“ਦੇਸ਼ ਦੇ ਹਜ਼ਾਰਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਕਿਸੇ ਵਿਸ਼ੇਸ਼ ਧਰਮ, ਫਿਰਕੇ ਜਾਂ ਜਾਤ ਕਰਕੇ ...”
(18 ਮਾਰਚ 2025)
ਅਮਰੀਕਾ ਵਿੱਚ ਡੌਨਲਡ ਟਰੰਪ ਦੇ ਦੂਸਰੀਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਜੋ ਹਲਚਲ ਪੈਦਾ ਹੋਈ ਹੈ, ਉਸਨੇ ਸਾਰੇ ਦੇਸ਼ਾਂ ਨੂੰ ਆਪਣੀਆਂ ਵਿਦੇਸ਼ ਨੀਤੀਆਂ ਦੇ ਕੂਟਨੀਤਿਕ, ਵਪਾਰਿਕ ਅਤੇ ਸੁਰੱਖਿਆ ਸੰਬੰਧਾਂ ਨੂੰ ਫਿਰ ਤੋਂ ਅਧਿਅਨ ਕਰਨ ਲਈ ਮਜਬੂਰ ਕਰ ਦਿੱਤਾ ਹੈ। ਆਪਣੇ ਆਪ ਨੂੰ ਦਾਨੀ ਦਾਤਾ ਅਤੇ ਸਹਿਯੋਗੀ ਸਾਥੀ ਦੱਸਣ ਵਾਲਾ ਅਮਰੀਕਾ ਹੁਣ ਵਪਾਰੀ, ਸ਼ਾਹੂਕਾਰ ਅਤੇ ਟੈਰਿਫ ਦਾਦਾ ਬਣਨ ਵੱਲ ਤੁਰ ਪਿਆ ਹੈ, ਜਿਸ ਨਾਲ ਵਿਸ਼ਵ ਇੱਕ ਪਿੰਡ ਵਾਲੀ ਧਾਰਨਾ ਨੂੰ ਸੱਟ ਵੱਜੀ ਹੈ। ਅਜਿਹੀ ਹਾਲਤ ਵਿੱਚ ਅਮਰੀਕਾ ਸਾਹਮਣੇ ਤਾਂ ਅਸੀਂ ਕੁਸਕ ਵੀ ਨਹੀਂ ਰਹੇ, ਚੁੱਪ ਰਹਿ ਕੇ ਗੁਜ਼ਾਰਾ ਕਰ ਰਹੇ ਹਾਂ। ਸ਼ੇਅਰ ਬਜ਼ਾਰ ਮਰ ਰਹੇ ਜਾਨਵਰਾਂ ਵਾਂਗ ਧੌਣ ਸੁੱਟੀ ਜਾ ਰਿਹਾ ਸੀ। ਅੱਜ ਦੇ ਅਤਿ-ਆਧੁਨਿਕ ਯੁਗ ਦੇ ਆਰਟੀਫੀਸ਼ਲ ਇੰਟੈਲੀਜੈਂਸ ਦੇ ਦੌਰ ਵਿੱਚ ਅੰਤਰਰਾਸ਼ਟਰੀ ਕੈਨਵਸ ’ਤੇ ਹਰ ਦੇਸ਼ ਦੀ ਆਪਸੀ ਨਿਰਭਰਤਾ ਇਸ ਕਦਰ ਵਧ ਚੁੱਕੀ ਹੈ ਕਿ ਸਾਡੀਆਂ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਆਦਿ ਗਤੀਵਿਧੀਆਂ ਆਪਣੇ ਮਾੜੇ-ਚੰਗੇ ਪ੍ਰਭਾਵ ਪਾਉਂਦੀਆਂ ਹੀ ਪਾਉਂਦੀਆਂ ਹਨ। ਇਸ ਲਈ ਸਰਕਾਰ ਨੂੰ ਆਪਣੇ ਅੰਦਰੂਨੀ ਅਜੰਡੇ, ਜਾਤੀ ਕਲੇਸ਼-ਦਵੇਸ਼ ਛੱਡ ਕੇ ਦੇਸ਼ ਨੂੰ ਇਸ ਵਿਸ਼ਵੀ ਡਾਵਾਂਡੋਲ ਤੋਂ ਸੰਭਾਲਣ, ਸੰਵਾਰਨ ਅਤੇ ਸੁਧਾਰਨ ਦੀ ਲੋੜ ਹੈ।
ਅੰਤਰਰਾਸ਼ਟਰੀ ਪੱਧਰ ’ਤੇ ਵਿਚਰਨ ਲਈ ਭਾਰਤ ਸਰਕਾਰ ਨੂੰ ਕਦੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਇੱਕ ਲੋਕਤੰਤਰਿਕ ਕਦਰਾਂ ਕੀਮਤਾਂ ਵਾਲਾ ਧਰਮ ਨਿਰੱਪਖ ਗਣਰਾਜ ਹੈ, ਨਾ ਕਿ ਹਿੰਦੂ ਗਣਰਾਜ। ਸਾਡੇ ਸੰਵਿਧਾਨ ਦੀ ਖੂਬਸੂਰਤੀ ਅਨੇਕਤਾ ਵਿੱਚ ਏਕਤਾ ਹੈ। ਸਦੀਆਂ ਤੋਂ ਭਾਰਤ ਵਿੱਚ ਹੋਲੀ ਦਾ ਤਿਉਹਾਰ ਸਾਰੇ ਧਰਮ ਮਿਲ ਕੇ ਮਨਾਉਂਦੇ ਆਏ ਹਨ ਅਤੇ ਜ਼ਿੰਮੇ ਦੀ ਨਮਾਜ਼ ਵੀ ਹੁੰਦੀ ਆਈ ਹੈ ਅਤੇ ਜਿੱਥੇ ਹਿੰਦੂ ਘੱਟ ਗਿਣਤੀ ਵੀ ਹਨ ਉੱਥੇ ਵੀ ਮਨਾਏ ਜਾਂਦੇ ਹੋਣਗੇ ਅਤੇ ਇੱਕੋ ਦਿਨ ਵੀ ਆਏ ਹੋਣਗੇ। ਪਰ ਪ੍ਰਸ਼ਾਸਨ ਨੇ ਅਤੇ ਸਰਕਾਰ ਨੇ ਘੱਟ-ਗਿਣਤੀ ਮੁਸਲਮਾਨਾਂ ਨੂੰ ਘਰਾਂ ਵਿੱਚ ਤਾੜਨ ਦੀ ਤਾੜਨਾ ਨਹੀਂ ਦਿੱਤੀ ਹੋਵੇਗੀ ਅਤੇ ਨਾ ਹੀ ਮੂੰਹ ਅਤੇ ਸਰੀਰ ਕੱਜ ਕੇ ਬਾਹਰ ਆਉਣ ਦੀ ਸਲਾਹ ਦਿੱਤੀ। ਭਾਰਤ ਵਿੱਚ ਪਹਿਲਾਂ ਕਦੇ ਔਰੰਗਜ਼ੇਬ ਦੀ ਕਬਰ ਤੋੜਨ, ਮਸਜਿਦਾਂ ਖੋਦਣ ਜਾਂ ਤੋੜਨ, ਜਗਾਵਾਂ, ਸ਼ਹਿਰਾਂ, ਸੜਕਾਂ ਦੇ ਨਾਂ ਬਦਲਣਾ, ਹੋਲੀ ’ਤੇ ਜੁੰਮਾ ਵਿਵਾਦ ਬਣਾਉਣ, ਗਿਰਜਿਆਂ ਦੀਆਂ ਪ੍ਰਾਰਥਨਾ ਸਭਾਵਾਂ ਰੋਕਣਾ, ਬਾਬਾ ਸਾਹਿਬ ਅਤੇ ਆਜ਼ਾਦੀ ਯੋਧਿਆਂ ਦਾ ਨਿਰਾਦਰ ਕਰਨਾ, ਘੱਟ-ਗਿਣਤੀਆਂ ਅਤੇ ਦਲਿਤਾਂ ਨੂੰ ਡਰਾਉਣਾ ਦਬਾਉਣਾ ਅਤੇ ਭੇਦਭਾਵ ਕਰਕੇ ਦੂਜੇ-ਤੀਜੇ ਦਰਜੇ ਦੇ ਨਾਗਰਿਕ ਦੱਸਣ ਦੀ ਕੋਸ਼ਿਸ਼ ਕਰਨਾ ਕਤਈ ਨਹੀਂ ਸੀ ਹੋਇਆ ਅਤੇ ਇਹ ਵਾਜ਼ਿਬ ਅਤੇ ਮੁਨਾਸਿਬ ਵੀ ਨਹੀਂ ਹੈ।
ਭਾਰਤ ਇੱਕ ਬਹੁਧਰਮੀ, ਬਹੁਜਾਤੀ, ਬਹੁਭਾਸ਼ੀ ਅਤੇ ਬਹੁਸੱਭਿਆਚਾਰਾਂ ਵਾਲਾ ਦੇਸ਼ ਹੈ। ਸਦੀਆਂ ਤੋਂ ਥੋੜ੍ਹੇ-ਬਹੁਤੇ ਉਤਾਰ-ਚੜ੍ਹਾ ਦੇ ਗਰਾਫ ਨਾਲ ਲੜਦਾ-ਭਿੜਦਾ, ਬਣਦਾ-ਢਹਿੰਦਾ ਅਤੇ ਬਹਿੰਦਾ-ਉੱਠਦਾ ਅੱਗੇ ਵਧਦਾ ਆਇਆ ਹੈ। ਮੱਨੁਖੀ ਵਿਕਾਸ ਦੱਸਦਾ ਹੈ ਕਿ ਮੱਨੁਖ ਜੰਗਲ ਤੋਂ ਕਬੀਲੇ, ਕਬੀਲਿਆਂ ਵਿੱਚੋਂ ਨਗਰ ਰਾਜ ਅਤੇ ਨਗਰ ਰਾਜਾਂ ਤੋਂ ਰਾਜ-ਪਾਠ ਅਤੇ ਸਲਤਨਤਾਂ ਵੱਲ ਵਧਿਆ ਹੈ ਅਤੇ ਅੱਜ ਦੇਸ਼ ਜਾਂ ਰਾਜ ਦੇ ਨਾਮ ਨਾਲ ਜਾਣੇ ਜਾਂਦੇ ਹਨ। ਮੱਨੁਖੀ ਵਿਕਾਸ ਦੀ ਇਸੇ ਪ੍ਰਕਿਰਿਆ ਵਿੱਚ ਸਮਾਜ ਉਤਪੰਨ ਹੋਏ ਅਤੇ ਨਾਲ ਨਾਲ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਸਮਾਜਿਕ, ਆਰਥਿਕ, ਵਿਗਿਆਨਕ, ਰਾਜਨੀਤਿਕ, ਧਾਰਮਿਕ ਆਦਿ ਪਹਿਲੂ ਜੁੜਦੇ ਗਏ। ਕੁਝ ਸ਼ਾਤਿਰ ਅਤੇ ਤਾਕਤਵਰ ਲੋਕਾਂ ਨੇ ਸਾਧਨਾਂ ’ਤੇ ਕਬਜ਼ਾ ਕਰਕੇ ਵਰਗ-ਸ਼੍ਰੇਣੀਆਂ ਪੈਦਾ ਕਰ ਦਿੱਤੀਆਂ। ਇਨ੍ਹਾਂ ਵਰਗ-ਸ਼੍ਰੇਣੀਆਂ ਨੂੰ ਕਿੱਤਿਆਂ ਨਾਲ ਜੋੜ ਕੇ ਧਰਮਾਂ ਦਾ ਅਖੌਤੀ ਤਾਣਾ-ਬਾਣਾ ਬਣਾ ਦਿੱਤਾ, ਜਿਸ ਵਿੱਚ ਅਮੀਰ ਦਾ ਗ਼ਰੀਬੀ ਨੂੰ ਲਤਾੜਨਾ-ਪਛਾੜਨਾ ਤਾਂ ਰਿਹਾ ਹੀ ਹੈ ਪਰ ਜਾਤ-ਪਾਤ ਦੀਆਂ ਕੁਰੀਤਿਕ ਅਲਾਮਤਾਂ ਨੇ ਸਮਾਜ ਨੂੰ ਤੋੜਨ, ਮਰੋੜਨ ਅਤੇ ਦਰੜਨ ਵਿੱਚ ਕਸਰ ਨਹੀਂ ਛੱਡੀ। ਊਚ-ਨੀਚ, ਛੂਤ-ਛਾਤ ਅਤੇ ਰੰਗ-ਭੇਦ ਨੇ ਭਾਰਤੀਆਂ ਨੂੰ ਮਾਨਸਿਕ ਗੁਲਾਮ ਤਾਂ ਬਣਾਇਆ ਹੀ ਬਣਾਇਆ ਨਾਲ ਵਿਤਕਰਿਆਂ ਵਾਲੀ ਬੌਣੀ ਸੋਚ ਦਾ ਲੇਬਲ ਵੀ ਚਿਪਕਾ ਦਿੱਤਾ।
ਜਦੋਂ ਵੀ ਕਿਸੇ ਦੇਸ਼ ’ਤੇ ਕੋਈ ਬਾਹਰਲਾ ਹਾਕਮ ਆਪਣੀ ਹਕੂਮਤ ਸਥਾਪਿਤ ਕਰ ਲੈਂਦਾ ਹੈ ਤਾਂ ਉਹ ਦੇਸ਼ ਉਸ ਹਕੂਮਤ ਦੇ ਅਧੀਨ ਹੋ ਜਾਂਦਾ ਹੈ। ਬਾਹਰ ਵਾਲੇ ਉਸ ਨੂੰ ਗੁਲਾਮ ਦੇਸ਼ ਨਾਲ ਜਾਣਦੇ ਹਨ। ਅਜਿਹੇ ਹਾਲਤ ਵਿੱਚ ਉਸ ਦੇਸ਼ ਦੀ ਭੂਗੋਲਿਕ ਸਥਿਤੀ ਭਾਵੇਂ ਬਦਲੇ ਨਾ ਬਦਲੇ ਪਰ ਉੱਥੇ ਦੀ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਵਿਵਸਥਾ ਬਿਨਾਂ ਸ਼ੱਕ ਬਦਲਦੀ ਹੀ ਬਦਲਦੀ ਹੈ। ਅਜਿਹਾ ਹੀ ਹੋਇਆ ਮੇਰੇ ਭਾਰਤ ਨਾਲ ਅਰਥਾਤ ਸਾਡੇ ਭਾਰਤ ਨਾਲ। ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ’ਤੇ ਭਾਰਤ ਨਾਮੀ ਸੋਨਚਿੜੀ ਨੂੰ ਕੋਹ-ਕੋਹ ਕੇ ਲੁੱਟਣ ਵਾਲਿਆਂ ਘੱਟ ਨਹੀਂ ਸੀ ਕੀਤੀ। ਸਾਡੀ ਆਪਣੀ ਫੁੱਟ ਅਤੇ ਸਮਾਜ ਦੀ ਇਸ ਅਸਾਵੀਂ ਵੰਡ ਕਾਰਨ ਹੀ ਅਸੀਂ ਬਾਹਰਲੀਆਂ ਹਕੂਮਤਾਂ ਦੇ ਗੁਲਾਮ ਹੁੰਦੇ ਗਏ। ਅਸਲ ਵਿੱਚ ਵੇਖਿਆ ਜਾਵੇ ਤਾਂ ਉਹਨਾਂ ਦੀ ਥਿਊਰੀ ਪਾੜੋ ਅਤੇ ਰਾਜ ਕਰੋ ਨਹੀਂ ਸੀ, ਉਹ ਥਿਊਰੀ ਪਾਟਿਆਂ ’ਤੇ ਰਾਜ ਕਰੋ ਸੀ, ਜਿਸਦਾ ਕਾਮਯਾਬ ਪ੍ਰੈਕਟੀਕਲ ਸਾਡੇ ਦੇਸ਼ ਵਿੱਚ ਸਦੀਆਂ ਤੋਂ ਹੋ ਰਿਹਾ ਹੈ। ਅੱਜ ਅਜ਼ਾਦੀ ਤੋਂ ਬਾਅਦ ਵੀ ਇਸ ਗੇਮ ਆਫ ਥਰੋਨ ਵਿੱਚ ਧਰਮਾਂ ਦੀਆਂ ਵੰਡੀਆਂ ਪਾ ਕੇ, ਜਾਤਾਂ, ਵਰਣਾਂ ਅਤੇ ਵਰਗਾਂ ਦੀ ਵੰਡ ਵਾਲੇ ਤਿਆਰ ਮੈਦਾਨ ਨੂੰ ਗਲੋਬਲਾਈਜ਼ ਅਤੇ ਆਧੁਨਿਕ ਤਰੀਕੇ ਨਾਲ ਤਿਆਰ ਕਰਕੇ ਅਜੰਸੀਅਲ ਵਿਧੀਆਂ ਨਾਲ ਸੱਤਾ ਰਸ ਦੀ ਗੇਮ ਖੇਡੀ ਜਾ ਰਹੀ ਹੈ, ਜਿਸ ਵਿੱਚ ਸਰਬਸਮਾਜ, ਭਾਈਚਾਰਕ ਸਾਂਝ ਅਤੇ ਸਮੂਹਿਕ ਉੱਦਮਾਂ ਵਾਲੀ ਵਤਨਪ੍ਰਸਤੀ ਅੱਖੋਂ ਪਰੋਖੇ ਕੀਤੀ ਜਾ ਰਹੀ ਹੈ ਅਤੇ ਮੁਸਲਿਮ ਦੀ ਦੁਕਾਨ ਤੋਂ ਸਮਾਨ ਨਾ ਖਰੀਦੋ। ਉਹਨਾਂ ਦੀਆਂ ਦੁਕਾਨਾਂ ਰੇਹੜੀਆਂ ’ਤੇ ਨਾਮ ਲਿਖਵਾਉਣ ਵਾਲੀ ਪ੍ਰਸ਼ਾਸਨਿਕ ਮਿਲੀਭਗਤ ਨਾਲ ਵੋਟ ਬੈਂਕ ਲਈ ਹਿੰਦੂਤਵ ਦੀ ਫਿਰਕਾਪ੍ਰਸਤੀ ਕੀਤੀ ਜਾ ਰਹੀ ਹੈ। ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਬਹੁਗਿਣਤੀ ਦੇ ਬਹੁਮੱਤਵਾਦ ਨਾਲ ਘੱਟ ਗਿਣਤੀਆਂ ਤੋਂ ਧਰਮ ਬਦਲਣ ਦੇ ਬਦਲੇ ਲਏ ਜਾ ਰਹੇ ਹਨ।
ਬਾਬਾ ਸਾਹਿਬ ਡਾ. ਬੀ. ਆਰ ਅੰਬੇਦਕਰ ਜੀ ਅਤੇ ਸੰਵਿਧਾਨ ਸਭਾ ਦੇ ਸਾਥੀਆਂ ਦਾ ਮਜ਼ਬੂਤ ਇਰਾਦਾ ਅਤੇ ਗੂੜ੍ਹ ਅਧਿਐਨ ਦਾ ਨਤੀਜਾ ਸੀ ਕਿ ਇਹ ਦੇਸ਼ ਅਤੇ ਸੰਵਿਧਾਨ ਲੋਕਤੰਤਰੀ ਕਦਰਾਂ-ਕੀਮਤਾਂ ਨਾਲ ਓਤਪੋਤ ਭਾਵ ਭਰਿਆ ਹੋਇਆ ਹੈ ਜੋ ਪ੍ਰਸਤਾਵਨਾ ਵਿੱਚ ਹਰ ਨਾਗਰਿਕ ਨੂੰ, ਹਰ ਤਰ੍ਹਾਂ ਦੇ ਨਿਆਂ, ਅਜ਼ਾਦੀ, ਸਮਾਨਤਾ, ਧਰਮ-ਨਿਰਪੱਖਤਾ ਅਤੇ ਬਿਨਾਂ ਕਿਸੇ ਰੰਗ ਅਤੇ ਜਾਤੀ ਭੇਦ-ਭਾਵ ਦੀ ਯਾਦ ਕਰਵਾਉਂਦਾ ਰਹਿੰਦਾ ਹੈ। ਸੰਵਿਧਾਨ ਦੀ ਅਜਿਹੀ ਖੂਬਸੂਰਤੀ ਵਤਨ ’ਤੇ ਮਰ-ਮਿਟਣ ਵਾਲਾ ਜਜ਼ਬਾ ਪੈਦਾ ਕਰਦੀ ਹੈ। ਦੇਸ਼ ਦੇ ਹਜ਼ਾਰਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਕਿਸੇ ਵਿਸ਼ੇਸ਼ ਧਰਮ, ਫਿਰਕੇ ਜਾਂ ਜਾਤ ਕਰਕੇ ਨਹੀਂ ਸੀ ਦਿੱਤੀਆਂ ਬਲਕਿ ਸਾਰਿਆਂ ਦੀ ਅਜ਼ਾਦੀ ਅਤੇ ਬੰਦਖਲਾਸੀ ਕਰਕੇ ਜਾਨਾਂ ਵਾਰੀਆਂ ਸਨ। ਸੱਤਾ ਮੋਹ, ਸੱਤਾ ਰਸ ਅਤੇ ਸੱਤਾ ਕਾਬਜ਼ੇ ਲਈ ਇਤਿਹਾਸ ਨੂੰ ਪਲਟਣ ਦੀ ਕੋਸ਼ਿਸ਼, ਕਿਸੇ ਦੀ ਵਾਹੀ ਲਕੀਰ ਨੂੰ ਮਿਟਾ ਕੇ ਆਪਣੀ ਨਵੀਂ ਲਕੀਰ ਵਹੁਣ ਵਾਲੀ ਗੱਲ ਹੈ। ਅਜੰਸੀਅਲ ਗਠਜੋੜ ਦੀ ਅਜੰਸੀਅਲ ਮੀਡੀਆ ਦੁਆਰਾ ਅਜੰਸੀਅਲ ਵਿਧੀਆਂ ਨਾਲ ਚਲਾਈ ਜਾ ਰਹੀ ਸਾਜ਼ਿਸ਼ੀ ਰਾਜਨੀਤੀ ਦੇਸ਼ ਭਰ ਵਿੱਚ ਪੁਰੀ ਤਰ੍ਹਾਂ ਪਸਰ ਚੁੱਕੀ ਹੈ। ਉਸਦੇ ਭਿਆਨਕ ਸਿੱਟਿਆਂ ਦੇ ਬੁਰੇ ਪ੍ਰਭਾਵ, ਤਿੱਖੀਆਂ ਪੀੜਾਂ ਅਤੇ ਵੱਡਾ ਪਾੜਾ ਵਿਵਹਾਰਿਕ ਰੂਪ ਵਿੱਚ ਸਾਹਮਣੇ ਨਜ਼ਰ ਆਉਣ ਲੱਗ ਪਿਆ ਹੈ। ਅਜਿਹੇ ਵਾਤਾਵਰਣ ਨੂੰ ਖਤਮ ਨਹੀਂ ਕੀਤਾ ਜਾ ਰਿਹਾ ਬਲਕਿ ਉਸ ਨੂੰ ਵਧਾਉਣ, ਭਟਕਾਉਣ ਅਤੇ ਨਵਿਆਉਣ ਦਾ ਮਾਹੌਲ ਬਣਾਉਣ ਦਾ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ।
ਵਿਚਾਰਾਂ ਦੀ ਵਿਭਿੰਨਤਾ ਅਤੇ ਵਿਚਾਰਾਂ ਦੀ ਵਿਰੋਧਤਾ ਦੇਸ਼ ਧ੍ਰੋਹ ਕਤਈ ਨਹੀਂ ਹੋ ਸਕਦਾ। ਵਿਚਾਰਾਂ ਦੀ ਵਿਭਿੰਨਤਾ ਹੀ ਵੱਖ-ਵੱਖ ਵਿਚਾਰਧਾਰਾਵਾਂ ਦੀ ਸਵੀਕਾਰਤਾ ਦਾ ਸੰਵਾਦ ਰਚਾਉਣ ਅਤੇ ਮੰਥਨ ਕਰਾਉਣ ਦੀ ਪ੍ਰਕਿਰਿਆ ਹੈ। ਤਾਂਹੀ ਤਾਂ ਕਿਹਾ ਜਾਂਦਾ ਹੈ ਕਿ ਵਿਰੋਧ ਵਿੱਚ ਹੀ ਵਿਕਾਸ ਹੈ। ਪਰ ਕੁਝ ਸਾਲਾਂ ਤੋਂ ਵਿਰੋਧ ਨੂੰ ਵਿਕਾਸ ਦੀ ਰੁਕਾਵਟ ਸਮਝਿਆ ਜਾ ਰਿਹਾ ਹੈ। ਖਾਸ ਕਰ ਭਾਜਪਾ ਸਰਕਾਰ ਜਦੋਂ-ਜਦੋਂ ਵੀ ਅਤੇ ਜਿੱਥੇ-ਜਿੱਥੇ ਵੀ ਬਹੁਮਤ ਵਿੱਚ ਆਉਂਦੀ ਹੈ, ਭਾਵੇਂ ਕੇਂਦਰ ਵਿੱਚ ਆਵੇ ਅਤੇ ਭਾਵੇਂ ਰਾਜਾਂ ਵਿੱਚ ਆਵੇ, ਉਸਦਾ ਹਿੰਦੂਤਵੀ ਚਿਹਰਾ-ਮੋਹਰਾ ਅਤੇ ਵਿਚਰਨ-ਵਿਚਾਰਨ ਛੁਪਾਇਆਂ ਵੀ ਨਹੀਂ ਛੁਪਦਾ। ਇੰਝ ਲਗਦਾ ਜਿਵੇਂ ਭਗਵਾਕਰਨ ਨੂੰ ਉਹ ਵਿਕਾਸ ਸਮਝਦੇ ਹਨ। ਜਿੱਥੇ ਕਿਧਰੇ ਭਾਜਪਾ ਦਾ ਡਬਲ ਇੰਜਨ ਹੈ, ਉੱਥੇ ਤਾਂ ਫਿਰ ਇੰਜਨ, ਡੱਬੇ ਅਤੇ ਰੇਲ ਪਟੜੀਆਂ ਆਦਿ ਨੂੰ ਭਗਵਾਂ ਕਰਨ ਦੀ ਕੋਸ਼ਿਸ਼ ਰਹਿੰਦੀ ਹੈ। ਉੱਥੇ ਫਿਰ ਘੱਟ ਗਿਣਤੀਆਂ ਦੀ ਖੈਰ ਨਹੀਂ। ਉੱਤਰ ਪ੍ਰਦੇਸ਼, ਉਤਰਾਂਚਲ, ਹਰਿਆਣਾ, ਮਹਾਰਾਸ਼ਟਰ, ਆਸਾਮ ਅਤੇ ਮਨੀਪੁਰ ਆਦਿ ਇਸਦੇ ਤੜਫਦੇ ਉਦਾਹਰਨ ਹਨ। ਸਦੀਆਂ ਤੋਂ ਸਾਰੇ ਧਰਮਾਂ ਦੇ ਤਿਉਹਾਰ ਇਕੱਠੇ ਆਉਂਦੇ ਰਹੇ ਹਨ … ਜੁੰਮੇ ਵਾਲੇ ਨੂੰ ਜੁੰਮਾ ਮੁਬਾਰਕ ਸੀ, ਹੋਲੀ ਵਾਲੇ ਨੂੰ ਹੋਲੀ ਮੁਬਾਰਕ ਸੀ, ਗੁੱਡ ਫਰਾਈਡੇ ਵਾਲੇ ਨੂੰ ਗੁੱਡ ਫਰਾਈਡੇ ਮੁਬਾਰਕ ਸੀ ਅਤੇ ਗੁਰਪੁਰਵ ਵਾਲਿਆਂ ਨੂੰ ਗੁਰਪੁਰਵ ਮੁਬਾਰਕ ਸੀ। ਸਭ ਇੱਕ-ਦੂਜੇ ਦਾ ਅਤੇ ਇੱਕ ਦੂਜੇ ਦੇ ਤਿਉਹਾਰਾਂ ਦਾ ਆਦਰ ਕਰਦੇ ਸਨ। ਇਹ ਕਦੇ ਨਹੀਂ ਹੋਣ ਦੇਣਾ ਚਾਹੀਦਾ ਕਿ ਅਮੀਰ ਦਾ ਕੁੱਤਾ ਟੋਮੀ ਹੈ, ਤੇ ਗਰੀਬ ਦਾ ਕੁੱਤਾ ਕੁੱਤਾ ਹੈ। ਹੱਦ ਉਦੋਂ ਹੋ ਜਾਂਦੀ ਹੈ ਪ੍ਰਸ਼ਾਸਨ ਅਧਿਕਾਰੀ ਵੀ ਅਜਿਹਾ ਹੋਣ ਦਿੰਦੇ ਹਨ।
