GurjitSBhathal7ਕੋਈ ਵੀ ਸੰਘਰਸ਼ ਉਦੋਂ ਹੀ ਸੱਚਮੁੱਚ ਸਾਰਥਕ ਹੁੰਦਾ ਹੈ, ਜਦੋਂ ਉਹ ਇਨਸਾਫ ...10 August 2026
(10 ਅਗਸਤ 2026)


ਸਾਡੇ ਸ਼ਹਿਰ ਦਾ ਇਸ ਸਮੇਂ ਦਾ ਦ੍ਰਿਸ਼
10 August 2026*    *   *

ਕਈ ਵਾਰ ਬੰਦ ਦੁਕਾਨਾਂ
, ਸੁੰਨੀਆਂ ਸੜਕਾਂ ਅਤੇ ਰੁਕੀਆਂ ਬੱਸਾਂ ਸਿਰਫ ਇੱਕ ਦਿਨ ਦਾ ਸੰਨਾਟਾ ਨਹੀਂ ਹੁੰਦੀਆਂ, ਇਸ ਚੁੱਪ ਪਿੱਛੇ ਅਨੇਕਾਂ ਲੋਕਾਂ ਦੀਆਂ ਅਧੂਰੀਆਂ ਮੰਜ਼ਿਲਾਂ, ਟੁੱਟੀਆਂ ਆਸਾਂ ਅਤੇ ਬੇਵੱਸ ਉਡੀਕਾਂ ਲੁਕੀਆਂ ਹੁੰਦੀਆਂ ਹਨ। ਬੰਦ ਦਾ ਐਲਾਨ ਭਾਵੇਂ ਕੁਝ ਘੰਟਿਆਂ ਲਈ ਹੁੰਦਾ ਹੈ, ਪਰ ਇਸ ਨਾਲ ਕਿਸੇ ਦੇ ਮਨ ਉੱਤੇ ਪਈ ਸੱਟ ਕਈ ਵਾਰ ਸਾਰੀ ਉਮਰ ਨਹੀਂ ਮਿਟਦੀ। ਅੱਜ ਯੂਨੀਵਰਸਿਟੀ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਪਹਿਲਾ ਦਿਨ ਸੀ। ਸਕੂਲ ਅਤੇ ਕਾਲਜ ਦੀਆਂ ਹੱਦਾਂ ਪਾਰ ਕਰਕੇ ਉੱਚ ਸਿੱਖਿਆ ਦੇ ਨਵੇਂ ਸੰਸਾਰ ਵਿੱਚ ਕਦਮ ਰੱਖਣ ਦਾ ਦਿਨ। ਕਿਸੇ ਨੇ ਰਾਤ ਨੂੰ ਕਈ ਵਾਰ ਆਪਣਾ ਬੈਗ ਸੰਭਾਲਿਆ ਹੋਵੇਗਾ, ਕਿਸੇ ਨੇ ਨਵੇਂ ਕੱਪੜੇ ਕੱਢ ਕੇ ਰੱਖੇ ਹੋਣਗੇ ਅਤੇ ਕਿਸੇ ਦੇ ਮਾਪਿਆਂ ਨੇ ਉਸ ਨੂੰ ਸਵੇਰੇ ਛੇਤੀ ਜਗਾਉਣ ਲਈ ਅਲਾਰਮ ਲਾਇਆ ਹੋਵੇਗਾ। ਨਵੇਂ ਸਾਥੀਆਂ ਨੂੰ ਮਿਲਣ ਦੀ ਉਤਸੁਕਤਾ, ਨਵੀਂਆਂ ਕਲਾਸਾਂ ਦਾ ਚਾਅ ਅਤੇ ਅਣਜਾਣ ਮਾਹੌਲ ਦਾ ਹਲਕਾ ਜਿਹਾ ਡਰ, ਸਭ ਕੁਝ ਉਨ੍ਹਾਂ ਦੇ ਮਨਾਂ ਵਿੱਚ ਇਕੱਠਾ ਹੋਵੇਗਾ। ਪਰ ਸਵੇਰ ਚੜ੍ਹਨ ਤੋਂ ਪਹਿਲਾਂ ਹੀ ਖਬਰ ਆ ਗਈ ਕਿ ਅੱਜ ਪੰਜਾਬ ਬੰਦ ਹੈ। ਇੱਕ ਐਲਾਨ ਨੇ ਹਜ਼ਾਰਾਂ ਨੌਜਵਾਨ ਮਨਾਂ ਵਿੱਚ ਸਜੇ ਪਹਿਲੇ ਦਿਨ ਦੇ ਸੁਪਨਿਆਂ ਉੱਤੇ ਅਚਾਨਕ ਵਿਰਾਮ ਲਾ ਦਿੱਤਾ।

ਇਹ ਖਬਰ ਸੁਣਦਿਆਂ ਹੀ ਮੇਰੇ ਮਨ ਵਿੱਚ ਅਨੇਕਾਂ ਸਵਾਲ ਉੱਠਣ ਲੱਗੇ। ਦੂਰ-ਦੁਰਾਡੇ ਪਿੰਡਾਂ ਅਤੇ ਕਸਬਿਆਂ ਤੋਂ ਆਉਣ ਵਾਲੇ ਵਿਦਿਆਰਥੀ ਯੂਨੀਵਰਸਿਟੀ ਕਿਵੇਂ ਪਹੁੰਚਣਗੇ? ਸਾਡੀ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਬਹੁਤੇ ਵਿਦਿਆਰਥੀ ਸਧਾਰਨ, ਮੱਧਵਰਗੀ ਅਤੇ ਆਰਥਿਕ ਤੌਰ ਉੱਤੇ ਕਮਜ਼ੋਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਕਈਆਂ ਲਈ ਇੱਕ ਦਿਨ ਦਾ ਕਿਰਾਇਆ ਵੀ ਸੋਚ-ਸਮਝ ਕੇ ਖਰਚੀ ਜਾਣ ਵਾਲੀ ਰਕਮ ਹੁੰਦੀ ਹੈ। ਕੋਈ ਦੋ ਬੱਸਾਂ ਬਦਲ ਕੇ ਪਹੁੰਚਦਾ ਹੈ, ਕੋਈ ਸਾਂਝੇ ਵਾਹਨ ਦਾ ਸਹਾਰਾ ਲੈਂਦਾ ਹੈ ਅਤੇ ਕਿਸੇ ਦੇ ਮਾਪੇ ਆਪਣਾ ਕੰਮ ਛੱਡ ਕੇ ਉਸ ਨੂੰ ਲੈ ਕੇ ਆਉਂਦੇ ਹਨ। ਅਜਿਹੇ ਵਿੱਚ ਬੰਦ ਸਿਰਫ ਆਵਾਜਾਈ ਨਹੀਂ ਰੋਕਦਾ, ਸਗੋਂ ਅਨੇਕਾਂ ਪਰਿਵਾਰਾਂ ਦੀ ਪੂਰੇ ਦਿਨ ਦੀ ਵਿਉਂਤ ਉਲਝਾ ਦਿੰਦਾ ਹੈ। ਇਸ ਖਬਰ ਨੇ ਮੈਨੂੰ ਆਪਣੇ ਵਿਦਿਆਰਥੀ ਜੀਵਨ ਦੇ ਉਸ ਦੌਰ ਵਿੱਚ ਪਹੁੰਚਾ ਦਿੱਤਾ, ਜਦੋਂ ਪੰਜਾਬ ਬਹੁਤ ਔਖੇ ਹਾਲਾਤ ਵਿੱਚੋਂ ਲੰਘ ਰਿਹਾ ਸੀ। ਇਹ ਗੱਲ ਜੂਨ 1990 ਦੇ ਆਸ-ਪਾਸ ਦੀ ਹੈ। ਉਸ ਸਮੇਂ ਪੰਜਾਬ ਬੰਦ ਦਾ ਮਤਲਬ ਅਕਸਰ ਅਣਐਲਾਨਿਆ ਕਰਫਿਊ ਹੀ ਹੁੰਦਾ ਸੀ। ਸੜਕਾਂ ਸੁੰਨੀਆਂ ਹੋ ਜਾਂਦੀਆਂ, ਦੁਕਾਨਾਂ ਦੇ ਸ਼ਟਰ ਡਿਗ ਜਾਂਦੇ ਅਤੇ ਘਰੋਂ ਨਿਕਲਣ ਤੋਂ ਪਹਿਲਾਂ ਮਨੁੱਖ ਨੂੰ ਕਈ ਵਾਰ ਸੋਚਣਾ ਪੈਂਦਾ ਸੀ। ਹਰ ਸਫਰ ਨਾਲ ਇਹ ਅਣਕਿਹਾ ਡਰ ਜੁੜਿਆ ਰਹਿੰਦਾ ਸੀ ਕਿ ਪਤਾ ਨਹੀਂ ਰਸਤੇ ਵਿੱਚ ਕੀ ਵਾਪਰ ਜਾਵੇ।

ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਜਾਣਾ ਚਾਹੁੰਦਾ ਸੀ। ਮੇਰੀ ਕੌਂਸਲਿੰਗ ਫਿਰੋਜ਼ਪੁਰ ਦੇ ਨਵੇਂ ਖੁੱਲ੍ਹੇ ਸਰਕਾਰੀ ਪੌਲੀਟੈਕਨਿਕ ਕਾਲਜ ਵਿੱਚ ਹੋਣੀ ਸੀ, ਪਰ ਉਸੇ ਸਮੇਂ ਪੰਜਾਬ ਬੰਦ ਦਾ ਐਲਾਨ ਹੋ ਗਿਆ। ਸਾਨੂੰ ਪਤਾ ਸੀ ਕਿ ਰਸਤੇ ਵਿੱਚ ਨਾ ਪੈਟਰੋਲ ਮਿਲਣਾ ਹੈ, ਨਾ ਕੋਈ ਢੰਗ ਦੀ ਸਹੂਲਤ ਅਤੇ ਨਾ ਹੀ ਸੁਰੱਖਿਅਤ ਸਫਰ ਦੀ ਕੋਈ ਪੱਕੀ ਉਮੀਦ ਹੈ। ਫਿਰ ਵੀ ਭਾਪਾ ਜੀ ਨੇ ਮੇਰੇ ਭਵਿੱਖ ਨੂੰ ਸਭ ਤੋਂ ਪਹਿਲਾਂ ਰੱਖਿਆ। ਉਨ੍ਹਾਂ ਨੇ ਪੰਜ ਲੀਟਰ ਦੀ ਕੇਨੀ ਵਿੱਚ ਪੈਟਰੋਲ ਭਰਵਾ ਲਿਆ ਅਤੇ ਸਕੂਟਰ ਦੀ ਟੈਂਕੀ ਵੀ ਪੂਰੀ ਕਰਵਾ ਲਈ। ਅੱਜ ਜਦੋਂ ਉਸ ਘਟਨਾ ਨੂੰ ਯਾਦ ਕਰਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਸ ਕੇਨੀ ਵਿੱਚ ਸਿਰਫ ਪੈਟਰੋਲ ਨਹੀਂ ਸੀ, ਸਗੋਂ ਇੱਕ ਪਿਤਾ ਵੱਲੋਂ ਆਪਣੇ ਪੁੱਤਰ ਦੇ ਸੁਪਨਿਆਂ ਨੂੰ ਮੰਜ਼ਿਲ ਤਕ ਪਹੁੰਚਾਉਣ ਲਈ ਇਕੱਠੀ ਕੀਤੀ ਹਿੰਮਤ ਸੀ। ਉਸ ਸਮੇਂ ਇਹ ਸਫਰ ਕਿਸੇ ਜੰਗ ਵੱਲ ਜਾਣ ਨਾਲੋਂ ਘੱਟ ਨਹੀਂ ਸੀ। ਇਹ ਵੀ ਪਤਾ ਨਹੀਂ ਸੀ ਕਿ ਅਸੀਂ ਸੁਰੱਖਿਅਤ ਵਾਪਸ ਪਰਤਾਂਗੇ ਜਾਂ ਨਹੀਂ, ਪਰ ਭਾਪਾ ਜੀ ਦੇ ਮਨ ਵਿੱਚ ਡਰ ਨਾਲੋਂ ਮੇਰੇ ਭਵਿੱਖ ਦੀ ਚਿੰਤਾ ਕਿਤੇ ਵੱਡੀ ਸੀ।

ਅਸੀਂ ਕੌਂਸਲਿੰਗ ਤੋਂ ਇੱਕ ਦਿਨ ਪਹਿਲਾਂ ਸਵੇਰੇ ਹੀ ਪਟਿਆਲੇ ਤੋਂ ਫਿਰੋਜ਼ਪੁਰ ਵੱਲ ਚੱਲ ਪਏ। ਰਸਤੇ ਵਿੱਚ ਥਾਂ-ਥਾਂ ਪੁਲੀਸ ਦੇ ਨਾਕੇ ਲੱਗੇ ਹੋਏ ਸਨ। ਹਰ ਨਾਕੇ ਉੱਤੇ ਸਾਨੂੰ ਰੋਕਿਆ ਜਾਂਦਾ, ਪੁੱਛਗਿੱਛ ਹੁੰਦੀ ਅਤੇ ਅਸੀਂ ਵਾਰ-ਵਾਰ ਇਹੀ ਦੱਸਦੇ ਕਿ ਬੱਚੇ ਦੀ ਕੌਂਸਲਿੰਗ ਹੈ ਅਤੇ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ। ਸਕੂਟਰ ਉੱਤੇ ਰੱਖੀ ਪੈਟਰੋਲ ਦੀ ਕੇਨੀ ਵੱਖਰਾ ਸ਼ੱਕ ਪੈਦਾ ਕਰਦੀ ਸੀ। ਉਸ ਦੌਰ ਦੇ ਮਾਹੌਲ ਵਿੱਚ ਕਿਸੇ ਨੂੰ ਇਹ ਸਮਝਾਉਣਾ ਸੌਖਾ ਨਹੀਂ ਸੀ ਕਿ ਇਹ ਪੈਟਰੋਲ ਕਿਸੇ ਗਲਤ ਮਕਸਦ ਲਈ ਨਹੀਂ, ਸਗੋਂ ਇੱਕ ਵਿਦਿਆਰਥੀ ਨੂੰ ਉਸਦੀ ਮੰਜ਼ਿਲ ਤਕ ਪਹੁੰਚਾਉਣ ਲਈ ਹੈਅਨੇਕਾਂ ਰੁਕਾਵਟਾਂ ਪਾਰ ਕਰਦਿਆਂ ਅਸੀਂ ਕਿਸੇ ਤਰ੍ਹਾਂ ਫਿਰੋਜ਼ਪੁਰ ਪਹੁੰਚ ਗਏ। ਫਿਰੋਜ਼ਪੁਰ ਛਾਉਣੀ ਦੇ ਮਿਲਟਰੀ ਹਸਪਤਾਲ ਵਿੱਚ ਸਾਡਾ ਇੱਕ ਜਾਣਕਾਰ ਰਹਿੰਦਾ ਸੀ, ਪਰ ਪੈਟਰੋਲ ਦੀ ਕੇਨੀ ਨਾਲ ਛਾਉਣੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਸਕੂਟਰ ਅਤੇ ਪੈਟਰੋਲ ਦੀ ਕੇਨੀ ਕਿਸੇ ਹੋਰ ਦੇ ਘਰ ਰੱਖਣ ਦਾ ਪ੍ਰਬੰਧ ਕਰਨਾ ਪਿਆ। ਸਫਰ ਦੀ ਥਕਾਵਟ ਦੇ ਬਾਵਜੂਦ ਮਨ ਵਿੱਚ ਤਸੱਲੀ ਸੀ ਕਿ ਅਸੀਂ ਪਹੁੰਚ ਗਏ ਹਾਂ ਅਤੇ ਹੁਣ ਕੌਂਸਲਿੰਗ ਜ਼ਰੂਰ ਹੋ ਜਾਵੇਗੀ। ਜਦੋਂ ਮੰਜ਼ਿਲ ਸਾਹਮਣੇ ਦਿਸਣ ਲਗਦੀ ਹੈ ਤਾਂ ਮਨੁੱਖ ਰਸਤੇ ਦੀਆਂ ਤਕਲੀਫਾਂ ਭੁੱਲ ਜਾਂਦਾ ਹੈ।

ਪਰ ਅਗਲੀ ਸਵੇਰ ਜਦੋਂ ਅਸੀਂ ਦੱਸੀ ਹੋਈ ਥਾਂ, ਸਰਕਾਰੀ ਆਈਟੀਆਈ ਫਿਰੋਜ਼ਪੁਰ ਪਹੁੰਚੇ ਤਾਂ ਇੱਕ ਵੱਡਾ ਝਟਕਾ ਲੱਗਿਆ। ਸਾਨੂੰ ਦੱਸਿਆ ਗਿਆ ਕਿ ਪੰਜਾਬ ਬੰਦ ਕਾਰਨ ਕੌਂਸਲਿੰਗ ਮੁਲਤਵੀ ਕਰ ਦਿੱਤੀ ਗਈ ਹੈ। ਅਗਲੀ ਤਾਰੀਖ ਕਦੋਂ ਆਵੇਗੀ, ਇਸ ਬਾਰੇ ਵੀ ਕਿਸੇ ਨੂੰ ਕੁਝ ਪਤਾ ਨਹੀਂ ਸੀ। ਉਸ ਸਮੇਂ ਸੰਚਾਰ ਦੇ ਸਾਧਨ ਵੀ ਬਹੁਤ ਸੀਮਿਤ ਸਨ, ਇਸ ਲਈ ਪਹਿਲਾਂ ਸੂਚਨਾ ਮਿਲਣ ਦੀ ਕੋਈ ਸੰਭਾਵਨਾ ਨਹੀਂ ਸੀ। ਕੁਝ ਪਲਾਂ ਲਈ ਇਉਂ ਲੱਗਿਆ ਜਿਵੇਂ ਮੇਰੇ ਸੁਪਨਿਆਂ ਉੱਤੇ ਪਾਣੀ ਫਿਰ ਗਿਆ ਹੋਵੇ। ਭਾਪਾ ਜੀ ਦੀ ਹਿੰਮਤ, ਖਤਰੇ ਭਰਿਆ ਲੰਮਾ ਸਫਰ, ਨਾਕਿਆਂ ਉੱਤੇ ਹੋਈ ਪੁੱਛਗਿੱਛ ਅਤੇ ਮਨ ਵਿੱਚ ਸਜਾਈਆਂ ਸਾਰੀਆਂ ਰੀਝਾਂ ਇਕਦਮ ਬੇਅਰਥ ਜਾਪਣ ਲੱਗੀਆਂ। ਅਸੀਂ ਚੁੱਪਚਾਪ ਵਾਪਸ ਮੁੜ ਪਏ। ਭਾਪਾ ਜੀ ਮੈਨੂੰ ਹੌਸਲਾ ਦਿੰਦੇ ਰਹੇ, ਪਰ ਮੈਂ ਜਾਣਦਾ ਸੀ ਕਿ ਉਨ੍ਹਾਂ ਦੇ ਮਨ ਵਿੱਚ ਵੀ ਉਹੀ ਨਿਰਾਸ਼ਾ ਸੀ ਜੋ ਮੇਰੇ ਅੰਦਰ ਸੀ। ਸ਼ਾਇਦ ਮਾਪੇ ਆਪਣੇ ਬੱਚਿਆਂ ਸਾਹਮਣੇ ਆਪਣੇ ਦੁੱਖ ਨੂੰ ਲੁਕਾ ਲੈਂਦੇ ਹਨ, ਪਰ ਉਨ੍ਹਾਂ ਦੀ ਚੁੱਪ ਬਹੁਤ ਕੁਝ ਕਹਿ ਜਾਂਦੀ ਹੈ।

