ਹੋ, ਦੱਸੋ। ਉਹਨੇ ਕਿਹਾ ਕਿ ਸਰ! ਤੁਸੀਂ ਮੈਨੂੰ ਪਛਾਣਿਆ ਨਹੀਂ? ਉਸ ਲੜਕੀ ਦੀ ਗੱਲ ਸੁਣ ਕੇ ਮੈਂ ਧਿਆਨ ਦਿੱਤਾ ਤਾਂ ਮੈਨੂੰ ਯਾਦ ਆ ਗਿਆ ਇਹ ਲੜਕੀ ਮੇਰੇ ਪਿਛਲੇ ਸਕੂਲ ਵਿੱਚੋਂ ਪੜ੍ਹੀ ਸੀ। ਮੈਂ ਕਿਹਾ, “ਹਾਂ ਬੇਟਾ ਯਾਦ ਆ ਗਿਆ। ਮੈਂ ਤੁਹਾਨੂੰ ਪੜ੍ਹਾਉਂਦਾ ਰਿਹਾ ਸੀ।”
ਉਹਨੇ ਕਿਹਾ, “ਸਰ! ਮੈਂ ਸਰਕਾਰੀ ਟੀਚਰ ਹਾਂ ਅਤੇ ਮਿਡਲ ਸਕੂਲ ਵਿੱਚ ਪੜ੍ਹਾ ਰਹੀ ਹਾਂ।”
ਉਸ ਬੱਚੀ ਦੀ ਗੱਲ ਸੁਣ ਮਨ ਬਹੁਤ ਪ੍ਰਸੰਨ ਹੋਇਆ। ਉਹਨੂੰ ਅਸ਼ੀਰਵਾਦ ਦਿੱਤਾ। ਬੈਠਣ ਨੂੰ ਕਿਹਾ। ਉਹਨੇ ਸਕੂਲ ਦੇ ਨਾਲ ਬਲਾਕ ਦਫਤਰ ਵਿੱਚ ਕੰਮ ਜਾਣਾ ਸੀ। ਉਹਨੂੰ ਬਲਾਕ ਦਫਤਰ ਵੱਲ ਭੇਜ ਦਿੱਤਾ। ਮੈਂ ਇਹ ਗੱਲ ਆਪਣੇ ਸਟਾਫ ਨਾਲ ਸਾਂਝੀ ਕੀਤੀ ਕਿ ਇਹ ਮੇਰੀ ਬੱਚੀ ਮੇਰੇ ਕੋਲੋਂ ਪੜ੍ਹ ਕੇ ਅਧਿਆਪਕ ਲੱਗੀ ਹੈ। ਮੈਂ ਫੁੱਲਿਆ ਨਹੀਂ ਸਮਾ ਰਿਹਾ ਸੀ।
ਫਿਰ ਇਕ ਵਾਰ ਸਾਡੀ ਡਿਊਟੀ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਲੱਗ ਗਈ। ਅਸੀਂ ਰਜਿਸਟ੍ਰੇਸ਼ਨ ਟੇਬਲ ਦੇ ਕੋਲ ਬੈਠੇ ਸੀ। ਗੇਟ ਵੱਲ ਧਿਆਨ ਸੀ। ਬਾਹਰਲੇ ਸਕੂਲਾਂ ਦੇ ਅਧਿਆਪਕ ਬੱਚਿਆਂ ਨਾਲ ਆਈਟਮਾਂ ਸਮੇਤ ਆ ਰਹੇ ਸਨ। ਸਾਰੇ ਰਜਿਸਟ੍ਰੇਸ਼ਨ ਕਰਵਾ ਕੇ ਕਮਰਿਆਂ ਵਿੱਚ ਜਾ ਰਹੇ ਸਨ, ਆਪਣੀਆਂ ਆਈਟਮਾਂ ਨੂੰ ਸਜ਼ਾ ਰਹੇ ਸਨ। ਦੋ ਅਧਿਆਪਕ ਹੋਰ ਬੱਚਿਆਂ ਨੂੰ ਲੈ ਕੇ ਆ ਰਹੇ ਸਨ। ਜਦੋਂ ਉਹ ਨਜ਼ਦੀਕ ਆਏ ਤਾਂ ਮੇਰੇ ਕੋਲੋਂ ਪੜ੍ਹੀ ਬੱਚੀ ਵੀ ਬੱਚਿਆਂ ਨਾਲ ਆਈ। ਮੈਂ ਪੁੱਛਿਆ, “ਬੇਟਾ! ਤੁਸੀਂ ਕਿਵੇਂ ਆਏ?”
ਉਸਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਵਿੱਚ ਬਤੌਰ ਸਾਇੰਸ ਮਿਸਟ੍ਰੈਸ ਕੰਮ ਕਰ ਰਹੀ ਹੈ ਅਤੇ ਅੱਜ ਬੱਚੇ ਪ੍ਰਦਰਸ਼ਨੀ ਲਈ ਲਿਆਂਦੇ ਹਨ। ਮੈਨੂੰ ਚਾਅ ਚੜ੍ਹ ਗਿਆ ਕਿ ਮੇਰੇ ਤੋਂ ਪੜ੍ਹੀ ਬੱਚੀ ਅੱਜ ਅਧਿਆਪਕ ਹੈ। ਆਪਣੇ ਨਾਲ ਬੈਠੇ ਸਾਰੇ ਸਟਾਫ ਨੂੰ ਮੈਂ ਫਿਰ ਪੂਰੀ ਹਿਸਟਰੀ ਬਿਆਨ ਕਰ ਦਿੱਤੀ। ਜਦੋਂ ਇਸ ਤਰ੍ਹਾਂ ਬੱਚੇ ਮਿਲਦੇ ਹਨ, ਜਿਨ੍ਹਾਂ ਨੇ ਪੜ੍ਹ ਲਿਖ ਕੇ ਆਪਣੇ ਟੀਚੇ ਹਾਸਲ ਕੀਤੇ ਹਨ, ਸੱਚੀਂ ਰੱਜ ਕੇ ਖੁਸ਼ੀ ਹੁੰਦੀ ਹੈ। ਆਖਰਕਾਰ ਮੈਂ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋ ਗਿਆ। ਅਕਸਰ ਮੇਰੇ ਵਿਦਿਆਰਥੀ ਕਿਤੇ ਨਾ ਕਿਤੇ ਮਿਲ ਹੀ ਜਾਂਦੇ ਹਨ। ਜਦੋਂ ਉਹ ਆਪਣੇ ਬਾਰੇ ਦੱਸਦੇ ਹਨ ਤਾਂ ਮਨ ਖੁਸ਼ ਹੋ ਜਾਂਦਾ ਹੈ। ਇਹ ਹੀ ਇੱਕ ਅਧਿਆਪਕ ਦੀ ਅਸਲ ਕਮਾਈ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)