“ਐੱਨ.ਡੀ.ਏ ਵਿੱਚ ਸਹਿਯੋਗੀ ਧਿਰਾਂ ਨੂੰ ਸਵੈ ਹਿਤਾਂ ਤੋਂ ਉੱਪਰ ਉੱਠ ਕੇ ...”
(25 ਅਕਤੂਬਰ 2026)
ਕੋਈ ਦਿਨ ਅਜਿਹਾ ਨਹੀਂ ਲੰਘਦਾ ਜਿਸ ਦਿਨ ਔਰਤਾਂ ਨਾਲ ਵਧੀਕੀ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਨਾ ਬਣਦੀਆਂ ਹੋਣ। ਕਈ ਵਾਰੀ ਤਾਂ ਅਜਿਹੀਆਂ ਖਬਰਾਂ ਨਾਲ ਸਾਹਮਣਾ ਹੋ ਜਾਂਦਾ ਕਿ ਇਨਸਾਨੀਅਤ ਦਾ ਸਿਰ ਝੁਕ ਜਾਂਦਾ ਹੈ। ਅਜਿਹਾ ਵੀ ਨਹੀਂ ਕਿ ਔਰਤਾਂ ਨਾਲ ਵਧੀਕੀਆਂ ਦੇ ਖਿਲਾਫ ਲੋਕ ਲੜਦੇ ਨਹੀਂ ਪਰ ਅੱਜ ਵੀ ਸਾਡਾ ਸਿਸਟਮ ਔਰਤਾਂ ਦੀ ਸੁਰੱਖਿਆ, ਅਜ਼ਾਦੀ ਅਤੇ ਬਰਾਬਰੀ ਲਈ ਉਹ ਮਾਹੌਲ ਤਿਆਰ ਨਹੀਂ ਕਰ ਸਕਿਆ ਜਿਸ ਵਿੱਚ ਔਰਤਾਂ ਆਪਣੇ ਆਪ ਨੂੰ ਮਹਿਫੂਜ਼ ਸਮਝ ਸਕਣ। ਇਸਦੇ ਬਾਵਜੂਦ ਅੱਜ ਭਾਰਤ ਵਿੱਚ ਜਿੰਨੇ ਵੀ ਪ੍ਰੋਟੈਸਟ ਚੱਲ ਰਹੇ ਹਨ; ਉਨ੍ਹਾਂ ਵਿੱਚ ਮਹਿਲਾਵਾਂ ਦੀ ਭੂਮਿਕਾ ਕਾਬਿਲ-ਏ-ਤਾਰੀਫ ਹੀ ਨਹੀਂ, ਕਾਬਿਲ-ਏ-ਸਲੂਟ ਹੈ। ਭਾਰਤੀ ਅਜ਼ਾਦੀ ਦੇ ਅੰਗਰੇਜ਼ਾਂ ਦੇ ਖਿਲਾਫ ਘੋਲਾਂ ਵਿੱਚ ਵੀ ਮਹਿਲਾਵਾਂ ਦਾ ਯੋਗਦਾਨ ਘੱਟ ਨਹੀਂ ਸੀ। ਅੱਜ ਵੀ ਸਿਸਟਮ ਦੀਆਂ ਬੇ-ਨਿਯਮੀਆਂ, ਮੈਂਤੰਤਰ, ਦਬਾਅਤੰਤਰ ਅਤੇ ਡਰਤੰਤਰ ਦੇ ਖਿਲਾਫ ਮਹਿਲਾਵਾਂ ਦਾ ਅਹਿਮ ਯੋਗਦਾਨ ਹੈ ਅਤੇ ਇਸ ਯੋਗਦਾਨ ਨੇ ਦੇਸ਼ ਦੀਆਂ ਮਹਿਲਾਵਾਂ ਦਾ ਮਨੋਬਲ ਵਧਾਇਆ ਹੈ। ਰਤਨਾ ਸਿੰਘ ਵਕੀਲ, ਨੇਹਾ ਬੋਰਾ, ਕਾਵਿਆ, ਨੇਹਾ ਸਿੰਘ ਰਾਠੌਰ ਆਦਿ ਦਾ ਇਸ ਅੰਦੋਲਨ ਵਿੱਚ ਸਹਿਯੋਗ ਅਤੇ ਸਹਿਭਾਗਿਤਾ ਨੇ ਸਰਕਾਰ ਨੂੰ ਭੜਥੂ ਪਾ ਰੱਖਿਆ ਹੈ। ਉਹ ਅੱਜ ਔਰਤ ਵਰਗ ਲਈ ਉਦਾਹਰਨ ਹਨ ਅਤੇ ਜਾਗਰੂਕਤਾ ਦੀਆਂ ਪ੍ਰਤੀਨਿਧੀ ਕਹੀਆਂ ਜਾ ਸਕਦੀਆਂ ਹਨ। ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਸਰਕਾਰ ਕੋਲ ਨਹੀਂ ਹਨ।
