“ਚੰਗਾ ਸਾਥੀ ਮਿਲਣਾ ਕਿਸਮਤ ਦੀ ਗੱਲ ਹੋ ਸਕਦੀ ਹੈ, ਪਰ ਉਸ ਸਾਥ ਨੂੰ ਸਬਰ, ...”
(21 ਮਈ 2026)
ਪੁਰਸ਼ ਅਤੇ ਇਸਤਰੀ ਦਾ ਵਿਆਹ ਮਨੁੱਖੀ ਸਮਾਜ ਦੀ ਸਭ ਤੋਂ ਪੁਰਾਣੀ ਅਤੇ ਮਜ਼ਬੂਤ ਸੰਸਥਾ ਮੰਨੀ ਜਾਂਦੀ ਰਹੀ ਹੈ। ਇਹ ਸਿਰਫ ਦੋ ਵਿਅਕਤੀਆਂ ਦਾ ਮੇਲ ਨਹੀਂ, ਸਗੋਂ ਦੋ ਪਰਿਵਾਰਾਂ, ਸੰਸਕਾਰਾਂ ਅਤੇ ਜੀਵਨ-ਦ੍ਰਿਸ਼ਟੀਆਂ ਦਾ ਸੁਮੇਲ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਵਿਆਹ ਨੂੰ ਧਾਰਮਿਕ ਸੰਸਕਾਰ ਅਤੇ ਸਮਾਜਿਕ ਜ਼ਿੰਮੇਵਾਰੀ ਵਜੋਂ ਦੇਖਿਆ ਜਾਂਦਾ ਸੀ, ਜਿਸਦਾ ਮੂਲ ਉਦੇਸ਼ ਵੰਸ਼ ਵਧਾਉਣਾ, ਪਰਿਵਾਰਕ ਸਥਿਰਤਾ ਕਾਇਮ ਰੱਖਣਾ ਅਤੇ ਨੈਤਿਕ ਮੁੱਲਾਂ ਦੀ ਰੱਖਿਆ ਕਰਨਾ ਸੀ। ਸਮਰਪਣ, ਧੀਰਜ ਅਤੇ ਆਪਸੀ ਆਦਰ ਨੂੰ ਇਸ ਰਿਸ਼ਤੇ ਦੀ ਮਜ਼ਬੂਤੀ ਦਾ ਅਸਲ ਆਧਾਰ ਮੰਨਿਆ ਜਾਂਦਾ ਸੀ। ਇਹ ਵੀ ਮੰਨਿਆ ਜਾਂਦਾ ਸੀ ਕਿ ਹਰ ਮੁੰਡੇ ਅਤੇ ਕੁੜੀ ਦੀ ਕਿਸਮਤ ਵਿਆਹ ਮਗਰੋਂ ਇੱਕ ਨਵਾਂ ਮੋੜ ਲੈਂਦੀ ਹੈ, ਕਿਸੇ ਦੀ ਚੰਗੀ ਹੋ ਜਾਂਦੀ ਹੈ, ਕਿਸੇ ਦੀ ਮਾੜੀ। ਵਿਆਹ ਵਾਲੇ ਦਿਨ ਨਹਾਉਣ ਦੀ ਰਸਮ ਨੂੰ ਵੀ ਬਹੁਤ ਪਵਿੱਤਰ ਮੰਨਿਆ ਜਾਂਦਾ ਸੀ, ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਪੁਰਾਣੀ ਜ਼ਿੰਦਗੀ ਦਾ ਇੱਕ ਅਧਿਆਇ ਮੁੱਕ ਰਿਹਾ ਹੈ ਅਤੇ ਨਵੀਂ ਜ਼ਿੰਮੇਵਾਰੀਆਂ ਵਾਲੀ ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਹੈ। ਇਸ ਲਈ ਵਿਆਹਾਂ ਦੇ ਵਿੱਚ ਕੁੜੀਆਂ ਵੱਲੋਂ ਸ਼ਗਨਾਂ ਵਾਲੇ ਗੀਤਾਂ ਅਤੇ ਟੱਪਿਆਂ ਵਿੱਚ ਆਪਣੀ ਸੋਚ ਪ੍ਰਗਟ ਕਰਨ ਲਈ ਗਾਇਆ ਜਾਂਦਾ ਸੀ, “ਆਉ ਨੀ ਕੁੜੀਓ, ਹੱਸੀਏ-ਖੇਡੀਏ, ਹੱਸਣਾ-ਖੇਡਣਾ ਰਹਿ ਜਾਊਗਾ ਨੀ, ਕੋਈ ਬੁੱਝੜ ਜਿਹਾ ਜੱਟ ਲੈ ਜਾਊਗਾ।” ਇਨ੍ਹਾਂ ਟੱਪਿਆਂ ਰਾਹੀਂ ਉਸ ਸਮੇਂ ਦੀ ਸੋਚ ਪ੍ਰਗਟ ਹੁੰਦੀ ਸੀ ਕਿ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ।
ਸਮੇਂ ਦੇ ਨਾਲ ਜੀਵਨ ਦੀ ਰਫਤਾਰ ਅਤੇ ਸੋਚ ਵਿੱਚ ਬਦਲਾਅ ਆਇਆ ਹੈ। ਉਦਯੋਗੀਕਰਨ, ਪੜ੍ਹਾਈ ਅਤੇ ਪੇਸ਼ਾਵਰ ਦੌੜ ਨੇ ਵਿਆਹ ਦੇ ਅਰਥ ਅਤੇ ਜ਼ਿੰਮੇਵਾਰੀਆਂ ਨੂੰ ਵੀ ਨਵਾਂ ਰੂਪ ਦਿੱਤਾ ਹੈ। ਹੁਣ ਵਿਆਹ ਸਿਰਫ ਇੱਕ ਰਿਵਾਜ਼ ਜਾਂ ਰਸਮ ਨਹੀਂ ਰਹਿ ਗਿਆ, ਸਗੋਂ ਸਾਥੀਪਨ, ਭਾਵਨਾਤਮਕ ਸਹਿਯੋਗ ਅਤੇ ਸਾਂਝੇ ਸੁਪਨਿਆਂ ਦੀ ਯਾਤਰਾ ਬਣ ਗਿਆ ਹੈ। ਅੱਜ ਪਤੀ-ਪਤਨੀ ਦੋਵੇਂ ਕਰੀਅਰ, ਆਰਥਿਕ ਯੋਗਦਾਨ ਅਤੇ ਘਰੇਲੂ ਜ਼ਿੰਮੇਵਾਰੀਆਂ ਵਿੱਚ ਭਾਗੀਦਾਰ ਹਨ। ਘਰ ਨੂੰ ਦੋਵੇਂ ਮਿਲ ਕੇ ਚਲਾਉਂਦੇ ਹਨ, ਚਾਹੇ ਆਰਥਿਕ ਪੱਖੋਂ ਜਾਂ ਘਰੇਲੂ ਕੰਮ, ਜਿਸ ਨਾਲ ਰਿਸ਼ਤੇ ਹੋਰ ਸੰਤੁਲਿਤ ਅਤੇ ਸਹਿਯੋਗਾਤਮਕ ਬਣ ਜਾਂਦੇ ਹਨ। ਪਰ ਇਸ ਬਦਲਾਅ ਦੇ ਨਾਲ ਚੁਣੌਤੀਆਂ ਵੀ ਜੁੜੀਆਂ ਹਨ। ਵਿਆਹ ਤੋਂ ਬਾਅਦ ਬਜ਼ੁਰਗਾਂ ਦੀ ਜ਼ਰੂਰਤ ਤੋਂ ਵੱਧ ਦਖ਼ਲਅੰਦਾਜ਼ੀ ਕਈ ਵਾਰ ਨਵੇਂ ਜੋੜੇ ਲਈ ਤਣਾਅ ਦਾ ਕਾਰਨ ਬਣ ਜਾਂਦੀ ਹੈ। ਅਨੁਭਵ ਦੀ ਸਲਾਹ ਆਪਣੀ ਥਾਂ ਮਹੱਤਵਪੂਰਨ ਹੈ, ਪਰ ਹਰ ਗੱਲ ਵਿੱਚ ਟੋਕਾਟਾਕੀ ਅਤੇ ਨਿੱਜੀ ਫੈਸਲਿਆਂ ਵਿੱਚ ਦਖਲ, ਰਿਸ਼ਤਿਆਂ ਨੂੰ ਕਮਜ਼ੋਰ ਕਰ ਸਕਦਾ ਹੈ। ਮੇਰਾ ਮੰਨਣਾ ਹੈ ਕਿ ਨਵੇਂ ਵਿਆਹੇ ਜੋੜੇ ਨੂੰ ਆਪਣੇ ਤਜਰਬੇ ਰਾਹੀਂ ਜੀਵਨ ਸਿੱਖਣ ਅਤੇ ਫੈਸਲੇ ਕਰਨ ਦੀ ਅਜ਼ਾਦੀ ਮਿਲਣੀ ਚਾਹੀਦੀ ਹੈ।
