“ਇਨ੍ਹਾਂ ਨੂੰ ਸਿਰਫ ਆਧੁਨਿਕ ਪੀੜ੍ਹੀ ਕਹਿਣਾ ਕਾਫੀ ਨਹੀਂ ਹੈ, ਇਹ ਉਹ ਹਨ ਜੋ ...”
(20 ਅਗਸਤ 2026)
ਭਾਰਤ ਸਰਕਾਰ ਦਾ ਇਹ ਮੌਨਸੂਨ ਸੈਸ਼ਨ ਤਾਂ ਭਾਸ਼ਣਬਾਜ਼ੀ, ਨਾਅਰੇਬਾਜ਼ੀ ਅਤੇ ਲਾਪਤਾ ਮੰਤਰੀਆਂ ਦੀ ਭੇਟ ਚੜ੍ਹ ਗਿਆ ਅਤੇ ਲੋਕਰਾਜ ਵਿੱਚ ਲੋਕਾਂ ਦੇ ਪੈਸਿਆਂ ਨਾਲ ਚੱਲਣ ਵਾਲਾ ਕਰੋੜਾਂ ਦਾ ਸੈਸ਼ਨ ਖੂਹ-ਖਾਤੇ ਪੈ ਗਿਆ। ਭਾਰਤੀ ਸੰਸਦ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਕਿ 25 ਦਿਨਾਂ ਦੇ ਸੈਸ਼ਨ ਵਿੱਚ ਦੇਸ਼ ਦਾ ਗ੍ਰਹਿ-ਮੰਤਰੀ ਅਤੇ ਪ੍ਰਧਾਨ ਮੰਤਰੀ ਦੋਵੇਂ ਨਾ ਜਾਣ, ਪਰ ਲਗਾਤਾਰ ਸੰਸਦ ਭਵਨ ਵਿੱਚ ਤਾਂ ਆਉਣ ਪਰ ਸੈਸ਼ਨ ਵਿੱਚ ਹਾਜ਼ਰੀ ਹੀ ਨਾ ਦੇਣ ਅਤੇ ਸਮਾਂ ਗਵਾ ਕੇ ਘਰ ਚਲੇ ਜਾਣ। ਠੀਕ ਉਸੇ ਤਰ੍ਹਾਂ ਲਗਦਾ ਜਿਵੇਂ ਕੋਈ ਨਾਲਾਇਕ, ਕੰਮਚੋਰ ਅਤੇ ਵਿਗੜਿਆ ਵਿਦਿਆਰਥੀ ਘਰੋਂ ਤਿਆਰ-ਬਿਆਰ ਹੋ ਕੇ ਸਕੂਲ ਜਾਂ ਕਾਲਜ ਵਿੱਚ ਤਾਂ ਜਾਵੇ ਪਰ ਕੋਈ ਪੀਰਿਅਡ ਨਾ ਲਾਵੇ, ਸਿਰਫ ਕੰਨਟੀਨ ਨੂੰ ਭਾਗ ਲਾਵੇ, ਮਾਂ-ਪਿਓ ਦਾ ਪੈਸਾ ਉਡਾਵੇ ਅਤੇ ਉਲਟਾ ਕਾਲਜ ਨੂੰ ਅਤੇ ਮਾਂ-ਪਿਓ ਨੂੰ ਹੀ ਅੱਖਾਂ ਵੀ ਵਿਖਾਵੇ। ਅਸਲ ਵਿੱਚ ਜੰਤਰ-ਮੰਤਰ ਦੇ ਕੌਕਰੋਚ ਜਨਤਾ ਪਾਰਟੀ ਜੋ ਅਜੇ ਸ਼ਾਇਦ ਸਹੀ ਤਰ੍ਹਾਂ ਰਜਿਸਟਰਡ ਵੀ ਨਹੀਂ ਹੈ ਉਸਦੇ ਨਾਲ ਲੋਕਾਂ ਨੇ ਇਕਮੁੱਠ ਹੋ ਕੇ 21 ਜੁਲਾਈ ਦੇ ਸੰਸਦ ਮਾਰਚ ਵਾਲੇ ਅੰਦੋਲਨ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੇ ਇਸ ਰੋਸ ਧਰਨੇ ਵਿੱਚ ਉਸਦੀ ਹਿਮਾਇਤ ਲਈ ਆਮ ਲੋਕਾਂ ਦਾ ਆਉਣਾ, ਖਾਸ ਕਰ ਨਵੀਂ ਪੀੜ੍ਹੀ ਦੇ ਜਵਾਨਾਂ ਦਾ ਆਪ ਮੁਹਾਰੇ ਜੁੜਨਾ ਅਤੇ ਸਮਾਜਸੇਵੀ ਸੋਨਮ ਵਾਂਗਚੁੱਕ ਵਾਲੀ ਅਣਕਿਆਸੀ ਘਟਨਾ ਦੇ ਬਾਵਜੂਦ ਵੀ ਜਨਰੇਸ਼ਨ-ਜੀ ਦੇ ਹੋਸ਼, ਜੋਸ਼ ਅਤੇ ਸਬਰ ਨੇ ਗ੍ਰਹਿ-ਮੰਤਰੀ ਅਮਿਤ ਸ਼ਾਹ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਬੀਜੇਪੀ ਆਦਿ ਦੇ ਹੋਸ਼ ਅਤੇ ਜੋਸ਼ ਨੂੰ ਪਸਤ ਕਰ ਦਿੱਤਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸ਼ਭ ਕੁਝ ਜਨਰੇਸ਼ਨ-ਜੀ ਨੇ ਸਿੱਖਿਆ ਵਿੱਚ ਸੁਧਾਰ ਲਈ, ਨੀਟ ਪੇਪਰ ਲੀਕ ਅਤੇ ਹੋਰ ਪ੍ਰੀਖਿਆਵਾਂ ਦੇ ਲੀਕ ਹੋਣ ਦੇ ਮੁੱਦੇ ਦੇ ਵਿਰੋਧ ਵਿੱਚ ਕੇਂਦਰੀ ਸਿੱਖਿਆ-ਮੰਤਰੀ ਜਿਤੇਂਦਰ ਪ੍ਰਧਾਨ ਦੇ ਅਸਤੀਫੇ ਅਤੇ ਸਿਸਟਮ ਦੀ ਨਾਕਾਮੀ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਵਿਦਿਆਰਥੀਆਂ ਨੂੰ ਕੰਪਨਸੇਟ ਕਰਵਾਉਣ ਆਦਿ ਦੇ ਮੰਤਵ ਨਾਲ ਜੰਤਰ-ਮੰਤਰ ਨੂੰ ਸੜਕ-ਸੰਸਦ ਬਣਾਇਆ ਅਤੇ ਦੇਸ਼ ਨੂੰ ਇੱਕ ਉਸਾਰੂ ਬਹਿਸ ਵੱਲ ਮੋੜਿਆ। ਅੱਜ ਭਾਰਤ ਦੇ ਹਰ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਸਿੱਖਿਅਕ ਸੰਸਥਾਵਾਂ ਦੇ ਪਿੜਾਂ (ਗਲਿਆਰਿਆਂ) ਵਿੱਚ ਸੋਸ਼ਲ ਮੀਡੀਆ ਦੀ ਉਤਪਤੀ ਕੌਕਰੋਚ ਜਨਤਾ ਪਾਰਟੀ ਦੇ ਪਲੇਟਫਾਰਮ ਤੋਂ ਲੜੇ ਗਏ ਜਾਂ ਲੜੇ ਜਾ ਰਹੇ ਅੰਦੋਲਨ ਦੀਆਂ ਚਰਚਾਵਾਂ ਹਨ। ਮਹਿਸੂਸ ਕੀਤਾ ਜਾ ਰਿਹਾ ਹੈ ਕਿ 2020 ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਅੰਦੋਲਨ ਦੀ ਲਹਿਰ ਉਸਾਰੀ ਵਾਂਗ ਹੀ ਨੌਜਵਾਨਾਂ ਨੇ ਹਰ ਸਮੇਂ ਜਬਰ ਖਿਲਾਫ ਸਬਰ ਦਿਖਾਇਆ ਹੈ, ਨਫਰਤ ਦੀ ਥਾਂ ਮੁਹੱਬਤ ਦੀ ਦੁਕਾਨ ਖੋਲ੍ਹ ਕੇ ਰੱਖੀ ਹੈ, ਅਨੇਕਤਾ ਵਿੱਚ ਏਕਤਾ ਅਖਾੜਾ ਜਮਾ ਕੇ ਰੱਖਿਆ ਅਤੇ ਜਾਗਰੂਕਤਾ ਦੀ ਮਸ਼ਾਲ ਬਾਲ ਕੇ ਰੱਖੀ ਹੈ। ਇੱਕ ਵਾਰੀ ਫਿਰ ਹਿੰਦੂ-ਮੁਸਲਿਮ-ਸਿੱਖ-ਇਸਾਈ ਏਕਤਾ ਅਤੇ ਭਾਈਚਾਰੇ ਨੇ ਹਿੰਦੂ-ਮੁਸਲਿਮ ਕਰਕੇ ਫੁੱਟ ਪਾਉ ਵੱਟਸਐਪ ਯੂਨੀਵਰਸੀਟੀਆਂ ਦੇ ਗੇਟ ਬੰਦ ਕਰ ਦਿੱਤੇ ਅਤੇ ਗੋਦੀ ਮੀਡੀਆ ਦੀਆਂ ਇੱਕ ਪਾਸੜ ਵਾਲੀਆਂ ਖਿੜਕੀਆਂ ਖੜ-ਖੜ ਖੜਕਦੀਆਂ ਰਹੀਆਂ। ਲਗਾਤਾਰ ਵੋਟਾਂ ਪਾ ਕੇ ਬੀਜੇਪੀ ਨੂੰ ਜਿਤਾਉਣ ਵਾਲਾ ਵੱਡਾ ਵੋਟ ਬੈਂਕ ਆਪ ਮੁਹਾਰਾ ਜੰਤਰ-ਮੰਤਰ ’ਤੇ ਪਹੁੰਚ ਗਿਆ। ਇਸ ਤਰ੍ਹਾਂ ਸਮਾਜ ਦਾ ਹਰ ਵਰਗ ਉਸਦਾ ਹਿੱਸਾ ਬਣਦਾ ਗਿਆ। ਕੌਕਰੋਚਾਂ ਨੇ 12 ਸਾਲ ਦੀ ‘ਪਾੜੋ ਅਤੇ ਰਾਜ ਕਰੋ’ ਦੀ ਸੌੜੀ ਰਾਜਨੀਤੀ ਦੇ ਗੁਬਾਰੇ ਦੀ ਫੂਕ ਕੱਢ ਦਿੱਤੀ ਹੈ।
ਮਨੋਵਿਗਿਆਨ ਦੇ ਵਿਦਵਾਨ ਦੱਸਦੇ ਹਨ ਕਿ ਜੋ ਬੰਦੇ ਦੇ ਦਿਮਾਗ ਵਿੱਚ ਲਗਾਤਾਰ ਚੱਲ ਰਿਹਾ ਹੁੰਦਾ ਹੈ, ਉਹ ਹੀ ਉਸਦੀ ਜ਼ਬਾਨ ’ਤੇ ਸ਼ਬਦ ਬਣਕੇ ਨਿਕਲਦਾ ਹੈ। ਹੁਣ ਭਾਵੇਂ ਮਾਨਯੋਗ ਚੀਫ ਜਸਟਿਸ ਸਾਹਿਬ ਸਫਾਈਆਂ ਦਿੰਦੇ ਫਿਰਨ ਕਿ ਕੌਕਰੋਚ ਵਾਲਾ ਮਾਮਲਾ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਅੰਡਰਐਸਟੀਮੇਟ ਕਰਨ ਦਾ ਮਾਮਲਾ ਮੇਰਾ ਅਤੇ ਵਿਦਿਆਰਥੀਆਂ ਦੇ ਵਿੱਚ ਦਾ ਮਾਮਲਾ ਹੈ ਪਰ ਅਸਲ ਵਿੱਚ ਜੰਤਰ-ਮੰਤਰ ’ਤੇ ਹੋਏ ਤਸ਼ੱਦਦ ਦੀ ਗੰਭੀਰਤਾ ਨੂੰ ਨਾ ਸਮਝਣ ਦੀ ਬੇਸਮਝੀ ਦਾ ਮਾਮਲਾ ਹੈ, ਨਜ਼ਰਅੰਦਾਜ਼ੀ ਅਤੇ ਨਜ਼ਰਫੇਰੀ ਦਾ ਮਾਮਲਾ ਹੈ। ਨਾਲਦਾ ਲਾਅ ਯੂਨੀਵਰਸੀਟੀ ਦੇ 400 ਤੋਂ ਵੱਧ ਵਿਦਿਆਰਥੀਆਂ ਦਾ ਚਿੱਠੀ ਲਿਖ ਕੇ ਮਾਨਯੋਗ ਚੀਫ ਜਸਟਿਸ ਸਾਹਿਬ ਤੋਂ ਡਿਗਰੀ ਨਾ ਲੈਣ ਦਾ ਅਸਲ ਕਾਰਨ ਨੌਜਵਾਨਾਂ ਨੂੰ ਕੌਕਰੋਚ ਕਹਿਣ ਅਤੇ ਨਜੌਵਾਨਾਂ ਲਈ ਸਮਾਂ ਨਾ ਹੋਣ ਦਾ ਮਾਮਲਾ ਹੈ। ਇਹ ਇੱਕ ਸ਼ੁਰੂਆਤ ਹੈ ਉਨ੍ਹਾਂ ਨੇਤਾਵਾਂ, ਮੰਤਰੀਆਂ ਅਤੇ ਅਫਸਰਾਂ ਦੇ ਖਿਲਾਫ ਜਿਹੜੇ ਨੌਜਵਾਨਾਂ ਨੂੰ ਗੈਰਜ਼ਿੰਮੇਦਾਰ, ਭਟਕੇ ਅਤੇ ਸਿਰਫਿਰੇ ਸਮਝਦੇ ਹਨ। ਅੰਦੋਲਨਕਾਰੀਆਂ ਦੀ ਇਸ ਜਨਰੇਸ਼ਨ-ਜੀ ਨੂੰ ਗਟਰ ਜਨਰੇਸ਼ਨ, ਕੀੜੇ-ਮਕੌੜੇ, ਅੰਦੋਲਨਜੀਵੀ ਅਤੇ ਅਰਬਨ ਨਕਸਲ ਜਾਂ ਹੁਣ ਦਿਮਾਗੀ ਨਕਸਲ ਸਮਝਦੇ ਹਨ। ਇੱਕ ਯੂ-ਟਿਊਬ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਜ਼ਰੀਏ ਵਿੱਚ ਜੇ ਸੱਤਾ ਨੂੰ ਸਵਾਲ ਕਰਨ ਵਾਲੇ ਦਿਮਾਗੀ ਨਕਸਲ ਹਨ ਇਸਦਾ ਅਰਥ ਹੈ ਕਿ ਲੋਕਾਂ ਨੂੰ ਮਾਰਨ-ਕੁੱਟਣ ਅਤੇ ਦਮਨ ਕਰਨ ਵਾਲੇ ਦਿਮਾਗੀ ਦੰਗਈਆਂ ਨਾਲੋਂ ਘੱਟ ਨਹੀਂ।
ਕਮਾਲ ਦੀ ਗੱਲ ਇਹ ਹੈ ਜੰਤਰ-ਮੰਤਰ ਦੇ ਪ੍ਰਟੈਸਟ ਵਿੱਚ ਲਾਠੀਚਾਰਜ ਕਰਦਿਆਂ ਇੱਕ ਪੁਲਿਸ ਮਹਿਲਾ ਨੌਜਵਾਨਾਂ ਉੱਤੇ ਲਾਠੀਆਂ ਬਰਸਾ ਰਹੀ ਹੈ। ਲਾਠੀਆਂ ਬਰਸਾਉਂਦੀ ਬਰਸਾਉਂਦੀ ਉਹ ਡਿਗ ਪੈਂਦੀ ਹੈ ਤਾਂ ਅੰਦੋਲਨਕਾਰੀ ਬੱਚੀ ਉਸਨੂੰ ਉਠਾਉਂਦੀ ਹੈ। ਅੰਦੋਲਨਕਾਰੀ ਪੁਲਿਸ ਵਾਲਿਆਂ ਨੂੰ ਪਾਣੀ ਪਿਲਾਉਂਦੇ ਰਹੇ ਜਦੋਂ ਕਿ ਪੁਲਿਸ ਵਾਲੇ ਮਾਰ-ਮਾਰ ਕੇ ਅੰਦੋਲਨਕਾਰੀਆਂ ਦਾ ਤੇਲ ਕੱਢ ਦਿੱਤਾ। ਬਰਬਰਤਾ ਦੀ ਹੱਦ ਉਸ ਵੇਲੇ ਪਾਰ ਹੋ ਗਈ ਜਦਂ ਮਰਦਾਨਾ ਪੁਲਿਸ ਵੱਲੋਂ ਮਹਿਲਾਵਾਂ ਨੂੰ ਬੂਰੀ ਤਰ੍ਹਾਂ ਮਾਰਿਆ ਗਿਆ ਅਤੇ ਉਹ ਉਨ੍ਹਾਂ ਦੇ ਕੱਪੜੇ ਖਿੱਚਣ ਤਕ ਗਏ। ਕਿੱਲਾਂ ਅਤੇ ਬਿਜਲੀ ਦੇ ਕਰੰਟ ਵਾਲੀਆਂ ਲੱਠਾਂ ਲੋਕਾਂ ਉੱਤੇ ਬਰਬਰਤਾਪੁਰਨ ਬਰਸਾਈਆਂ ਗਈਆਂ। ਇੱਕ ਖਾਸ ਤਰ੍ਹਾਂ ਦੀ ਗੰਨ, ਜੋ ਕਾਨੂੰਨਨ ਬੈਨ ਹੈ, ਉਸਦੇ ਸ਼ਰਰੇ ਕਈ ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਗਏ। ਔਰਤਾਂ ਦੇ ਨਿੱਜੀ ਅੰਗਾਂ ਤਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।
ਪੂਰੇ ਭਾਰਤ ਵਿੱਚ ਰੋਸ ਦੀ ਲਹਿਰ ਫੈਲਦੀ ਦੇਖ ਸਰਕਾਰ ਨੂੰ ਕੌਕਰੋਚਾਂ ਅੱਗੇ ਝੁਕਣਾ ਪਿਆ। ਅਸਤੀਫਾ ਲੈਣ ਦੇ ਬਾਵਜੂਦ ਅਗਲੇ ਦਿਨ ਸਦਨ ਵਿੱਚ ਜਿਤੇਂਦਰ ਪ੍ਰਧਾਨ ਦਾ ਸਦਨ ਵਿੱਚ ਫੁੱਲਾਂ ਨਾਲ ਸਵਾਗਤ ਕਰਕੇ ਉਸਨੂੰ ਕੁਰਬਾਨੀ ਦੇਣ ਵਾਲਿਆਂ ਵਾਂਗ ਪੇਸ਼ ਕੀਤਾ ਗਿਆ। ਠੀਕ ਉਸੇ ਤਰ੍ਹਾਂ ਜਿਵੇਂ ਬਿਲਕੀਸ ਬਾਨੋ ਦੇ ਹਤਿਆਰਿਆਂ ਨੂੰ 15 ਅਗਸਤ ਦੇ ਮੌਕੇ ਰੀਲੀਜ਼ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ, ਜਿਸਦਾ ਦੇਸ਼ ਵਿੱਚ ਅੱਜ ਵੀ ਰੋਸ ਹੈ। ਸ਼ਰਤਾਂ ਅਨੁਸਾਰ ਕੇਸ ਵਾਪਸ ਲੈਣਾ ਤਾਂ ਦੂਰ, ਉਲਟਾ ਅਭੀਜੀਤ ਦੀਪੀਕੇ ਅਤੇ ਹੋਰਾਂ ਉੱਤੇ ਈ.ਡੀ ਆਦਿ ਏਜੰਸੀਆਂ ਦੇ ਹਰਾਸਮੈਂਟ ਕਰਨ ਵਾਲੇ ਕੇਂਦਰ ਸਰਕਾਰ ਦੇ ਹਥਿਆਰ ਚਲਣੇ ਸ਼ੁਰੂ ਹਨ। ਪਰ ਸੀ. ਝੇ. ਪੀ. ਅਤੇ ਜਨਰੇਸ਼ਨ-ਜੀ ਨੇ ਆਪਣਾ ਹੌਸਲਾ, ਫੋਕਸ ਅਤੇ ਸਥਿਰਤਾ ਡਾਵਾਂਡੋਲ ਨਹੀਂ ਹੋਣ ਦਿੱਤੀ; ਜਿਸਦਾ ਪੂਰੇ ਭਾਰਤ ਵਿੱਚ ਸੰਦੇਸ਼ ਇਹ ਗਿਆ ਹੈ ਕਿ ਭਾਰਤੀ ਨੌਜਵਾਨ ਪੀੜ੍ਹੀ ਜ਼ਿੰਮੇਵਾਰ ਅਤੇ ਜਾਨਦਾਰ ਹੈ। ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਉਹ ਆਪਣੇ ਅਧਿਕਾਰਾਂ ਦੇ ਨਾਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਸਮਝਦੀ ਹੈ। ਜ਼ਿੰਮੇਵਾਰੀ ਦਾ ਅਰਥ ਸਿਰਫ ਆਪਣੇ ਭਵਿੱਖ ਦੀ ਚਿੰਤਾ ਕਰਨਾ ਨਹੀਂ, ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣਾ ਫਰਜ਼ ਨਿਭਾਉਣਾ ਵੀ ਹੈ।
ਜੋਸ਼ ਅਤੇ ਹੋਸ਼ ਦੇ ਨਾਲ ਨਾਲ ਜਨਰੇਸ਼ਨ-ਜੀ ਦੀ ਸਭ ਤੋਂ ਵੱਡੀ ਤਾਕਤ ਹੈ ਮੌਡਰਨ ਤਕਨੀਕ ਦੀ ਵਧੇਰੇ ਜਾਣਕਾਰੀ ਅਤੇ ਉਸ ਤਕ ਅਸਾਨ ਪਹੁੰਚ ਅਤੇ ਸਮਝ ਵੀ। ਜਾਣਕਾਰੀ ਦੇ ਪੱਖੋਂ ਜਨਰੇਸ਼ਨ-ਜੀ ਨੇ ਗੋਦੀ ਮੀਡੀਆ, ਮੇਨਲਾਈਨ ਮੀਡੀਆ ਅਤੇ ਬੀ ਜੇ ਪੀ ਇਨਫੋਰਮੇਸ਼ਨ ਏਜੰਸੀ ਸੈਲਾਂ ਨੂੰ ਵੀ ਪਛਾੜ ਕੇ ਰੱਖ ਦਿੱਤਾ। ਅੱਜ ਦਾ ਨੌਜਵਾਨ ਦੁਨੀਆਂ ਦੇ ਕਿਸੇ ਕੋਨੇ ਵਿੱਚ ਵਾਪਰ ਰਹੀ ਘਟਨਾ ਬਾਰੇ ਕੁਝ ਹੀ ਪਲਾਂ ਵਿੱਚ ਡਾਟਾ ਸਹਿਤ ਜਾਣਕਾਰੀ ਇਕੱਠੀ ਕਰ ਸਕਦਾ ਹੈ। ਸਿੱਖਿਆ, ਵਿਗਿਆਨ, ਟੈਕਨਾਲੋਜੀ, ਵਾਤਾਵਰਣ, ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਮਸਲਿਆਂ ਬਾਰੇ ਉਸਨੂੰ ਪਹਿਲਿਆਂ ਨਾਲੋਂ ਵਧੇਰੇ ਜਾਣਕਾਰੀ ਅਤੇ ਜਾਗਰੂਕਤਾ ਹੈ। ਮੈਨੂੰ ਲਗਦਾ ਇਹ ਜਨਰੇਸ਼ਨ-ਜੀ ਜ਼ਿੰਦਗੀ ਦੇ ਬਾਕੀ ਖੇਤਰਾਂ ਵਿੱਚ ਵੀ ਜਿਵੇਂ ਕਲਾ, ਖੇਡਾਂ, ਸਿੱਖਿਆ, ਵਿਗਿਆਨ ਅਤੇ ਉਦਯੋਗ ਦੀ ਟੈਕਨਾਲੋਜੀ ਸਮੇਤ ਹਰ ਖੇਤਰ ਵਿੱਚ ਅੱਗੇ ਵਧਣ ਦੀ ਸਮਰੱਥਾ ਰੱਖਦੀ ਹੈ।
ਲੋਕਤੰਤਰ ਦੀ ਖੂਬਸੂਰਤੀ ਨੂੰ ਸਮਝਣ ਵਾਲੇ ਲੋਕਾਂ ਨੂੰ, ਭਾਰਤੀ ਸੰਵਿਧਾਨ ਦੀ ਰੂਹ ਨੂੰ ਸਮਝਣ ਅਤੇ ਮਹਿਸੂਸ ਕਰਨ ਵਾਲੇ ਵਿਦਵਾਨਾਂ, ਵਿਸ਼ਲੇਸ਼ਕਾਂ ਅਤੇ ਆਪਣੇ ਘਰਾਂ ਤੋਂ ਦੂਰ ਸਰਹੱਦਾਂ ’ਤੇ ਖੜ੍ਹ ਕੇ ਸਾਡੀ ਰਾਖੀ ਕਰਨ ਵਾਲੇ ਜਵਾਨਾਂ ਨੂੰ ਇੱਕ ਖਾਸ ਤਸੱਲੀ ਇਹ ਹੋਈ ਹੈ ਕਿ ਸਾਡੀ ਇਸ ਖਾਸ ਪੀੜ੍ਹੀ ਦੀ ਅਗਵਾਈ ਨੇ ਆਪਣੇ ਸਮਰਥਨ ਵਿੱਚ ਖੜ੍ਹੇ ਵਡੇਰਿਆਂ ਦੀਆਂ ਸਲਾਹਾਂ ਨੂੰ ਸਿਰ ਮੱਥੇ ਰੱਖਿਆ ਅਤੇ ਨਿਪਾਲ, ਸ਼੍ਰੀਲੰਕਾ ਅਤੇ ਹੋਰ ਦੇਸ਼ਾਂ ਵਾਂਗ ਸੱਤਾ ਦਾ ਕੋਈ ਨੁਕਸਾਨ ਨਹੀਂ ਕੀਤਾ ਸਗੋਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਜਿਵੰਤ ਰੱਖਿਆ। ਹਾਲਾਂਕਿ ਸਟੇਟ ਟੈਰਰ ਦਾ ਦਬਾਵ ਲੀਡਰਸ਼ਿੱਪ ਨੂੰ ਤੋੜਨ-ਮਰੋੜਨ ਦੇ ਡਰਾਉਣ, ਦਬਕਾਉਣ ਅਤੇ ਭਜਾਉਣ ਵਾਲੇ ਪੈਂਤੜੇ ਵਰਤਦਾ ਰਿਹਾ। ਪਰ ਉਹ ਇਸ ਦਹਿਸ਼ਤੀ ਹਨੇਰੀ ਵਿੱਚ ਵੀ ਡੂੰਗੀਆਂ ਜੜ੍ਹਾਂ ਵਾਲੇ ਮਜ਼ਬੂਤ ਰੁੱਖਾਂ ਵਾਂਗ ਖੜ੍ਹੇ ਰਹੇ।
