“ਪ੍ਰਧਾਨ ਮੰਤਰੀ ਆਫਿਸ ਵਿੱਚੋਂ ਰਾਸ਼ਟਰੀ ਇੱਕਜੁੱਟਤਾ, ਭਾਈਚਾਰਕ ਸਾਂਝ ਅਤੇ ਸਭ ਦਾ ਵਿਕਾਸ ...”
(27 ਦਸੰਬਰ 2025)
ਜਦੋਂ ਸਾਰਾ ਵਿਸ਼ਵ 24 ਅਤੇ 25 ਦਸੰਬਰ ਦੀਆਂ ਕ੍ਰਿਸਮਸ ਦੀਆਂ ਇਬਾਦਤਾਂ ਵਿੱਚ ਮਾਨਵਤਾ, ਮੁਹੱਬਤ ਅਤੇ ਸਾਂਝੀਵਾਲਤਾ ਦੀਆਂ ਦੁਆਵਾਂ ਮੰਗ ਰਿਹਾ ਸੀ; ਭਾਰਤੀ ਸਮਾਜ ਵਿੱਚ ਵਧ ਰਹੇ ਕਲੇਸ਼-ਦਵੇਸ਼ ਨੂੰ ਰੋਕਣ, ਦੇਸ਼ਾਂ ਵਿੱਚ ਵਧ ਰਹੀਆਂ ਲੜਾਈਆਂ, ਯੁਕਰੇਨ ਰੂਸ, ਇਜ਼ਰਾਈਲ-ਫਲਸਤੀਨ, ਯੋਗੋਸਲਾਵੀਆਂ ਅਤੇ ਥਾਈਲੈਂਡ, ਨਾਈਜੀਰੀਆਂ ਆਦਿ ਵਿੱਚ ਲੋਕਾਂ ਨੂੰ ਮਾਰਨ-ਮਰਵਾਉਣ, ਨਾ-ਮੁੱਕਣ ਵਾਲੇ ਸਿਲਸਿਲੇ ਲਈ ਹੱਥ ਜੋੜ-ਜੋੜ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਸਨ; ਬਾਈਬਲ ਦੱਸਦੀ ਹੈ ਕਿ ਮਨੁੱਖਤਾ ਨਾਲ ਪਿਆਰ ਈਸ਼ਵਰ ਨਾਲ ਪਿਆਰ ਹੈ ਅਤੇ ਪਿਆਰ ਹੀ ਖੁਦਾ ਹੈ, ਈਸ਼ਵਰ ਹੈ, ਪਰਮਾਤਮਾ ਹੈ, ਵਾਹਿਗੁਰੂ ਹੈ; ਉਸ ਵੇਲੇ ਭਾਰਤ ਦੀਆਂ ਸੜਕਾਂ, ਦੁਕਾਨਾਂ, ਹੋਟਲਾਂ ਅਤੇ ਮਾਲਾਂ ਦੇ ਨਾਲ ਚਰਚਾਂ ਅਤੇ ਚਰਚਾਂ ਵਿੱਚ ਚੱਲ ਰਹੀਆਂ ਇਬਾਦਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਪਿਆਰ ਅਤੇ ਸਾਂਝੀਵਾਰਤਾ ਦੇ ਪ੍ਰਤੀਕ ਕ੍ਰਿਸਮਸ ਦੇ ਤਿਉਹਾਰ ਨੂੰ ਖਰਾਬ ਕਰਕੇ 2.3 ਫੀਸਦੀ ਭਾਰਤੀ ਇਸਾਈ ਘੱਟ-ਗਿਣਤੀ ਨੂੰ ਡਰਾਉਣ, ਧਮਕਾਉਣ ਅਤੇ ਭਜਾਉਣ ਵਾਲਾ ਮੰਦਭਾਗਾ ਕਾਰਾ ਕੀਤਾ ਹੈ ਅਤੇ ਇਹ ਕੀਤਾ ਵੀ ਤਥਾਕਥਿਤ ਹਿੰਦੂ ਕੱਟੜਵਾਦ ਇਤਰਾਜ਼ਯੋਗ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਗੁੰਡਿਆਂ ਅਤੇ ਕੁਝ ਹੋਰ ਅਜਿਹੇ ਕੱਟੜਵਾਦੀ ਹਿੰਦੂ ਸੰਗਠਨਾਂ ਨੇ ਹੈ।
ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦਾਅਵਾ ਕਰਨ ਵਾਲਾ ਦੇਸ਼, ਵਿਸ਼ਵਗੁਰੂ ਦੀ ਸ਼ਵ੍ਹੀ ਬਣਾਉਣ ਦਾ ਚਾਹਵਾਨ ਦੇਸ਼, ਬੇਟੀ ਪੜ੍ਹਾਓ-ਬੇਟੀ ਬਚਾਓ ਅਤੇ ਅਮ੍ਰਿਤਕਾਲ ਦਾ ਰਾਗ਼ ਅਲਾਪਣ ਵਾਲੀ ਭਾਰਤੀ ਜਨਤਾ ਪਾਰਟੀ ਅਜਿਹੇ ਕਾਰਨਾਮਿਆਂ ’ਤੇ ਚੁੱਪ ਰਹਿ ਕਿ ਵਿਦੇਸ਼ਾਂ ਵਿੱਚ ਬਚੀ-ਖੁਚੀ ਸ਼ਵ੍ਹੀ ਨੂੰ ਵੀ ਢਾਹ ਲਵਾ ਰਹੀ ਹੈ। ਜੱਬਲਪੁਰ ਦੇ ਇੱਕ ਚਰਚ ਵਿੱਚ ਕ੍ਰਿਸਮਸ ਦੇ ਸਮਾਗਮ ਵਿੱਚ ਨੇਤਰਹੀਣ ਬੱਚਿਆਂ ਨੂੰ ਦਾਅਵਤ ਵੇਲੇ ਇੱਕ ਭਾਜਪਾ ਮੰਤਰੀ ਅੰਜੂ ਭਾਰਗਵ ਤਥਾਕਥਿਤ ਧਰਮ ਦੀ ਠੇਕੇਦਾਰ ਬਣਕੇ ਇੱਕ ਨੇਤਰਹੀਣ ਮਹਿਲਾ ਨੂੰ ਮਾਰਕੁਟ ਕਰਦੀ ਹੈ ਕਿ ਇਹ ਧਰਮ ਪਰਿਵਰਤਨ ਹੈ ਜਦੋਂ ਕਿ ਬੱਚਿਆਂ ਨੇ ਵੀ ਗਵਾਹੀ ਭਰੀ ਕਿ ਸਾਨੂੰ ਸਿਰਫ ਭੋਜਨ ਖਵਾਇਆ ਗਿਆ। ਦਿੱਲੀ ਰਾਜਧਾਨੀ ਵਿੱਚ ਤਾਂ ਕੁਝ ਬੱਚਿਆਂ ਅਤੇ ਮਹਿਲਾਵਾਂ ਨੂੰ ਸੈਂਟਾ ਵਾਲੀ ਟੋਪੀ ਪਹਿਨਣ ’ਤੇ ਡਰਾਇਆ ਧਮਕਾਇਆ ਗਿਆ। ਉੜੀਸਾ ਵਿੱਚ ਇੱਕ ਗਰੀਬ ਵਿਅਕਤੀ ਆਪਣੇ ਪਰਿਵਾਰ ਅਤੇ ਬੱਚੇ ਸੜਕ ’ਤੇ ਸੈਂਟਾ ਦੀ ਡਰੈਸ ਵੇਚ ਰਿਹਾ ਸੀ। ਉਸਨੂੰ ਧਮਕਾਇਆ ਕਿ ਇੱਕ ਜਗਨਨਾਥ ਦਾ ਸ਼ਹਿਰ ਹੈ, ਇਹ ਨਹੀਂ ਵੇਚ ਸਕਦੇ। ਹੈਰਾਨੀ ਦੀ ਗੱਲ ਇਹ ਹੈ ਕਿ ਕੇਰਲਾ ਵਿੱਚ ਆਰ. ਐੱਸ. ਐੱਸ ਸਕੂਲਾਂ ਵਿੱਚ ਕ੍ਰਿਸਮਸ ਨਾ ਮਨਾਉਣ ਦਾ ਦਬਾਓ ਪਾ ਰਹੀ ਹੈ। ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਨੇ ਤਾਂ ਹੱਦ ਹੀ ਕਰ ਦਿੱਤੀ, ਸ਼ਾਇਦ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਕਿ ਸਰਕਾਰੀ ਸਰਕੂਲਰ ਨਾਲ ਕ੍ਰਿਸਮਸ ਦੀ ਛੁੱਟੀ ਰੱਦ ਕਰਕੇ ਵਿਦਿਆਰਥੀਆਂ ਨੂੰ ਸਕੂਲ ਸੱਦ ਕੇ ਕੁਝ ਹੋਰ ਕਰਨ ਲਈ ਕਿਹਾ ਹੋਵੇ।
ਕ੍ਰਿਸਮਸ ਦੇ ਚੱਲ ਰਹੇ ਪ੍ਰੋਗਰਾਮ ਦੇ ਬਾਹਰ ਸੜਕਾਂ ’ਤੇ ਕੱਟੜਵਾਦੀ ਇਕੱਠ ਕਰਕੇ ਹੁੜਦੰਗ ਵਿੱਚ ਹਨੂਮਾਨ ਚਾਲੀਸਾ ਪੜ੍ਹਕੇ ਆਪਣੇ ਹੀ ਪਵਿੱਤਰ ਪਾਠ ਹਨੂਮਾਨ ਚਾਲੀਸਾ ਦੀ ਬੇਅਦਬੀ ਕੀਤੀ। ਗੌਰਤਲਬ ਹੈ ਕਿ ਇਹ ਦਿਨ ਸਰਕਾਰੀ ਤੌਰ ’ਤੇ ਸਰਦੀਆਂ ਦੀਆਂ ਛੁੱਟੀਆਂ ਦੇ ਹੁੰਦੇ ਹਨ। ਛਤੀਸ਼ਗੜ ਦੇ ਇੱਕ ਸ਼ਹਿਰ ਵਿੱਚ ਤਾਂ ਇੱਕ ਵੱਡੇ ਮਾਲ ਦੇ ਬਾਹਰ ਕੀਤੀ ਸਾਰੀ ਡੈਕੋਰੇਸ਼ਨ ਤੋੜ-ਮਰੋੜ ਕਿ ਲਗਭਗ 5-7 ਸੱਤ ਕਰੋੜ ਦਾ ਨੁਕਸਾਨ ਕੀਤਾ ਹਵੇਗਾ। ਅਜਿਹਾ ਕਰਕੇ ਅਸੀਂ ਦੇਸ਼ ਦੀ ਅਰਥਵਿਵਸਥਾ ਨੂੰ ਵਿਸ਼ਵ ਪੱਧਰ ’ਤੇ ਢਾਹ ਲਾ ਰਹੇ ਹਾਂ ਨਾ ਕਿ ਵਿਕਾਸ ਕਰ ਰਹੇ ਹਾਂ। ‘ਸਭ ਦਾ ਸਾਥ ਸਭ ਦਾ ਵਿਕਾਸ’ ਬੱਸ ਜੁਮਲਾ ਹੀ ਮਹਿਸੂਸ ਹੋ ਰਿਹਾ ਹੈ।
ਭਾਰਤ ਦੁਨੀਆਂ ਦਾ ਸ਼ਾਇਦ ਇਕਲੌਤਾ ਦੇਸ਼ ਹੈ ਜਿਸਦੇ ਘਰਾਂ ਦੀਆਂ ਫੁਲਵਾੜੀਆਂ ਵਿੱਚ ਭਾਵੇਂ ਵਨਸੁਵੰਤਾ ਘੱਟ ਹੋਵੇ ਪਰ ਦੇਸ਼ ਦੀ ਜਨਤਾ ਦੇ ਰਹਿਣਸਹਿਣ, ਖਾਣ-ਪੀਣ, ਪਹਿਨਣ-ਪਹਿਰਾਵੇ, ਨਾਚ-ਗਾਨ, ਰਹਿਣ-ਸਹਿਣ, ਪਾਠ-ਪੂਜਾ ਅਤੇ ਲੈਣ-ਦੇਣ ਆਦਿ ਵਿੱਚ ਸੱਭਿਆਚਾਰਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਵਿਚਰਣ ਦੀ ਵਨਸੁਵੰਨਤਾ ਬਹੁਤ ਭਿੰਨ-ਭਿੰਨ ਹੈ। ਇਸ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਸਮਾਜਿਕ ਆਚਾਰ-ਵਿਹਾਰ ਦੇ ਦੋਗਲੇ ਵਿਖਾਵੇ ਦੇ ਮੁਰੀਦ ਭਾਵੇਂ ਭਾਈਚਾਰਕ ਸਾਂਝ ਬਣਾਉਣ ਵਾਲੇ ਇਕੱਠਾਂ, ਗੋਸ਼ਟੀਆਂ ਅਤੇ ਮੀਟਿੰਗਾਂ ਵਿੱਚ ਦੋਵੇਂ ਹੱਥ ਅਤੇ ਦੋਵੇਂ ਅੱਡੀਆਂ ਨੂੰ ਚੁੱਕ-ਚੁੱਕ ਕੇ ਸਾਂਝ ਦੇ ਨਾਅਰੇ ਲਾਉਂਦੇ ਹਨ ਪਰ ਪਿੱਠ ਪਿੱਛੇ ਜਾਤਾਂ-ਪਾਤਾਂ ਅਤੇ ਗੋਤਾਂ ਦੇ ਵਿਗਾੜ ਨਾਲ ਹੀ ਸੰਬੋਧਨ ਕਰਦੇ ਹਨ। ਵਰਣ-ਵਰਗਾਂ ਦੇ ਇਸ ਕੁਪਾੜੇ ਨੇ ਜਿੱਥੇ ਦੇਸ਼ ਨੂੰ ਸੈਂਕੜੇ ਸਾਲਾਂ ਦੀ ਗੁਲਾਮੀ ਵਿੱਚ ਧੱਕਿਆ ਸੀ, ਉੱਥੇ ਦੱਬੇ-ਕੁਚਲੇ ਲੋਕਾਂ ਨੂੰ ਗ਼ਰੀਬ, ਪਲੀਤ ਅਤੇ ਮਲੀਨ ਦੱਸ ਕੇ ਹਜ਼ਾਰਾਂ ਸਾਲਾਂ ਦੀ ਮਾਨਸਿਕ ਗੁਲਾਮੀ ਵਿੱਚ ਵੀ ਧਕੇਲ ਛੱਡਿਆ ਹੈ। ਅਜਿਹਾ ਜਾਤੀ ਪੱਖਪਾਤ ਵਾਲਾ ਵਿਵਹਾਰ ਅੱਜ ਭਾਵੇਂ ਲੁਕਵਾਂ ਹੈ ਪਰ ਇਹ ਸਦੀਆਂ ਤੋਂ ਚੱਲ ਰਿਹਾ ਹੈ। ਵਿਕਸਿਤ, ਅਤਿਵਿਕਸਿਤ ਅਤੇ ਗਲੋਬਲਾਈਜੇਸ਼ਨ ਦੇ ਅਗਾਂਹਵਧੂ ਸਮਾਜ ਵਿੱਚ ਵੀ ਇਹ ਕੋਹੜ ਵਰਗੀ ਬਿਮਾਰੀ ਦੀ ਵੈਕਸਿਨ ਨਹੀਂ ਮਿਲੀ। ਬਾਬਾ ਸਾਹਿਬ ਡਾ. ਬੀ. ਆਰ ਅੰਬੇਦਕਰ ਜੀ ਅਤੇ ਸੰਵਿਧਾਨ ਸਭਾ ਦੇ ਸਾਥੀਆਂ ਦਾ ਮਜ਼ਬੂਤ ਇਰਾਦਾ ਅਤੇ ਗੂੜ ਅਧਿਐਨ ਦਾ ਨਤੀਜਾ ਸੀ ਕਿ ਸਾਡਾ ਸੰਵਿਧਾਨ ਲੋਕਤੰਤਰੀ ਕਦਰਾਂ-ਕੀਮਤਾਂ ਨਾਲ ਓਤਪੋਤ, ਭਾਵ ਭਰਿਆ ਹੋਇਆ ਹੈ ਜੋ ਪ੍ਰਸਤਾਵਨਾ ਵਿੱਚ ਹਰ ਨਾਗਰਿਕ ਨੂੰ ਹਰ ਤਰ੍ਹਾਂ ਦੇ ਨਿਆਂ, ਅਜ਼ਾਦੀ, ਸਮਾਨਤਾ, ਭਾਈਚਾਰੇ ਧਰਮ-ਨਿਰਪੱਖਤਾ ਅਤੇ ਬਿਨਾਂ ਕਿਸੇ ਰੰਗ ਅਤੇ ਜਾਤੀ ਭੇਦ-ਭਾਵ ਦੀ ਯਾਦ ਕਰਵਾਉਂਦਾ ਰਹਿੰਦਾ ਹੈ।
ਵਿਸ਼ਵ ਪੱਧਰ ’ਤੇ ਜਿੱਥੇ ਇਸਾਈਆਂ ਦੀ ਵੱਡੀ ਬਹੁਗਿਣਤੀ ਹੈ, ਭਾਰਤ ਵਿੱਚ ਹਿੰਦੂ ਵੱਡੀ ਬਹੁਗਿਣਤੀ ਵਿੱਚ ਹਨ। ਘੱਟ-ਗਿਣਤੀ ਮੁਸਲਿਮ ਭਾਈਚਾਰੇ ਤੋਂ ਬਾਅਦ ਦੂਸਰੇ ਨੰਬਰ ’ਤੇ ਇਸਾਈ ਘੱਟ-ਗਿਣਤੀ ਹਨ, ਜੋ ਲਗਭਗ 2.78 ਕਰੋੜ ਹਨ, ਜੋ ਕੁੱਲ ਅਬਾਦੀ ਦੇ 2 ਫੀਸਦੀ ਦੇ ਕਰੀਬ ਹਨ। ਪੂਰੇ ਦੇਸ਼ ਵਿੱਚ ਇਸਾਈ ਭਾਈਚਾਰਾ ਗਿਣਤੀ ਵਿੱਚ ਪੰਜਾਬ ਦੀ ਕੁੱਲ ਜਨਸੰਖਿਆ ਦੇ ਲਗਭਗ ਉੰਨੀ-ਇੱਕੀ ਦੇ ਫਰਕ ਨਾਲ ਬਾਰਬਰ ਬਰਾਬਰ ਹਨ। ਪੰਜਾਬ ਵਿੱਚ ਇਸਾਈਆਂ ਦੀ ਗਿਣਤੀ 3.5 ਲੱਖ ਤੋਂ 3.7 ਲੱਖ ਦੇ ਵਿੱਚ-ਵਿਚਾਲੇ ਹੈ। ਮਾਝੇ ਦੇ ਜ਼ਿਲ੍ਹੇ ਅਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਇਸਾਈਆਂ ਦੀ ਗਿਣਤੀ 13-15 ਪ੍ਰਤੀਸ਼ਤ ਸਮਝਿਆ ਜਾਂਦਾ ਹੈ। ਪੂਰੇ ਦੇਸ ਵਿੱਚ ਇਸਾਈ ਵਸੋਂ ਦਾ 30 