ਰਿਸ਼ਤਿਆਂ ਦੀ ਮਜ਼ਬੂਤੀ ਲਈ ਖੁੱਲ੍ਹੀ ਗੱਲਬਾਤ ਬਹੁਤ ਜ਼ਰੂਰੀ ਹੈ। ਕਈ ਵਾਰ ਘਰਾਂ ਵਿੱਚ ਛੋਟੀ ਗੱਲ ਵੱਡੇ ਵਿਵਾਦ ਦਾ ਰੂਪ ਧਾਰ ਲੈਂਦੀ ਹੈ ਕਿਉਂਕਿ ਗੱਲ ਸਿੱਧੇ ਤੌਰ ’ਤੇ ਕਹੀ ਨਹੀਂ ਜਾਂਦੀ। ਇਹ ਉਦਾਹਰਨ ਕਈਆਂ ’ਤੇ ਲਾਗੂ ਹੋ ਸਕਦੀ ਹੈ ਜਿਵੇਂ, ਇੱਕ ਨੌਜਵਾਨ ਜੋੜਾ ਜੋ ਸ਼ਹਿਰ ਵਿੱਚ ਨੌਕਰੀ ਕਰਦਾ ਹੈ, ਆਪਣੀ ਸੀਮਿਤ ਆਮਦਨ ਦੇ ਬਾਵਜੂਦ ਬੈਠ ਕੇ ਖਰਚੇ ਦੀ ਯੋਜਨਾ ਬਣਾਉਂਦਾ ਹੈ ਅਤੇ ਇੱਕ-ਦੂਜੇ ਦੇ ਸੁਪਨਿਆਂ ਦਾ ਆਦਰ ਕਰਦਾ ਹੈ। ਜਦੋਂ ਪਤਨੀ ਹੋਰ ਪੜ੍ਹਾਈ ਕਰਨਾ ਚਾਹੁੰਦੀ ਹੈ ਤਾਂ ਪਤੀ ਉਸਦਾ ਸਾਥ ਦਿੰਦਾ ਹੈ, ਅਤੇ ਜਦੋਂ ਪਤੀ ਉੱਤੇ ਕੰਮ ਦਾ ਦਬਾਅ ਹੁੰਦਾ ਹੈ ਤਾਂ ਪਤਨੀ ਉਸਦਾ ਹੌਸਲਾ ਬਣਦੀ ਹੈ। ਆਰਥਿਕ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਦੇ ਘਰ ਵਿੱਚ ਭਰੋਸਾ ਅਤੇ ਖੁਸ਼ੀ ਬਣੀ ਰਹਿੰਦੀ ਹੈ, ਕਿਉਂਕਿ ਦੋਵੇਂ ਇੱਕ-ਦੂਜੇ ਨਾਲ ਸਾਫ ਅਤੇ ਖੁੱਲ੍ਹੀ ਗੱਲ ਕਰਦੇ ਹਨ। ਇਸਦੇ ਉਲਟ ਇੱਕ ਹੋਰ ਘਰ ਵਿੱਚ ਬਜ਼ੁਰਗਾਂ ਦੀ ਲਗਾਤਾਰ ਦਖ਼ਲਅੰਦਾਜ਼ੀ ਅਤੇ ਸ਼ੱਕ-ਸੰਦੇਹ ਨੇ ਰਿਸ਼ਤੇ ਨੂੰ ਕਮਜ਼ੋਰ ਕਰ ਦਿੱਤਾ। ਪਤੀ ਆਪਣੀ ਪਤਨੀ ਦੀਆਂ ਛੋਟੀਆਂ ਇੱਛਾਵਾਂ ਵੀ ਸਿੱਧੇ ਤੌਰ ’ਤੇ ਪੂਰੀਆਂ ਨਹੀਂ ਕਰ ਸਕਦਾ। ਮਨਪਸੰਦ ਖਾਣਾ ਖਵਾਉਣ ਜਾਂ ਕੱਪੜੇ ਦਿਵਾਉਣ ਲਈ ਕਈ ਵਾਰ ਧਾਰਮਿਕ ਸਥਾਨ ਜਾਣ ਦਾ ਬਹਾਨਾ ਬਣਾਇਆ ਜਾਂਦਾ ਹੈ ਜਾਂ ਕਿਸੇ ਧਾਰਮਿਕ ਯਾਤਰਾ ਦੇ ਨਾਂ ’ਤੇ ਘੁੰਮਣ ਦੀ ਯੋਜਨਾ ਬਣਾਈ ਜਾਂਦੀ ਹੈ। ਜਿੱਥੇ ਸਿੱਧੀ ਗੱਲ ਹੋ ਸਕਦੀ ਸੀ, ਉੱਥੇ ਓਲਾ ਰਿਸ਼ਤੇ ਵਿੱਚ ਦਰਾੜ ਪੈਦਾ ਕਰ ਦਿੰਦਾ ਹੈ ਅਤੇ ਅੰਤ ਵਿੱਚ ਮਨ ਮੁਟਾਅ ਵਧ ਜਾਂਦਾ ਹੈ।
