“ਹੁਣ ਜ਼ਿਆਦਾਤਰ ਲੋਕ ਤਾਂ ਟੈਕਸੀ ਦੁਆਰਾ ਹੀ ਹਵਾਈ ਅੱਡੇ ਉੱਤੇ ਆਉਣਾ-ਜਾਣਾ ਕਰਦੇ ਹਨ ...”
(18 ਜੁਲਾਈ 2026)
ਪੰਜਾਬੀਆਂ ਦਾ ਸੁਭਾਅ ਹਮੇਸ਼ਾ ਤੋਂ ਹੀ ਮਹਿਮਾਨ ਨਿਵਾਜ਼ੀ ਅਤੇ ਆਦਰ ਸਤਿਕਾਰ ਕਰਨ ਵਾਲਾ ਰਿਹਾ ਹੈ। ਅਗਰ ਗੱਲ ਚਾਰ ਕੁ ਦਹਾਕੇ ਪਹਿਲਾਂ ਦੀ ਕਰੀਏ, ਉਦੋਂ ਆਵਾਜਾਈ ਦੇ ਬੜੇ ਥੋੜ੍ਹੇ ਸਾਧਨ ਹੁੰਦੇ ਸਨ, ਜ਼ਿਆਦਾਤਰ ਸਰਕਾਰੀ ਬੱਸਾਂ ਦੇ ਉੱਤੇ ਹੀ ਸਫਰ ਕੀਤਾ ਜਾਂਦਾ ਰਿਹਾ ਹੈ। ਉਹਨਾਂ ਬੱਸਾਂ ਦੇ ਟਾਈਮ ਵੀ ਬੜੇ ਗਿਣੇ ਚੁਣੇ ਹੀ ਹੁੰਦੇ ਸਨ। ਖਾਸ ਤੌਰ ’ਤੇ ਪਿੰਡਾਂ ਵਾਲੇ ਰੂਟਾਂ ਦੇ ਉੱਤੇ ਕਾਫੀ ਘੱਟ ਬੱਸਾਂ ਚਲਦੀਆਂ ਸਨ। ਉਦੋਂ ਅਗਰ ਕੋਈ ਸਾਡੇ ਰਿਸ਼ਤੇਦਾਰੀ ਵਿੱਚੋਂ ਮਿਲਣ ਆਉਂਦਾ ਸੀ, ਜਾਂ ਅਸੀਂ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਜਾਂਦੇ ਸੀ ਤਾਂ ਰਿਸ਼ਤੇਦਾਰ ਦੇ ਵਾਪਸ ਜਾਣਾ ਵੇਲੇ ਸਾਰਾ ਪਰਿਵਾਰ ਨਜ਼ਦੀਕੀ ਬੱਸ ਅੱਡੇ ’ਤੇ ਮਹਿਮਾਨ ਨੂੰ ਬੱਸ ਚੜ੍ਹਾਉਣ ਜਾਂਦਾ ਸੀ। ਅੱਜ ਕੱਲ੍ਹ ਹਰ ਇੱਕ ਕੋਲ ਆਵਾਜਾਈ ਦੇ ਆਪਣੇ-ਆਪਣੇ ਸੁਖ-ਸਾਧਨ ਹੋ ਗਏ ਹਨ, ਅਤੇ ਹੁਣ ਰਿਸ਼ਤੇਦਾਰੀਆਂ ਵਿੱਚ ਆਉਣਾ-ਜਾਣਾ ਵੀ ਸੁਖਾਲਾ ਹੋ ਗਿਆ ਹੈ। ਹੁਣ ਜਦੋਂ ਵੀ ਕੋਈ ਨਜ਼ਦੀਕੀ ਰਿਸ਼ਤੇਦਾਰ ਕਿਸੇ ਦੇ ਘਰੇ ਆਉਂਦਾ ਹੈ ਤਾਂ ਪੁਰਾਣੀ ਰਵਾਇਤ ਦੇ ਮੁਤਾਬਿਕ ਸਾਰੇ ਪਰਿਵਾਰਕ ਜੀਅ ਦਰਵਾਜ਼ੇ ਤਕ ਰਿਸ਼ਤੇਦਾਰ ਨੂੰ ਵਿਦਾ ਕਰਨ ਜਾਂਦੇ ਹਨ। ਇਹ ਪਿਆਰ ਭਰਿਆ ਅਤੇ ਨਿੱਗਾ ਸੁਭਾਅ ਪੰਜਾਬੀਆਂ ਦਾ ਅੱਜ ਵੀ ਕਾਇਮ ਹੈ।