ਪ੍ਰਤੀਸ਼ਤ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਮੇਘਾਲਿਆ ਰਾਜਾਂ ਵਿੱਚ ਹੈ। ਪਰ ਇਸ ਘੱਟ ਗਿਣਤੀਆਂ ਵਿੱਚ ਹਰ ਵੇਲੇ ਬਹੁਗਿਣਤੀ ਧਾਰਮਿਕ ਕੱਟੜਵਾਦ ਤੋਂ ਡਰ, ਭੈਅ ਅਤੇ ਅਸੁਰੱਖਿਆ, ਜੋ ਦੇਸ਼ ਪੱਧਰ ’ਤੇ ਹਿੰਦੂ-ਕੱਟੜਵਾਦ ਤੋਂ ਬਣਿਆ ਰਹਿੰਦਾ ਹੈ, ਤਾਂ ਅਜਿਹਾ ਹੀ ਡਰ, ਭੈਅ ਅਤੇ ਅਸੁਰੱਖਿਆ ਸਟੇਟ ਪੱਧਰ ’ਤੇ ਸਿੱਖ-ਕੱਟੜਵਾਦ ਤੋਂ ਵੀ ਬਣਿਆ ਰਹਿੰਦਾ ਹੈ। ਗੁਜ਼ਰੇ ਦਿਨਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਦੇਸ਼ ਪੱਧਰ ’ਤੇ ਵੱਖ-ਵੱਖ ਰਾਜਾਂ ਵਿੱਚ ਸਾਹਮਣੇ ਆਈਆਂ ਹਨ। ਅਜਿਹਾ ਹੀ ਤਣਾਓ ਪੈਦਾ ਕਰਕੇ ਪੰਜਾਬ ਵਿੱਚ ਅਮਨ ਸ਼ਾਂਤੀ ਨਾਲ ਰਹਿ ਰਹੇ ਇਸ ਘੱਟ-ਗਿਣਤੀ ਨੂੰ ਨਿਸ਼ਾਨਾ ਬਣਾਕੇ ਪੰਜਾਬ ਦੇ ਮਾਹੌਲ ਨੂੰ ਡਰਾਉਣਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਵੱਖਰੀ ਗੱਲ ਹੈ ਕਿ ਪੰਜਾਬੀ ਲੋਕ ਹੁਣ ਅੰਤਰਾਸ਼ਟਰੀ ਤੁਲਨਾਤਮਕ ਸੋਚ ਨਾਲ ਸੋਚਦੇ ਅਤੇ ਤੋਲਦੇ ਹਨ ਅਤੇ ਅਗਾਂਵਧੂ ਸਿੱਖ ਵਿਦਵਾਨਾਂ ਨੇ ਦੁਨੀਆਂ ਦੇ ਇਸਾਈਅਤ ਵਿਵਹਾਰ ਅਤੇ ਉਨ੍ਹਾਂ ਦੇਸ਼ਾਂ ਵਿੱਚ ਬਾਕੀ ਧਰਮਾਂ ਦੀ ਅਜ਼ਾਦੀ ਦਾ ਸ਼ੀਸ਼ਾ ਪੰਜਾਬ ਦੇ ਲੋਕਾਂ ਨੂੰ ਵਿਖਾਇਆ ਹੈ। ਇਹ ਵੀ ਸੱਚ ਹੈ ਕਿ ਇਸਾਈ ਘੱਟ-ਗਿਣਤੀ ਨੇ ਪੰਜਾਬ ਕੀ, ਭਾਰਤ ਵਿੱਚ ਵੀ ਅੱਜ ਤਕ ਕਦੇ ਵੀ ਕਿਸੇ ਤਰ੍ਹਾਂ ਦਾ ਮਾਹੌਲ ਵਿਗਾੜਨ ਵਾਲੇ ਦੰਗੇ, ਆਤੰਕਵਾਦੀ ਘਟਨਾ ਜਾਂ ਕਿਸੇ ਤੋੜ-ਫੋੜ ਵਾਲੇ ਇਕੱਠ ਨੂੰ ਉਤਸ਼ਾਹਿਤ ਨਹੀਂ ਕੀਤਾ ਅਤੇ ਨਾ ਹੀ ਕਦੇ ਅਜਿਹੀ ਪਹਿਲਕਦਮੀ ਕੀਤੀ ਹੈ। ਸਗੋਂ ਅਜਿਹੀਆਂ ਘਟਨਾਵਾਂ ਦੀ ਖੁੱਲ੍ਹ ਕੇ ਨਿੰਦਾ ਕੀਤੀ ਹੈ। ਹੈ।
ਜਿੱਥੇ ਵਿਸ਼ਵ ਭਰ ਦੇ ਦੇਸ਼ਾਂ ਨੇ ਭਾਰਤ ਦੇ ਇਸ ਰਵਈਏ ’ਤੇ ਇਤਰਾਜ਼ ਦਰਜ ਕੀਤੇ ਹਨ, ਉੱਥੇ ਭਾਰਤੀ ਸੋਸ਼ਲਮੀਡੀਆ ਦੇ ਸੰਵੇਦਨਸ਼ੀਲ ਯੂਟਿਉਬਰਜ਼ ਨੇ ਤਾਂ ਖੁੱਲ੍ਹ ਕੇ ਇਨ੍ਹਾਂ ਸਮਾਜਤੋੜੂ ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਇਸ ਅਰਾਜਕਤਾ ਨੂੰ ਭੰਡਿਆ ਹੈ ਅਤੇ ਸਿਸਟਮ ਅੱਗੇ ਸਵਾਲ ਵੀ ਖੜ੍ਹੇ ਕੀਤੇ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇੱਕ-ਪਾਸੜ ਅਤੇ ਆਪਣੀ ਰੂੜ੍ਹੀਵਾਦੀ ਸੋਚ ਦੀ ਧਾਰਣੀ ਆਰ.ਐੱਸ.ਐੱਸ. ਅਤੇ ਭਾਰਤੀ ਜਨਤਾ ਪਾਰਟੀ ਅਤੇ ਉਹਨਾਂ ਦੇ ਚਾਟੂਕਾਰ ਆਪਣੇ ਢੀਠਾਂ ਵਾਲੇ ਵਿਵਹਾਰ ਅਤੇ ਫਿਰਕੂ ਸੋਚ ਕਾਰਨ ਚੁੱਪ ਹਨ। ਸਾਡੇ ਦੇਸ਼ ਦੀ ਅਤਿਸਤਿਕਾਰਤ ਰਾਸ਼ਟਰਪਤੀ ਵੀ ਨਾ ਤਾਂ ਔਰਤਾਂ ਦੇ ਮਸਲਿਆਂ ’ਤੇ ਅਤੇ ਨਾ ਹੀ ਅਜਿਹੀ ਅਰਾਜਕਤਾ ਵਾਲੇ ਮਾਮਲਿਆਂ ’ਤੇ ਦੇਸ਼ ਨੂੰ ਸੰਬੋਧਨ ਹੁੰਦੇ ਹਨ। ਪ੍ਰਧਾਨ ਮੰਤਰੀ ਸਾਹਿਬ ਜੀ ਤਾਂ ਮਹਾਂਮਾਨਵ ਹਨ ਉਹਨਾਂ ਨੂੰ ਸ਼ਾਇਦ ਇਹ ਰੋਜ਼ ਹੋਣ ਵਾਲੇ ਮਸਲੇ ਐਵੇਂ-ਕਿਵੇਂ ਲਗਦੇ ਹਨ। ਉਹ ਤਾਂ ਅਜੇ ਤਕ ਮਨੀਪੁਰ ’ਤੇ ਮੂੰਹ ਨਹੀਂ ਖੋਲ੍ਹ ਸਕੇ।
ਕਹਿੰਦੇ ਨੇ ਪੌੜੀਆਂ ਹਮੇਸ਼ਾ ਉੱਪਰੋਂ ਹੇਠਾਂ ਨੂੰ ਹੀ ਸਾਫ ਹੁੰਦੀਆਂ ਹਨ। ਅੱਜ ਵਿਵਸਥਾ ਦਾ ਅਜਿਹਾ ਅਸਾਵਾਂ ਅਤੇ ਦੋਗਲਾ ਰਵਈਆ ਉੱਪਰੋਂ ਹੇਠਾਂ ਨੂੰ ਕੂੜੇ ਵਾਂਗ ਲਿਆ ਰਿਹਾ ਹੈ। ਕੇਂਦਰ ਸਰਕਾਰਾਂ, ਰਾਜਾਂ ਦੀਆਂ ਸਰਕਾਰਾਂ ਅਤੇ ਨੌਕਰਸ਼ਾਹੀ ਵਿੱਚ ਤਾਨਾਸ਼ਾਹੀ ਵਰਗਾ ਹੁਕਮੀ ਰਵਈਆ ਤੇਜ਼ੀ ਨਾਲ ਵਧ ਰਿਹਾ ਹੈ। ਲੋਕਾਂ ਅਤੇ ਲੋਕ-ਜਥੇਬੰਦੀਆਂ ਨਾਲ ਕਾਨਫਰੰਸਾਂ, ਮੀਟਿੰਗਾਂ ਆਦਿ ਨਾ ਕਰਕੇ ਹੁਕਮ ਥੋਪੇ ਜਾ ਰਹੇ ਹਨ। ਜਨਤਕ ਸੰਘਰਸ਼ਾਂ ਨੂੰ ਦਬਾਇਆ ਜਾ ਰਿਹਾ ਹੈ। ਇੱਥੋਂ ਤਕ ਕਿ ਔਰਤਾਂ ਦੀ ਧੂਹ-ਖਿੱਚ ਕੀਤੀ ਜਾਂਦੀ ਹੈ। ਦਫਤਰ-ਪਬਲਿਕ ਸਬੰਧਾਂ ਵਿੱਚ, ਵਪਾਰ-ਧੰਦੇ ਦੇ ਸੰਬੰਧਾਂ ਵਿੱਚ ਅਤੇ ਆਪਸੀ ਲੋਕ ਵਿਵਹਾਰ ਵਿੱਚ ਜਾਤਾਂ ਧਰਮਾਂ ਦਾ ਭੇਦ-ਭਾਵ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੀ ਕੂੜ ਅਤੇ ਰੂੜੀਵਾਦੀ ਸੋਚ ਭਾਰਤੀ ਲੋਕਤੰਤਰ ਦੇ ਅਨੇਕਤਾ ਵਿੱਚ ਏਕਤਾ ਅਤੇ ਭਿੰਨਤਾਵਾਂ ਵਾਲੇ ਦੇਸ਼ ਲਈ ਖਤਰਨਾਕ ਹੈ। ਪ੍ਰਧਾਨ ਮੰਤਰੀ ਆਫਿਸ ਵਿੱਚੋਂ ਰਾਸ਼ਟਰੀ ਇੱਕਜੁੱਟਤਾ, ਭਾਈਚਾਰਕ ਸਾਂਝ ਅਤੇ ਸਭ ਦਾ ਵਿਕਾਸ ਨਿਕਲਦਾ, ਵਹਿੰਦਾ ਅਤੇ ਚਲਦਾ ਦਿਸਣਾ ਚਾਹੀਦਾ ਹੈ ਤਾਂ ਹੀ ਰਾਜ ਧਰਮ ਨਿਭੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































