“ਅਜੋਕੇ ਭਾਰਤ ਵਿੱਚ ਅੱਜ ਜਿੰਨੇ ਵੀ ਰਾਜਨੀਤੀਕ, ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਅਤੇ ਅਲੱਗਵਾਦ ਜਿਹੇ ...”
(27 ਸਤੰਬਰ 2024)
“ਹੈਲੋ! ਮੈਂ ਭਗਤ ਸਿੰਘ ਬੋਲ ਰਿਹਾ ਹਾਂ …” ਮਾਸਟਰ ਤਰਲੋਚਨ ਸਿੰਘ ਜੀ ਦੀ ਅਨੁਵਾਦਿਤ ਅਤੇ ਸੰਪਾਦਿਤ ਪੁਸਤਕ ਹੈ ਜਿਸ ਵਿੱਚ ਭਗਤ ਸਿੰਘ ਦੁਆਰਾ ਜੂਨ, 1928 ਵਿੱਚ ਲਿਖਿਆ “ਅਛੂਤ ਦਾ ਸਵਾਲ : ਸਮਾਜਿਕ ਇਂਨਕਲਾਬ ਲਈ ਉੱਠੋ” ਸਿਰਲੇਖ ਹੇਠ ਲਿਖਿਆ ਲੇਖ ਛਪਿਆ ਸੀ ਜੋ ਅਜੋਕੇ ਪ੍ਰਸੰਗ ਵਿੱਚ ਵੀ ਵਿਸ਼ੇਸ਼ ਤਵੱਜੋ ਦੀ ਮੰਗ ਕਰਦਾ ਹੈ। 95-96 ਸਾਲ ਪਹਿਲਾਂ ਇਹ ਲੇਖ 30 ਕਰੋੜ ਭਾਰਤੀਆਂ ਦੀ ਪ੍ਰਤੀਨਿਧਤਾ ਕਰਦਾ ਸੀ ਅਤੇ ਅੱਜ ਵੀ 138 ਕਰੋੜ ਭਾਰਤੀਆਂ ਸਾਹਮਣੇ ਅਛੂਤ ਦਾ ਸਵਾਲ ਵੱਡੇ ਪ੍ਰਸ਼ਨ ਚਿੰਨ੍ਹ ਵਾਂਗ ਫੰਨ ਫੈਲਾਈ ਜ਼ਹਿਰੀਲੇ ਨਾਗ ਵਾਂਗ ਖੜ੍ਹਾ ਹੈ। ਬਲਕਿ ਗਲੋਬਲਾਈਜੇਸ਼ਨ ਦੇ ਯੁਗ ਵਿੱਚ ਜਿੱਥੇ-ਜਿੱਥੇ ਵੀ ਲੋਕ ਜਾਤ-ਪਾਤ, ਨਸਲ ਅਤੇ ਰੰਗ ਭੇਦ ਦੇ ਵਿਤਕਰੇ ਨਾਲ ਸਦੀਆਂ ਤੋਂ ਡਰਾਏ, ਧਮਕਾਏ ਅਤੇ ਸਤਾਏ ਜਾ ਰਹੇ ਹਨ, ਅਜਿਹੇ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ। ਉਹਨਾਂ ਉਸ ਸਮੇਂ ਦੀਆਂ ਪ੍ਰਸਥਿਤੀਆਂ ਅਤੇ ਮੁਲਕ ਦੇ ਬੁਨਿਆਦੀ ਸਮਾਜਿਕ ਤਬਦੀਲੀ ਦੇ ਅਮਲ ਅੰਦਰ ਜਾਤਪਾਤ ਦੇ ਇਸ ਸਵਾਲ ਨੂੰ ਕਿੰਨੀ ਸ਼ਿੱਦਤ, ਫਿਕਰਮੰਦੀ ਅਤੇ ਸੰਵੇਦਨਸ਼ੀਲਤਾ ਨਾਲ ਉਠਾਇਆ।
ਉਹਨਾਂ ਦੇ ਸ਼ਬਦਾਂ ਵਿੱਚ, “ਜਿੰਨੀ ਭੈੜੀ ਹਾਲਤ ਸਾਡੇ ਮੁਲਕ ਦੀ ਹੈ, ਨਹੀਂ ਹੋਣੀ ਕਿਸੇ ਹੋਰ ਮੁਲਕ ਦੀ ਅਜਿਹੀ ਭੈੜੀ ਹਾਲਤ। ਅਜੀਬ ਤੋਂ ਅਜੀਬ ਸਵਾਲ ਪੈਦਾ ਹੁੰਦੇ ਹਨ ਇੱਥੇ। ਇੱਕ ਬੜਾ ਭਾਰੀ ਸਵਾਲ ਅਛੂਤ ਦਾ ਹੈ। ਸਵਾਲ ਹੈ, ਅਖੇ ਇਸ 30 ਕਰੋੜ ਅਬਾਦੀ ਵਾਲੇ ਮੁਲਕ ਵਿੱਚ, ਜੋ 6 ਕਰੋੜ ਆਦਮੀ ਰਹਿੰਦੇ ਹਨ, ਜਿਹਨਾਂ ਨੂੰ ਅਛੂਤ ਕਿਹਾ ਜਾਂਦਾ ਹੈ, ਉਹਨਾਂ ਨੂੰ ਛੂਹਣ ਨਾਲ ਧਰਮ ਤਾਂ ਨਹੀਂ ਭਿੱਟਿਆ ਜਾਊ? ਜੇ ਕਿਤੇ ਉਹਨਾਂ ਨੂੰ ਮੰਦਰਾਂ ਵਿੱਚ ਵੜਨ ਦਿੱਤਾ, ਕਿਤੇ ਦੇਵਤੇ ਤਾਂ ਨਹੀਂ ਰੁੱਸ ਜਾਣਗੇ? ਜੇ ਉਹਨਾਂ ਨੇ ਖੂਹ ਵਿੱਚੋਂ ਪਾਣੀ ਕੱਢ ਲਿਆ, ਕਿਤੇ ਖੂਹ ਪਲੀਤ ਤਾਂ ਨਹੀਂ ਹੋ ਜਾਊ? ਇਹ ਸਵਾਲ ਕੀਤੇ ਜਾ ਰਹੇ ਹਨ, ਤੇ ਕੀਤੇ ਵੀ ਜਾ ਰਹੇ ਹਨ 20ਵੀਂ ਸਦੀ ਵਿੱਚ। ਸ਼ਰਮ ਆਉਂਦੀ ਹੈ ਅਜਿਹੇ ਸਵਾਲਾਂ ਨੂੰ ਸੁਣਦਿਆਂ। ਸਾਡਾ ਮੁਲਕ ਤਾਂ ਬੜਾ ਹੀ ਅਧਿਆਤਮਵਾਦੀ ਯਾਨੀ ਕਿ ਰੂਹਾਨੀਅਤ ਪਸੰਦ ਮੁਲਕ ਹੈ ਪਰ ਅਸੀਂ … … ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣੋ ਵੀ ਝਕਦੇ ਹਾਂ ਅਤੇ ਉਹ ਯੂਰਪ ਜੀਹਨੂੰ ਸਾਰੇ ਹੀ ਕਹਿੰਦੇ ਹਨ ਕਿ ਉਹ ਤਾਂ ਭਾਈ ਮਾਇਆਵਾਦੀ ਐ … ਉਹਨਾਂ ਨੇ ਸਦੀਆਂ ਤੋਂ ਬਰਾਬਰੀ ਅਤੇ ਇਕਸਾਰਤਾ ਦਾ ਐਲਾਨ ਕੀਤਾ ਹੋਇਆ ਹੈ।”
ਭਗਤ ਸਿਹਾਂ, ਐਲਾਨ ਤਾਂ ਸਾਡੇ ਵਾਲਿਆਂ ਨੇ ਵੀ ਸੰਵਿਧਾਨ ਵਿੱਚ ਬੜਾ ਠੋਕ ਵਿਚਾਰ ਕੇ ਕੀਤਾ ਹੋਇਆ ਪਰ ਸਾਡਾ ਸਮਾਜ ਪ੍ਰਤੀ ਦੋਗਲਾ ਤੇਗਲਾ ਬਲਕਿ ਬਹਰੂਪੀਆ ਵਤੀਰਾ ਸਾਨੂੰ ਬ੍ਰਾਹਮਣਵਾਦੀ ਸੋਚ ਦੇ ਤਥਾਕਥਿਤ ਵਰਣ-ਵਰਗ ਵਾਲੇ ਸਮਾਜ ਦੀ ਵੰਡ ਵਿੱਚੋਂ ਬਾਹਰ ਨਹੀਂ ਆਉਣ ਦਿੰਦਾ। ਤੁਸੀਂ “ਮੈਂ ਨਾਸਤਿਕ ਕਿਉਂ ਹਾਂ” ਲੇਖ ਲਿਖ ਕੇ ਸਹੀ ਕੀਤਾ, ਘੱਟੋ-ਘੱਟ ਇਸ ਬਹੁਰੂਪੀ ਕਿਰਦਾਰ ਨਾਲ ਨਹੀਂ ਜੀਵੇ। ਕਿਉਂਕਿ ਸਿੱਖਵਾਦ ਵੀ ਗੁਰੂਆਂ ਦੀ ਬਾਣੀ ਦੇ “ਏਕ ਪਿਤਾ ਏਕਸ ਕੇ ਹਮ ਬਾਰਿਕ” ਦੇ ਸਿਧਾਂਤਾਂ ਉਰੇ ਰਿਹ ਗਿਆ ਹੈ … … … ਅੱਜ ਵੀ ਉਹ ਕੱਪ, ਗਲਾਸ ਤੋੜ ਦਿੱਤਾ ਜਾਂਦਾ ਹੈ ਜਿਸ ਵਿੱਚ ਕੋਈ ਛੋਟੀ ਜਾਤ ਵਾਲਾ “ਸਿੰਘ” ਚਾਹ ਵੀ ਪੀ ਲੈਂਦਾ ਹੈ ਭਾਵੇਂ ਉਸਦਾ ਗੋਤ ਵੀ ਸੰਧੂ, ਗਿੱਲ ਜਾਂ ਹੋਰ ਸਵੈ ਭਰਮ ਵਾਲਾ ਉੱਚ ਸਰਨੇਮ ਹੋਵੇ … … ਅੱਜ ਵੀ ਅਜਿਹੇ ਸਮਾਜ ਦੇ ਲੋਕਾਂ ਨੂੰ ਚੌਖਟ ਦੇ ਅੰਦਰ ਨਹੀਂ ਆਉਣ ਦਿੱਤਾ ਜਾਂਦਾ, ਜੋ ਮਲੀਨ ਕਿੱਤੇ ਨਾਲ ਜੀਵਨ ਦੀ ਰੋਟੀ ਚਲਾਉਂਦੇ ਹਨ … … ਅੱਜ ਵੀ ਜਗੀਰਦਾਰੀ ਅਤੇ ਠਾਕੁਰਗਿਰੀ ਕਿਸੇ ਗਰੀਬ ਲਾੜੇ ਨੂੰ ਸਿਹਰੇ ਲਾ ਕੇ ਘੋੜੀ ਚੜ੍ਹਿਆ ਬਰਦਾਸ਼ਤ ਨਹੀਂ ਕਰਦੀ। ਅੱਜ ਵੀ ਮੰਦਰਾਂ ਵਿੱਚ ਵੜਨ ਦੀ ਮਨਾਹੀ ਹੈ, ਅੱਜ ਤਾਂ ਹੱਦ ਹੋ ਗਈ ਹੈ, ਬਲਕਿ ਹੱਦ ਤੋਂ ਵੱਧ ਹੋ ਗਈ ਹੈ ਕਿ ਉਸ ਤਰ੍ਹਾਂ ਤਾਂ ਅਛੂਤ ਨੂੰ ਛੂਹਣ ਨਾਲ ਭਿੱਟੇ ਜਾਂਦੇ ਹਨ ਪਰ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਹੱਤਿਆਵਾਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਸੱਤਾ ਵਿੱਚ ਬੈਠੇ ਉਸ ਵਰਗ ਜਾਤ ਨਾਲ ਸੰਬੰਧਤ ਉਨ੍ਹਾਂ ਨੂੰ ਬਚਾਉਣ ਲਈ ਦਲੀਲਾਂ ਘੜਦੇ ਹਨ। ਇੱਥੋਂ ਤਕ ਕਿ ਧਰਮਾਂ ਦੇ ਵਿੱਚ ਧਾਰਮਿਕ ਵੰਡੀਆਂ ਪਹਿਲਾਂ ਨਾਲੋਂ ਤੇਜ਼ੀ ਨਾਲ ਵਧ ਰਹੀਆਂ ਹਨ। ਪਿੰਡਾਂ ਦੀਆਂ ਮੜ੍ਹੀਆਂ ਅਤੇ ਧਾਰਮਿਕ ਗੁਰਦੁਆਰੇ ਵੀ ਵੰਡੇ ਹੋਏ ਦਿਸਦੇ ਹਨ। ਅਜਿਹੀਆਂ ਖਬਰਾਂ ਸਮਾਜ ਨੂੰ ਪੁੱਠਾ ਗੇੜਾ ਦੇ ਰਹੀਆਂ ਹਨ।
ਸ਼ਹੀਦੇ ਆਜ਼ਮ ਦੇ ਕਰੀਬੀ ਮਿੱਤਰਾਂ ਨੇ ਆਪਣੇ ਲੇਖਾਂ ਵਿੱਚ ਗਵਾਹੀ ਦਿੰਦਿਆਂ ਕਿਹਾ ਹੈ ਕਿ ਭਗਤ ਸਿੰਘ ਬਹੁਤ ਪੜ੍ਹਦਾ ਸੀ, ਉਸਦੀ ਜੇਬ ਜਾਂ ਹੱਥ ਵਿੱਚ ਹਰ ਵੇਲੇ ਕੋਈ ਨਾ ਕੋਈ ਕਿਤਾਬ ਹੁੰਦੀ ਸੀ। ਇਸ ਲਈ ਉਹ ਹਰ ਮਸਲੇ ਨੂੰ ਗੰਭੀਰਤਾ ਨਾਲ ਵਿਗਿਆਨਕ ਅਤੇ ਤੁਲਨਾਤਮਕ ਸੋਚਦਾ ਸੀ। ਉਹਨਾਂ ਨੇ ਸਥਾਪਤੀ ਦੀ ਇਸ ਪਿਛਾਖੜੀ ਵਿਚਾਰਧਾਰਾ ਦੇ ਪ੍ਰਭਾਵ ਤੋਂ ਮੁਕਤ ਕਰਵਾਉਣ ਲਈ ਅਛੂਤ ਦੇ ਮਸਲੇ ’ਤੇ ਭਾਰਤੀ ਅਧਿਆਤਮਵਾਦ ਅਤੇ ਰੂਹਾਨੀਅਤਵਾਦ ਵਿੱਚ ਮਨੁੱਖਾਂ ਦੀ ਦਰਜਾਬੰਦੀ ਨੂੰ ਪੜ੍ਹਦਿਆਂ ਯੂਰੋਪ ਦੀ ਇਕਸਾਰਤਾ ਅਤੇ ਬਰਾਬਰੀ ਦੀ ਤਰੀਫ ਕੀਤੀ ਹੈ ਅਤੇ ਅਸੀਂ ਅਜੇ ਵੀ ਛੂਤ-ਅਛੂਤ ਦੇ ਰੇੜਕੇ ਵਿੱਚ ਧਰਮ ਨੂੰ ਰਿੜਕ ਰਹੇ ਹਾਂ ਜਾਂ ਧਰਮ ਦੇ ਰੇੜਕੇ ਵਿੱਚ ਛੂਤ-ਅਛੂਤ ਰਿੜਕ ਰਹੇ ਹਾਂ।
ਵਰਗ ਵੰਡ ਦੇ ਭਾਰਤੀ ਸਮਾਜ ਵਿੱਚ ਹਿੰਦੂ ਆਪਣੇ ਆਪ ਨੂੰ ਸਵਰਨ ਮੰਨਦੇ ਹੋਏ ਆਪਣੇ ਇਸ ਕੱਟੜਵਾਦ ਵਿੱਚ, ਜਿਸ ਨੂੰ ਛੂਹਣ ਨਾਲ ਧਰਮ ਭਿੱਟਿਆ ਜਾਵੇ, ਉਸ ਨੂੰ ਅਛੂਤ ਮਨੰਦੇ ਸਨ। ਹਜ਼ਾਰਾਂ ਸਾਲਾਂ ਤੋਂ ਇਸ ਕੁਰੀਤੀ ਨੇ ਕਰੋੜਾਂ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਤਸੀਹੇ ਦੇ ਦੇ ਮਾਰਿਆ। ਸਮਾਜ ਦਾ ਐਨਾ ਵੱਡਾ ਵਿਗਾੜ ਕਿ ਉਹਨਾਂ ਹੱਕ ਵਿਹੂਣੇ ਲੋਕਾਂ ਦੇ ਕੰਨਾਂ ਵਿੱਚ ਗਰਮ ਸਿੱਕਾ ਪਾਉਣਾ, ਮਗਰ ਪੁਛਲ ਛਾਪੇ ਬੰਨ੍ਹਣਾ, ਗਾਲੀ ਗਲੋਚ ਅਤੇ ਮਾਰ ਕੁੱਟ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ। ਇਹ ਪੜ੍ਹ ਸੁਣ ਕੇ ਹਰ ਇੱਕ ਬੰਦੇ ਨੂੰ ਅੱਜ ਵੀ ਨਫਰਤ ਪੈਦਾ ਹੁੰਦੀ ਹੈ। ਭਗਤ ਸਿੰਘ ਆਪਣੀ ਲਿਖਤ “ਮੈਂ ਨਾਸਤਿਕ ਕਿਉਂ ਹਾਂ” ਵਿੱਚ ਕਹਿੰਦਾ ਹੈ ਕਿ ਰੱਬ ਦੀ ਹੋਂਦ ਨੂੰ ਮੈਂ ਉਸਦੇ ਨਾਂ ਉੱਤੇ ਸ਼ੋਸ਼ਣ ਕਰਨ ਵਾਲਿਆਂ ਦੀ ਹੀ ਕਾਢ ਮੰਨਦਾ ਹਾਂ ਜਿਹੜੇ ਲੋਕ ਮਨੁੱਖਾਂ ਨੂੰ ਆਪਣੀ ਗੁਲਾਮੀ ਦੇ ਜਾਲ ਹੇਠ ਰੱਖਣਾ ਚਾਹੁੰਦੇ ਹਨ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਗੁਰੂਆਂ, ਪੈਗੰਬਰਾਂ, ਭਗਵਾਨਾਂ ਆਦਿ ਜਿਹਨਾਂ ਨੂੰ ਅਸੀਂ ਮੰਨਦੇ ਅਤੇ ਪੂਜਦੇ ਹਾਂ, ਉਹਨਾਂ ਨੇ ਆਪਣੇ ਸਮੇਂ ਦੀਆਂ ਪ੍ਰਸਥਿਤੀਆਂ ਦੇ ਉਲਟ ਸਮਾਜ ਵਿੱਚ ਸ਼ਰੇਆਮ ਛੂਤ-ਛਾਤ ਦਾ ਵਿਰੋਧ ਕੀਤਾ ਅਤੇ ਅਛੂਤਾਂ ਨਾਲ ਰਹਿ ਕੇ, ਉਹਨਾਂ ਵਿੱਚ ਵਿਚਰ ਕੇ ਇਸ ਕੁਰੀਤੀ ਦਾ ਮੁੱਢੋਂ ਖੰਡਨ ਕੀਤਾ ਅਤੇ ਮਨੁੱਖਾਂ ਵਿੱਚ ਬਰਾਬਰੀ ਅਤੇ ਇਕਸਾਰਤਾ ਦਾ ਸੰਦੇਸ਼ ਦਿੱਤਾ। ਸ਼੍ਰੀ ਰਾਮ ਜੀ ਨੇ ਇੱਕ ਆਦਰਸ਼ ਰਾਜਾ ਹੁੰਦਿਆਂ, ਇੱਕ ਗਰੀਬ ਭੀਲਣੀ ਔਰਤ ਦੇ ਜੂਠੇ ਬੇਰ ਖਾਧੇ। ਭਗਵਾਨ ਸ਼੍ਰੀ ਕ੍ਰਿਸ਼ਨ ਸੁਦਾਮੇ ਤੋਂ ਆਪਣੀ ਜਾਨ ਵਾਰਦੇ ਸਨ। ਭਗਵਾਨ ਸ਼ਿਵ ਜੀ ਦੇ ਨਾਲ ਹਰ ਤਰ੍ਹਾਂ ਦੇ ਪਛੂ ਪੰਛੀ ਅਤੇ ਜੀਵ ਰਹਿੰਦੇ ਸਨ। ਯੀਸ਼ੂ ਮਸੀਹ ਨੇ ਆਪ ਅਛੂਤਾਂ ਦੀ ਬਸਤੀ ਵਿੱਚ ਜਾ ਕੇ ਇੱਕ ਸਾਮਰੀ ਜਾਤ ਦੀ ਔਰਤ ਤੋਂ ਆਪ ਪਾਣੀ ਮੰਗ ਕੇ ਪੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਰ ਵੇਲੇ ਬਾਲਾ ਅਤੇ ਮਰਦਾਨਾ ਰਹਿੰਦੇ ਸਨ ਅਤੇ ਸੰਗਤ ਕਰਦੇ ਸਨ। ਮੁਹੰਮਦ ਸਾਹਿਬ ਖੁਦ ਆਪ ਮਜ਼ਲੂਮਾਂ ਅਤੇ ਗਰੀਬਾਂ ਵਿੱਚ ਰਹਿ ਕੇ ਸੇਵਾ ਕਰਦੇ ਰਹੇ ਅਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ ਵੱਖ ਜਾਤਾਂ ਵਿੱਚੋਂ ਪੰਜ ਪਿਆਰਿਆਂ ਦੀ ਸਥਾਪਨਾ ਕਰਕੇ ਸਿੱਖ ਧਰਮ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਅਤੇ ਜਾਤਪਾਤ ਨੂੰ ਮੁੱਢੋਂ ਖਤਮ ਕੀਤਾ। ਮਹਾਤਮਾ ਬੁੱਧ ਨੂੰ ਹਰ ਵੇਲੇ ਅਛੂਤਾਂ ਨਾਲ ਹੋ ਰਿਹਾ ਅਪਮਾਨ ਸਤਾਉਂਦਾ ਰਹਿੰਦਾ ਸੀ।
ਬੁੱਲੇਸ਼ਾਹ, ਬਾਬਾ ਫਰੀਦ, ਕਬੀਰ ਅਤੇ ਰਹੀਮ ਆਦਿ ਨੇ ਇਸ ਕੁਰੀਤੀ ਦਾ ਤਿੱਖਾ ਵਿਰੋਧ ਕੀਤਾ। ਸ਼ਹੀਦੇ ਆਜ਼ਮ ਭਗਤ ਸਿੰਘ ਜੀ ਨੇ ਜੇਲ੍ਹ ਵਿੱਚ ਆਪਣੀ ਫਾਂਸੀ ਦੇ ਆਖਰੀ ਵੇਲੇ ਜੇਲ੍ਹ ਵਿੱਚ ਪਖਾਨਿਆਂ ਦੀ ਸਫਾਈ ਕਰਨ ਵਾਲੀ ਅਛੂਤ ਬਜ਼ੂਰਗ ਔਰਤ ਨੂੰ ਮਾਂ ਦਾ ਦਰਜਾ ਦੇ ਕੇ ਉਸਦੇ ਹੱਥ ਦੀ ਬਣੀ ਰੋਟੀ ਖਾਣ ਦੀ ਆਖਰੀ ਇੱਛਾ ਜਤਾਈ ਅਤੇ ਇਹ ਵੀ ਕਿਹਾ ਕਿ ਜੇ ਗੰਦ ਚੁੱਕਣਾ ਅਛੂਤ ਦਾ ਹੀ ਕੰਮ ਹੈ ਤਾਂ ਮੇਰੀ ਮਾਂ, ਜਿਸਨੇ ਮੇਰਾ ਗੰਦ ਚੁੱਕਿਆ ਹੈ ,ਉਹ ਵੀ ਅਛੂਤ ਹੈ, ਅਤੇ ਹਰ ਉਹ ਮਾਂ ਅਛੂਤ ਹੈ ਜੋ ਆਪਣੀ ਔਲਾਦ ਦਾ ਗੰਦ ਸਾਫ ਕਰਦੀ ਹੈ। ਸ਼ਹੀਦੇ ਆਜ਼ਮ ਇਸ ਮਨੁੱਖੀ ਬੇਇੰਸਾਫੀ ’ਤੇ ਹੋਰ ਘੋਰ ਤਿੱਖੀ ਟਿੱਪਣੀ ਕਰਦੇ ਹਨ ਕਿ ਕੁੱਤੇ ਨੂੰ ਤਾਂ ਅਸੀਂ ਚੁੰਮਦੇ ਚੱਟਦੇ ਅਤੇ ਬੁੱਕਲ਼ ਵਿੱਚ ਬਿਠਾਉਂਦੇ ਹਾਂ ਪਰ ਆਦਮੀ ਦੇ ਛੂਹਣ ਨਾਲ ਸਾਡਾ ਧਰਮ ਭਿੱਟਿਆ ਜਾਂਦਾ ਹੈ … … ਫਿਰ ਇਹ ਸਾਡਾ ਦੋਗਲਾ ਵਤੀਰਾ ਹੀ ਹੋਇਆ ਜਾਂ ਫਿਰ ਬਹੁਮਖੌਟਿਆਂ ਵਾਲਾ ਚਿਹਰਾ ਹੋਇਆ ਕਿ ਅਸੀਂ ਜਿਨ੍ਹਾਂ ਨੂੰ ਮੰਨਦੇ ਅਤੇ ਪੂਜਦੇ ਹਾਂ ਉਹਨਾਂ ਦੀਆਂ ਸਿੱਖਿਆਵਾਂ ਦੇ ਉਲਟ ਅਸੀਂ ਮਨੁੱਖ ਦੀ ਦਰਜਾਬੰਦੀ ਕਰਕੇ, ਉਸਦੀ ਛੂਹ ਨਾਲ ਧਰਮ ਭਿੱਟਿਆ ਜਾਂਦਾ ਹੈ, ਜਦੋਂ ਕਿ ਉਹ ਸਾਰੇ ਭਗਵਾਨ ਉਹਨਾਂ ਨਾਲ ਵਿਚਰ ਕੇ ਜੀਵਨ ਵਤੀਤ ਕਰਦੇ ਰਹੇ ਹਨ।
ਸ਼ਹੀਦੇ ਆਜ਼ਮ ਦੇ ਇਸ ਲੇਖ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਭਾਰਤ ਵਿੱਚ ਨਵੇਂ ਧਰਮਾਂ ਦਾ ਬਣਨਾ ਅਤੇ ਧਰਮ ਪਰਿਵਰਤਨ ਵੀ ਇਸੇ ਸੌੜੀ, ਕੌੜੀ ਅਤੇ ਭੈੜੀ ਸੋਚ ਦਾ ਹੀ ਨਤੀਜਾ ਸੀ ਅਤੇ ਅੱਜ ਵੀ ਹੈ। ਮਨੋਵਿਗਿਆਨ ਕਹਿੰਦਾ ਹੈ ਕਿ ਕੋਈ ਵੀ ਆਦਮੀ ਭਾਵੇਂ ਉਹ ਗ਼ਰੀਬ ਤੋਂ ਗ਼ਰੀਬ ਹੋਵੇ, ਪਲੀਤ ਤੋਂ ਪਲੀਤ ਹੋਵੇ ਅਤੇ ਉਹ ਵਿਤਕਰਿਆਂ ਵਿੱਚ ਜਿਉਣਾ ਨਹੀਂ ਚਾਹੁੰਦਾ … … ਅਜਿਹੇ ਵਿਤਕਰਿਆਂ ਵਾਲੇ ਜੀਵਨ ਦਾ ਹਮੇਸ਼ਾ ਵਿਰੋਧ ਹੋਵੇਗਾ ਅਤੇ ਹੋਣਾ ਵੀ ਚਾਹੀਦਾ, ਕਿਉਂਕੀ ਕੁਦਰਤੀ ਤੌਰ ’ਤੇ ਆਦਮੀ ਆਜ਼ਾਦ ਹੈ। ਜਦੋਂ ਕੁਦਰਤ ਹਰੇਕ ਇਨਸਾਨ ਨੂੰ ਸਭ ਕੁਝ ਬਰਾਬਰ ਵੰਡਦੀ ਹੈ ਤਾਂ ਇਨਸਾਨ ਕੌਣ ਹੈ ਵਿਤਕਰਾ ਕਰਨ ਵਾਲਾ? ਇਨਸਾਨ ਨੂੰ ਜਿੱਥੇ ਬਰਾਬਰਤਾ, ਇਕਸਾਰਤਾ ਅਤੇ ਭੇਦਭਾਵ ਰਹਿਤ ਲੋਕ ਮਿਲੇ, ਉਸਨੇ ਓਹੀ ਧਰਮ ਅਪਣਾ ਲਿਆ। ਇਹੀ ਕਾਰਨ ਸੀ ਕੇ ਭਾਰਤ ਵਿੱਚ ਲੋਕ ਸਿੱਖ, ਮੁਸਲਮਾਨ ਅਤੇ ਇਸਾਈ ਬਣੇ। ਪਰ ਇਹਨਾਂ ਨੇ ਵੀ ਉਹ ਵਲਗਣਾਂ ਪੂਰੇ ਤੌਰ ’ਤੇ ਨਹੀਂ ਢਾਹੀਆਂ।
ਬਾਬਾ ਸਾਹਿਬ ਅੰਬੇਦਕਰ ਨੇ ਆਪਣਾ ਸਾਰਾ ਜੀਵਨ ਇਸ ਅਛੂਤ ਦੇ ਸਵਾਲ ਨੂੰ ਹੱਲ ਕਰਨ ਲਈ ਗੂੜ੍ਹ ਅਧਿਐਨ ਕਰਦਿਆਂ ਬਿਤਾ ਦਿੱਤਾ। ਇਸੇ ਲਈ ਸੰਵਿਧਾਨ ਵਿੱਚ ਜਾਤ-ਪਾਤ, ਰੰਗ-ਭੇਦ, ਊਚ-ਨੀਚ ਆਦਿ ਦੇ ਬੁਰੇ ਅਧਿਆਏ ਖਤਮ ਕਰਨ ਦੀ ਸਖਤ ਵਿਵਸਥਾ ਕੀਤੀ। ਕੁਝ ਚੰਗੇ ਨੇਤਾਵਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਅਫਸਰਾਂ ਦੇ ਪੱਕੇ ਇਰਾਦਿਆਂ ਅਤੇ ਚੰਗੀ ਸੋਚ ਸਦਕਾ ਸਾਡਾ ਸੰਵਿਧਾਨ ਨਿਰਪੱਖਤਾ ਅਤੇ ਬਰਾਬਰੀ ਦਾ ਮੁਜੱਸਮਾ ਹੈ। ਸਖਤ ਕਨੂੰਨਾਂ ਰਾਹੀਂ ਅਛੂਤ ਦੀ ਇਸ ਧਾਰਨਾ ਨੂੰ ਸਖਤ ਸਜ਼ਾਵਾਂ ਨਾਲ ਖਤਮ ਕੀਤਾ ਗਿਆ ਹੈ। ਪਰ ਅੱਜ ਵੀ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਿਆਂ ਅਛੂਤ ਦਾ ਇਹ ਸਵਾਲ ਫੰਨ ਖਲਾਰੀ ਸਾਡੇ ਸਾਹਮਣੇ ਖੜ੍ਹਾ ਹੈ।