ਇੰਡੀਅਨ ਐਕਸਪ੍ਰੈੱਸ ਦੀ ਸੀਨੀਅਰ ਐਡੀਟਰ ਜਰਨਲਿਸਟ ਰਿਤਿਕਾ ਚੋਪੜਾ ਅਤੇ ਇੰਡੀਅਨ ਐਕਸਪ੍ਰੈੱਸ ਨੂੰ ਵੀ ਸਲੂਟ ਬਣਦਾ ਹੈ ਜਿਸਨੇ ਐੱਸ.ਆਈ.ਆਰ. ਦੀਆਂ ਅੰਦਰੂਨੀ ਖਾਮੀਆਂ ਸਾਹਮਣੇ ਲਿਆਂਦੀਆਂ ਹਨ। ਪਹਿਲਾਂ ਭਾਵੇਂ ਅੰਦੋਲਨ ਦੇ ਸਿਖਰਲੇ ਢਾਂਚੇ ਵਿੱਚ ਔਰਤਾਂ ਦੀ ਘਾਟ ਸੀ ਪਰ ਜੁਲਾਈ 2026 ਵਿੱਚ ਜਦੋਂ CJP ਨੇ ਜੰਤਰ-ਮੰਤਰ ਤੋਂ ਸੰਸਦ ਤਕ ਮਾਰਚ ਦਾ ਐਲਾਨ ਕੀਤਾ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਜਨਰੇਸ਼ਨ-ਜੀ ਲੜਕੀਆਂ ਅਤੇ ਔਰਤਾਂ ਸੜਕਾਂ ’ਤੇ ਉੱਤਰ ਆਈਆਂ। ਇਨ੍ਹਾਂ ਵਿੱਚ ਬਿਹਾਰ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਰਗੇ ਸੂਬਿਆਂ ਤੋਂ ਆਈਆਂ ਔਰਤਾਂ ਸ਼ਾਮਲ ਸਨ, ਜਿਨ੍ਹਾਂ ਨੇ ਵਟਸਐਪ ਗਰੁੱਪਾਂ ਅਤੇ ਕਾਰਕੁਨ ਨੈੱਟਵਰਕਾਂ ਰਾਹੀਂ ਆਪਣੀ ਯਾਤਰਾ ਦਾ ਸਮੂਹਿਕ ਪ੍ਰਬੰਧ ਕੀਤਾ। ਇਹ ਔਰਤਾਂ ਸਿਰਫ ਭੀੜ ਦਾ ਹਿੱਸਾ ਨਹੀਂ ਸਨ, ਸਗੋਂ ਆਪਣੇ ਤਜਰਬਿਆਂ ਅਤੇ ਮੰਗਾਂ ਨਾਲ ਅੰਦੋਲਨ ਦੀ ਬੁਨਿਆਦ ਨੂੰ ਮਜ਼ਬੂਤ ਕਰ ਰਹੀਆਂ ਸਨ। 17 ਸਾਲਾ ਅੰਸ਼ਿਕਾ ਨੇ ਪਰਿਵਾਰ ਨੂੰ ਸਕੂਲ ਜਾਣ ਦਾ ਝੂਠ ਬੋਲ ਕੇ ਦਿੱਲੀ ਦੇ ਬਦਰਪੁਰ ਤੋਂ ਮਾਰਚ ਵਿੱਚ ਹਿੱਸਾ ਲਿਆ, ਅਤੇ ਜਦੋਂ ਉਹ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਮਹਿਲਾ ਪੁਲਿਸ ਕਰਮਚਾਰੀਆਂ ਨੇ ਉਸਨੂੰ ਖਿੱਚ ਕੇ ਹੇਠਾਂ ਸੁੱਟ ਦਿੱਤਾ। ਉਸਦਾ ਸਵਾਲ ਸੀ, “ਜਦੋਂ ਚੋਣਾਂ ਦਾ ਸਮਾਂ ਹੁੰਦਾ ਹੈ ਤਾਂ ਉਹ ਸਾਡੇ ਘਰਾਂ ਵਿੱਚ ਵੋਟ ਮੰਗਣ ਆਉਂਦੇ ਹਨ, ਪਰ ਨੀਟ ਪੇਪਰ ਲੀਕ ’ਤੇ ਗੱਲ ਕਰਨ ਲਈ ਇੱਕ ਵਾਰ ਵੀ ਨਹੀਂ ਆਏ।” ਬਿਹਾਰ ਦੀ 20 ਸਾਲਾ ਵੈਸ਼ਾਲੀ ਰਾਤੋ-ਰਾਤ ਇਕੱਲੀ ਪਟਨਾ ਤੋਂ ਦਿੱਲੀ ਦੀ ਯਾਤਰਾ ਕਰਕੇ ਅੰਦੋਲਨ ਵਿੱਚ ਸ਼ਾਮਲ ਹੋਣ ਆਈ। ਉਸਨੇ ਕਿਹਾ, “ਮੈਂ ਪਰਿਵਾਰ ਨੂੰ ਝੂਠ ਬੋਲ ਕੇ ਆਈ ਹਾਂ, ਨਹੀਂ ਤਾਂ ਉਹ ਮੇਰੀ ਸੁਰੱਖਿਆ ਦੀ ਚਿੰਤਾ ਕਰਦੇ।” ਪਰ ਉਸਦਾ ਸੰਕਲਪ ਸਪਸ਼ਟ ਸੀ: “ਕਾਕਰੋਚਾਂ ਵਾਂਗ, ਜੋ ਲੱਖਾਂ ਸਾਲਾਂ ਤੋਂ ਜ਼ਿੰਦਾ ਹਨ, ਅਸੀਂ ਦੁਬਾਰਾ ਆਵਾਂਗੇ ਅਤੇ ਹੌਸਲਾ ਨਹੀਂ ਹਾਰਾਂਗੇ, ਚਾਹੇ ਅਧਿਕਾਰੀ ਜਾਂ ਪੁਲਿਸ ਸਾਨੂੰ ਕਿੰਨਾ ਵੀ ਦਬਾਉਣ ਦੀ ਕੋਸ਼ਿਸ਼ ਕਰੇ।”
ਅੱਜ ਦੀ ਔਰਤ ਸਿਰਫ ਆਟੇ ਦਾਲ ਦੀ ਸਕੀਮ, ਲਾਡਲੀ ਬਹਿਨਾ ਜਾਂ ਮਾਵਾਂ-ਧੀਆਂ ਦਾ ਸਤਿਕਾਰ ਆਦਿ ਸਕੀਮਾਂ ਤਕ ਸੀਮਿਤ ਨਹੀਂ ਹਨ; ਉਹ ਸਰਕਾਰਾਂ ਦੇ ਇਸ ਲਾਲਚ, ਵੋਟ ਸਿਆਸਤ ਅਤੇ ਮੌਕਾਪ੍ਰਸਤੀ ਨੂੰ ਸਮਝਦੀਆਂ ਹਨ; ਜੋ ਉਨ੍ਹਾਂ ਨੂੰ ਕੰਮ-ਕਾਰ, ਸੁਰੱਖਿਆ, ਸਵਤੰਤਰਤਾ ਅਤੇ ਸਵੈਨਿਰਭਰ ਹੋਣ ਵਾਲਾ ਮਾਹੌਲ ਤਾਂ ਨਹੀਂ ਦੇ ਰਹੇ ਪਰ ਦੂਜਿਆਂ ਉੱਤੇ ਨਿਰਭਰ ਰਹਿਣ ਦੀਆਂ ਆਦਤ ਪਾ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਔਰਤ ਨੂੰ ਮਜ਼ਬੂਤ ਕੀਤਾ ਜਾਵੇ। ਰੇਪ ਕੇਸ ਘੱਟ ਨਹੀਂ ਰਹੇ, ਗਲੀਆਂ ਵਿੱਚੋਂ ਲੰਘ ਰਹੀਆਂ ਧੀਆਂ ਮਹਿਫੂਜ਼ ਨਹੀਂ, ਕੰਮਕਾਜ ਵਾਲੇ ਸਥਾਨ ’ਤੇ ਵੀ ਔਰਤਾਂ ਦਾ ਬਹੁਤ ਸ਼ੋਸ਼ਣ ਹੁੰਦਾ ਹੈ। ਘਰਾਂ ਵਿੱਚ ਉਹ ਆਪਣਿਆਂ ਤੋਂ ਹੀ ਡਰਦੀਆਂ ਹਨ। ਇਹ ਡਰ, ਸਹਿਮ ਅਤੇ ਖੌਫ ਵਾਲਾ ਵਾਤਾਵਰਣ ਖਤਮ ਕਰਨ ਦੀ ਲੋੜ ਹੈ। ਸਿੱਖਿਆ, ਸਿਹਤ, ਨੌਕਰੀਆਂ ਅਤੇ ਸੁਰੱਖਿਆ ਵਾਲਾ ਮਾਹੌਲ ਬਣਾ ਕੇ ਨਿਜ਼ਾਮ ਅਤੇ ਸਮਾਜ ਨੂੰ ਬਦਲਣ ਦੀ ਲੋੜ ਹੈ।
ਜਨਰੇਸ਼ਨ-ਜੀ ਅਤੇ ਅਲਫਾ ਅੱਜ ਦੀ ਮੀਡੀਆ ਤਕਨੀਕ ਦੇ ਮਾਹਿਰ ਹਨ ਅਤੇ ਉਨ੍ਹਾਂ ਨਾਲ ਦੇਸ਼ ਦੇ ਸੰਵੇਦਨਸ਼ੀਲ ਲੋਕਾਂ ਦਾ ਸਾਥ ਅੱਜ ਦੀਆਂ ਭਾਰਤੀ ਵਿਵਸਥਾ ਦੀਆਂ ਸਮੱਸਿਆਵਾਂ ਨੂੰ ਸਮਝਣ, ਸਮਝਾਉਣ ਅਤੇ ਲੋਕਾਂ ਤਕ ਸਹੀ ਅਰਥਾਂ ਵਿੱਚ ਪਹੁੰਚਾਉਣ ਦਾ ਵਧੀਆ ਸਹਿਯੋਗ ਬਣਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਜਨਰੇਸ਼ਨ-ਜ਼ੀ ਜ਼ਿੰਮੇਵਾਰ, ਜਾਨਦਾਰ ਅਤੇ ਜਾਣਕਾਰ ਜਵਾਨ ਹਨ। ਕੌਕਰੋਚ ਜਨਤਾ ਪਾਰਟੀ ਅਤੇ ਹੋਰ ਪਲੇਟਫਾਰਮਾਂ ਤੋਂ ਉਨ੍ਹਾਂ ਦੀ ਲੜਾਈ ਜਿੱਥੇ ਅੱਜ ਦੇ ਭਰਤੀ ਜਨਤਾ ਪਾਰਟੀ ਦੇ ਅਸਾਵੇਂ ਸਿਸਟਮ ਨਾਲ ਹੈ, ਉੱਥੇ ਦੇਸ਼ ਵਿੱਚ ਚੱਲ ਰਹੀਆਂ ਪੀੜ੍ਹੀ ਦਰ ਪੀੜ੍ਹੀ ਸਮੱਸਿਆਵਾਂ, ਵਿਤਕਰਿਆਂ ਵਾਲਾ ਸਮਾਜ, ਸਿਹਤ, ਸਿੱਖਿਆ, ਬੇਰੋਜ਼ਗਾਰੀ, ਗਰੀਬੀ, ਭ੍ਰਿਸ਼ਟਾਚਾਰ ਆਦਿ ਨਾਲ ਵੀ ਹੈ। ਔਰਤਾਂ ਦੀ ਸੁਰੱਖਿਆ, ਅਜ਼ਾਦੀ ਅਤੇ ਬਰਾਬਰੀ ਦਾ ਸੰਘਰਸ਼ ਕੋਈ ਨਵਾਂ ਨਹੀਂ; ਭਾਰਤੀ ਵਿਵਸਥਾ ਵਿੱਚ ਇਹ ਸਵਾਲ ਬਹੁਤ ਪੁਰਾਣਾ ਹੈ। ਪਿਛਲੀਆਂ ਪੀੜ੍ਹੀਆਂ ਨੇ ਵੀ ਇਸ ਲਈ ਲੰਬੀ ਲੜਾਈ ਲੜੀ ਹੈ ਪਰ ਜਨਰੇਸ਼ਨ ਜ਼ੈੱਡ- ਯਾਨੀ ਲਗਭਗ 1997 ਤੋਂ 2012 ਦਰਮਿਆਨ ਪੈਦਾ ਹੋਈ ਪੀੜ੍ਹੀ ਨੇ ਇਸ ਸੰਘਰਸ਼ ਨੂੰ ਨਵੀਂ ਦਿਸ਼ਾ, ਨਵੀਂ ਭਾਸ਼ਾ ਅਤੇ ਨਵੇਂ ਸੰਦ ਦਿੱਤੇ ਹਨ। ਇਹ ਪੀੜ੍ਹੀ ਇੰਟਰਨੈੱਟ, ਸਮਾਰਟਫੋਨ ਅਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਵੱਡੀ ਹੋਈ ਹੈ। ਇਸ ਲਈ ਉਸਦੀ ਅਵਾਜ਼ ਸਿਰਫ ਘਰ, ਪਿੰਡ ਜਾਂ ਸ਼ਹਿਰ ਤਕ ਸੀਮਿਤ ਨਹੀਂ, ਸਗੋਂ ਵਿਸ਼ਵ ਪੱਧਰ ਤਕ ਪਹੁੰਚਦੀ ਹੈ।
ਮੀ-ਟੂ, ਔਰਤ-ਮਾਰਚ, ਬਲੀਵ-ਵੋਮੈਨ ਵਰਗੀਆਂ ਮੁਹਿੰਮਾਂ ਨੇ ਦਿਖਾਇਆ ਕਿ ਔਰਤਾਂ ਦੇ ਤਜਰਬੇ ਸਿਰਫ ਨਿੱਜੀ ਨਹੀਂ, ਸਗੋਂ ਸਮਾਜੀ ਅਤੇ ਸਾਂਝੇ ਹਨ। ਜਨਰੇਸ਼ਨ-ਜ਼ੀ ਨੇ ਇਸ ਲੜਾਈ ਨੂੰ ਸਿਰਫ “ਸੁਰੱਖਿਆ” ਤਕ ਸੀਮਿਤ ਨਹੀਂ ਰੱਖਿਆ ਸਗੋਂ ਇਸਨੂੰ ਆਰਥਿਕ ਅਜ਼ਾਦੀ, ਰਾਜਨੀਤਿਕ ਭਾਗੀਦਾਰੀ, ਲਿੰਗਕ ਅਤੇ ਜਾਤੀ ਸਮਾਨਤਾ ਨਾਲ ਜੋੜਿਆ ਹੈ। ਇਹ ਪਹਿਲਾਂ ਵਾਲੀਆਂ ਲਹਿਰਾਂ ਨਾਲੋਂ ਵਧੇਰੇ ਵਿਸ਼ਵਵਿਆਪੀ, ਤੇਜ਼ ਅਤੇ ਇੰਟਰਸੈਕਸ਼ਨਲ ਹੈ। ਭਾਰਤੀ ਜਨਤਾ ਪਾਰਟੀ ਦੀ ਸੱਤਾ ਵਿੱਚ ਆਈਆਂ ਘੋਰ ਖਾਮੀਆਂ ਨੂੰ ਦੂਰ ਕਰਨ ਲਈ ਕੌਕਰੋਚ ਜਨਤਾ ਪਾਰਟੀ, ਕਾਂਗਰਸ ਪਾਰਟੀ, ਹੋਰ ਵਿਰੋਧੀ ਪਾਰਟੀਆਂ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਬਲਕਿ ਐੱਨ.ਡੀ.ਏ ਵਿੱਚ ਸਹਿਯੋਗੀ ਧਿਰਾਂ ਨੂੰ ਸਵੈ ਹਿਤਾਂ ਤੋਂ ਉੱਪਰ ਉੱਠ ਕੇ ਜਨ ਹਿਤ ਵਿੱਚ ਖਲੋਣਾ ਚਾਹੀਦਾ ਹੈ। ਸੱਤਾ ਦੀਆਂ ਖਾਮੀਆਂ ਦੂਰ ਕਰਨ ਲਈ ਸੰਘਰਸ਼ ਕਰਨਾ ਨਿਜ਼ਾਮ ਬਦਲਣਾ ਨਹੀਂ ਹੁੰਦਾ; ਸਮੇਂ ਦੀਆਂ ਸਰਕਾਰਾਂ ਨੂੰ ਮੈਂਤੰਤਰ, ਮਨਤੰਤਰ ਅਤੇ ਮਨਮਰਜ਼ੀ ਨੂੰ ਛੱਡਣ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































