GurjitSBhathal7ਜੇ ਅਸੀਂ ਅੱਜ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬੀਅਤ ਨਾਲ ਨਾ ਜੋੜਿਆ ਤਾਂ ਕੱਲ੍ਹ ਨੂੰ ਸਾਡੇ ਕੋਲ
(20 ਅਪਰੈਲ 2026)


ਮੇਰਾ ਮੰਨਣਾ ਹੈ ਕਿ ਪੰਜਾਬ ਦੀ ਪਛਾਣ ਸਿਰਫ ਕਿਸੇ ਰਾਜ ਦੀ ਪਰਿਭਾਸ਼ਾ ਤਕ ਸੀਮਿਤ ਨਹੀਂ। ਜੇਕਰ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਇਹ ਧਰਤੀ ਸਪਤ ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਦਾ ਹਿੱਸਾ ਰਹਿ ਚੁੱਕੀ ਹੈ
, ਜੋ ਇਤਿਹਾਸਕ ਤੌਰ ’ਤੇ ਸਭ ਤੋਂ ਪੁਰਾਤਨ ਸੱਭਿਆਚਾਰ ਦੀ ਜਨਮਭੂਮੀ ਰਹੀ ਹੈ। ਸਮੇਂ ਨਾਲ ਇਹ ਕਦੇ ਲੋਧੀ ਵੰਸ਼ ਅਤੇ ਕਦੇ ਮੁਗ਼ਲਾਂ ਦੇ ਹਮਲਿਆਂ ਅਤੇ ਸ਼ਾਸਨ ਹੇਠ ਰਹੀ ਹੈ, ਪਰ ਪੰਜਾਬ ਦੀ ਅਸਲੀ ਨੁਹਾਰ ਮਹਾਰਾਜਾ ਰਣਜੀਤ ਸਿੰਘ ਵੇਲੇ (1799-1839) ਨਿੱਖਰੀ ਜਦੋਂ ਉਹਨਾਂ ਨੇ ਸਿੱਖ ਮਿਸਲਾਂ ਨੂੰ ਇੱਕਜੁੱਟ ਕੀਤਾ ਅਤੇ ਇੱਕ ਸ਼ਕਤੀਸ਼ਾਲੀ ਸਿੱਖ ਰਾਜ ਦੀ ਨੀਂਹ ਰੱਖਦੇ ਹੋਏ ਲਾਹੌਰ ਨੂੰ ਉਸ ਰਾਜ ਦੀ ਰਾਜਧਾਨੀ ਬਣਾਇਆ। ਇਹ ਰਾਜ ਧਰਮ ਨਿਰਪੱਖ ਅਤੇ ਨਿਆਂ ਦਾ ਪ੍ਰਤੀਕ ਸੀ, ਇੱਥੇ ਹਿੰਦੂ, ਮੁਸਲਮਾਨ, ਸਿੱਖ ਅਤੇ ਹੋਰ ਧਰਮਾਂ ਦੇ ਲੋਕ ਅਮਨ ਨਾਲ ਵਸਦੇ ਸਨ। ਪਰ 1849 ਵਿੱਚ ਅੰਗਰੇਜ਼ਾਂ ਦੇ ਕਬਜ਼ੇ ਨੇ ਇਸ ਰਾਜ ਨੂੰ ਤੋੜ ਕੇ ਆਪਣੇ ਹੱਥ ਵਿੱਚ ਲੈ ਲਿਆ।