ਦੁਨੀਆਂ ਦੇ ਇਤਿਹਾਸ ਵਿੱਚ ਜਿੱਥੇ-ਜਿੱਥੇ ਵੀ ਸੱਤਾ ਅਤੇ ਜਨਤਾ ਵਿਚਕਾਰ ਇਸ ਤਰ੍ਹਾਂ ਦੇ ਅੰਦੋਲਨ ਹੋਏ ਹਨ, ਉਸ ਵਿੱਚ ਇਸ ਉਮਰ ਗਰੂਪ ਦੇ ਲੋਕਾਂ ਨੇ ਹੀ ਅੱਗੇ ਆ ਕੇ ਆਪਣੀਆਂ ਜਾਨਾਂ ਦਿੱਤੀਆਂ ਹਨ। ਭਾਰਤ ਦੀ ਅਜ਼ਾਦੀ ਦੇ ਘੋਲ ਵਿੱਚ ਵੀ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀ, ਭਗਤ ਸਿੰਘ ਅਤੇ ਉਸਦੇ ਸਾਥੀ ਅਤੇ ਉਧਮ ਸਿੰਘ ਆਦਿ ਆਪਣੇ-ਆਪਣੇ ਸਮੇਂ ਇਸ ਜਨਰੇਸ਼ਨ ਵਾਲੇ ਉਮਰ ਦੇ ਗਰੁੱਪ ਦੇ ਲੋਕ ਹੀ ਸਨ। ਇਸ ਅੰਦੋਲਨ ਵਿੱਚ ਵੀ ਅਭੀਜੀਤ ਦੀਪੀਕੇ, ਸੋਨਮ ਵਾਂਗਚੁੱਕ, ਸੌਰਵ ਦਾਸ, ਆਸ਼ੁਤੋਸ਼ ਰੱਕਾ, ਰਿਆ ਯਾਦਵ, ਮਨੀਸ਼ ਬ੍ਰਹਮਭੱਟ, ਰਾਹੁਲ ਪਾਂਡਿਆ ਅਤੇ ਗਰਾਮ ਕਲਾਕਾਰ ਆਦਿ ਸਾਥੀ ਮਜ਼ਬੂਤ ਇਰਾਦੇ, ਵੱਡੇ ਹੌਸਲੇ ਅਤੇ ਅਗਾਂਹਵਧੂ ਪੈੜਾਂ ਪਾਉਣ ਵਾਲੇ ਜਵਾਨ ਕਹੇ ਜਾ ਰਹੇ ਹਨ।
ਸਾਨੂੰ ਛੇਤੀ ਹੀ ਸੱਤਾ ਦੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਸਮਝ ਲੈਣਾ ਚਾਹੀਦਾ ਹੈ ਕਿ ਜਨਰੇਸ਼ਨ-ਜੀ ਦੇ ਹੱਥ ਵਿੱਚ ਗਿਆਨ, ਤਕਨਾਲੋਜੀ ਅਤੇ ਨਵੀਂਆਂ ਸੰਭਾਵਨਾਵਾਂ ਦੀ ਬੇਮਿਸਾਲ ਤਾਕਤ ਹੈ। ਜੇ ਜਾਣਕਾਰੀ ਉਸਦੀ ਤਾਕਤ ਹੈ ਤਾਂ ਜ਼ਿੰਮੇਵਾਰੀ ਉਸਦੀ ਪਛਾਣ ਹੈ। ਇਨ੍ਹਾਂ ਨੂੰ ਸਿਰਫ ਆਧੁਨਿਕ ਪੀੜ੍ਹੀ ਕਹਿਣਾ ਕਾਫੀ ਨਹੀਂ ਹੈ, ਇਹ ਉਹ ਹਨ ਜੋ ਜਾਣਦੇ ਵੀ ਹਨ, ਸੋਚਦੇ ਵੀ ਹਨ, ਸਵਾਲ ਵੀ ਕਰਦੇ ਹਨ ਅਤੇ ਕੁਝ ਨਵਾਂ ਕਰਨ ਦਾ ਜਜ਼ਬਾ ਵੀ ਰੱਖਦੇ ਹਨ। ਸਮੇਂ ਦੀਆਂ ਸਰਕਾਰਾਂ ਨੂੰ ਇਨ੍ਹਾਂ ਨਾਲ ਟਕਰਾਉਣ ਦੀ ਨਹੀਂ ਬਲਕਿ ਇਨ੍ਹਾਂ ਨੂੰ ਸਹੀ ਜਗ੍ਹਾ ਪਹੁੰਚਾਉਣ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