ਤਲਾਕਾਂ ਦੀ ਲਗਾਤਾਰ ਵਧਦੀ ਗਿਣਤੀ ਅਤੇ ਰੋਜ਼ਾਨਾ ਵਿਵਾਹਿਕ ਜੀਵਨ ਦੀਆਂ ਮੰਦਭਾਗੀਆਂ ਖ਼ਬਰਾਂ ਮਨ ਵਿੱਚ ਚਿੰਤਾ ਪੈਦਾ ਕਰਦੀਆਂ ਹਨ, ਅਤੇ ਇਨ੍ਹਾਂ ਦੇ ਪਿੱਛੇ ਸਿਰਫ ਮਨਮੁਟਾਅ ਹੀ ਨਹੀਂ, ਸਗੋਂ ਨੌਕਰੀ ਅਤੇ ਆਰਥਿਕ ਅਸਮਾਨਤਾ ਵੀ ਇੱਕ ਵੱਡਾ ਕਾਰਨ ਬਣ ਰਹੀ ਹੈ। ਕਈ ਵਾਰ ਜੋੜੇ ਦੇਖਣ ਵਿੱਚ ਬਰਾਬਰ ਲਗਦੇ ਹਨ, ਪੜ੍ਹਾਈ-ਲਿਖਾਈ ਵੀ ਸਮਾਨ ਹੁੰਦੀ ਹੈ ਅਤੇ ਪਰਿਵਾਰਕ ਪਿਛੋਕੜ ਵੀ ਮਿਲਦਾ-ਜੁਲਦਾ ਹੁੰਦਾ ਹੈ, ਪਰ ਜਦੋਂ ਨੌਕਰੀ ਦੀ ਅਸਥਿਰਤਾ ਜਾਂ ਆਮਦਨ ਵਿੱਚ ਵੱਡਾ ਅੰਤਰ ਸਾਹਮਣੇ ਆਉਂਦਾ ਹੈ ਤਾਂ ਰਿਸ਼ਤੇ ਵਿੱਚ ਅਹੰਕਾਰ, ਹੀਣਭਾਵਨਾ ਜਾਂ ਅਸੁਰੱਖਿਆ ਜਨਮ ਲੈ ਲੈਂਦੀ ਹੈ। ਜੇ ਇੱਕ ਸਾਥੀ ਬੇਰੁਜ਼ਗਾਰ ਰਹਿ ਜਾਵੇ ਜਾਂ ਇੱਕ ਦੀ ਕਮਾਈ ਦੂਜੇ ਨਾਲੋਂ ਕਾਫ਼ੀ ਵੱਧ ਹੋਵੇ ਤਾਂ ਕਈ ਵਾਰ ਇਹ ਅੰਤਰ ਅਣਕਹੇ ਤਣਾਅ ਨੂੰ ਜਨਮ ਦੇ ਦਿੰਦਾ ਹੈ, ਜੋ ਹੌਲੀ-ਹੌਲੀ ਮਨਮੁਟਾਅ ਵਿੱਚ ਬਦਲ ਸਕਦਾ ਹੈ। ਇਸ ਲਈ ਜੋੜੀਆਂ ਬਣਾਉਂਦੇ ਸਮੇਂ ਸਿਰਫ ਬਾਹਰੀ ਦਿਖਾਵੇ ਦੀ ਬਰਾਬਰੀ ਨਹੀਂ, ਸਗੋਂ ਪੜ੍ਹਾਈ, ਸੋਚ, ਆਰਥਿਕ ਸਥਿਰਤਾ ਅਤੇ ਪਰਿਵਾਰਕ ਪੱਧਰ ਦੀ ਸਮਾਨਤਾ ਵੀ ਬਹੁਤ ਜ਼ਰੂਰੀ ਮੰਨੀ ਜਾਣੀ ਚਾਹੀਦੀ ਹੈ। ਅਧਿਕਾਰਕ ਅੰਕੜੇ ਵੀ ਇਸ ਸਥਿਤੀ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੇ ਹਨ।
ਭਾਰਤ ਦੀ ਜਨਗਣਨਾ 2011 ਅਨੁਸਾਰ ਲਗਭਗ 23 ਲੱਖ ਲੋਕ ਤਲਾਕਸ਼ੁਦਾ ਜਾਂ ਅਲੱਗ ਰਹਿ ਰਹੇ ਦਰਜ ਕੀਤੇ ਗਏ ਸਨ, ਅਤੇ ਬਾਅਦ ਦੇ ਅਦਾਲਤੀ ਰਿਕਾਰਡ ਦਰਸਾਉਂਦੇ ਹਨ ਕਿ ਪਰਿਵਾਰ ਅਦਾਲਤਾਂ ਵਿੱਚ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੀਆਂ ਹਾਲੀਆ ਰਿਪੋਰਟਾਂ ਵਿੱਚ ਵੀ ਘਰੇਲੂ ਕਲੇਸ਼ ਅਤੇ ਵਿਆਹਿਕ ਤਣਾਅ ਨਾਲ ਸੰਬੰਧਿਤ ਮਾਮਲਿਆਂ ਦੀ ਉੱਚੀ ਗਿਣਤੀ ਦਰਜ ਕੀਤੀ ਗਈ ਹੈ, ਜੋ ਦੱਸਦੀ ਹੈ ਕਿ ਅਸਹਿਣਸ਼ੀਲਤਾ, ਆਰਥਿਕ ਦਬਾਅ ਅਤੇ ਆਪਸੀ ਸਮਝ ਦੀ ਘਾਟ ਸਮਾਜ ਲਈ ਗੰਭੀਰ ਚੁਣੌਤੀ ਬਣ ਰਹੀ ਹੈ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜੋੜੇ, ਜਿਹੜੇ ਇਕੱਠੇ ਰਹਿ ਕੇ ਵੀ ਅਲੱਗ-ਅਲੱਗ ਹੁੰਦੇ ਹਨ, ਉਹਨਾਂ ਦੇ ਕੇਸ ਨਾ ਕਿਸੇ ਕੋਰਟ-ਕਚਹਿਰੀ ਵਿੱਚ ਨਾ ਕੋਈ ਪਰਿਵਾਰਕ ਸਮਝੌਤਾ। ਵਿਆਹ ਦੀ ਇਸ ਪੁਰਾਤਨ ਸੰਸਥਾ ਨੂੰ ਹੁਣ ਕਾਫੀ ਚਣੌਤੀਆਂ ਹੋਣ ਕਾਰਨ ਇਸਦੀ ਹੋਂਦ ਨੂੰ ਖਤਰਾ ਹੈ, ਇਸ ਨੂੰ ਬਚਾਉਣ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ।
ਸਿਆਣਿਆਂ ਨੇ ਆਪਣੇ ਅਨੁਭਵ ਤੋਂ ਤਾਂ ਹੀ ਕਿਹਾ ਹੈ, “ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ।” ਚੰਗਾ ਸਾਥੀ ਮਿਲਣਾ ਕਿਸਮਤ ਦੀ ਗੱਲ ਹੋ ਸਕਦੀ ਹੈ, ਪਰ ਉਸ ਸਾਥ ਨੂੰ ਸਬਰ, ਸਮਝ ਅਤੇ ਭਰੋਸੇ ਨਾਲ ਨਿਭਾਉਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ। ਜੇ ਅਸੀਂ ਆਪਸੀ ਆਦਰ, ਆਰਥਿਕ ਸੰਤੁਲਨ ਅਤੇ ਖੁੱਲ੍ਹੀ ਗੱਲਬਾਤ ਨੂੰ ਅਪਣਾਈਏ ਤਾਂ ਵਿਆਹ ਸਿਰਫ ਇੱਕ ਰਸਮ ਨਹੀਂ ਰਹਿੰਦਾ, ਸਗੋਂ ਜੀਵਨ ਦੀ ਸੱਚੀ ਸਾਂਝ ਅਤੇ ਸੁੱਖ-ਸ਼ਾਂਤੀ ਦਾ ਮਜ਼ਬੂਤ ਆਧਾਰ ਬਣ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