ਇਸ ਤੋਂ ਬਾਅਦ ਵੀ ਪੰਜਾਬ ਦੀ ਮਹਾਨਤਾ ਘਟੀ ਨਹੀਂ, ਕਿਉਂਕਿ ਭੂਗੋਲਿਕ ਤੌਰ ’ਤੇ ਵੀ ਇੱਥੇ ਖਾਸ ਤਰ੍ਹਾਂ ਦੀ ਮਿੱਟੀ ਅਤੇ ਪਾਣੀ ਦੇ ਸਰੋਤ ਸਨ। ਇਹ ਉਹ ਮਿੱਟੀ ਹੈ ਜਿੱਥੇ ਖੇਤਾਂ ਵਿੱਚ ਸਿਰਫ ਅਨਾਜ ਨਹੀਂ ੳਗਦਾ, ਸਗੋਂ ਜਜ਼ਬਾਤ ਵੀ ਪੈਦਾ ਹੁੰਦੇ ਹਨ। ਇੱਥੇ ਦੀ ਮਿੱਟੀ ਵਿੱਚ ਮੋਹ ਹੈ, ਰੀਤੀ-ਰਿਵਾਜ਼ਾਂ ਵਿੱਚ ਪਿਆਰ ਹੈ ਅਤੇ ਲੋਕਾਂ ਵਿੱਚ ਬੇਮਿਸਾਲ ਮਹਿਮਾਨ ਨਿਵਾਜ਼ੀ ਹੈ। ਇਹ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਰੱਬੀ ਰੋਸ਼ਨੀ ਬਿਖੇਰੀ ਗਈ। ਇਹ ਧਰਤੀ ਲੱਖਾਂ ਹੀ ਸ਼ਹੀਦਾਂ ਦੀ ਹੈ, ਜਿਵੇਂ ਭਗਤ ਸਿੰਘ, ਉਧਮ ਸਿੰਘ ਅਤੇ ਅਨੇਕਾਂ ਸਿੰਘਾਂ ਦੀ ਜਿਨ੍ਹਾਂ ਨੇ ਆਪਣੇ ਪ੍ਰਾਣ ਦਿੱਤੇ ਪਰ ਕਦੇ ਵੀ ਜ਼ੁਲਮ ਦੇ ਸਾਹਮਣੇ ਗੋਡੇ ਨਹੀਂ ਟੇਕੇ। ਇੱਥੋਂ ਦੀਆਂ ਧਰਮਸ਼ਾਲਾਵਾਂ, ਮੰਦਰ, ਗੁਰਦੁਆਰੇ, ਕਿਲੇ, ਅਤੇ ਲੋਕ ਗੀਤ ਇਤਿਹਾਸ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਸੰਭਾਲੇ ਹੋਏ ਹਨ। ਪਰ 1947 ਵਿੱਚ ਦੇਸ਼ ਦੀ ਵੰਡ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਬਹੁਤ ਦੁੱਖ ਪਹੁੰਚਾਇਆ, ਪਰ ਪੰਜਾਬੀਅਤ ਅਟੁੱਟ ਰਹੀ। ਵੰਡ ਤੋਂ ਬਾਅਦ ਵੀ ਇਹ ਜ਼ਮੀਨ ਅੱਜ ਤਕ ਸਿਆਸੀ ਅਤੇ ਭੂਗੋਲਿਕ ਤਬਦੀਲੀਆਂ ਦਾ ਕੇਂਦਰ ਰਹੀ। ਫਿਰ 1966 ਵਿੱਚ ਪੰਜਾਬ, ਭਾਸ਼ਾ ਅਤੇ ਭੂ-ਰੂਪ ਦੇ ਆਧਾਰ ’ਤੇ ਤਿੰਨ ਭਾਗਾਂ ਵਿੱਚ ਵੰਡਿਆ ਗਿਆਪੰਜਾਬ (ਪੰਜਾਬੀ ਬੋਲੇ ਜਾਣ ਵਾਲਾ ਖੇਤਰ), ਹਰਿਆਣਾ (ਹਿੰਦੀ ਬੋਲੇ ਜਾਣ ਵਾਲਾ ਖੇਤਰ), ਅਤੇ ਹਿਮਾਚਲ ਪ੍ਰਦੇਸ਼ (ਪਹਾੜੀ ਖੇਤਰ)। ਸਮੇਂ ਦੇ ਨਾਲ ਸੱਤ ਤੋਂ ਪੰਜ ਤੇ ਫਿਰ ਹੁਣ ਤਿੰਨ ਦਰਿਆ ਹੀ ਰਹਿ ਗਏ ਹਨ।

ਪੰਜਾਬੀ ਹੋਣਾ ਸਿਰਫ ਪੰਜਾਬੀ ਮਾਂ ਬੋਲੀ ਬੋਲਣਾ ਨਹੀਂ, ਇਹ ਇੱਕ ਅਹਿਸਾਸ, ਇੱਕ ਜੀਵਨ ਰੀਤ ਹੈ, ਜੋ ਪੰਜਾਬੀਅਤ ਦਾ ਅਧਾਰ ਹੈ। ਸੰਸਾਰ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਹਨ, ਭਾਵ ਕਨੇਡਾ ਦੇ ਬਰਫੀਲੇ ਪਹਾੜਾਂ ਤੋਂ ਲੈ ਕੇ ਆਸਟ੍ਰੇਲੀਆ ਦੇ ਰੇਤਲੇ ਟਿੱਲਿਆਂ ਤਕ, ਲੰਡਨ ਦੀਆਂ ਗਲੀਆਂ ਤੋਂ ਲੈ ਕੇ ਨਿਊਯਾਰਕ ਦੀਆਂ ਇਮਾਰਤਾਂ ਤਕ। ਜਿੱਥੇ ਵੀ ਪੰਜਾਬੀ ਵਸਦੇ ਹਨ, ਉਹ ਆਪਣੀ ਮਿੱਟੀ ਦੀ ਮਹਿਕ, ਗੁਰਬਾਣੀ ਦਾ ਆਸਰਾ ਅਤੇ ਭੰਗੜੇ ਦੀ ਧੁਨ ਨਾਲ ਇੱਕ ਛੋਟਾ ਜਿਹਾ ਪੰਜਾਬ ਉੱਥੇ ਵਸਾ ਲੈਂਦੇ ਹਨ। ਉਹ ਆਪਣੇ ਪਿਆਰ ਭਰੇ ਸੁਭਾਅ, ਖੁਸ਼ਦਿਲੀ ਅਤੇ ਨਿਭਾਉਣ ਵਾਲੀ ਸੋਚ ਨਾਲ ਹਰ ਥਾਂ ਆਪਣੀ ਛਾਪ ਛੱਡ ਜਾਂਦੇ ਹਨ। ਉਹ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਵਿੱਚ ਗੱਲ ਕਰ ਲੈਂਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿੱਚੋਂ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੀ ਰੀਝ ਕਦੇ ਨਹੀਂ ਮਿਟਦੀ। ਪੰਜਾਬੀ ਭਾਸ਼ਾ ਉਹ ਆਤਮਿਕ ਰਾਹ ਹੈ ਜਿਸ ਰਾਹੀਂ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਲਿਖੀ ਅਤੇ ਉਚਾਰਣ ਹੁੰਦੀ ਹੈ, ਅਤੇ ਮਾਂ ਆਪਣੀ ਔਲਾਦ ਨਾਲ ਪਹਿਲੀ ਵਾਰ ਬੋਲਦੀ ਹੈ। ਅੱਜ ਦੇ ਸਮੇਂ ਵਿੱਚ, ਜਿੱਥੇ ਦੁਨੀਆਂ ਗਲੋਬਲ ਹੋ ਰਹੀ ਹੈ, ਉੱਥੇ ਆਪਣੀ ਭਾਸ਼ਾ ਅਤੇ ਰੀਤੀ-ਰਿਵਾਜ਼ਾਂ ਨਾਲ ਜੁੜੇ ਰਹਿਣਾ ਹੀ ਅਸਲ ਪੰਜਾਬੀਅਤ ਹੈ।