ਲੇਖਕਾਂ ਦੇ ਇੱਕ ਸਮਾਗਮ ਵਿੱਚ ਮੈਂ ਇੱਕ ਵਿਦਵਾਨ ਨੂੰ ਸੁਣਿਆ। ਸੱਚ-ਮੁੱਚ ਉਸਦਾ ਭਾਸ਼ਣ ਸੁਣਨ ਵਾਲਾ ਸੀ। ਉਹ ਪੰਜਾਬੀ ਸੀ ਅਤੇ ਉਹਨਾਂ ਦੇ ਦੋ ਬੇਟੇ ਹਨ। ਪੜ੍ਹਾਈ ਦੀ ਬੁਲੰਦੀਆਂ ਨੂੰ ਛੂਹਣ ਤੋਂ ਬਾਅਦ ਲੱਖਾਂ ਭਾਰਤੀਆਂ ਦੀ ਤਰ੍ਹਾਂ ਉਹਨਾਂ ਦੋਹਾਂ ਮਹਿਸੂਸ ਕੀਤਾ ਕਿ ਸਾਡੇ ਸਿਸਟਮ ਵਿੱਚ ਵਿਕਸਿਤ ਦੇਸ਼ਾਂ ਵਾਂਗ ਉਹਨਾਂ ਨੂੰ ਸਾਂਭਣ ਦੀ ਵਿਵਸਥਾ ਅਜੇ ਵੀ ਨਹੀਂ ਬਣੀ ਅਤੇ ਉਹਨਾਂ ਦੋਨਾਂ ਨੂੰ ਹੀ ਵਿਦੇਸ਼ ਅਮਰੀਕਾ ਵਿੱਚ ਸੈਟਲ ਹੋਣਾ ਪਿਆ। ਵਿਦਵਾਨ ਨੇ ਦੱਸਿਆ ਕਿ ਮੈਂ ਜਦੋਂ ਪਹਿਲੀਵਾਰ ਉਹਨਾਂ ਨੂੰ ਮਿਲਣ ਉੱਥੇ ਗਿਆ ਤਾਂ ਮੈਂ ਕਾਫੀ ਘੁੰਮਿਆ। ਆਪਣੀ ਤੁਲਨਾਤਮਕ ਅਧਿਅਨ ਦੀ ਸੋਚ ਅਨੁਸਾਰ ਜੋ ਮੈਂ ਦੇਖਿਆ, ਸੁਣਿਆ ਅਤੇ ਮਹਿਸੂਸ ਕੀਤਾ ਕਿ ਉਹ ਦੇਸ਼ ਨੂੰ ਧਰਮ ਤੋਂ ਉੱਪਰ ਰੱਖਦੇ ਹਨ। ਧਰਮ ਨੂੰ ਨਿੱਜੀ ਅਤੇ ਦੇਸ਼ ਨੂੰ ਸਮੂਹਿਕ ਜ਼ਿੰਮੇਵਾਰੀ ਮੰਨਦੇ ਹਨ ਅਤੇ ਦੇਸ਼ ਦੇ ਝੰਡੇ ਨੂੰ ਧਰਮ ਦੇ ਝੰਡੇ ਤੋਂ ਉੱਪਰ ਰੱਖਦੇ ਹਨ। ਉਹ ਕਹਿੰਦਾ, ਮੈਂ ਹੈਰਾਨ ਹੋਇਆ ਜਦੋਂ ਮੈਂ ਵੇਖਿਆ ਕਿ ਇੱਕ ਮੰਗਤਾ ਆਪਣੇ ਲਾਗੇ ਸਹਾਇਤਾ ਦੀ ਤਖਤੀ ਲਗਾ ਕਿ ਕਿਤਾਬ ਪੜ੍ਹ ਰਿਹਾ ਸੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (