“ਜੰਤਰ-ਮੰਤਰ ਦੀ ਡੀ-ਨੋਟੀਫਿਕੇਸ਼ਨ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਵਿੱਚ ...”
(22 ਅਕਤੂਬਰ 2026)
ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਇਸਦੇ ਨਾਗਰਿਕ ਵੀ ਲੋਕਤੰਤਰੀ ਸੁਭਾਅ ਵਾਲੇ ਹਨ, ਇਸ ਵਿੱਚ ਵੀ ਕੋਈ ਸ਼ੱਕ ਨਹੀਂ। ਇਹ ਇਸ ਲਈ ਹੈ ਕਿ ਸਾਡੇ ਸੰਵਿਧਾਨ ਘਾੜਿਆਂ ਨੇ ਇਸ ਨੂੰ ਤਾ-ਉਮਰ ਕਾਇਮ ਰੱਖਣ ਲਈ ਸੰਵਿਧਾਨ ਵਿੱਚ ਨਾਗਰਿਕਾਂ ਨੂੰ ਬੋਲਣ ਦੀ ਅਜ਼ਾਦੀ ਅਤੇ ਸ਼ਾਂਤੀਪੂਰਨ ਢੰਗ ਨਾਲ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਦਿੱਤਾ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੀ ਅਜਿਹੀ ਪ੍ਰਣਾਲੀ ਨਾਲ ਛੇੜ-ਛਾੜ ਕਰਕੇ ਨਿਜ਼ਾਮ ਅਤੇ ਅਵਾਮ ਨੂੰ ਫਾਸ਼ੀਵਾਦੀ ਰੰਗਤ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੰਵੇਦਨਸ਼ੀਲ, ਨਿਰਪੱਖ ਅਤੇ ਅੱਜ ਦੀ ਨਵੀਂ ਪੀੜ੍ਹੀ ਨੂੰ ਪਸੰਦ ਨਹੀਂ ਹੈ। ਅੱਜ ਦਾ ਨੌਜਵਾਨ ਆਪਣੀ ਕਾਬਲੀਅਤ ਦਾ ਮੁੱਲ ਚਾਹੁੰਦਾ ਹੈ। ਉਹ ਧਰਮਾਂ, ਜਾਤਾਂ ਦੀਆਂ ਵਲਗਣਾਂ ਤੋਂ ਉੱਪਰ ਉੱਠਣਾ ਚਾਹੁੰਦਾ ਹੈ। ਆਪਣੀ ਮਿਹਨਤ ਨਾਲ ਅੱਗੇ ਵਧਣਾ ਚਾਹੁੰਦਾ ਹੈ; ਜਿਸ ਕਰਕੇ ਉਹ ਪੇਪਰ ਲੀਕ, ਪ੍ਰਸ਼ਾਸਨਿਕ ਭ੍ਰਿਸ਼ਟਾਚਾਰ, ਕਮਜ਼ੋਰ ਵਰਗਾਂ ਨਾਲ ਧੱਕੇਸ਼ਾਹੀ, ਔਰਤਾਂ ਖਿਲਾਫ ਜ਼ੁਲਮ ਅਤੇ ਹੁਣ ਚੁਣਾਵ ਅਯੋਗ ਦੀ ਵੋਟ ਚੋਰੀ ਖਿਲਾਫ ਸੜਕਾਂ ’ਤੇ ਹੈ।
ਇਸ ਗੁੱਸੇ ਦਾ ਕੇਂਦਰ ਬਣਿਆ ਦਿੱਲੀ ਵਿੱਚ ਸਥਿਤ ਇਤਿਹਾਸਕ ਜੰਤਰ-ਮੰਤਰ, ਦਹਾਕਿਆਂ ਤੋਂ ਦੇਸ਼ ਦਾ ਸਭ ਤੋਂ ਅਹਿਮ ਪ੍ਰਦਰਸ਼ਨ ਸਥਾਨ ਰਿਹਾ ਹੈ। ਪੜ੍ਹਨ-ਸੁਣਨ ਤੋਂ ਪਤਾ ਚਲਦਾ ਹੈ ਕਿ ਜੰਤਰ-ਮੰਤਰ ਦਾ ਨਿਰਮਾਣ 1724 ਵਿੱਚ ਮਹਾਰਾਜਾ ਸਵਾਈ ਜੈ ਸਿੰਘ ਦੂਜੇ ਦੁਆਰਾ ਕਰਵਾਇਆ ਗਿਆ ਸੀ। ਇਸਦਾ ਮੂਲ ਉਦੇਸ਼ ਖਗੋਲੀ ਗਣਨਾਵਾਂ ਅਤੇ ਗ੍ਰਹਿਆਂ ਦੀ ਸਥਿਤੀ ਦਾ ਅਧਿਐਨ ਕਰਨਾ ਸੀ। ਸੰਸਕ੍ਰਿਤ ਵਿੱਚ “ਜੰਤਰ” ਦਾ ਅਰਥ ਯੰਤਰ ਅਤੇ “ਮੰਤਰ” ਦਾ ਅਰਥ ਗਣਨਾ ਕਰਨਾ ਹੈ, ਯਾਨੀ ਜੰਤਰ-ਮੰਤਰ ਦਾ ਮਤਲਬ “ਸਮੇਂ ਅਤੇ ਗ੍ਰਹਿਆਂ ਦੀ ਗਣਨਾ ਕਰਨ ਵਾਲੀ ਮਸ਼ੀਨ” ਹੈ। ਇਸ ਤੋਂ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਮਹਾਰਾਜਾ ਸਵਾਈ ਜੈ ਸਿੰਘ ਦੂਜੇ ਦਾ ਇਹ ਜੰਤਰ-ਮੰਤਰ ਹੁਣ ਸਮੇਂ ਅਤੇ ਗ੍ਰਿਹਾਂ ਦੀ ਗਣਨਾ ਨਹੀਂ, ਸਰਕਾਰਾਂ ਦੇ ਗ੍ਰਿਹਾਂ ਦੀ ਗਣਨਾ ਅਤੇ ਬਦਲਣਾ ਆਦਿ ਕਰਦਾ ਹੈ। ਇਹ ਜਨ-ਪ੍ਰਦਰਸ਼ਨਾਂ ਲਈ ਇੱਕ ਮਕਬੂਲ, ਮਨਪਸੰਦ ਅਤੇ ਸਹੀ ਪਹੁੰਚ ਵਾਲਾ ਸਥਾਨ ਬਣ ਚੁੱਕਾ ਹੈ।
ਦੱਸਿਆ ਜਾਂਦਾ ਹੈ ਕਿ ਜੰਤਰ-ਮੰਤਰ ਦੇ ਪ੍ਰਦਰਸ਼ਨਾਂ ਤੋਂ ਪਹਿਲਾਂ ਲਗਭਗ 1990 ਦੇ ਦਹਾਕੇ ਤੋਂ ਪਹਿਲਾਂ ਦਿੱਲੀ ਵਿੱਚ ਵੱਡੇ ਪ੍ਰਦਰਸ਼ਨਾਂ ਦਾ ਮੁੱਖ ਕੇਂਦਰ ਬੋਟ ਕਲੱਬ ਹੁੰਦਾ ਸੀ, ਜੋ ਇੰਡੀਆ ਗੇਟ ਅਤੇ ਮੌਜੂਦਾ ਕਰਤਵ ਪਥ ਦੇ ਨੇੜੇ ਸਥਿਤ ਸੀ। ਪਰ 1988 ਵਿੱਚ ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਵਿੱਚ ਲਗਭਗ ਪੰਜ ਲੱਖ ਕਿਸਾਨਾਂ ਨੇ ਇੱਥੇ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਕਾਰਨ ਪੂਰੀ ਮੱਧ ਦਿੱਲੀ ਠੱਪ ਹੋ ਗਈ ਸੀ। ਇਸ ਤੋਂ ਬਾਅਦ ਸੁਰੱਖਿਆ ਸੰਬੰਧੀ ਚਿੰਤਾਵਾਂ ਦੇ ਕਾਰਨ ਪ੍ਰਦਰਸ਼ਨ ਬੋਟ ਕਲੱਬ ਤੋਂ ਹੋਰ ਥਾਂਵਾਂ ’ਤੇ ਤਬਦੀਲ ਹੋਣ ਲੱਗੇ। ਸਮੇਂ ਦੀਆਂ ਸਰਕਾਰਾਂ ਵੱਲੋਂ ਜੰਤਰ-ਮੰਤਰ ਨੂੰ ਰਸਮੀ ਤੌਰ ’ਤੇ 2003 ਵਿੱਚ “ਪ੍ਰਦਰਸ਼ਨ ਸਥਾਨ” ਘੋਸ਼ਿਤ ਕੀਤਾ ਗਿਆ। ਇਸਦੀ ਕੇਂਦਰੀ ਸਥਿਤੀ, ਕਨਾਟ ਪਲੇਸ ਅਤੇ ਸੰਸਦ ਦੇ ਨੇੜੇ ਹੋਣ ਕਾਰਨ ਇਸਨੂੰ ਵਿਰੋਧ ਪ੍ਰਦਰਸ਼ਨਾਂ ਲਈ ਸਭ ਤੋਂ ਢੁਕਵਾਂ ਸਥਾਨ ਮੰਨ ਲਿਆ ਗਿਆ। ਪਰ ਜਦੋਂ 2026 ਵਿੱਚ ਨੀਟ (NEET) ਪੇਪਰ ਲੀਕ ਨੇ ਨੌਜਵਾਨਾਂ ਦੇ ਗੁੱਸੇ ਨੂੰ ਫੁੱਟਣ ਦਾ ਮੌਕਾ ਦਿੱਤਾ, ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਐਵੇਂ ਜਿਹੀ ਘਟਨਾ ਸਮਝ ਕੇ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਇਸ ਗੁੱਸੇ ਵਿੱਚੋਂ ਅਤੇ ਮਾਣਯੋਗ ਚੀਫ ਜਸਟਿਸ ਦੀ ਇੱਕ ਨਕਾਰਾਤਮਕ ਟਿੱਪਣੀ ਵਿੱਚੋਂ ਜਨਮੀ “ਕਾਕਰੋਚ ਜਨਤਾ ਪਾਰਟੀ” ਨਾਮਕ ਇੱਕ ਵਿਅੰਗਾਤਮਕ ਲਹਿਰ ਨੇ ਭਾਰਤ ਦੇ ਨੌਜਵਾਨਾਂ ਦੀ ਅਵਾਜ਼ ਬਣ ਕੇ ਉੱਭਰੀ।
6 ਜੂਨ 2026 ਨੂੰ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਦਿੱਲੀ ਪਹੁੰਚਣ ਨਾਲ ਜੰਤਰ-ਮੰਤਰ ’ਤੇ ਹਜ਼ਾਰਾਂ ਲੋਕਾਂ ਦਾ ਪ੍ਰਦਰਸ਼ਨ ਹੋਇਆ, ਜਿਸ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ। ਇਸ ਲਹਿਰ ਨੇ ਜੁਲਾਈ 2026 ਤਕ ਲਗਭਗ ਇੱਕ ਮਹੀਨੇ ਤਕ ਜੰਤਰ-ਮੰਤਰ ਨੂੰ ਆਪਣਾ ਕੇਂਦਰ ਬਣਾਇਆ, ਜਿਸਦੇ ਨਤੀਜੇ ਵਜੋਂ ਸਿੱਖਿਆ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਇਸ ਪ੍ਰਦਰਸ਼ਨ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਨੇ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਜੁਲਾਈ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ “ਕਾਕਰੋਚ” ਲਹਿਰ ਦੀ ਅਗਵਾਈ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦੇ ਵਿਰੋਧ ਵਿੱਚ ਜੰਤਰ-ਮੰਤਰ ’ਤੇ ਇਕੱਠੇ ਹੋ ਕੇ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਦੌਰਾਨ ਜੰਤਰ-ਮੰਤਰ ਜੈਨ-ਜ਼ੈੱਡ ਅਸੰਤੁਸ਼ਟੀ ਦਾ ਇੱਕ ਜੀਵੰਤ ਕੇਂਦਰ ਬਣ ਗਿਆ, ਜਿੱਥੇ ਕੰਧਾਂ ਨੂੰ ਗੁੱਸੇ ਭਰੇ ਨਾਅਰਿਆਂ ਅਤੇ ਸਰਕਾਰ ਨੂੰ ਚੁਣੌਤੀ ਦੇਣ ਵਾਲੇ ਸੰਦੇਸ਼ਾਂ ਲਈ ਕੈਨਵਸ ਵਜੋਂ ਵਰਤਿਆ ਗਿਆ। ਇਸ ਤਰ੍ਹਾਂ ਨੌਜਵਾਨਾਂ ਦਾ ਗੁੱਸਾ ਜੰਤਰ-ਮੰਤਰ ਦਾ ਪ੍ਰਦਰਸ਼ਨ ਬਣ ਗਿਆ।
ਇਸ ਵੇਲੇ ਐੱਸ. ਆਈ.ਆਰ. ਦੀਆਂ ਊਣਤਾਈਆਂ ਦਾ ਮਸਲਾ ਵੋਟ ਚੋਰੀ ਦੇ ਮੁੱਦੇ ਨਾਲ ਭਾਰਤ ਦੇ ਨਾਗਰਿਕਾਂ ਦੀ ਜ਼ੁਬਾਨ ’ਤੇ ਜੁਮਲਿਆਂ ਵਾਂਗ ਚੜ੍ਹਿਆ ਹੋਇਆ ਹੈ। ਦੇਸ਼ ਭਰ ਵਿੱਚ ਚੋਣ ਅਯੋਗ ਦੇ ਮੁੱਖ ਮਾਣਯੋਗ ਚੋਣ ਕਮਿਸ਼ਨਰ ਗਿਆਨੇਸ਼ਵਰ ਕੁਮਾਰ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਹਨ। ਕੌਕਰੋਚ ਜਨਤਾ ਪਾਰਟੀ, ਰਾਹੁਲ ਅਤੇ ਕਾਂਗਰਸ ਅਤੇ ਬਾਕੀ ਪਾਰਟੀਆਂ ਅਤੇ ਦਬਾਅ ਸਮੂਹ ਵੱਖ ਵੱਖ ਪਲੇਟਫਾਰਮ ਬਣਾ ਕੇ ਲੜ ਰਹੇ ਹਨ। ਜਨਰੇਸ਼ਨ-ਜ਼ੀ ਦੇ ਨੌਜਵਾਨਾਂ ਨੇ ਕੇਂਦਰ ਸਰਕਾਰ ਨੂੰ ਭੜਥੂ ਪਾਇਆ ਹੋਇਆ ਹੈ। ਦਿੱਲੀ ਨੂੰ ਕਿਲ੍ਹੇ ਵਿੱਚ ਬਦਲਣ ਦੇ ਬਾਵਜੂਦ ਨੌਜਵਾਨ ਚੁੱਪ ਧਾਰ ਕੇ ਬੈਠੀ ਸਰਕਾਰ ਨੂੰ ਸਵਾਲਾਂ ’ਤੇ ਸਵਾਲ ਕਰ ਰਹੇ ਹਨ, ਜਿਨ੍ਹਾਂ ਦਾ ਜਵਾਬ ਦੇਣ ਦੀ ਥਾਂ ਸਰਕਾਰ ਅੜੀਅਲ ਰਵਈਆ ਆਪਣਾ ਕੇ ਨੌਜਵਾਨਾਂ ਨੂੰ ਗ੍ਰਿਫਤਾਰ ਅਤੇ ਨਜ਼ਰਬੰਦ ਕਰਦੀ ਜਾ ਰਹੀ ਹੈ। ਲੋਕ ਐਮਰਜੈਂਸੀ ਵਾਲਾ ਵਾਤਾਵਰਣ ਮਹਿਸੂਸ ਕਰ ਰਹੇ ਹਨ। 12 ਅਕਤੂਬਰ 2026 ਨੂੰ ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਅਧਿਕਾਰਤ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਤੋਂ ਹਟਾ ਦਿੱਤਾ। ਇਸਦੀ ਥਾਂ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਸੀਬੀਡੀ ਮੈਦਾਨ ਨੂੰ ਵਿਕਲਪਕ ਸਥਾਨ ਵਜੋਂ ਨਾਮਜ਼ਦ ਕੀਤਾ ਗਿਆ। ਇਹ ਸਥਾਨ ਪ੍ਰਦਰਸ਼ਨਾਂ ਲਈ ਤਿਆਰ ਨਹੀਂ ਹਨ ਅਤੇ ਸੰਸਦ ਭਾਵ ਦੇਸ਼ ਦੀ ਮਹਾਂ ਪੰਚਾਇਤ ਦੇ ਕੰਨਾਂ ਤੋਂ ਕੋਸਾਂ ਦੂਰ ਦੱਸੇ ਜਾ ਰਹੇ ਹਨ। ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਦਰਸ਼ਨ ਲਈ “ਢੁਕਵੇਂ ਵਿਕਲਪਕ ਸਥਾਨਾਂ” ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਲੀ ਪ੍ਰਸ਼ਾਸਨ ਨੇ ਕੋਰਟ ਦੀ ਗੱਲ ਮੰਨੀ ਹੈ ਪਰ ਜਨ ਅੰਦੋਲਨ ਲਈ ਇਹ ਸਥਾਨ ਢੁਕਵੇਂ ਨਹੀਂ ਹਨ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਲੋਕਤੰਤਰ ਦੇ ਹਿਮਾਇਤੀਆਂ ਨੇ ਇਸ ਕਦਮ ਦੀ ਸਖਤ ਆਲੋਚਨਾ ਕੀਤੀ ਹੈ।
ਮਨੁੱਖੀ ਅਧਿਕਾਰ ਕਾਰਕੁਨ ਸ਼ਬਨਮ ਹਾਸ਼ਮੀ ਨੇ ਕਿਹਾ, “ਜੰਤਰ-ਮੰਤਰ ਸ਼ਹਿਰ ਦੇ ਕੇਂਦਰ ਵਿੱਚ ਹੈ, ਇਹ ਜੁੜਿਆ ਹੋਇਆ ਹੈ, ਇਹ ਸੰਸਦ ਦੇ ਨੇੜੇ ਹੈ... ਇਹ ਸਾਰੇ ਪ੍ਰਦਰਸ਼ਨਾਂ ਲਈ ਇੱਕ ਬਹੁਤ ਮਹੱਤਵਪੂਰਨ ਸਥਾਨ ਹੈ। ਇਹ ਲੋਕਤੰਤਰੀ ਅਸੰਤੁਸ਼ਟੀ ਨੂੰ ਕੁਚਲਣ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਨਹੀਂ ਹੈ।” ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ, “ਜੇਕਰ ਮੋਦੀ ਸੋਚਦੇ ਹਨ ਕਿ ਜੰਤਰ-ਮੰਤਰ ਨੂੰ ਹਟਾਉਣ ਨਾਲ ਵਿਰੋਧ ਪ੍ਰਦਰਸ਼ਨ ਰੁਕ ਜਾਣਗੇ, ਤਾਂ ਉਹ ਗਲਤ ਹਨ। ਜੰਤਰ-ਮੰਤਰ ਸਿਰਫ ਇੱਕ ਸਥਾਨ ਨਹੀਂ, ਸਗੋਂ ਪ੍ਰਤੀਰੋਧ ਦੀ ਭਾਵਨਾ ਹੈ, ਜਿਸਨੂੰ ਕੋਈ ਵੀ ਕਦੇ ਖੋਹ ਨਹੀਂ ਸਕਦਾ।” ਜੰਤਰ-ਮੰਤਰ ਦੀ ਡੀ-ਨੋਟੀਫਿਕੇਸ਼ਨ ਨਾਲ ਪ੍ਰਦਰਸ਼ਨਕਾਰੀਆਂ ਨੂੰ ਸ਼ਹਿਰ ਦੇ ਬਾਹਰਲੇ ਹਿੱਸਿਆਂ ਵਿੱਚ ਜਾਣਾ ਪਵੇਗਾ, ਜਿਸ ਨਾਲ ਆਵਾਜਾਈ ਦਾ ਖਰਚਾ ਵਧੇਗਾ, ਲੰਬਾ ਸਫਰ ਤੈਅ ਕਰਨਾ ਪਵੇਗਾ ਅਤੇ ਮੀਡੀਆ ਦਾ ਧਿਆਨ ਵੀ ਘਟੇਗਾ। ਕਾਰਕੁਨਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨਾਂ ਨੂੰ ਸ਼ਹਿਰ ਦੇ ਕੇਂਦਰ ਤੋਂ ਦੂਰ ਲਿਜਾਣ ਨਾਲ ਖਾਸ ਤੌਰ ’ਤੇ ਦੂਰ-ਦੁਰਾਡੇ ਰਾਜਾਂ ਤੋਂ ਆਉਣ ਵਾਲੇ ਪ੍ਰਦਰਸ਼ਨਕਾਰੀਆਂ ਲਈ ਹਾਜ਼ਰੀ ਅਤੇ ਦਿੱਖ ਘਟਣ ਦਾ ਖਤਰਾ ਹੈ।