ਅੱਜ ਜਦੋਂ ਮੈਂ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਅਤੇ ਪੰਜਾਬ ਵਿੱਚ ਨੌਜਵਾਨ ਪੀੜ੍ਹੀ ਨੂੰ ਦੇਖਦਾ ਹਾਂ ਤਾਂ ਇੱਕ ਗੱਲ ਅੰਦਰੋਂ ਦੁੱਖ ਦਿੰਦੀ ਹੈ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਹੌਲੀ-ਹੌਲੀ ਘਟ ਰਹੀ ਹੈ। ਬਹੁਤੇ ਪਰਵਾਸੀ ਪੰਜਾਬੀਆਂ ਦੀ ਤੀਜੀ ਪੀੜ੍ਹੀ ਪੰਜਾਬੀ ਬੋਲਣਾ ਵੀ ਨਹੀਂ ਜਾਣਦੀ ਅਤੇ ਪੰਜਾਬ ਦੇ ਅੰਦਰ ਵੀ ਬੱਚਿਆਂ ਦਾ ਰੁਝਾਨ ਅੰਗਰੇਜ਼ੀ ਜਾਂ ਹਿੰਦੀ ਬੋਲਣ ਵੱਲ ਜ਼ਿਆਦਾ ਹੋ ਗਿਆ ਹੈ। ਇਸਦਾ ਵੱਡਾ ਕਾਰਨ ਸਕੂਲਾਂ ਵਿੱਚ ਪੰਜਾਬੀ ਨਾ ਬੋਲਣ ਦੇਣਾ, ਮੋਬਾਇਲ ਅਤੇ ਇੰਟਰਨੈੱਟ ਦੀ ਵਰਤੋਂ ਵਿੱਚ ਪੰਜਾਬੀ ਭਾਸ਼ਾ ਦਾ ਘੱਟ ਹੋਣਾ ਵੀ ਹੈ। ਸਾਡੇ ਘਰਾਂ ਵਿੱਚ ਜਿੱਥੇ ਪਹਿਲਾਂ ਗੁਰਮੁਖੀ ਦੀ ਗੂੰਜ ਹੁੰਦੀ ਸੀ, ਉੱਥੇ ਅੱਜ ਅੰਗਰੇਜ਼ੀ ਜਾਂ ਹਿੰਦੀ ਬੋਲਣ ਨੂੰ ਹੀ ਸਿਆਣਪ ਮੰਨਿਆ ਜਾਂਦਾ ਹੈ। ਮੈਨੂੰ ਇਹ ਵੀ ਲਗਦਾ ਹੈ ਕਿ ਸਾਡੇ ਧਰਮ ਪ੍ਰਚਾਰਕ ਸੰਗਠਨਾਂ ਨੇ ਵੀ ਲੋਕਾਂ ਨੂੰ ਜੋੜਨ ਲਈ ਸਮੇਂ ਅਨੁਸਾਰ ਆਪਣਾ ਢੰਗ ਨਹੀਂ ਬਦਲਿਆ। ਧਰਮ (ਗੁਰਬਾਣੀ) ਅਤੇ ਸਮਾਜਿਕ ਮੁੱਲਾਂ ਨੂੰ ਸਧਾਰਨ ਪੰਜਾਬੀ ਭਾਸ਼ਾ ਵਿੱਚ, ਰੋਜ਼ਾਨਾ ਦੀ ਜ਼ਿੰਦਗੀ ਨਾਲ ਜੋੜ ਕੇ ਹੀ ਅੱਜ ਦੇ ਨੌਜਵਾਨ ਤਕ ਪਹੁੰਚਾਇਆ ਜਾ ਸਕਦਾ ਹੈ।

ਪੰਜਾਬੀਅਤ ਕੋਈ ਕਲਾ-ਕਾਰਨਾਮਾ ਜਾਂ ਸਿਰਫ ਸੰਗੀਤ ਜਾਂ ਤਿਉਹਾਰ ਨਹੀਂ, ਇਹ ਤਾਂ ਉਹ ਆਦਤ ਹੈ ਜੋ ਦਿਲ ਦੀ ਆਵਾਜ਼ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿਸੇ ਦੀ ਭੁੱਖ ਦੇਖਣ ਤੋਂ ਪਹਿਲਾਂ ਆਪਣੇ ਹੱਥ ਵਧਾ ਦੇਣਾ, ਕਿਸੇ ਅਣਜਾਣ ਨੂੰ ਵੀ ਆਪਣੇ ਵਰਗਾ ਹੀ ਮੰਨਣਾ। ਇਹ ਗੁਰੂਆਂ ਦੀ ਸਿੱਖਿਆ ਤੋਂ ਲੈ ਕੇ ਦਾਦੀਆਂ-ਦਾਦਿਆਂ ਦੀਆਂ ਦੱਸੀਆਂ ਕਿੱਸੇ-ਕਹਾਣੀਆਂ ਅਤੇ ਸਾਖੀਆਂ ਵਾਲੀ ਸੇਵਾ ਭਾਵਨਾ ਤਕ ਹੈ। ਪਰ ਅੱਜ ਇਹ ਰੀਝ ਕਈ ਥਾਂਵਾਂ ’ਤੇ ਘੱਟ ਹੋ ਰਹੀ ਹੈ। ਜਿੱਥੇ ਪਹਿਲਾਂ ਰੋਜ਼ਾਨਾ ਦੇ ਜੀਵਨ ਵਿੱਚ ਪੰਜਾਬੀਅਤ ਵਸਦੀ ਸੀ, ਉੱਥੇ ਹੁਣ ਇਹ ਸਿਰਫ ਤਿਉਹਾਰਾਂ ਅਤੇ ਸੋਸ਼ਲ ਮੀਡੀਆ ਦੀਆਂ ਪੋਸਟਾਂ ਤਕ ਸੀਮਿਤ ਹੋ ਗਈ ਹੈਇਹ ਸੋਚ ਮੈਨੂੰ ਅੰਦਰੋਂ ਝੰਝੋੜਦੀ ਹੈ। ਪਰ ਮੈਂ ਮੰਨਦਾ ਹਾਂ ਕਿ ਇਹ ਰੋਸ਼ਨੀ ਮੁੜ ਆਵੇਗੀ ਜੇ ਅਸੀਂ ਖੁਦ ਅੱਗੇ ਆਈਏ, ਆਪਣੀ ਨਵੀਂ ਪੀੜ੍ਹੀ ਨੂੰ ਖੇਡਣ ਲਈ ਯੰਤਰ ਅਤੇ ਪਿਆਰ ਦੇ ਨਾਲ-ਨਾਲ ਉਹਨਾਂ ਨੂੰ ਆਪਣੀ ਮਿੱਟੀ ਨਾਲ ਵੀ ਜੋੜੀਏ।

ਮੈਂ ਜਦੋਂ ਕਦੀ ਸ਼ਾਮ-ਸਵੇਰੇ ਆਪਣੇ ਪਿੰਡ ਖੇਤਾਂ ਵਿੱਚ ਗੇੜਾ ਮਾਰਨ ਜਾਂਦਾ ਹਾਂ ਉਦੋਂ ਖੇਤਾਂ ਵਿੱਚ ਖੜ੍ਹਾ ਹੋ ਕੇ ਮਿੱਟੀ ਦੀ ਖੁਸ਼ਬੂ ਮਹਿਸੂਸ ਕਰ ਸਕਦਾਂ ਹਾਂ ਅਤੇ ਕਈ ਬਾਰੀ ਉਸ ਸਮੇਂ ਗੁਰੂਦਵਾਰਾ ਸਾਹਿਬ ਤੋਂ ਗੁਰਬਾਣੀ ਪਾਠ ਦੀ ਆਵਾਜ਼ ਵੀ ਸੁਣ ਜਾਂਦੀ ਹੈਉਸ ਵੇਲੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾਂ ਸਕਦਾਇਹੀ ਅਹਿਸਾਸ ਸਾਨੂੰ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦਾ ਹੈਭਾਵੇਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ ਮਿੱਟੀ ਦਾ ਮੋਹ ਨਹੀਂ ਭੁੱਲਦਾ।

