“ਟੈਕਨੌਲੋਜੀ ਸਿਰਫ ਤਦੋਂ ਹੀ ਫ਼ਾਇਦੇਮੰਦ ਹੈ ਜਦੋਂ ਅਸੀਂ ਇਸਦੀ ਵਰਤੋਂ ਸਮਝਦਾਰੀ ...”
(3 ਅਪਰੈਲ 2026)
ਸਾਇੰਸ ਅਤੇ ਟੈਕਨੌਲੋਜੀ ਨੇ ਇਨਸਾਨੀ ਇਤਿਹਾਸ ਵਿੱਚ ਅਜਿਹੇ ਅਣਗਿਣਤ ਚਮਤਕਾਰ ਕੀਤੇ ਹਨ ਜੋ ਨਾ ਸਿਰਫ ਜੀਵਨ ਨੂੰ ਅਸਾਨ ਬਣਾਉਂਦੇ ਹਨ, ਸਗੋਂ ਹੈਰਾਨੀ ਅਤੇ ਅਚੰਭੇ ਵਿੱਚ ਵੀ ਪਾ ਦਿੰਦੇ ਹਨ। ਜੇ ਸੋਚਿਆ ਜਾਵੇ, ਜਦੋਂ ਕਿਸੇ ਨੇ ਪਹਿਲੀ ਵਾਰ ਰੇਡੀਓ ਤੋਂ ਆਵਾਜ਼ ਸੁਣੀ ਹੋਵੇਗੀ ਤਾਂ ਉਸ ਲਈ ਉਹ ਪਲ ਕਿੰਨਾ ਅਜੀਬ ਅਤੇ ਰੌਂਗਟੇ ਖੜ੍ਹੇ ਕਰਨ ਵਾਲਾ ਹੋਇਆ ਹੋਵੇਗਾ, ਸ਼ਾਇਦ ਕਿਸੇ ਦੇ ਮਨ ਵਿੱਚ ਭੂਤ-ਪ੍ਰੇਤਾਂ ਦੀਆਂ ਕਹਾਣੀਆਂ ਵੀ ਉੱਠੀਆਂ ਹੋਣੀ। ਬਿਜਲੀ ਦਾ ਬਲਬ ਜਗਣਾ ਜਾਂ ਪੱਖੇ ਦਾ ਪੱਖਾ ਘੁੰਮਣਾ ਪਹਿਲੀ ਵਾਰੀ ਦੇਖਣ ਵਾਲੇ ਲਈ ਇਹ ਸਭ ਕਿਸੇ ਜਾਦੂ ਤੋਂ ਘੱਟ ਨਹੀਂ ਸੀ। ਪਰ ਸਾਇੰਸ ਕਦੇ ਨਹੀਂ ਰੁਕੀ ਅਤੇ ਇਹ ਅਗਾਂਹ ਵਧਦੀ ਰਹੀ, ਆਪਣੀਆਂ ਨਵੀਂਆਂ ਕਾਢਾਂ ਨਾਲ ਲੋਕਾਂ ਨੂੰ ਹੌਲੀ-ਹੌਲੀ ਪਰ ਪੱਕੇ ਤਰੀਕੇ ਨਾਲ ਬਦਲਦੀ ਰਹੀ। ਮੈਨੂੰ ਅੱਜ ਵੀ ਆਪਣੀਆਂ ਕੁਝ ਪਹਿਲੀਆਂ, ਇਸ ਟੈਕਨੌਲੋਜੀ ਦੇ “ਜਾਦੂ” ਨਾਲ ਮੁਲਾਕਾਤਾਂ ਯਾਦ ਹਨ। ਇਹ ਗੱਲ 1993 ਦੀ ਹੈ ਜਦੋਂ ਇੱਕ ਦਿਨ ਲੌਂਗੋਵਾਲ ਇੰਜਨੀਅਰਿੰਗ ਕਾਲਜ ਵਿੱਚ ਪੜ੍ਹਾਈ ਦੌਰਾਨ ਮੈਂ ਆਪਣੇ ਹੋਸਟਲ ਦੇ ਸਾਥੀ ਨਾਲ ਉਸਦੇ ਸੰਗਰੂਰ ਵਾਲੇ ਘਰ ਗਿਆ। ਬੜਾ ਵੱਡਾ ਅਤੇ ਸ਼ਾਨਦਾਰ ਘਰ, ਸੁੰਦਰ ਸਜਾਵਟ, ਅਤੇ ਉਸ ਵਿੱਚ ਲੱਗਾ ਸਾਊਂਡ ਸਿਸਟਮ ਦੇਖ ਅਤੇ ਸੁਣਕੇ ਮੈਂ ਹੈਰਾਨ ਰਹਿ ਗਿਆ। ਸ਼ਾਮ ਨੂੰ ਅੰਕਲ ਜੀ ਨੇ ਹੱਥ ਨਾਲ ਤਾੜੀ ਮਾਰੀ ’ਤੇ ਲਾਈਟ ਜਗ ਗਈ। ਫਿਰ ਤਾੜੀ ਮਾਰੀ ਤਾ ਲਾਈਟ ਬੁੱਝ ਗਈ। ਉਸ ਵੇਲੇ ਮੈਨੂੰ ਇਹ ਜਾਦੂ ਹੀ ਲੱਗਿਆ, ਹਾਲਾਂਕਿ ਸਚਾਈ ਕੁਝ ਹੋਰ ਸੀ। ਅਤੇ ਫਿਰ 1997 ਵਿੱਚ ਹੋਸਟਲ ਵਿੱਚ ਰਹਿੰਦੇ ਆਪਣੇ ਦੋਸਤ ਦੇ ਮੋਬਾਇਲ ਫ਼ੋਨ ਰਾਹੀਂ ਪਹਿਲੀ ਵਾਰ ਬਿਨਾਂ ਤਾਰ ਦੇ ਯੰਤਰ ’ਤੇ ਆਵਾਜ਼ ਸੁਣਨਾ, ਮੇਰੇ ਲਈ ਇੱਕ ਅਣਸੁਣੀ ਅਤੇ ਅਣਵੇਖੀ ਦੁਨੀਆ ਦੇ ਦਰਵਾਜ਼ੇ ਖੁੱਲ੍ਹਣ ਜਿਹਾ ਅਹਿਸਾਸ ਸੀ।
ਸਾਇੰਸ-ਟੈਕਨੌਲੋਜੀ ਦੇ ਜਾਦੂ-ਟੂਣਿਆਂ ਦਾ ਸਿਲਸਲਾ ਇਸ ਤਰ੍ਹਾਂ ਹੀ ਚਲਦਾ ਰਿਹਾ। ਜਦੋਂ 2007 ਵਿੱਚ ਮੈਂ ਬਰੈਂਪਟਨ (ਕੈਨੇਡਾ) ਵਿੱਚ ਰਹਿੰਦੇ ਹੋਏ ਇੱਕ ਹੋਰ ਅਨੁਭਵ ਕੀਤਾ। ਮੈਂ ਬੇਸਮੈਂਟ ਵਿੱਚ ਰਹਿੰਦਾ ਸੀ ਤੇ ਜਦੋਂ ਵੀ ਦੇਰ ਰਾਤ ਉੱਥੇ ਜਾਂਦਾ, ਲਾਈਟ ਆਪਣੇ ਆਪ ਜੱਗ ਜਾਂਦੀ। ਪਹਿਲਾਂ ਤਾਂ ਮੈਂ ਸੋਚਦਾ ਸੀ ਕਿ ਘਰ ਦੇ ਮਾਲਕ ਨੂੰ ਪਤਾ ਲੱਗ ਗਿਆ ਹੈ ਕਿ ਮੈਂ ਆ ਗਿਆ ਹਾਂ ਤੇ ਉਹ ਲਾਈਟ ਜਗਾ ਦਿੰਦੇ ਹੈ। ਬਾਅਦ ਵਿੱਚ ਪਤਾ ਲੱਗਾ ਕਿ ਇਹ ਮੋਸ਼ਨ ਸੈਂਸਰ ਸੀ, ਜੋ ਕੋਈ ਵੀ ਹਿੱਲਦੀ-ਜੁਲਦੀ ਚੀਜ਼ ਉਸਦੇ ਰੇਂਜ ਵਿੱਚ ਆਵੇ, ਤਾਂ ਲਾਈਟ ਜਗਦੀ ਤੇ ਕੁਝ ਸਮੇਂ ਬਾਅਦ ਬੁਝ ਜਾਂਦੀ ਹੈ। ਅੱਜ ਦੇ ਸਮੇਂ, ਇਹੋ ਜਿਹੇ ਮੋਸ਼ਨ ਜਾਂ ਡੇ-ਨਾਈਟ ਸੈਂਸਰ ਸਿਰਫ ਦੋ-ਢਾਈ ਸੌ ਰੁਪਏ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ। ਇਹ ਸੋਚ ਕੇ ਹੀ ਹੈਰਾਨੀ ਹੁੰਦੀ ਹੈ ਕਿ ਜੋ ਚੀਜ਼ ਕਦੇ ਮਹਿੰਗੀ ਅਤੇ ਵਿਲੱਖਣ ਲਗਦੀ ਸੀ, ਉਹ ਅੱਜ ਘਰ-ਘਰ ਪਹੁੰਚ ਚੁੱਕੀ ਹੈ।
ਇੱਕ ਹੋਰ ਦਿਲਚਸਪ ਘਟਨਾ ਮੇਰੇ ਘਰ ਵਿੱਚ ਕੰਮ ਕਰਨ ਵਾਲੇ ਬੰਦੇ ਨਾਲ ਜੁੜੀ ਹੋਈ ਹੈ। ਉਸਨੇ ਨਵਾਂ ਮੋਬਾਇਲ ਲਿਆ, ਜੋ ਗਲਤੀ ਨਾਲ ਵਾਈਬਰੇਸ਼ਨ ਮੋਡ ’ਤੇ ਚੱਲਿਆ ਗਿਆ। ਜਦੋਂ ਉਸਨੂੰ ਕਾਲ ਆਈ ਤਾਂ ਮੋਬਾਇਲ ਹਿੱਲਿਆ। ਉਹ ਡਰ ਗਿਆ ਤੇ ਸੋਚਣ ਲੱਗਾ ਕਿ ਇਸ ਵਿੱਚ ਕੋਈ ਭੂਤ ਆ ਗਿਆ ਹੈ। ਉਸਨੇ ਡਰਦੇ ਨੇ ਫ਼ੋਨ ਨੂੰ ਦੂਰ ਸੁੱਟ ਦਿੱਤਾ। ਇਹ ਯਾਦ ਦਿਵਾਉਂਦਾ ਹੈ ਕਿ ਅਸੀਂ ਅਕਸਰ ਟੈਕਨੌਲੋਜੀ ਵਰਤਦੇ ਹਾਂ ਪਰ ਉਸਦੀ ਸਮਝ ਹੌਲੀ-ਹੌਲੀ ਆਉਂਦੀ ਹੈ। ਇਸ ਲਈ ਟੈਕਨੌਲੋਜੀ ਵਰਤਣ ਨਾਲ-ਨਾਲ ਉਸਨੂੰ ਸਮਝਣਾ ਵੀ ਜ਼ਰੂਰੀ ਹੈ ਤਾਂ ਜੋ ਕਿਸੇ ਮੁਸ਼ਕਿਲ ਜਾਂ ਡਰ ਦਾ ਸਾਹਮਣਾ ਨਾ ਕਰਨਾ ਪਵੇ।
ਅੱਜ ਦੇ ਸਮੇਂ ਵਿੱਚ ਨਵੀਂਆਂ ਖੋਜਾਂ ਨੇ ਅਚੰਭਿਆਂ ਦਾ ਮਿਆਰ ਹੋਰ ਵੀ ਉੱਚਾ ਕਰ ਦਿੱਤਾ ਹੈ। ਜਿਵੇਂ ਮੋਬਾਇਲ ਦੀ ਆਵਾਜ਼ ਕਾਲ ਤੋਂ ਵੀਡੀਓ ਕਾਲਾਂ ਤਕ ਦਾ ਸਫਰ ਵੀ ਕਿਸੇ ਜਾਦੂ ਤੋਂ ਘੱਟ ਨਹੀਂ। ਸੋਚੋ, ਤੁਸੀਂ ਕਾਰ ਵਿੱਚ ਬੈਠੇ ਹੋ ਅਤੇ ਕੋਈ ਡਰਾਈਵਰ ਨਹੀਂ ਅਤੇ ਕਾਰ ਆਪਣੇ ਆਪ ਚੱਲ ਰਹੀ ਹੈ। ਜਾਂ ਫਿਰ ਹੌਲੋਗ੍ਰਾਮ ਪ੍ਰੋਜੈਕਸ਼ਨ, ਜਿੱਥੇ ਤਸਵੀਰ ਹਕੀਕਤ ਵਰਗੀ ਦਿਸਦੀ ਹੈ। ਹੁਣ ਤਾਂ ਘਰਾਂ ਵਿੱਚ ਲਾਈਟਾਂ, ਪੱਖੇ ਅਤੇ ਹੋਰ ਸਾਜ਼ੋ-ਸਮਾਨ ਮੋਬਾਇਲ ਐਪ ਨਾਲ ਚਲਾਉਣ ਦਾ ਜ਼ਮਾਨਾ ਆ ਗਿਆ ਹੈ। ਇਸਨੂੰ ਅਸੀਂ IoT (Internet of Things) ਕਹਿੰਦੇ ਹਾਂ। ਇੰਟਰਨੈੱਟ ਰਾਹੀਂ, ਤੁਸੀਂ ਦੇਸ਼-ਵਿਦੇਸ਼ ਕਿਤੇ ਵੀ ਬੈਠੇ ਘਰ ਦੀਆਂ ਲਾਈਟਾਂ ਆਨ-ਆਫ ਕਰ ਸਕਦੇ ਹੋ। ਇਸੇ ਤਰ੍ਹਾਂ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਘਰ ਦੇ ਅੰਦਰ-ਬਾਹਰ ਦੀ ਲਾਈਵ ਫੁਟੇਜ ਮੋਬਾਇਲ ’ਤੇ ਦੇਖਣਾ - ਇਹ ਸਭ ਸਿਰਫ ਦਸ ਪੰਦਰਾਂ ਸਾਲ ਪਹਿਲਾਂ ਵੀ ਕਿਸੇ ਸੁਪਨੇ ਵਰਗਾ ਸੀ।
ਪਰ ਸਾਇੰਸ-ਟੈਕਨੌਲੋਜੀ ਦੇ ਇਸ ਜਾਦੂ ਦੇ ਨਾਲ ਇੱਕ ਚਿਤਾਵਣੀ ਵੀ ਜੁੜੀ ਹੋਈ ਹੈ। ਬਹੁਤ ਵਾਰ ਲੋਕ ਇਸਨੂੰ ਸਮਝਣ ਦੀ ਬਜਾਏ ਅੰਧ-ਵਿਸ਼ਵਾਸਾਂ ਵਿੱਚ ਫਸ ਜਾਂਦੇ ਹਨ। ਸਾਡੇ ਦੇਸ਼ ਵਿੱਚ ਕਈ ਠੱਗ “ਸੰਤ” ਜਾਂ “ਮਹਾਤਮਾ” ਬਣਕੇ ਨਵੀਂ ਟੈਕਨੌਲੋਜੀ ਦੇ ਜਾਦੂਈ ਪ੍ਰਭਾਵ ਨੂੰ ਵਰਤਕੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾ ਦਿੰਦੇ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜਾਣਕਾਰੀ ਹਾਸਲ ਕਰਕੇ, ਸਮਝਦਾਰੀ ਨਾਲ ਫੈਸਲੇ ਕਰੀਏ, ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਵੀ ਇਸ ਤਰ੍ਹਾਂ ਦੇ ਠੱਗਾਂ ਤੋਂ ਬਚਾਈਏ।
ਭਵਿੱਖ ਵਿੱਚ ਕੀ ਨਵਾਂ ਆਵੇਗਾ, ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਹੋ ਸਕਦਾ ਹੈ ਕੱਲ੍ਹ ਨੂੰ ਅਜਿਹੀਆਂ ਤਕਨੀਕਾਂ ਸਾਡੇ ਸਾਹਮਣੇ ਹੋਣ ਜੋ ਅੱਜ ਸਿਰਫ ਕਲਪਨਾ ਹਨ। ਸ਼ਾਇਦ ਘਰ ਦੇ ਕੰਮ ਪੂਰੀ ਤਰ੍ਹਾਂ ਰੋਬੌਟ ਕਰ ਰਹੇ ਹੋਣ। ਡਾਕਟਰ ਬਿਨਾਂ ਹਸਪਤਾਲ ਆਏ ਘਰ ਬੈਠੈ ਹੀ ਵਰਚੁਅਲ ਸਰਜਰੀ ਕਰ ਸਕਣ, ਜਾਂ ਸਿੱਖਿਆ ਦੇ ਮੈਦਾਨ ਵਿੱਚ ਅਜਿਹੇ ਵਰਚੁਅਲ ਅਧਿਆਪਕ ਹੋਣ ਜੋ ਹਰ ਵਿਦਿਆਰਥੀ ਦੇ ਸਵਾਲ ਦੇ ਤੁਰੰਤ ਅਤੇ ਵਿਅਕਤੀਗਤ ਤਰੀਕੇ ਨਾਲ ਜਵਾਬ ਦੇ ਸਕਣ। ਪਰ ਇੱਕ ਗੱਲ ਪੱਕੀ ਹੈ, ਕੋਈ ਵੀ ਨਵੀਂ ਟੈਕਨੌਲੋਜੀ ਸਿਰਫ ਤਦੋਂ ਹੀ ਫ਼ਾਇਦੇਮੰਦ ਹੈ ਜਦੋਂ ਅਸੀਂ ਇਸਦੀ ਵਰਤੋਂ ਸਮਝਦਾਰੀ, ਸੁਰੱਖਿਆ ਅਤੇ ਜ਼ਿੰਮੇਵਾਰੀ ਨਾਲ ਕਰਦੇ ਹਾਂ। ਸਾਇੰਸ ਅਤੇ ਟੈਕਨੌਲੋਜੀ ਇਨਸਾਨ ਲਈ ਹਨ, ਪਰ ਇਨਸਾਨੀਅਤ ਲਈ ਸਭ ਤੋਂ ਵੱਡੀ ਸਿਆਣਪ ਇਹ ਹੈ ਕਿ ਅਸੀਂ ਇਸ “ਜਾਦੂ” ਨੂੰ ਆਪਣੀ ਅਕਲ ਦੇ ਸਾਥੀ ਵਜੋਂ ਵਰਤੀਏ, ਨਾ ਕਿ ਅੰਧ-ਵਿਸ਼ਵਾਸ ਦੇ ਸਾਧਨ ਵਜੋਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