ਅਜੋਕੇ ਭਾਰਤ ਵਿੱਚ ਅੱਜ ਜਿੰਨੇ ਵੀ ਰਾਜਨੀਤੀਕ, ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਅਤੇ ਅਲੱਗਵਾਦ ਜਿਹੇ ਦਰਪੇਸ਼ ਮਸਲੇ ਹਨ, ਉਹਨਾਂ ਦੀ ਵੱਡੀ ਵਜਾਹ ਅੱਜ ਵੀ ਛੂਤ ਛਾਤ, ਜਾਤ-ਪਾਤ, ਫਿਰਕਾਪ੍ਰਸਤੀ, ਨਸਲ, ਰੰਗ ਅਤੇ ਵਰਗ-ਵਰਣ ਹਨ। ਭਾਵੇਂ ਸੰਵਿਧਾਨਿਕ ਅਤੇ ਕਨੂੰਨਨ ਤੌਰ ’ਤੇ ਇਹ ਮਸਲੇ ਦੋਸ਼ ਮੰਨ ਕੇ ਸਜ਼ਾ ਦੇਣ ਵਾਲੇ ਹਨ ਪਰ ਅੱਜ ਵੀ ਇਹ ਪੱਥਰ ਮਖਮਲ ਵਿੱਚ ਲਪੇਟ ਕੇ ਮਾਰਿਆ ਜਾਂ ਪਰੋਸਿਆ ਜਾ ਰਿਹਾ ਹੈ। ਧਰਮ ਨੂੰ, ਜਾਤਾਂ ਨੂੰ ਇੱਥੋਂ ਤਕ ਕਿ ਗੋਤਾਂ ਨੂੰ ਰਾਜਨੀਤਿਕ ਹਥਿਆਰ ਵਾਂਗ ਵਰਤਿਆ ਜਾ ਰਿਹਾ ਹੈ। ਜੇ ਪਿਛਲੇ 10-15 ਸਾਲਾਂ ਦੀਆਂ ਵਾਪਰੀਆਂ ਘਟਨਾਵਾਂ ਨੂੰ ਘੋਖੀਏ ਤਾਂ ਇੰਜ ਲਗਦਾ ਜਿਵੇਂ ਅਜਿਹੀ ਮੌਕਾਪ੍ਰਸਤੀ ਨੂੰ ਪੁੱਠਾਗੇੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਵੀ ਕਿਰਤੀ ਲੋਕਾਂ ਦੇ ਨਾਂਵਾਂ, ਘਰਾਂ ਅਤੇ ਮੁਹੱਲਿਆਂ ਉੱਤੇ ਜਾਤੀ ਸੂਚਕ ਰੰਗ ਚਾੜ੍ਹਿਆ ਜਾਂਦਾ ਹੈ ਅਤੇ ਭਾਰਤੀ ਸਮਾਜ ਦਾ ਇੱਕ ਵਰਗ ਆਪਣੇ ਆਪ ਨੂੰ ਸਵਰਨ ਦਸਣ ਦੀ ਕੋਸ਼ਿਸ਼ ਕਰਦਾ ਹੈ। … … ਇਸੇ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਕਿਹਾ ਹੈ, “ਸਮਾਜਿਕ ਇਨਕਲਾਬ ਲਈ ਉੱਠੋ … …”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5315)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.