ਮੇਰੇ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕੋਈ ਵਿਗਿਆਨਕ ਜਾਂ ਰਾਜਨੀਤਕ ਲਫਜ਼ ਨਹੀਂ, ਇਹ ਮੇਰੇ ਦਿਲ ਦੀ ਗੱਲ ਹੈ। ਇਹ ਤਿੰਨੇ ਮੇਰੀ ਆਤਮਾ ਵਿੱਚ ਵਸਦੇ ਹਨ। ਮੈਂ ਇਹ ਵਾਅਦਾ ਕਰਦਾ ਹਾਂ ਕਿ ਜਦੋਂ ਤਕ ਸਾਹ ਚੱਲ ਰਹੇ ਹਨ, ਮੈਂ ਆਪਣੀ ਮਾਂ ਬੋਲੀ, ਆਪਣੇ ਰੀਤੀ-ਰਿਵਾਜ਼ ਅਤੇ ਆਪਣੀ ਪਛਾਣ ਨੂੰ ਕਦੇ ਵੀ ਮਿੱਟਣ ਨਹੀਂ ਦਿਆਂਗਾ। ਜੇ ਅਸੀਂ ਅੱਜ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬੀਅਤ ਨਾਲ ਨਾ ਜੋੜਿਆ ਤਾਂ ਕੱਲ੍ਹ ਨੂੰ ਸਾਡੇ ਕੋਲ ਮਿੱਟੀ ਹੋਵੇਗੀ, ਪਰ ਮਹਿਕ ਨਹੀਂ। ਇਸ ਲਈ ਆਉ ਅਸੀਂ ਆਪਣੇ ਆਪ ਨਾਲ ਇਹ ਵਾਅਦਾ ਕਰੀਏ ਕਿ ਨਵੀਂ ਪੀੜ੍ਹੀ ਲਈ ਪੰਜਾਬੀਅਤ ਨੂੰ ਸੁਰਜੀਤ ਰੱਖੀਏ, ਨਾ ਸਿਰਫ ਲਫਜ਼ਾਂ ਵਿੱਚ, ਸਗੋਂ ਆਪਣੇ ਜੀਵਨ ਵਿੱਚ ਵੀਫਿਰ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਆਪਣੇ ਆਪ ਮੁੱਕ ਜਾਣਗੀਆਂ। ਇਹੀ ਸੱਚਾ ਫਿਕਰ ਹੋਵੇਗਾ ਸਾਰੀਆਂ ਸਮਾਜਿਕ ਸੰਸਥਾਵਾਂ, ਰਾਜਨੀਤਿਕ ਪਾਰਟੀਆਂ, ਪ੍ਰਵਾਸੀ ਪੰਜਾਬੀਆਂ ਅਤੇ ਸਰਕਾਰਾਂ ਨੂੰ ਪੰਜਾਬ ਦਾ, ਜੇ ਉਹ ਪੰਜਾਬੀਅਤ ਨੂੰ ਬਚਾਉਣ ਦੇ ਉਪਰਾਲੇ ਕਰਨਗੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਡਾ. ਗੁਰਜੀਤ ਸਿੰਘ ਭੱਠਲ

ਡਾ. ਗੁਰਜੀਤ ਸਿੰਘ ਭੱਠਲ

Computer Science & Engineering, Punjabi University Patiala, Punjab. India.
Whatsapp: (91 - 98142 - 05475)
Email: (gurjit.bhathal@gmail.com)