ਲੋਕਾਂ ਦੀ ਅਵਾਜ਼ ਨੂੰ ਲੋਕਾਂ ਤਕ ਸਹੀ ਤਰੀਕੇ ਨਾ ਪੰਹੁਚਾਉਣ ਦਾ ਸਰਕਾਰ ਦਾ ਨਵਾਂ ਪੈਂਤੜਾ ਸ਼ਾਇਦ ਲੋਕਾਂ ਨੂੰ ਸਮਝ ਆ ਰਿਹਾ ਹੈ। ਜੰਤਰ-ਮੰਤਰ ਦਾ ਸਫਰ ਖਗੋਲ-ਵਿਗਿਆਨਕ ਨਿਰੀਖਣ ਕੇਂਦਰ ਤੋਂ ਲੋਕਤੰਤਰੀ ਅਸੰਤੁਸ਼ਟੀ ਦੇ ਪ੍ਰਤੀਕ ਤਕ ਦਾ ਸਫਰ ਕਰ ਚੁੱਕਾ ਹੈ। ਇਹ ਸਥਾਨ ਭਾਰਤੀ ਲੋਕਤੰਤਰ ਦੀ ਜੀਵੰਤਤਾ ਦਾ ਪ੍ਰਮਾਣ ਸੀ, ਹੈ ਅਤੇ ਰਹਿਣਾ ਚਾਹੀਦਾ ਹੈ। ਇਸ ਨੂੰ ਲੋਕਾਂ ਤੋਂ ਅਤੇ ਲੋਕਤੰਤਰ ਤੋਂ ਖੋਹਣਾ ਠੀਕ ਨਹੀਂ ਹੈ। ਇੱਥੇ ਆਮ ਨਾਗਰਿਕ ਆਪਣੀਆਂ ਮੰਗਾਂ ਲੈ ਕੇ ਸੱਤਾ ਦੇ ਦਰਵਾਜ਼ੇ ਤਕ ਪਹੁੰਚ ਸਕਦੇ ਸਨ। ਪਰ ਭਾਰਤੀ ਪ੍ਰਣਾਲੀ ਵਿੱਚ ਲਗਾਤਾਰ ਹੋ ਰਹੀਆਂ ਬੇਨਿਯਮੀਆਂ ਨੌਜਵਾਨਾਂ ਦਾ ਭਰੋਸਾ ਤੋੜ ਰਹੀਆਂ ਹਨ, ਜਿਸਦਾ ਨਤੀਜਾ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਦਾ ਵਧਣਾ ਹੋ ਸਕਦਾ ਹੈ। ਜੰਤਰ-ਮੰਤਰ ਦੀ ਡੀ-ਨੋਟੀਫਿਕੇਸ਼ਨ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਵਿੱਚ ਲੋਕਤੰਤਰੀ ਖੁੱਲ੍ਹਾ ਪਿੜ ਸੁੰਗੜ ਰਿਹਾ ਹੈ। ਜਦੋਂ ਲੋਕਾਂ ਦੀਆਂ ਮੰਗਾਂ ਨੂੰ ਦਬਾਉਣ ਲਈ ਪ੍ਰਦਰਸ਼ਨ ਸਥਾਨਾਂ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਇਹ ਲੋਕਤੰਤਰ ਦੀ ਜੜ੍ਹ ਨੂੰ ਕਮਜ਼ੋਰ ਕਰਦਾ ਹੈ। ਇੱਕ ਸਿਹਤਮੰਦ ਲੋਕਤੰਤਰ ਲਈ ਇਹ ਜ਼ਰੂਰੀ ਹੈ ਕਿ ਨਾਗਰਿਕਾਂ ਨੂੰ ਆਪਣੀਆਂ ਸ਼ਿਕਾਇਤਾਂ ਸੱਤਾਧਾਰੀਆਂ ਤਕ ਪਹੁੰਚਾਉਣ ਲਈ ਖੁੱਲ੍ਹੇ ਅਤੇ ਪਹੁੰਚਯੋਗ ਸਥਾਨ ਮਿਲਣ, ਤਾਂ ਜੋ ਲੋਕਤੰਤਰ ਸਿਰਫ ਚੋਣਾਂ ਦੇ ਨਾਅਰੇ ਤਕ ਸੀਮਿਤ ਨਾ ਰਹੇ, ਸਗੋਂ ਹਰ ਰੋਜ਼ ਲੋਕਾਂ ਦੀ ਅਵਾਜ਼ ਬਣ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































