“ਅਮੀਰੀ ਗਰੀਬੀ ਦਾ ਪਾੜਾ ਵਧਦਾ ਜਾ ਰਿਹਾ ਹੈ। ਧਰਮਾਂ, ਜਾਤਾਂ ਦਾ ਪਾੜਾ ...”
(26 ਜੂਨ 2026)
ਜਦੋਂ ਵੀ ਕੋਈ ਨਿਜ਼ਾਮ ਬਦਲਦਾ ਹੈ ਉਸਦਾ ਆਵਾਮ ’ਤੇ ਅਸਰ ਪੈਣਾ ਸੁਭਾਵਿਕ ਹੈ ਪਰ ਬਹੁਮਤਵਾਦ ਦਾ ਇੱਕ-ਪਾਸੜ ਜਿਹਾ ਅਸਰ ਦਹਿਸ਼ਤ ਅਤੇ ਭੈਅ ਭਰਿਆ ਮਾਹੌਲ ਬਣਾ ਦਿੰਦਾ ਹੈ। ਵਿਰੋਧੀਆਂ ਨੂੰ ਡਰਾ ਕੇ, ਦਬਕਾ ਕੇ ਜਾਂ ਘੇਰੇ ਵਿੱਚ ਲਿਆ ਕੇ ਨਾਲ ਮਿਲਾਉਣਾ ਅਤੇ ਮੋਦੀ ਵਾਸ਼ਿੰਗ ਮਸ਼ੀਨ ਵਿੱਚ ਨੁਹਾਉਣ-ਧੋਣ ਦੀ ਨੀਤੀ ਨਾਲ ਸਾਜ਼ਿਸ਼ ਤਹਿਤ ਗੁੱਠੇ ਲਾਉਣਾ ਆਦਿ ਤਾਂ ਕੋਈ ਭਾਰਤੀ ਜਨਤਾ ਪਾਰਟੀ ਤੋਂ ਸਿੱਖੇ। ਕਿੱਥੇ ਭਾਜਪਾ ਸਰਕਾਰ ਨਿਤੀਸ਼ ਅਤੇ ਨਾਇਡੂ ਦੀਆਂ ਫਹੁੜਿਆਂ ਨਾਲ ਚੱਲ ਰਹੀ ਸੀ, ਕਿੱਥੇ ਹੁਣ ਭਾਜਪਾ ਨੂੰ ਇਨ੍ਹਾਂ ਦੀ ਕੋਈ ਖਾਸ ਲੋੜ ਨਹੀਂ, ਕਿਉਂਕਿ ਦੋਹਾਂ ਸਦਨਾਂ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਹੁਣ ਲਗਭਗ ਭਾਰੀ ਬਹੁਮਤ ਦੀ ਪੂਰੀ ਜੁਗਾੜਬੰਦੀ ਹੈ। ਪਾਰਟੀਆਂ ਵਿੱਚ ਅਸੁਰੱਖਿਆ ਇਸ ਕਦਰ ਬਣੀ ਹੋਈ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਵੋਟਾਂ ਜਿੱਤ ਕੇ ਵੀ ਸੱਤਾ ਪ੍ਰਾਪਤ ਕਰਕੇ ਵੀ, ਸੱਤਾ ’ਤੇ ਕਾਬਜ਼ ਰਹਿਣ ਲਈ ਕਈ ਹਥਕੰਡੇ ਵਰਤਣੇ ਪੈ ਰਹੇ ਹਨ। ਭਾਜਪਾ ਦੀਆਂ ਜੋੜ-ਤੋੜ ਵਾਲੀਆਂ ਨੀਤੀਆਂ, ਖਰੀਦ-ਵੇਚ ਵਾਲੀਆਂ ਨੀਤੀਆਂ ਅਤੇ ਡਰਾਉਣ-ਫਸਾਉਣ ਵਾਲੀਆਂ ਨੀਤੀਆਂ ਤੋਂ ਸਭ ਪਾਰਟੀਆਂ ਡਰ ਰਹੀਆਂ ਹਨ। ਖਾਸ ਕਰਕੇ ਖੇਤਰੀ ਪਾਰਟੀਆਂ ਦਾ ਜੋ ਹਾਲ ਹੋ ਰਿਹਾ ਹੈ ਉਹ ਚਿੰਤਾਜਨਕ ਹੈ। ਦਿੱਲੀ ਵਿੱਚ ਆਮ ਆਦਮੀ ਦੀ ਤੂੰ-ਤੜੱਕ, ਬਿਹਾਰ ਵਿੱਚ ਨਤੀਸ਼ ਐਂਡ ਪਾਰਟੀ ਦਾ ਛੂੰ-ਛੜੱਕ, ਮਹਰਾਸ਼ਟਰਾ ਵਿੱਚ ਸ਼ਿਵ-ਸੈਨਾ ਠਾਕਰੇ ਪਾਰਟੀ ਦੀ ਭੰਨ-ਤੋੜ, ਬੰਗਾਲ ਦਾ ਹਾਲ ਬੇਹਾਲ ਹੈ ਅਤੇ ਕੁਝ ਕਿਆਸਾਂ ਅਧੀਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉੱਤਰ-ਪ੍ਰਦੇਸ਼ ਅਤੇ ਪੰਜਾਬ ਵੀ ਸਾਮ ਦਾਮ ਦੰਡ ਭੇਦ ਦੀ ਨੀਤੀ-ਕੁਨੀਤੀ ਨਾਲ ਜੂਝੇਗਾ।
ਬੰਗਾਲ ਦੀਆਂ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਭਾਰੀ ਜਿੱਤ ਦੀ ਦਾਸਤਾਂ ਭਾਵੇਂ ਜੋ ਵੀ ਰਹੀ ਹੋਵੇ ਪਰ ਉਸਦੇ ਤਖਤਾ ਪਲਟ ਦੀ ਦਾਸਤਾਂ ਲੋਕਤੰਤਰ ਦੀਆਂ ਡਿਗਦੀਆਂ ਕਦਰਾਂ ਕੀਮਤਾਂ ਨੂੰ ਮਲੀਆਮੇਟ ਕਰਨ ਵਿੱਚ ਇਤਿਹਾਸਿਕ ਪੱਧਰ ਤਕ ਪਹੁੰਚ ਗਈ ਹੈ। ਅਨੈਤਿਕਤਾ ਦਾ ਮੰਜ਼ਰ ਅਤੇ ਜਿੱਤ ਦਾ ਨਸ਼ਾ ਇਸ ਕਦਰ ਗਰੂਰ ਅਤੇ ਕਰੂਰ ਵਿੱਚ ਬਦਲਿਆ ਕਿ ਬਦਲੇ ਦੀ ਰੀਤੀ-ਨੀਤੀ ਨੇ ਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਤ੍ਰਿਣਾਮੂਲ ਕਾਂਗਰਸ ਪਾਰਟੀ ਦੇ ਜਿੱਤੇ ਹਾਰੇ ਮੈਂਬਰਾਂ ਅਤੇ ਨੇਤਾਵਾਂ ਨੂੰ ਹਾਲ ਬੇਹਾਲ ਕਰ ਦਿੱਤਾ। ਲੀਡਰ ਲੁਕ-ਲੁਕ ਕੇ ਆਪਣੀ ਜਾਨ, ਮਾਲ ਅਤੇ ਮਾਣ ਬਚਾ ਰਹੇ ਸਨ। ਕੱਛੇ ਬਨਿਆਨ ਵਿੱਚ ਹੀ ਸੜਕਾਂ ’ਤੇ ਪਰੇਡ ਕਰਵਾਈ ਜਾ ਰਹੀ ਹੈ, ਮੂੰਹ ’ਤੇ ਕਾਲਿਖ ਮਲ ਕੇ ਮਾਰਿਆ ਜਾ ਰਿਹਾ ਹੈ, ਜ਼ਬਰਦਸਤੀ ਕੁਰਸੀਆਂ ਤੋਂ ਧਰੂਇਆ ਜਾ ਰਿਹਾ ਹੈ। ਦਫਤਰਾਂ ਨੂੰ ਭੰਨ-ਤੋੜ ਕਰਕੇ ਮੈਂਬਰਾਂ ਦੀ ਕੁੱਟ-ਮਾਰ ਕੀਤੀ ਜਾ ਰਹੀ ਹੈ। ਮਹਿਲਾ ਮੈਂਬਰਾਂ ਤਕ ਨੂੰ ਬੇਇੱਜ਼ਤ ਕੀਤਾ ਗਿਆ। ਇੱਥੋਂ ਤਕ ਕਿ ਪਾਰਟੀ ਦੇ ਰਾਸ਼ਟਰੀ ਜਨਰਲ ਸੱਕਤਰ ਅਭਿਸ਼ੇਕ ਬੈਨਰਜੀ, ਸੰਸਦ ਮੈਂਬਰ ਕਲਿਆਣ ਬੈਨਰਜੀ, ਸੀਨੀਅਰ ਆਗੂ ਕਲਿਆਣ ਘੋਸ਼ ਅਤੇ ਹੋਰ ਸੀਨੀਅਰ ਮੈਂਬਰਾਂ ’ਤੇ ਹਮਲੇ ਕੀਤੇ ਗਏ। ਲਗਭਗ 2 ਹਜ਼ਾਰ ਦਫਤਰਾਂ ਨੂੰ ਬੁਰੀ ਤਰ੍ਹਾਂ ਤੋੜਿਆ ਅਤੇ ਲੁੱਟਿਆ ਗਿਆ ਹੈ ਅਤੇ ਕੁਝ ਵਰਕਰਾਂ ਦੀ ਮੌਤ ਦੀਆਂ ਖਬਰਾਂ ਹਨ। ਲੇਟ ਹੀ ਸਹੀ, ਹਾਰ ਕੇ ਹਾਈਕੋਰਟ ਨੂੰ ਸ਼ਾਂਤੀ ਬਹਾਲੀ ਲਈ ਦਿਸ਼ਾ ਨਿਰਦੇਸ਼ ਦੇਣੇ ਪਏ। ਪਰ ਉਦੋਂ ਤਕ ਚਿੜੀਆਂ ਖੇਤ ਚੁਗ ਚੁੱਕੀਆਂ ਸਨ।
ਜਦੋਂ ਵੀ ਅਤੇ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਾਬਜ਼ ਹੋਈ ਹੈ, ਭਾਵੇਂ ਉਹ ਕਿਸੇ ਵੀ ਤਰੀਕੇ ਦੇ ਜੋੜ-ਤੋੜ ਨਾਲ ਬਣੀ ਹੋਵੇ, ਉਸਨੂੰ ਵੱਡੀ ਜਿੱਤ ਐਲਾਨ ਕੇ ਪਤਾ ਨਹੀਂ ਕਿਉਂ ਉਸਨੂੰ ਸਾਮ, ਦਾਮ, ਦੰਡ, ਭੇਦ ਦੀ ਰਾਜਨੀਤੀ ਕਹਿ ਕੇ ਸਵੈਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਮੀਡੀਆ ਵੀ ਉਸਨੂੰ ਚਾਣਕਿਆ ਨੀਤੀ ਕਹਿ ਕਿ ਬਹੁਤ ਕੱਛਾਂ ਵਜਾਉਂਦਾ ਹੈ। ਉਹਨਾਂ ਦੇ ਪ੍ਰਵਕਤਾ ਅਤੇ ਨੇਤਾ ਵੀ ਆਪਣੇ ਵੱਡੇ ਨੇਤਾਵਾਂ ਨੂੰ ਭਾਰਤ ਦੇ ਪ੍ਰਾਚੀਨ ਮਹਾਨ ਵਿਦਵਾਨ ਚਾਣਕਿਆ ਨਾਲ ਜੋੜ ਕੇ ਵਡਿਆਉਂਦੇ ਨਹੀਂ ਥੱਕਦੇ। ਜਦੋਂ ਕਿ ਉਹਨਾਂ ਦੀ ਉਸ ਸਮੇਂ ਦੀ ਸਾਮ ਦਾਮ ਦੰਡ ਭੇਦ ਦੀ ਰਣਨੀਤੀ ਸੱਤਾ ਹਥਿਆਉਣਾ ਦਾ ਲੋਭ ਅਤੇ ਮੋਹ ਨਹੀਂ ਸੀ ਬਲਕਿ ਵਿਦੇਸ਼ੀਆਂ ਵੱਲੋਂ ਖੋਈ ਹੋਈ ਸੱਤਾ ਨੂੰ ਵਾਪਸ ਪਾਉਣ ਲਈ ਸੰਘਰਸ਼ ਦੇ ਰਾਹ ’ਤੇ ਚੱਲ ਕੇ, ਜਾਨ ਤਲੀ ’ਤੇ ਰੱਖ ਕੇ ਵਰਤੀਆਂ ਗਈਆਂ ਚਲਾਕ ਨੀਤੀਆਂ ਸਨ। ਵੈਸੇ ਰਾਜਾਸ਼ਾਹੀਆਂ ਦੇ ਦੌਰ ਵਿੱਚ ਸਾਮ ਦਾ ਅਰਥ ਹੈ ਸਮਝਾ ਕੇ, ਪ੍ਰੇਮ ਪੂਰਵਕ ਅਤੇ ਨਿਮਰਤਾ ਨਾਲ ਸਹਿਮਤ ਕਰਨਾ। ਦਾਮ ਦਾ ਅਰਥ ਹੈ ਧਨ ਨਾਲ, ਉਪਹਾਰ ਜਾਂ ਵੱਡੇ ਲਾਭ ਦੇ ਕੇ ਕੰਮ ਕਢਵਾਉਣੇ। ਦੰਡ ਅਰਥਾਤ ਸਜ਼ਾਵਾਂ ਅਤੇ ਸਖਤ ਤਰੀਕੇ ਵਰਤਣੇ। ਭੇਦ ਅਰਥਾਤ ਫੁੱਟ ਪਾ ਕੇ ਮੱਤਭੇਦ ਪੈਦਾ ਕਰਨਾ ਹੈ। ਪਰ ਸੱਤਾ ਵਿੱਚ ਰਹਿ ਕੇ ਸੱਤਾ ਦੀ ਸ਼ਕਤੀ ਦੀਆਂ ਏਜੰਸੀਆਂ ਦਾ ਦੁਰਪ੍ਰਯੋਗ ਕਰਕੇ, ਡਰਾ ਕੇ, ਧਮਕਾ ਕੇ, ਭਜਾ ਕੇ ਲੋਕਤੰਤਰ ਦੇ ਲੈਵਲ ਫੀਲਡ ਦੀ ਬਰਾਬਰਤਾ ਨਾ ਰਹਿਣ ਦੇਣਾ ਅਤੇ ਚੋਣਾਂ ਵਿੱਚ ਆਪਣੇ ਤੌਰ-ਤਰੀਕਿਆਂ ਅਤੇ ਆਪਣੇ ਹੱਥ-ਕੰਡਿਆਂ ਨਾਲ ਜਿੱਤ ਪ੍ਰਾਪਤ ਕਰਨਾ ਸਾਮ ਦਾਮ ਦੰਡ ਭੇਦ ਦੀ ਨੀਤੀ ਦੇ ਉਲਟ ਹੈ।
ਲਾਅ ਐਂਡ ਆਰਡਰ ਦੇ ਹੁੰਦਿਆਂ-ਸੁੰਦਿਆਂ ਬੰਗਾਲ ਵਿੱਚ ਬੰਦਿਆਂ ਦੀ ਕੁੱਟ, ਦਫਤਰਾਂ-ਦੁਕਾਨਾਂ ਦੀ ਲੁੱਟ ਅਤੇ ਮੂਰਤੀਆਂ ਦੀ ਭੰਨ-ਤੋੜ ਦਾ ਇੱਕ ਦਹਿਸ਼ਤੀ ਅਤੇ ਭੈਅਪੂਰਨ ਵਾਤਾਵਰਣ ਬਣਾਉਣ ਅਤੇ ਫੈਲਾਉਣ ਤੋਂ ਬਾਅਦ ਸ਼ੁਰੂ ਹੋਇਆ ਤ੍ਰਿਣਾਮੂਲ ਕਾਂਗਰਸ ਪਾਰਟੀ ਦੀ ਭੰਨ-ਤੋੜ ਦਾ ਸਿਲਸਿਲਾ। ਚੋਣਾਂ ਜਿੱਤ ਕੇ ਆਏ 80 ਵਿਧਾਇਕਾਂ ਵਿੱਚੋਂ 60 ਦੇ ਇੱਕ ਅਹਿਮ ਮੀਟਿੰਗ ਵਿੱਚੋਂ ਗੈਰਹਾਜ਼ਿਰ ਹੋ ਜਾਣ ਨੇ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਦੇ ਪੈਰਾਂ ਹੇਠੋਂ ਮੰਨੋ ਜ਼ਮੀਨ ਹੀ ਖਿੱਚ ਲਈ। ਲੋਕਸਭਾ ਅਤੇ ਰਾਜਸਭਾ ਵਿੱਚੋਂ ਵੀ ਲਗਭਗ ਡੇਢ ਕੁ ਦਰਜਨ ਸਾਂਸਦਾਂ ਨੇ ਨਰਾਜ਼ਗੀ ਦੱਸ ਕੇ ਨਜ਼ਰ ਫੇਰ ਲਈ ਅਤੇ ਆਪਣੇ ਆਪ ਨੂੰ ਇੱਕ ਨਵਾਂ ਰਜਿਸਟਡ ਦਲ ਦੱਸਿਆ। ਹੈਰਾਨੀ ਨਾਲ ਸੋਚਣ ਵਾਲੀ ਗੱਲ ਇਹ ਵੀ ਹੈ ਕਿ 2014 ਤੋਂ ਬਾਅਦ ਜਿੱਥੇ ਜਿੱਥੇ ਵੀ ਕਿਸੇ ਦੂਸਰੀ ਪਾਰਟੀ ਦੀ ਲੰਮੀ ਸੱਤਾ ਨੂੰ ਜਿੱਤ ਕੇ ਪਹਿਲੀਵਾਰ ਭਾਰਤੀ ਜਨਤਾ ਪਾਰਟੀ ਨੇ ਡਬਲ ਇੰਜਨ ਦੀ ਸਰਕਾਰ ਬਣਾਈ ਹੈ, ਉਸ ਸਟੇਟ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਬੰਗਾਲ ਵਰਗੀਆਂ ਹੁਣੇ ਹੁਣੇ ਵਾਪਰ ਰਹੀਆਂ ਪ੍ਰਸਥਿਤੀਆਂ ਵਿੱਚੋਂ ਨਾ ਚਾਹੁੰਦੇ ਵੀ ਲੰਘਣਾ ਪਿਆ ਹੈ। ਫਿਰ ਭਾਵੇਂ ਉਹ ਆਸਾਮ, ਤ੍ਰਿਪੁਰਾ ਅਤੇ ਮਨੀਪੁਰ ਵਰਗੇ ਨਿੱਕੇ ਅਤੇ ਬਾਰਡਰ ਦੇ ਮਹੱਤਵਪੁਰਨ ਸਟੇਟ ਹੀ ਕਿਉਂ ਨਾ ਹੋਣ। ਮਨੀਪੁਰ ਤਾਂ ਅਜੇ ਵੀ ਅਜਿਹੀ ਅੱਗ ਵਿੱਚ ਲਗਾਤਾਰ ਸੜ-ਮਰ ਰਿਹਾ ਹੈ।
ਕਹਿੰਦੇ ਨੇ ਪੈਸਾ, ਪਾਵਰ ਅਤੇ ਪ੍ਰਸਿੱਧੀ ਬੰਦੇ ਨੂੰ ਤਾਨਾਸ਼ਾਹਾਂ ਵਾਂਗ ਬਣਾ ਦਿੰਦੀ ਹੈ। ਇਸ ਵੇਲੇ ਭਾਰਤੀ ਜਨਤਾ ਪਾਰਟੀ ਕੋਲ ਇਹ ਤਿੰਨੋ ਪੱਪੇ ਭਰਪੂਰ ਮਾਤਰਾ ਵਿੱਚ ਹਨ। ਪ੍ਰਸਿੱਧੀ ਦੀ ਗੱਲ ਕਰੀਏ ਤਾਂ ਭਾਜਪਾ ਕੋਲ ਮੋਦੀ ਹੈ ਤੋ ਮੁੰਮਕਿਨ ਹੈ ਦੀ ਪ੍ਰਸਿੱਧੀ ਨਾਲ ਪੂਰੇ ਭਾਰਤ ਵਿੱਚ 14-15 ਕਰੋੜ ਦੀ ਪ੍ਰਾਇਮਰੀ ਮੈਂਬਰਸ਼ਿੱਪ ਹੈ ਜੋ ਇਸ ਨੂੰ ਸਭ ਤੋਂ ਵੱਡੀ ਪਾਰਟੀ ਬਣਾਉਂਦੀ ਹੈ। ਪੈਸੇ ਦੀ ਗੱਲ ਕਰੀਏ ਤਾਂ ਭਾਰਤ ਦੀ ਕੋਈ ਵੀ ਪਾਰਟੀ ਭਾਜਪਾ ਦੇ ਨੇੜੇ-ਤੇੜੇ ਵੀ ਨਹੀਂ ਖੜ੍ਹ ਸਕਦੀ। ਕਹਿੰਦੇ ਹਨ ਉਸ ਕੋਲ ਲਗਭਗ 10 ਹਜ਼ਾਰ ਕਰੋੜ ਰੁਪਏ ਦੀ ਮਾਲਕੀ ਹੈ ਅਤੇ ਉਸਦੀ ਵਰੋਧੀ ਕਾਂਗਰਸ ਕੋਲ ਸਿਰਫ 134-35 ਕਰੋੜ ਹੈ। ਲਗਭਗ 75 ਗੁਣਾਂ ਪੈਸੇ ਦੀ ਵੱਧ ਤਾਕਤ ਨਾਲ ਚੋਣ ਫੀਲਡ ਵਿੱਚ ਆਉਂਦੀ ਹੈ। ਵਿਸ਼ਲੇਸ਼ਕ ਦੱਸਦੇ ਹਨ ਕਿ ਦੁਬਾਰਾ ਚੋਣਾਂ ਲੜ ਰਹੇ ਮੈਂਬਰਾਂ ਦੀ ਆਮਦਨ ਵਿੱਚ ਲਗਾਤਾਰ ਵਾਧਾ ਵੀ ਹੋਇਆ ਹੈ। ਰਾਜ ਸਭਾ ਅਤੇ ਲੋਕ ਸਭਾ ਵਿੱਚ ਭਾਜਪਾ ਅਤੇ ਸਹਿਯੋਗੀਆਂ ਦੀ ਬਹੁਗਿਣਤੀ ਸੱਤਾ ਦੀ ਪਾਵਰ ਨਹੀਂ ਤਾਂ ਹੋਰ ਕੀ ਹੈ। ਉਸਦੀ ਜੋੜ-ਤੋੜ ਦੀ ਨੀਤੀ, ਵਾਸ਼ਿੰਗ ਮਸ਼ੀਨ ਦੀ ਧੁਲਾਈ, ਈ ਡੀ ਅਤੇ ਸੀ ਬੀ ਆਈ ਆਦਿ ਕੇਂਦਰ ਦੀਆਂ ਏਜੰਸੀਆਂ ਦੀ ਹਥਿਆਰਾਂ ਵਾਂਗ ਵਰਤੋਂ ਅੱਗੇ ਨੇਤਾ ਖੜ੍ਹਨ ਤੋਂ ਡਰਦੇ ਹਨ। ਨਰਿੰਦਰ ਵਾਲੇ ਸਰੰਡਰ ਵਾਂਗ ਚੁੱਪ ਧਾਰ ਕੇ “ਦੜ ਵੱਟ ਜ਼ਮਾਨਾ ਕੱਟ” ਜਿਹੀ ਕਹਾਵਤ ਹੋ ਜਾਂਦੇ ਹਨ। ਤਾਂਹੀਂ ਤਾਂ ਉਹ ਕਾਮਯਾਬ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਧਾਇਕਾਂ ਅਤੇ ਸਾਂਸਦਾਂ ਨੇ ਵੀ ਆਪਣੀਆਂ ਜ਼ਮੀਰਾਂ ਕਿੱਲੀਆਂ ਉੱਤੇ ਟੰਗੀਆਂ ਹੋਈਆਂ ਹਨ। ਇਹ ਵਸਤਰ ਬਦਲਣ ਅਤੇ ਵਿਚਾਰਧਾਰਾ ਬਦਲਣ ਵਿੱਚ ਬਹੁਤਾ ਫਰਕ ਨਹੀਂ ਸਮਝਦੇ। ਇੱਥੋਂ ਤਕ ਕਿ ਸਮਾਜਵਾਦ ਦੇ ਨਾਅਰੇ ਨਾਲ ਲੋਕਾਂ ਦੀਆਂ ਵੋਟਾਂ ਕੈਸ਼ ਕਰਨ ਵਾਲੇ ਫਿਰਕਾਵਾਦ ਨਾਲ ਸਟੇਜ, ਮੇਜ਼ ਅਤੇ ਸੇਜ਼ ਦੇ ਭਾਗੀਦਾਰ ਹੋ ਜਾਂਦੇ ਹਨ। ਕੈਸ਼ ਅਤੇ ਸੱਤਾ ਦੀ ਐਸ਼ ਅੱਗੇ ਵਿਚਾਰਧਾਰਾ ਬੌਣੀ ਹੁੰਦੀ ਜਾ ਰਹੀ ਹੈ। ਲੀਡਰਾਂ ਵਿੱਚ ਦੇਸ਼ ਭਗਤੀ, ਕੁਰਬਾਨੀ ਦਾ ਜਜ਼ਬਾ ਅਤੇ ਸਵੈਤਿਆਗ ਦੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ। ਪਾਰਟੀ ਮੈਂਬਰ ਪਾਰਟੀ ਵਿਚਾਰਧਾਰਾ ਨੂੰ ਅਹਿਮ ਨਾ ਸਮਝ ਕੇ ਸਵੈਹਿਤਾਂ ਦੀ ਪੂਰਤੀ ਵਿੱਚ ਖੁੱਭਦੇ ਜਾ ਰਹੇ ਹਨ। ਰਾਜਨੀਤਿਕ ਪਾਰਟੀਆਂ ਵਿੱਚ ਜਥੇਬੰਦ ਹੋ ਕੇ ਲੜਨ ਵਾਲਾ ਹੋਸ਼ ਅਤੇ ਜੋਸ਼ ਦੇਖਣ ਨੂੰ ਨਹੀਂ ਮਿਲਦਾ। ਭਾਰਤੀ ਜਨਤਾ ਪਾਰਟੀ ਅਤੇ ਉਸਦੀ ਆਕਾ ਸੰਸਥਾ ਜਿੱਥੇ ਆਪਣੇ ਫਾਇਦੇ ਦੀ ਰਾਜਨੀਤੀ ਲਈ ਮਸ਼ਹੂਰ ਹੈ, ਉੱਥੇ ਉਹ ਫਿਰਕੂ, ਫਾਸ਼ੀ ਅਤੇ ਫੁੱਟ-ਪਾਉ ਮਾਹੌਲ ਬਣਾਉਣ ਵਿੱਚ ਕਦੇ ਪਿੱਛੇ ਨਹੀਂ ਹਟਦੀ। ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਅਨੇਕਤਾ ਵਿੱਚ ਏਕਤਾ ਵਾਲੇ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਨਾਜ਼ਕ ਪ੍ਰਸਥਿਤੀਆਂ ਲਗਾਤਾਰ ਵਧ-ਫੁੱਲ ਰਹੀਆਂ ਹਨ। ਇੰਜ ਮਹਿਸੂਸ ਕੀਤਾ ਜਾ ਰਿਹਾ ਕਿ ਅਜਿਹੀਆਂ ਤਾਕਤਾਂ ਦਾ ਬੋਲਬਾਲਾ ਵਧ ਗਿਆ ਹੈ।
ਵੈਸੇ ਲੋਕਤੰਤਰ ਵਿੱਚ ਸਾਮ ਦਾਮ ਦੰਡ ਭੇਦ ਦੇ ਅਜਿਹੇ ਰੂਪ ਅਤੇ ਇਸ ਤਰ੍ਹਾਂ ਦੀ ਦੁਰਵਰਤੋਂ ਨੂੰ ਕੋਈ ਥਾਂ ਨਹੀਂ ਹੈ। ਦੇਸ਼ ਜੁੜਨ ਦੀ ਥਾਂ ਟੁੱਟ ਰਿਹਾ ਹੈ। ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਲਗਾਤਾਰ ਡਿਗ ਰਹੀਆਂ ਹਨ। ਅਨੇਕਤਾ ਵਿੱਚ ਏਕਤਾ ਦਾ ਗਰਾਫ ਡਿਗਣ ਕਰਕੇ ਸਾਡਾ ਵਿਸ਼ਵ ਵਿੱਚ ਮਜ਼ਬੂਤ ਲੋਕਤੰਤਰ ਦਾ ਗਰਾਫ ਵੀ ਹੇਠਾਂ ਚਲਾ ਗਿਆ ਹੈ। ਅੰਤਰਾਸ਼ਟਰੀ ਵਿਦੇਸ਼ੀ ਸੰਬੰਧਾਂ, ਵਪਾਰਿਕ ਸੰਬੰਧਾਂ ਅਤੇ ਇੱਥੋਂ ਤਕ ਕਿ ਸਾਡੇ ਗੁਆਂਢੀ ਦੇਸ਼ਾਂ ਦੇ ਮੈਤਰੀਪੂਰਨ ਸੰਬੰਧਾਂ ਆਦਿ ਵਿੱਚ ਗਿਰਾਵਟ ਆਈ ਹੈ। ਮਹਿੰਗਾਈ ਦੇ ਮਾਮਲੇ ਵਿੱਚ ਵੀ ਅਸੀਂ ਵਿਸ਼ਵ ਵਿੱਚ ਚੱਲ ਰਹੀਆਂ ਜੰਗਾਂ ਦੇ ਸਿਰ ਭਾਂਡਾ ਨਹੀਂ ਭੰਨ ਸਕਦੇ, ਅਸੀਂ ਲਗਾਤਾਰ ਆਰਥਿਕ ਗਿਰਾਵਟ ਵੱਲ ਜਾ ਰਹੇ ਹਾਂ। ਇਸ ਵੇਲੇ ਭਾਰਤ ਬਹੁਤ ਹੀ ਕਠਿਨ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਭਾਰਤੀ ਜਨਤਾ ਪਾਰਟੀ 2014 ਤੋਂ ਕੇਂਦਰ ਵਿੱਚ ਸੱਤਾ ’ਤੇ ਕਾਬਜ਼ ਹੈ ਅਤੇ ਮਾਨਯੋਗ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ “ਸਭ ਕਾ ਸਾਥ” ਦੇਣ ਦੇ ਬਾਵਜੂਦ ਵੀ “ਸਭ ਦਾ ਵਿਕਾਸ” ਨਹੀਂ ਹੋਇਆ ਅਤੇ ਨਾ ਹੀ ਬਰਾਬਰ ਵਿਕਾਸ ਹੋਇਆ ਹੈ। ਅਮੀਰੀ ਗਰੀਬੀ ਦਾ ਪਾੜਾ ਵਧਦਾ ਜਾ ਰਿਹਾ ਹੈ। ਧਰਮਾਂ, ਜਾਤਾਂ ਦਾ ਪਾੜਾ ਵਧਦਾ ਜਾ ਰਿਹਾ ਹੈ। ਭ੍ਰਿਸ਼ਟਾਚਾਰ ਵਧਿਆ ਹੈ, ਬੇਰੋਜ਼ਗਾਰੀ ਅਤੇ ਬੇਰੋਜ਼ਗਾਰ ਲਗਾਤਾਰ ਵਧ ਰਹੇ ਹਨ। ਧਰਮਾਂ ਦਾ ਪ੍ਰਚਾਰ ਅਤੇ ਧਰਮਾਂ ਦਾ ਵਪਾਰ ਸਿਖਰ ਵੱਲ ਹੈ। ਜੇ ਕੁਝ ਘਟਿਆ ਹੈ ਤਾਂ ਉਹ ਹੈ ਆਪਸੀ ਪਿਆਰ, ਵਿਸ਼ਵਾਸ, ਸਾਂਝ ਅਤੇ ਭਾਈਚਾਰਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































