“ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਮੋਦੀ ਸਾਹਿਬ ਦੀ ਰਿਟਾਇਰਮੈਟ ਤੋਂ ਬਾਅਦ ਅਗਲੇ ...”
(11 ਅਪਰੈਲ 2025)
ਲੋਕ ਸਭਾ ਵਿੱਚ ਵਕਫ਼ ਬੋਰਡ ਦੇ ਇਸ ਬਿੱਲ ਦੀ ਅਸਾਵੀਂ ਸੋਧ ਵਾਲਾ ਕਾਨੂੰਨ ਪਾਸ ਹੋਣ ਨਾਲ ਇੱਕ ਵਾਰੀ ਫਿਰ ਲੋਕਤੰਤਰ ਵਿੱਚ ਬਹੁਮਤਵਾਦ ਵਾਲਾ ਧਰਮਤੰਤਰ, ਰਾਜਨੀਤੀ ਸੱਤਾ ਵਿੱਚ ਹਰ ਵੇਲੇ ਬਣੇ ਰਹਿਣ ਲਈ ਮੌਕਾਪ੍ਰਸਤੀ ਦੀ ਰਾਜਨੀਤੀ ਅਤੇ ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵੀ ਚਿਹਰੇ ਅਤੇ ਤੇਵਰਾਂ ਨੇ ਜਿੱਥੇ ਮਜ਼ਬੂਤ ਲੋਕਤੰਤਰ ਵਾਲੇ ਸੰਵਿਧਾਨ ਦੀ ਛਵ੍ਹੀ ਲਬੇੜੀ ਅਤੇ ਵਿਗਾੜੀ ਹੈ, ਉੱਥੇ ਅੰਤਰਰਾਸ਼ਟਰੀ ਕੈਨਵਸ ’ਤੇ ਦੇਸ਼ ਨੂੰ ਫਿਰਕਾਪ੍ਰਸਤੀ ਦਾ ਧੱਬਾ ਲਾਇਆ ਹੈ। ਪਹਿਲਾਂ ਸੀ.ਏ.ਏ. ਕਾਨੂੰਨ ਨਾਲ, ਫਿਰ ਜੰਮੂ-ਕਸ਼ਮੀਰ ਵਿੱਚ 370 ਧਾਰਾ ਖਤਮ ਕਰਨਾ ਨਾਲ, ਕਿਸਾਨਾਂ ਦੇ ਵਿਰੋਧ ਵਿੱਚ ਤਿੰਨ ਕਾਲੇ ਕਾਨੂੰਨ ਲਿਆਉਣਾ ਨਾਲ, ਮਨੀਪੁਰ ਦੇ ਕਤਲੇਆਮ ’ਤੇ ਪ੍ਰਧਾਨਮੰਤਰੀ ਦੀ ਚੁੱਪੀ ਧਾਰਨ ਨਾਲ ਅਤੇ ਉੱਥੇ ਰਾਸ਼ਟਰਪਤੀ ਰਾਜ ਦੀ ਮਿਆਦ ਵਧਾਉਣ ਨਾਲ, ਭਾਵੀ ਪ੍ਰਧਾਨਮੰਤਰੀ ਬਣਨ ਦੀ ਦੌੜ ਵਿੱਚ ਉੱਤਰ ਪ੍ਰਦੇਸ਼ ਵਿੱਚ ਸੰਬਲ ਫਿਰਕੂ ਦੰਗਾ ਭੜਕਾਉਣ ਨਾਲ ਅਤੇ ਮਹਾਰਾਸ਼ਟਰਾ ਵਿੱਚ ਹੋਏ ਫਿਰਕੂ ਦੰਗੇ ਆਦਿ ਨਾਲ ਦੇਸ਼ ਨੂੰ ਇੱਕ ਵਾਰੀ ਫਿਰ ਗੁਜਰਾਤ ਵਰਗੇ ਹਾਲਾਤ ਦੁਹਰਾਉਣ ਵੱਲ ਨੂੰ ਧਕੇਲਿਆ ਜਾ ਰਿਹਾ ਹੈ। ਬੁਰੀ ਤਰ੍ਹਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਉਸਦੇ ਸਹਿਯੋਗੀ ਸਰਕਾਰੀਤੰਤਰ ਅਤੇ ਉਸਦੀਆਂ ਏਜੰਸੀਆਂ ਨੂੰ ਦੁਰਉਪਯੋਗ ਕਰਕੇ ਹਰ ਹੀਲੇ ਸੱਤਾ ’ਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਉਹ ਵੀ ਸਿਰਫ ਤੇ ਸਿਰਫ ਇੱਕ ਫਿਰਕੇ ਨੂੰ ਖੁਸ਼ ਕਰਨ ਲਈ।
ਸੱਚੀ-ਮੁੱਚੀ ਭਾਰਤ ਇਸ ਸਮੇਂ ਬੁਰੀ ਤਰ੍ਹਾਂ ਅਸ਼ਾਂਤ ਦੇਸ਼ਾਂ ਦੀ ਲੜੀ ਵਿੱਚ ਸ਼ਾਮਲ ਹੋਣ ਵੱਲ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਅਮਰੀਕਾ ਨੇ ਭਾਰਤ ਉੱਤੇ 26 ਫੀਸਦ ਟੈਰਿਫ ਥੋਪ ਦਿੱਤਾ ਹੈ। ਸਾਹਿਬ ਚੁੱਪ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਜਿਸ ਤਰ੍ਹਾਂ ਤਿੰਨ ਰਾਜਾਂ ਵਿੱਚ ਭਾਜਪਾ ਸਰਕਾਰਾਂ ਬਣਨ ਨਾਲ ਇੱਕ ਵਾਰੀ ਫਿਰ 2014 ਅਤੇ 2019 ਦੀ ਕੇਂਦਰ ਸਰਕਾਰ ਦੇ ਹਿਟਲਰੀ ਤੇਵਰਾਂ ਵਾਂਗ ਹੀ ਘੱਟ-ਗਿਣਤੀਆਂ ਅਤੇ ਦਲਿਤਾਂ ਨੂੰ, ਡਰਾਉਣ, ਦਬਕਾਉਣ ਅਤੇ ਭਜਾਉਣ ਦੀਆਂ ਕੋਝੀਆਂ ਕੁਚਾਲਾਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਉਕਸਾਉ ਨੀਤੀ ਤਹਿਤ ਉੱਤਰ ਪ੍ਰਦੇਸ਼ ਵਿੱਚ ਮਸਜਿਦਾਂ ਖੋਦ ਕੇ, ਜਗਾਵਾਂ, ਸ਼ਹਿਰਾਂ ਦੇ ਨਾਮ ਬਦਲ ਕੇ, ਖੋਦੋ ਇੰਡੀਆ ਕਰ ਕੇ, ਕਥਿਤ ਬਾਬਾ ਬਲਡੋਜ਼ਰ ਚਲਵਾ ਕੇ ਅਤੇ ਕਥਿਤ ਬਾਬਾ ਬਗੇਸ਼ਵਰ ਦੇ ਹਿੰਦੂ ਪਿੰਡ ਵਸਾਉਣ ਅਤੇ ਵਡਿਆਉਣ ਦੀਆਂ ਅਸੰਵਿਧਾਨਿਕ ਯੋਜਨਾਵਾਂ ਕਿਵੇਂ ਦੇਸ਼ ਦੀ ਤਰੱਕੀ ਕਰ ਸਕਦੀਆਂ ਹਨ? ਅਜਿਹੀਆਂ ਕੋਝੀਆਂ ਹਰਕਤਾਂ ਤੋਂ ਖੁਸ਼ ਹੋਣ ਵਾਲੇ ਅਤੇ ਅਜਿਹਿਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਕਿਸੇ ਭਰਮ ਵਿੱਚ ਹਨ ਕਿ ਉਹ ਦੇਸ਼ ਦਾ ਵਿਕਾਸ ਕਰ ਰਹੇ ਹਨ। ਪ੍ਰਧਾਨ ਮੰਤਰੀ ਸਾਹਿਬ ਦੀ ਹਰ ਅਜਿਹੇ ਸਮਾਜ-ਪਾੜੂ ਦਲੀਲਾਂ, ਤਹਿਰੀਰਾਂ ਅਤੇ ਤਰਕੀਬਾਂ ’ਤੇ ਚੁੱਪੀ ਵੱਟ ਰੱਖਣਾ ਕਈ ਪ੍ਰਸ਼ਨ ਖੜ੍ਹੇ ਕਰਦਾ ਹੈ ਅਤੇ ਯਾਦ ਆ ਜਾਂਦੀ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ।
ਸਾਡੇ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਸੱਚ-ਮੁੱਚ ਦੂਰਦਰਸ਼ੀ, ਅਨੂਭਵੀ ਅਤੇ ਵਿਦਵਾਨ ਇਨਸਾਨ ਸਨ। ਉਹਨਾਂ ਵਰਗੀ ਉਤਸ਼ਾਹ ਭਰਨ ਵਾਲੀ ਕਾਵਿ ਸ਼ੈਲੀ ਅਤੇ ਭਾਸ਼ਣ ਪੇਸ਼ਕਾਰੀ ਸ਼ਾਇਦ ਟਾਵੇਂ ਟਾਵੇਂ ਲੋਕਾਂ ਕੋਲ ਹੁੰਦੀ ਹੈ। ਉਹਨਾਂ ਦੇ ਬੇਬਾਕ ਭਾਸ਼ਣਾਂ ਵਿੱਚ ਫਾਇਲ ਰਿਕਾਰਡ ਹੈ ਕਿ 2002 ਦੇ ਗੁਜਰਾਤ ਦੰਗਿਆਂ ਦੇ ਬਾਅਦ ਗੁਜਰਾਤ ਜਾ ਕੇ ਦੇਸ਼ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਅਤੇ ਸਮਾਜ ਵਿੱਚ ਟੁੱਟ ਚੁੱਕੀ ਭਾਈਚਾਰਕ ਸਾਂਝ ਬਹਾਲ ਕਰਨ ਦੀ ਅਪੀਲ ਕਰਦਿਆਂ, ਉਸ ਵੇਲੇ ਦੀ ਗੁਜਰਾਤ ਸਰਕਾਰ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੰਚ ਤੋਂ ਰਾਜ-ਧਰਮ ਨਿਭਾਉਣ ਦੀ ਕੰਨ ਖਿੱਚਣੀ ਤਾੜਨਾ ਅਤੇ ਸਲਾਹ ਦਿੱਤੀ ਸੀ ਅਤੇ ਅਜਿਹੇ ਕਾਰੇ ਜੋ ਸਮਾਜ ਨੂੰ ਲੜਾਉਂਦੇ ਅਤੇ ਸਮਾਜ ਨੂੰ ਤੋੜਦੇ ਹਨ, ਨੂੰ ਕਰਨ ਤੋਂ ਵਰਜਿਆ ਸੀ। ਜ਼ਾਹਿਰ ਹੈ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਰਾਜ ਧਰਮ ਨਿਭਾਉਣ ਦਾ ਅਰਥ ਹੈ ਕਿ ਲੋਕਤੰਤਰ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਜੋ ਲੋਕ ਸ਼ਕਤੀ ਸੱਤਾ ਦੇ ਰੂਪ ਵਿੱਚ ਹਾਕਮ ’ਤੇ ਭਰੋਸਾ ਕਰਕੇ ਉਸ ਨੂੰ ਸੱਤਾ ਸੌਂਪੀ ਹੁੰਦੀ ਹੈ, ਉਸ ਨੂੰ ਲੋਕਾਂ ਦੇ ਹਿਤਾਂ ਲਈ ਸਰਬਸਾਂਝੇ ਅਤੇ ਬਿਨਾਂ ਭੇਦ ਭਾਵ ਸ਼ਾਂਤੀ ਵਿਵਸਥਾ ਬਣਾਈ ਰੱਖਣਾ ਹੁੰਦਾ ਹੈ।
ਸਮੇਂ ਦੀਆਂ ਸਾਰੀਆਂ ਸਰਕਾਰਾਂ, ਭਾਵੇਂ ਉਹ ਭਾਜਪਾ ਸਰਕਾਰ ਹੋਵੇ ਜਾਂ ਗੈਰ ਭਾਜਪਾ, ਸਾਰਿਆਂ ਲਈ ਇਹ ਤਿੰਨ ਸ਼ਬਦੀ ਵਾਕ “ਰਾਜ ਧਰਮ ਨਿਭਾਓ” ਰਾਹ ਦਸੇਰਾ ਹੋ ਸਕਦਾ ਹੈ। ਬਣਦਾ ਤਾਂ ਇਹ ਸੀ ਕਿ ਸੰਨ 2014 ਤੋਂ ਹੀ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਜੀ ਅਟਲ ਜੀ ਵਾਂਗ ਹੀ ਸਾਡੇ ਅਜੋਕੇ ਸਤਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਮੇਂ ਸਮੇਂ ਉਹਨਾਂ ਮੁੱਖ ਮੰਤਰੀਆਂ ਨੂੰ ਵੱਡੇ ਭਰਾ ਵਾਂਗ ਜਾਂ ਸਮਝਦਾਰ ਆਗੁ ਹੋਣ ਦੇ ਨਾਤੇ ਅਤੇ ਜਾਂ ਫਿਰ ਇੱਕ ਸੰਵਿਧਾਨਕ ਜ਼ਿੰਮੇਵਾਰੀ ਵਾਲੇ ਵੱਡੇ ਅਹੁਦੇ ’ਤੇ ਬੈਠੇ ਨੇਤਾ ਹੋਣ ਦੇ ਨਾਤੇ ਹਰ ਉਸ ਸ਼ਖਸ ਨੂੰ ਅਟਲ ਸਾਹਿਬ ਵਾਲੀ ਤਾੜਨਾ ਦਿੰਦੇ; ਹਰ ਅਜਿਹੇ ਗੁੱਟ ਨੂੰ ਦਬਕਾ ਮਾਰਦੇ ਜੋ ਜਾਤਾਂ-ਪਾਤਾਂ ਜਾਂ ਹਿੰਦੂ-ਮੁਸਲਿਮ ਕਰਕੇ ਨਾ ਮਿਟਣ ਵਾਲੇ ਪਾੜੇ ਪਾ ਰਹੇ ਹਨ, ਨੂੰ ਸੱਦ ਕੇ ਕਲਾਸ ਲਾਉਂਦੇ ਜੋ ਕਥਿਤ ਹਿੰਦੂਤਵੀ ਅਜੰਡੇ ਹੇਠ ਘੱਟ-ਗਿਣਤੀ ਮੁਸਲਮਾਨਾਂ, ਘੱਟ-ਗਿਣਤੀ ਇਸਾਈ ਅਤੇ ਘੱਟ-ਗਿਣਤੀ ਸਿੱਖ ਆਦਿ ਨੂੰ ਦੂਜੇ-ਤੀਜੇ ਦਰਜੇ ਦੇ ਨਾਗਰਿਕ ਦੱਸਣ ਦੀ ਕੋਸ਼ਿਸ਼ ਵਿੱਚ ਕੁੱਟ-ਮਾਰ ਕਰਦੇ, ਬੇਹੁਰਮਤੀ ਕਰਦੇ ਜਾਂ ਦੰਗਿਆਂ ਅਤੇ ਲੜਾਈ ਝਗੜੇ ਲਈ ਉਕਸਾਉਂਦੇ ਹਨ।
ਅੱਜ ਦੇਸ਼ ਵਿੱਚ ਕੋਈ ਨੇਤਾ ਅਜਿਹਾ ਨਹੀਂ ਹੈ ਜਿਸ ’ਤੇ ਸਾਡੇ ਵਿਦਿਆਰਥੀ ਮਨਪਸੰਦ ਨੇਤਾ ਦੇ ਸਿਰਲੇਖ ਹੇਠ ਲੇਖ ਲਿਖਦੇ ਹੋਣ ਜਾਂ ਲਿਖਣ ਲਈ ਕਿਹਾ ਜਾਂਦਾ ਹੋਵੇ। ਸੰਸਦ ਦਾ ਦ੍ਰਿਸ਼ ਸਾਡੇ ਸਾਹਮਣੇ ਹੈ। ਲਗਭਗ 70 ਫੀਸਦ ਸ਼ਾਂਸਦ ਹੱਤਿਆਵਾਂ, ਭ੍ਰਿਸ਼ਟਾਚਾਰ, ਬਲਾਤਕਾਰ, ਧੋਖਾਧੜੀ, ਅਪਹਰਣ, ਗੁੰਡਾਗਰਦੀ, ਦੰਗਾਗਰਦੀ ਅਤੇ ਨਸ਼ੇ ਆਦਿ ਜਿਹੀ ਸਮਗਲਿੰਗ ਦੇ ਕੇਸਾਂ ਦੋਸ਼ਾਂ ਅਧੀਨ ਹਨ। ਇਹ ਹੀ ਹਾਲ ਦੇਸ਼ ਦੀਆਂ ਵਿਧਾਨ ਸਭਾਵਾਂ ਤੋਂ ਲੈ ਕੇ ਨਗਰਨਿਗਮਾਂ, ਨਗਰਪਾਲਿਕਾਵਾਂ ਅਤੇ ਪੰਚਾਇਤਾਂ ਤਕ ਦਾ ਹੈ। ਇਕੱਲੇ ਔਰਤਾਂ ਨਾਲ ਸੰਬੰਧਤ ਅਪਰਾਧਾਂ ਵਿੱਚ 151 ਸਾਂਸਦ ਅਰੋਪੀ ਹਨ। ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਆਜ਼ਾਦੀ ਬਾਅਦ ਜਿਹੜੇ ਸਾਡੇ ਰਾਜ ਨੇਤਾ ਬਣੇ, ਉਹਨਾਂ ਵਿੱਚ ਬਹੁਤੇ ਆਜ਼ਾਦੀ ਘੁਲਾਟੀਏ ਸਨ। ਉਹਨਾਂ ਵਿੱਚ ਦੇਸ਼ ਨਿਰਮਾਣ ਦੇ ਨਾਲ ਭਾਈਚਾਰਕ ਸਾਂਝ, ਸਮਾਜਿਕ ਨਿਆਂ ਅਤੇ ਲੋਕ ਹਿਤੂ ਜਜ਼ਬਾ ਸੀ। ਸਮਾਂ ਬੀਤਦੇ ਸੱਤਾ ਫਿਰ ਜਗੀਰਦਾਰਾਂ, ਧਨੀਆਂ ਅਤੇ ਬਾਹੂਬਲੀਆਂ ਦੇ ਹੱਥਾਂ ਵਿੱਚ ਆ ਗਈ। ਆਜ਼ਾਦੀ ਘਲਾਟੀਆਂ ਦੀ ਥਾਂ ਘੁਟਾਲਿਆਂ ਨੇ ਲੈ ਲਈ। ਅਪਰਾਧ, ਲਾਲਚ ਅਤੇ ਮੌਕਾਪ੍ਰਸਤੀ ਸੱਤਾ ’ਤੇ ਭਾਰੀ ਹੋ ਗਏ ਹਨ। ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਮੋਦੀ ਸਾਹਿਬ ਦੀ ਰਿਟਾਇਰਮੈਟ ਤੋਂ ਬਾਅਦ ਅਗਲੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਕਿਸੇ ਵਿਸ਼ੇਸ਼ ਆਕਾ ਅਤੇ ਹਿੰਦੂਤਵੀ ਕੱਟੜਵਾਦੀ ਨੂੰ ਖੁਸ਼ ਕਰਨ ਲਈ ਅਜਿਹਾ ਮਾਹੌਲ ਜਾਣ-ਬੁੱਝ ਕੇ ਸਿਰਜਿਆ ਜਾ ਰਿਹਾ ਹੈ।
2014 ਵਿੱਚ ਭਾਜਪਾ ਸਰਕਾਰ ਆਉਣ ਤੋਂ ਪਹਿਲਾਂ ਹਿੰਦੂ ਧਰਮ ਦੀ ਅਸੁਰੱਖਿਆ ਵਾਲਾ ਮਾਹੌਲ ਬਣਾਇਆ ਗਿਆ। ਇੱਕ ਸਮੇਂ ‘ਸਭ ਦਾ ਸਾਥ ਸਭ ਦਾ ਵਿਕਾਸ ਦਾ ਨਾਅਰਾ’ ਤਾਂ ਦੇ ਦਿੱਤਾ ਸੱਤਾ ਵੀ ਪ੍ਰਾਪਤ ਕਰ ਲਈ ਪਰ ਅੰਦਰ ਖਾਤੇ ਆਰ.ਐੱਸ.ਐੱਸ ਦਾ ਸੰਪਰਦਾਇਕਤਾ ਵਾਲਾ ਏਜੰਡਾ ਹੀ ਕੰਮ ਕਰਦਾ ਰਿਹਾ। ਅਜਿਹੀ ਫਾਸ਼ੀਵਾਦੀ ਸਥਿਤੀ ਦੀ ਮੌਕਾਪ੍ਰਸਤੀ ਵਿੱਚ ਇੱਕ ਗੋਦੀ ਮੀਡੀਆ ਸਥਾਪਿਤ ਹੋ ਗਿਆ ਜਾਂ ਸਥਾਪਿਤ ਕਰ ਦਿੱਤਾ ਗਿਆ। ਬੱਸ! ਫਿਰ ਸੰਵਿਧਾਨ ਦਰਕਿਨਾਰ ਕਰਕੇ ਰਾਸ਼ਟਰਵਾਦ ਦੀਆਂ ਨਵੀਂਆਂ ਪਰਿਭਾਸ਼ਾਵਾਂ ਘੜਨ ਦਾ ਕੰਮ ਜੋ ਇਸ ਫਾਸ਼ੀਵਾਦੀ ਗਠਜੋੜ ਨੇ ਕੀਤਾ, ਇਹ ਮੰਨਣ ਨਾ ਮੰਨਣ ਪਰ ਉਸਨੇ ਦੇਸ਼ ਨੂੰ ਇੱਕ ਅਗਾਂਹਵਧੂ ਦੌਰ ਵਿੱਚੋਂ ਪਿਛਾਂਹ ਗੇੜੀ ਦੇ ਕੇ ਪਿਛਾਖੜੀ ਬਣਾ ਦਿੱਤਾ ਹੈ। ਹੁਣ ਕੁਝ ਸਾਲਾਂ ਤੋਂ ਪੂਰਾ ਦੇਸ਼ ਬੇਚੈਨੀ ਅਤੇ ਅਸੁਰੱਖਿਆ ਜਿਹੇ ਮਾਹੌਲ ਵਿੱਚੋਂ ਲੰਘ ਰਿਹਾ ਹੈ। ਬੱਚਿਆਂ ਤੋਂ ਲੈ ਕੇ ਬਜ਼ੂਰਗਾਂ ਤਕ, ਵਿਦਿਆਰਥੀਆਂ ਤੋਂ ਲੈ ਕੇ ਵਿਦਵਾਨਾਂ ਤਕ, ਮੁਲਾਜ਼ਮਾਂ ਤੋਂ ਲੈ ਕੇ ਅਫਸਰਾਂ ਤਕ, ਮਜ਼ਦੂਰਾਂ ਤੋਂ ਲੈ ਮਾਲਕਾਂ ਤਕ, ਕਾਮਿਆਂ ਤੋਂ ਲੈ ਕੇ ਕਿਸਾਨਾਂ ਤਕ, ਮੰਗਤਿਆਂ ਤੋਂ ਲੈ ਕੇ ਸ਼ਾਹਾਂ ਤਕ ਅਤੇ ਇਨ੍ਹਾਂ ਸਾਰਿਆਂ ਵਿੱਚ ਔਰਤ ਵਰਗ ਜ਼ਿਆਦਾ ਪੀੜਿਤ ਹੈ ਅਤੇ ਜ਼ਿਆਦਾ ਕੁਝ ਸਹਿ ਰਹੀ ਹੈ। ਇਸ ਤੋਂ ਇਲਾਵਾ ਘੱਟ ਗਿਣਤੀਆਂ ਅਸੁਰੱਖਿਅਤ ਹਨ। ਇਹ ਸਾਰੇ ਆਪਣੇ ਆਪਣੇ ਕੰਮਾਂ-ਕਾਰਾਂ ਵਿੱਚ ਅਤੇ ਗੁਜ਼ਰ-ਗੁਜਾਰਿਆਂ ਵਿੱਚ ਬਰਕਤ ਵਾਲ਼ਾ ਅਹਿਸਾਸ ਮਹਿਸੂਸ ਨਹੀਂ ਕਰ ਰਹੇ। ਹਰ ਵਰਗ ਵਿੱਚ ਸਮਾਜਿਕ, ਆਰਥਕ, ਸੱਭਿਆਚਾਰਕ ਆਦਿ ਵਿਕਾਸ ਦੀ ਖੜੋਤ ਹੈ। ਸੌੜੀ ਰਾਜਨੀਤੀ ਅਤੇ ਜਨੂੰਨੀ ਧਰਮਪ੍ਰਸਤੀ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਘਾਰ ਵੱਲ ਧਕੇਲ ਰਹੀ ਹੈ।
ਆਰ.ਐੱਸ.ਐੱਸ. ਭਾਵੇਂ ਹੁਣ ਇਹ ਮੰਨ ਰਹੀ ਹੈ ਕਿ ਹਰ ਮਸਜਿਦ ਵਿੱਚ ਮੰਦਰ ਖੋਦਨਾ ਠੀਕ ਨਹੀਂ ਹੈ ਪਰ ਇੰਜ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਦੀ ਰਿਟਾਇਰਮੈਂਟ ਵਾਲੀ ਉਮਰ ਵਿੱਚ ਜਾਣ ਤੋਂ ਪਹਿਲਾਂ ਭਾਜਪਾ ਦੇ ਮੁੱਖ ਮੰਤਰੀ ਅਜ਼ਾਦੀ ਤੋਂ ਪਹਿਲਾਂ ਵੀ ਅਤੇ ਅਜ਼ਾਦੀ ਬਾਅਦ ਵੀ ਭਾਰਤ ਵਿੱਚ ਦੰਗਿਆਂ ਦਾ ਲੰਮਾ ਅਤੇ ਸਾਜ਼ਿਸ਼ੀ ਇਤਿਹਾਸ ਹੈ। ਕਥਿਤ ਵਰਨ-ਵਰਗ ਦੀਆਂ ਕਿਲੇ ਨੁਮਾ ਦੀਵਾਰਾਂ ਨੇ ਜੋ ਨਾਬਰਾਬਰੀ ਵਾਲਾ ਸਮਾਜ ਸਿਰਜ ਰੱਖਿਆ ਹੈ, ਉਸ ਵਿੱਚ ਇਹ ਹੋਣਾ ਅਤੇ ਕਰਵਾਉਣਾ, ਦੋਵੇਂ ਗੱਲਾਂ ਸੰਭਵ ਰਹੀਆਂ ਹਨ। ਤਹਿਰੀਰਾਂ ਦੱਸਦੀਆਂ ਹਨ ਕਿ ਫਿਰਕਾਪ੍ਰਸਤ ਲੋਕਾਂ ਨੂੰ ਉਸ ਵੇਲੇ ਵੀ ਸਾਂਝੇ ਘੋਲ, ਅਜ਼ਾਦੀ ਸੰਗ੍ਰਾਮ ਅਤੇ ਸਮਾਜਿਕ ਬਰਾਬਰਤਾ ਪਸੰਦ ਨਹੀਂ ਸੀ। ਅਜਿਹੇ ਲੋਕਾਂ ਦਾ ਫਾਇਦਾ ਅੰਗਰੇਜ਼ ਸਰਕਾਰ ਉਠਾਉਂਦੀ ਰਹੀ ਹੈ।
31 ਮਾਰਚ ਨੂੰ ਪਾਕ ਰਮਜ਼ਾਨ ਦੇ 30 ਰੋਜ਼ਿਆਂ ਬਾਅਦ ਈਦ-ਉਲ-ਫੀਤਰ ਹੋਈ। ਉਸ ਵੇਲੇ ਵੀ ਆਸਥਾਵਾਨ ਲੋਕ ਨਮਾਜ਼ ਵਿੱਚ ਅਜਿਹੇ ਬਿੱਲ ਲਈ ਦੁਆ ਕਰ ਰਹੇ ਸੀ। ਆਉਣ ਵਾਲੇ ਦਿਨਾਂ 40 ਪਾਕ ਰੋਜ਼ਿਆਂ ਦੇ ਬਾਅਦ ਮਸੀਹੀ ਧਰਮ ਵਿੱਚ ਗੁੱਡ ਫਰਾਈ ਡੇ (ਸ਼ੁਭ ਸ਼ੁੱਕਰਵਾਰ) ਅਤੇ ਈਸਟਰ ਹੈ, ਉਹ ਵੀ ਦਆਵਾਂ ਵਿੱਚ ਹਨ। ਹਿੰਦੂ ਧਰਮ ਵਿੱਚ ਨਵਰਾਤਰੇ ਰਹੇ ਹਨ। ਉਹ ਵੀ ਇੱਕ ਤਰ੍ਹਾਂ ਦੇ ਪਵਿੱਤਰ ਦਿਨ ਕਹੇ ਜਾਂਦੇ ਹਨ ਭਾਈਚਾਰਕ ਸਾਂਝ ਵਾਲੇ ਲੋਕ ਵੀ ਚਾਹੁੰਦੇ ਹੋਣਗੇ ਕਿ ਅਜਿਹੀ ਦਖਲ-ਅੰਦਾਜ਼ੀ ਕਿਸੇ ਦੇ ਧਰਮ ਵਿੱਚ ਨਹੀਂ ਹੋਣੀ ਚਾਹੀਦੀ। ਇਨ੍ਹਾਂ ਦਿਨਾਂ ਵਿੱਚ ਵਰਤ ਰੱਖੇ ਜਾਂਦੇ ਹਨ। ਸਾਰੇ ਧਰਮਾਂ ਵਿੱਚ ਇਹ ਦਿਨ ਪਵਿੱਤਰ ਅਤੇ ਮਨੁੱਖ ਲਈ ਸਵੈ-ਜਾਂਚ ਕਰਦਿਆਂ ਆਤਮ ਵਿਸ਼ਵਾਸ ਵਧਾਉਣ ਲਈ ਹੁੰਦੇ ਹਨ। ਉਸ ਸਵੈ-ਜਾਂਚ ਵਿੱਚ ਸਭ ਤੋਂ ਪਹਿਲਾਂ ਦੂਸਰਿਆਂ ਨੂੰ ਮੁਆਫ ਕਰਨਾ, ਭਾਈਚਾਰਕ ਸਾਂਝ ਵਧਾਉਣਾ ਅਤੇ ਪਿਆਰ-ਮੁਹਬਤ ਨਾਲ ਮਿਲ ਕੇ ਰਹਿਣਾ ਹੁੰਦਾ ਹੈ। ਸਮਝ ਨਹੀਂ ਆਈ ਕਿ ਕਾਨੂੰਨ ਭਾਵੇਂ ਦੋਹਾਂ ਸਦਨਾਂ ਵਿੱਚ ਪਾਸ ਹੋ ਚੁੱਕਾ ਸੀ ਪਰ ਮਾਨਯੋਗ ਰਾਸ਼ਟਰਪਤੀ ਸਾਹਿਬਾ ਨੇ ਮੁਸਲਿਮ ਵਫਦ ਨੂੰ ਮਿਲਣ ਦਾ ਸਮਾਂ ਕਿਉਂ ਨਹੀਂ ਦਿੱਤਾ?
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (