“ਸਾਡੇ ਇਲਾਕੇ ਵਿੱਚ ਬਹੁਤੇ ਘਰ ਖਾਲੀ ਪਏ ਹਨ। ਸਵੇਰੇ ਸੈਰ ਕਰਦਿਆਂ ਖਾਲੀ ਘਰਾਂ ...”
(26 ਮਾਰਚ 2026)
ਸਾਨੂੰ ਤਕਰੀਬਨ 20 ਸਾਲ ਦਾ ਸਮਾਂ ਹੋ ਗਿਆ ਹੈ ਅਰਬਨ ਅਸਟੇਟ ਵਿੱਚ ਆਪਣਾ ਘਰ ਬਣਾ ਕੇ ਰਹਿੰਦਿਆਂ। ਆਂਢੀ-ਗੁਆਂਢੀ ਵੀ ਬਹੁਤ ਚੰਗੇ ਹਨ। ਅਸੀਂ ਆਪਣੇ ਬਜ਼ੁਰਗਾਂ ਦੀ ਇੱਕ ਗੱਲ ਹਮੇਸ਼ਾ ਯਾਦ ਰੱਖੀ ਕਿ ਆਂਢ-ਗਵਾਂਢ ਰਿਸ਼ਤੇਦਾਰਾਂ ਤੋਂ ਪਹਿਲਾਂ ਹਨ। ਦੁੱਖ ਸੁਖ ਦੀ ਘੜੀ ਉਹੀ ਪਹਿਲਾਂ ਬਹੁੜਦੇ ਹਨ; ਇਸ ਲਈ ਉਨ੍ਹਾਂ ਨਾਲ ਹਮੇਸ਼ਾ ਬਣਾ ਕੇ ਰੱਖੋ। ਸਾਡਾ ਮਿਲਵਰਤਨ ਸਾਰੇ ਹੀ ਘਰਾਂ ਨਾਲ ਹੈ ਪਰ ਦੋ-ਤਿੰਨ ਘਰਾਂ ਇਹ ਪਰਿਵਾਰਕ ਸਾਂਝ ਤੋਂ ਵੀ ਜ਼ਿਆਦਾ ਹੈ।
ਮੇਰੇ ਖੱਬੇ ਪਾਸੇ ਪੰਜਾਬੀ ਯੂਨੀਵਰਸਿਟੀ ਤੋਂ ਰਿਟਾਇਰ ਪ੍ਰੋਫੈਸਰ ਸਾਹਿਬਾਨਾਂ ਦਾ ਜੋੜਾ ਹੈ; ਜਿਨ੍ਹਾਂ ਦਾ ਆਪਣੇ ਅਰਥ ਸ਼ਾਸਤਰ ਵਿਸ਼ੇ ਵਿੱਚ ਪੂਰਾ ਦਬਦਬਾ ਹੈ। ਉਹਨਾਂ ਨੂੰ ਦੇਖਦੇ ਹੋਏ ਹੀ ਮੈਨੂੰ ਵੀ ਹਮੇਸ਼ਾ ਇਹ ਇੱਛਾ ਰਹੀ ਕਿ ਮੈਂ ਵੀ ਉਹਨਾਂ ਵਾਂਗ ਆਪਣੇ ਵਿਸ਼ੇ ਵਿੱਚ ਕੁਝ ਕਰਕੇ ਦਿਖਾਵਾਂ। ਸਮੇਂ ਸਮੇਂ ’ਤੇ ਉਹਨਾਂ ਨੇ ਮੈਨੂੰ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਗੱਲਾਂ ਵੀ ਦੱਸਣੀਆਂ ਅਤੇ ਨਾਲ ਹੀ ਮੇਰੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਕਰਕੇ ਮੇਰੀ ਹੌਸਲਾ ਅਫਜ਼ਾਈ ਕਰਨਾ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਆਪਣੇ ਵਾਂਗ ਉਹ ਮੈਨੂੰ ਵੀ ਕੁਝ ਨਵਾਂ ਲਿਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਉਹਨਾਂ ਦੇ ਬੱਚੇ ਕਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਹਨ। ਸਾਡੇ ਵਿੱਚ ਉਹ ਦੋਵੇਂ ਆਪਣੇ ਬੱਚਿਆਂ ਨੂੰ ਹੀ ਮਹਿਸੂਸ ਕਰਦੇ ਹਨ।
ਮੇਰੇ ਘਰ ਦੇ ਸਾਹਮਣੇ ਵੀ ਬਿਜਲੀ ਬੋਰਡ ਤੋਂ ਰਿਟਾਇਰਡ ਜੋੜਾ ਰਹਿੰਦਾ ਹੈ। ਬਹੁਤ ਹੀ ਚੰਗੇ ਸੁਭਾਅ ਦੇ, ਮਿੱਠ ਬੋਲੜੇ ਅਤੇ ਮਿਲਵਰਤਣ ਰੱਖਣ ਵਾਲੇ ਹਨ। ਉਹਨਾਂ ਦੇ ਬੱਚੇ ਵੀ ਆਸਟ੍ਰੇਲੀਆ ਵਿੱਚ ਰਹਿੰਦੇ ਹਨ ਅਤੇ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ। ਅੰਕਲ ਸਾਡੇ ਇਲਾਕੇ ਦੀ ਬਣੀ ਹੋਈ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਸੈਕਟਰੀ ਹਨ। ਉਨ੍ਹਾਂ ਨੇ ਮੈਨੂੰ ਵੀ ਐਸੋਸੀਏਸ਼ਨ ਦਾ ਮੈਂਬਰ ਬਣਾ ਦਿੱਤਾ ਹੈ। ਉਨ੍ਹਾਂ ਨਾਲ ਕੰਮ ਕਰਕੇ ਮੈਂ ਪ੍ਰਸ਼ਾਸਨਿਕ ਅਤੇ ਪ੍ਰਬੰਧਕੀ ਸਕਿੱਲ ਹਾਸਲ ਕਰ ਰਿਹਾ ਹਾਂ।
ਘਰ ਦੇ ਸੱਜੇ ਪਾਸੇ ਸਾਡੇ ਤੋਂ ਛੋਟੀ ਉਮਰ ਦਾ ਜੋੜਾ ਹੈ। ਦੋਨੋਂ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਕਰਦੇ ਹਨ। ਉਹਨਾਂ ਦੇ ਬੱਚਿਆਂ ਨਾਲ ਮੇਰਾ ਬੜਾ ਮੋਹ ਹੈ। ਉਹਨਾਂ ਦੇ ਛੋਟੇ ਬੱਚੇ ਮੈਨੂੰ “ਫਰੈਂਡ” ਕਹਿ ਕੇ ਬੁਲਾਉਂਦੇ ਹਨ। ਉਹ ਮੇਰੇ ਕੋਲੋਂ ਹਰ ਰੋਜ਼ ਇੱਕ ਚੌਕਲੇਟ ਲੈ ਕੇ ਜਾਂਦੇ ਹਨ ਅਤੇ ਕਦੀ ਕਦਾਈਂ ਇੱਕ ਜੂਸ ਪਾਰਟੀ ਵੀ ਕਰ ਲੈਂਦੇ ਹਾਂ।
ਆਂਢੀ ਗੁਆਂਢੀ ਇੱਕ ਪਰਿਵਾਰ ਦੀ ਤਰ੍ਹਾਂ ਹੁੰਦੇ ਹਨ। ਉਹਨਾਂ ਵਿੱਚ ਹਰ ਖੁਸ਼ੀ ਗਮੀ ਵਿੱਚ ਇੱਕ ਦੂਜੇ ਦਾ ਸਾਥ ਦੇਣ ਲਈ ਅਤੇ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਣ ਅਤੇ ਉਨ੍ਹਾਂ ਦੀ ਕਦਰਾਂ ਕਰਨ ਲਈ ਬਣਿਆ ਹੁੰਦਾ ਹੈ ਅਤੇ ਉਸਨੂੰ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਵੀ ਹੈ। ਅਕਸਰ ਦੇਖਣ ਵਿੱਚ ਆਇਆ ਹੈ ਕੁਝ ਕੁ ਅਲੱਗ ਸੋਚ ਰੱਖਣ ਵਾਲੇ ਗੁਆਂਢੀ ਆਪਸ ਵਿੱਚ ਛੋਟੀ ਛੋਟੀ ਗੱਲ ਪਿੱਛੇ ਝਗੜ ਪੈਂਦੇ ਹਨ।
ਮੇਰੇ ਆਂਢੀਆਂ-ਗੁਆਂਢੀਆਂ ਦਾ ਸੁਭਾਅ ਮੇਰੇ ਨਾਲ ਮੇਲ ਖਾਂਦਾ ਹੈ ਇਸ ਕਰਕੇ ਜਦੋਂ ਵੀ ਉਹਨਾਂ ਨੇ ਘਰੋਂ ਕਿਤੇ ਬਾਹਰ, ਜਾਂ ਵਿਦੇਸ਼ ਜਾਣਾ ਹੁੰਦਾ ਹੈ ਤਾਂ ਉਹ ਘਰ ਅਤੇ ਕਾਰ ਦੀਆਂ ਚਾਬੀਆਂ ਮੇਰੇ ਹਵਾਲੇ ਕਰ ਜਾਂਦੇ ਹਨ ਤੇ ਮੈਂ ਵੀ ਆਪਣੇ ਘਰ ਦੀ ਤਰ੍ਹਾਂ ਉਹਨਾਂ ਦੀ ਸਾਂਭ ਸੰਭਾਲ, ਸਾਫ-ਸਫਾਈ ਦਾ ਪੂਰਾ ਖਿਆਲ ਰੱਖਦਾ ਹਾਂ।
ਪਿਛਲੇ ਸਾਲ ਇੱਕ ਸਮਾਂ ਅਜਿਹਾ ਵੀ ਆਇਆ, ਤਿੰਨਾਂ ਘਰਾਂ ਦੀਆਂ ਚਾਬੀਆਂ ਮੇਰੇ ਕੋਲ ਸਨ। ਇੱਕ ਪਰਿਵਾਰ ਆਪਣੇ ਬੱਚਿਆਂ ਕੋਲ ਕੈਨੇਡਾ ਚਲਾ ਗਿਆ। ਦੂਜਾ, ਆਪਣੇ ਬੱਚਿਆਂ ਨੂੰ ਮਿਲਣ ਆਸਟਰੇਲੀਆ ਚਲਾ ਗਿਆ ਅਤੇ ਤੀਜਾ ਪਰਿਵਾਰ ਕੁਝ ਦਿਨਾਂ ਲਈ ਘੁੰਮਣ ਚਲਾ ਗਿਆ। ਇੱਕ ਪਾਸੇ ਮੈਨੂੰ ਖੁਸ਼ੀ ਸੀ ਕਿ ਮੇਰੇ ’ਤੇ ਬਾਕੀ ਲੋਕ ਕਿੰਨਾ ਭਰੋਸਾ ਕਰਦੇ ਹਨ, ਅਤੇ ਦੂਜੇ ਪਾਸੇ ਜ਼ਿੰਮੇਵਾਰੀ ਦਾ ਇੰਨਾ ਅਹਿਸਾਸ ਵੀ ਸੀ ਜੋ ਕਿ ਸੌਣ ਵੀ ਨਹੀਂ ਦਿੰਦੀ ਸੀ। ਕਿਸੇ ਦਾ ਵੀ ਗੇਟ ਖੜਕਣ ’ਤੇ ਬਾਰ ਬਾਰ ਉੱਠ ਕੇ ਦੇਖਣਾ। ਇੱਕ ਦਿਨ ਕਨੇਡਾ ਤੋਂ ਫੋਨ ਆਇਆ ਤਾਂ ਮੈਂ ਸਹਿਜ ਸੁਭਾਅ ਗੱਲਾਂ ਕਰਦਿਆਂ ਮਜ਼ਾਕ ਵਿੱਚ ਅੰਕਲ ਜੀ ਨੂੰ ਕਹਿਣ ਲੱਗਿਆ ਕਿ ਅਗਰ ਮੈਨੂੰ ਕਿਤੇ ਜਾਣਾ ਪਿਆ ਤਾਂ ਇਹ ਪੜ੍ਹਿਆ ਲਿਖਿਆ ਚੌਕੀਦਾਰ ਆਪਣੀਆਂ ਚਾਬੀਆਂ ਕਿਸ ਨੂੰ ਦੇ ਕੇ ਜਾਵੇਗਾ।
ਸਾਡੇ ਇਲਾਕੇ ਵਿੱਚ ਬਹੁਤੇ ਘਰ ਖਾਲੀ ਪਏ ਹਨ। ਸਵੇਰੇ ਸੈਰ ਕਰਦਿਆਂ ਖਾਲੀ ਘਰਾਂ ਵੱਲ ਦੇਖਕੇ ਮੈਂ ਅਚਾਨਕ ਉਸ ਫੋਨ ’ਤੇ ਕੀਤੀ ਹੋਈ ਗੱਲ ਬਾਰੇ ਸੋਚਣ ਲੱਗ ਪਿਆ ਕਿ ਵਾਕਈ ਜਿਸ ਤਰ੍ਹਾਂ ਪੰਜਾਬ ਦੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਲੋਕਾਂ ਦੇ ਘਰਾਂ ਨੂੰ ਜਿੰਦਰੇ ਵੱਜ ਰਹੇ ਹਨ, ਤਾਂ ਪੰਜਾਬ ਦਾ ਭਵਿੱਖ ਕੀ ਹੋਵੇਗਾ? ਕੀ ਇੱਥੇ ਪ੍ਰਵਾਸੀ (ਯੂ ਪੀ ਬਿਹਾਰ ਤੋਂ ਆਏ ਬੰਦੇ) ਰਿਹਾ ਕਰਨਗੇ? ਜਾਂ ਘਰ ਦਾ ਹੀ ਕੋਈ ਚੌਕੀਦਾਰ ਚਾਬੀਆਂ ਸਾਂਭਿਆ ਕਰੇਗਾ? ਕੁਝ ਕੁ ਮੇਰੇ ਵਰਗੇ, ਜਿਹੜੇ ਵਿਦੇਸ਼ ਜਾਣਾ ਨਹੀਂ ਚਾਹੁੰਦੇ, ਪਰ ਬੱਚਾ ਜਵਾਨੀ ਦੀ ਦਹਿਲੀਜ਼ ’ਤੇ ਖੜ੍ਹਾ ਹੈ; ਜੇ ਮਜਬੂਰੀ ਵੱਸ ਜਾਣਾ ਪੈ ਗਿਆ ਤਾਂ ਚੌਕੀਦਾਰ ਦੀਆਂ ਚਾਬੀਆਂ ਕੌਣ ਸਾਂਭੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