ਅੱਜ ਇੰਨੇ ਸਾਲਾਂ ਬਾਅਦ ਪੰਜਾਬ ਬੰਦ ਦੀ ਖਬਰ ਨੇ ਉਹ ਪੁਰਾਣਾ ਦ੍ਰਿਸ਼ ਮੁੜ ਅੱਖਾਂ ਸਾਹਮਣੇ ਲਿਆ ਖੜ੍ਹਾ ਕੀਤਾ। ਨਾਲ ਹੀ ਉਨ੍ਹਾਂ ਨਵੇਂ ਵਿਦਿਆਰਥੀਆਂ ਦਾ ਖਿਆਲ ਆਇਆ, ਜਿਨ੍ਹਾਂ ਲਈ ਅੱਜ ਦਾ ਦਿਨ ਬਹੁਤ ਖਾਸ ਸੀ। ਜ਼ਿੰਦਗੀ ਵਿੱਚ ਪਹਿਲਾ ਦਿਨ ਦੁਬਾਰਾ ਨਹੀਂ ਆਉਂਦਾ। ਕਲਾਸਾਂ ਬਾਅਦ ਵਿੱਚ ਵੀ ਲੱਗ ਸਕਦੀਆਂ ਹਨ, ਪਰ ਨਵੀਂ ਥਾਂ ਉੱਤੇ ਪਹਿਲੀ ਵਾਰ ਪਹੁੰਚਣ ਦੀ ਖੁਸ਼ੀ, ਮਾਪਿਆਂ ਦੀਆਂ ਅੱਖਾਂ ਵਿਚਲਾ ਮਾਣ ਅਤੇ ਵਿਦਿਆਰਥੀ ਦੇ ਮਨ ਦੀ ਧੜਕਣ ਉਸੇ ਦਿਨ ਨਾਲ ਜੁੜੀ ਹੁੰਦੀ ਹੈ। ਲੋਕਤੰਤਰ ਵਿੱਚ ਹਰ ਵਰਗ ਨੂੰ ਆਪਣੀ ਅਵਾਜ਼ ਉਠਾਉਣ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟ ਕਰਨ ਦਾ ਹੱਕ ਹੈ, ਪਰ ਨਾਲ ਹੀ ਇਹ ਸੋਚਣਾ ਵੀ ਜ਼ਰੂਰੀ ਹੈ ਕਿ ਸਾਡੇ ਵਿਰੋਧ ਦਾ ਭਾਰ ਕੌਣ ਝੱਲ ਰਿਹਾ ਹੈ। ਬੰਦ ਦੌਰਾਨ ਮਰੀਜ਼ ਹਸਪਤਾਲ ਪਹੁੰਚਣ ਲਈ ਤਰਸਦਾ ਹੈ, ਦਿਹਾੜੀਦਾਰ ਦੀ ਰੋਟੀ ਰੁਕ ਜਾਂਦੀ ਹੈ, ਦੁਕਾਨਦਾਰ ਦਾ ਕਾਰੋਬਾਰ ਠੱਪ ਹੋ ਜਾਂਦਾ ਹੈ ਅਤੇ ਕਿਸੇ ਵਿਦਿਆਰਥੀ ਦਾ ਇਮਤਿਹਾਨ, ਇੰਟਰਵਿਊ ਜਾਂ ਦਾਖਲਾ ਖੁੰਝ ਸਕਦਾ ਹੈ। ਬੰਦ ਦਾ ਲਾਭ ਕਿੰਨਾ ਹੁੰਦਾ ਹੈ ਅਤੇ ਕਿਸ ਨੂੰ ਹੁੰਦਾ ਹੈ, ਇਹ ਵੱਖਰਾ ਵਿਸ਼ਾ ਹੈ, ਪਰ ਇਸਦਾ ਨੁਕਸਾਨ ਆਮ ਲੋਕਾਂ ਦੇ ਹਿੱਸੇ ਜ਼ਰੂਰ ਆਉਂਦਾ ਹੈ।

ਪੰਜਾਬ ਪਹਿਲਾਂ ਹੀ ਬਹੁਤ ਕੁਝ ਸਹਿ ਚੁੱਕਾ ਹੈ, ਇਸ ਧਰਤੀ ਨੂੰ ਹੁਣ ਬੰਦ ਰਸਤਿਆਂ ਨਾਲੋਂ ਖੁੱਲ੍ਹੀਆਂ ਸੰਭਾਵਨਾਵਾਂ ਦੀ ਵੱਧ ਲੋੜ ਹੈ। ਵਿਰੋਧ ਦੇ ਅਜਿਹੇ ਢੰਗ ਲੱਭੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨਾਲ ਹਕੂਮਤ ਤਕ ਅਵਾਜ਼ ਵੀ ਪਹੁੰਚੇ ਅਤੇ ਆਮ ਲੋਕਾਂ ਦੀ ਜ਼ਿੰਦਗੀ ਵੀ ਨਾ ਰੁਕੇ। ਕੋਈ ਵੀ ਸੰਘਰਸ਼ ਉਦੋਂ ਹੀ ਸੱਚਮੁੱਚ ਸਾਰਥਕ ਹੁੰਦਾ ਹੈ, ਜਦੋਂ ਉਹ ਇਨਸਾਫ ਦੀ ਮੰਗ ਕਰਦਿਆਂ ਕਿਸੇ ਬੇਕਸੂਰ ਦਾ ਸੁਪਨਾ ਨਾ ਤੋੜੇ। ਸੜਕਾਂ ਤਾਂ ਅਗਲੇ ਦਿਨ ਖੁੱਲ੍ਹ ਜਾਂਦੀਆਂ ਹਨ ਅਤੇ ਦੁਕਾਨਾਂ ਦੇ ਸ਼ਟਰ ਵੀ ਮੁੜ ਚੁੱਕੇ ਜਾਂਦੇ ਹਨ, ਪਰ ਕਿਸੇ ਵਿਦਿਆਰਥੀ ਦੇ ਮਨ ਵਿੱਚ ਬੰਦ ਹੋਇਆ ਉਮੀਦ ਦਾ ਦਰਵਾਜ਼ਾ ਕਈ ਵਾਰ ਬਹੁਤ ਦੇਰ ਨਾਲ ਖੁੱਲ੍ਹਦਾ ਹੈ, ਅਤੇ ਕਈ ਵਾਰ ਸਦਾ ਲਈ ਬੰਦ ਰਹਿ ਜਾਂਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਗੁਰਜੀਤ ਸਿੰਘ ਭੱਠਲ

ਡਾ. ਗੁਰਜੀਤ ਸਿੰਘ ਭੱਠਲ

Computer Science & Engineering, Punjabi University Patiala, Punjab. India.
Whatsapp: (91 - 98142 - 05475)
Email: (gurjit.bhathal@gmail.com)

More articles from this author