ਹਵਾਈ ਅੱਡੇ ਦਾ ਨਾਂ ਸੁਣਦੇ ਹੀ ਹਰ ਪੰਜਾਬੀ ਦੇ ਦਿਲ ਦੀ ਧੜਕਣ ਵਧ ਜਾਂਦੀ ਹੈ। ਕੋਈ ਵਿਰਲਾ ਵਾਂਝਾ ਪੰਜਾਬੀ ਹੀ ਹੋਣਾ ਜਿਹੜਾ ਹਵਾਈ ਅੱਡੇ ਦਾ ਰਾਹ ਭੁੱਲਿਆ ਹੋਵੇ। ਹਵਾਈ ਅੱਡਾ ਚਾਹੇ ਦਿੱਲੀ ਦਾ ਹੋਵੇ, ਚਾਹੇ ਅੰਮ੍ਰਿਤਸਰ ਜਾਂ ਮੋਹਾਲੀ ਦਾ ਹੋਵੇ। ਇੱਥੇ ਹਰ ਇੱਕ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ, ਚਾਹੇ ਖੁਸ਼ੀ ਦੇ ਅਤੇ ਚਾਹੇ ਗਮੀ ਦੇ, ਭਾਵ ਪ੍ਰਦੇਸ਼ਾਂ ਤੋਂ ਆਉਣ ਵਾਲੇ ਆਪਣਿਆਂ ਦੀ ਖੁਸ਼ੀ ਕਾਰਨ ਜਾਂ ਆਪਣਿਆਂ ਦਾ ਪ੍ਰਦੇਸ਼ ਜਾਣ ਦਾ ਗਮ।
ਪੰਜਾਬੀਆਂ ਦੇ ਇਸ ਨਿੱਘੇ ਸੁਭਾਅ ਅਤੇ ਅਪਣੱਤ ਕਾਰਨ ਅਕਸਰ ਸਾਕ-ਸੰਬੰਧੀ ਇੱਕ ਤੋਂ ਜ਼ਿਆਦਾ ਕਾਰਾਂ ਦਾ ਕਾਫਲਾ ਲੈ ਕੇ ਉਹਨਾਂ ਨੂੰ ਹਵਾਈ ਅੱਡੇ ’ਤੇ ਛੱਡਣ ਅਤੇ ਲੈਣ ਆਉਂਦੇ ਹਨ, ਇਹ ਨਜ਼ਾਰਾ ਵੱਖਰਾ ਹੀ ਹੁੰਦਾ ਹੈ। ਜਦੋਂ ਮੈਂ ਪੱਕੇ ਤੌਰ ’ਤੇ (PR) ਕਨੇਡਾ ਗਿਆ ਸੀ ਉਦੋਂ ਵੀ ਮੇਰੇ ਵੱਡੇ ਵੀਰ ਜੀ ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਤਿੰਨ ਗੱਡੀਆਂ ਦਿੱਲੀ ਤਕ ਨਾਲ ਲੈ ਕੇ ਗਏ ਸਨ। ਕਹਿੰਦੇ, ਕੋਈ ਫਰਕ ਨਹੀਂ ਪੈਂਦਾ। ਜਦੋਂ ਮੈਂ ਸਾਲ ਬਾਅਦ ਕਨੇਡਾ ਦੇ ਟਰੋਂਟੋ ਹਵਾਈ ਅੱਡੇ ਤੋਂ ਵਾਪਸ (ਪੱਕੇ ਤੌਰ ’ਤੇ) ਆਉਣਾ ਸੀ, ਉਦੋਂ ਵੀ ਮੈਨੂੰ ਉੱਥੋਂ ਦੇ ਮੇਰੇ ਸੰਗੀ ਸਾਥੀ ਜੋ ਕਿ ਤਕਰੀਬਨ 10 ਦੇ ਕਰੀਬ ਸਨ, ਮੈਨੂੰ ਹਵਾਈ ਅੱਡੇ ’ਤੇ ਅਲਵਿਦਾ ਕਹਿਣ ਆਏ। ਜਦੋਂ ਮੇਰੀ ਭਤੀਜ ਨੂੰਹ ਨੇ ਕਨੇਡਾ ਜਾਣਾ ਸੀ ਉਦੋਂ ਵੀ ਸਾਰੇ ਪਰਿਵਾਰ ਨੇ ਨਾਲ ਜਾਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਹੀ ਕਰਕੇ 15 ਸੀਟਾਂ ਵਾਲਾ ਟੈਂਪੂ ਸਫਰ ਕਰਨ ਲਈ ਲੈਣਾ ਪਿਆ ਸੀ, ਜਿਸ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਜਾ ਸਕਣ। ਇਹ ਸਾਰਾ ਕੁਝ ਪੰਜਾਬੀਆਂ ਦੇ ਨਿੱਘੇ ਸੁਭਾਅ ਅਤੇ ਆਪਣੇਪਣ ਨੂੰ ਹੀ ਦਰਸਾਉਂਦਾ ਹੈ।
ਸਮੇਂ ਅਤੇ ਤਕਨੀਕ ਦੇ ਕਾਰਨ ਹੁਣ ਕਾਫੀ ਤਰੱਕੀ ਹੋ ਗਈ ਹੈ। ਹਵਾਈ ਅੱਡੇ ਉੱਤੇ ਸਾਰੀਆਂ ਸੁਵਿਧਾਵਾਂ ਹਨ। ਆਉਣਾ-ਜਾਣਾ ਕਾਫੀ ਅਸਾਨ ਹੋ ਗਿਆ ਹੈ। ਪ੍ਰਸ਼ਾਸਨਿਕ ਤੌਰ ’ਤੇ ਵੀ ਬਹੁਤ ਵਧੀਆ ਇੰਤਜ਼ਾਮ ਹਨ। ਪਰ ਇਸਦੇ ਬਾਵਜੂਦ ਕੁਝ ਕੁ ਪ੍ਰਸ਼ਾਸਨਿਕ ਅਧਿਕਾਰੀਆਂ/ਕਰਮਚਾਰੀਆਂ ਕਰਕੇ ਇਹ ਪੂਰੀ ਪ੍ਰਣਾਲੀ ਬਦਨਾਮ ਹੁੰਦੀ ਹੈ। ਜਿਵੇਂ ਦਾਲ ਵਿੱਚ ਕੋਕੜੂ ਹੁੰਦੇ ਹਨ, ਉਸੇ ਤਰ੍ਹਾਂ ਪ੍ਰਸ਼ਾਸਨਿਕ ਡਿਊਟੀਆਂ ਵਿੱਚ ਕੁਝ ਬੰਦੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਕਾਰਨ ਹਵਾਈ ਅੱਡੇ ’ਤੇ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨੀਂ ਮੈਂ ਆਪਣੇ ਸਾਲਾ ਸਾਹਿਬ ਨੂੰ ਹਵਾਈ ਅੱਡੇ ’ਤੇ ਛੱਡਣ ਗਿਆ ਜਿਨ੍ਹਾਂ ਨੇ ਅੱਗੇ ਇੰਗਲੈਂਡ ਜਾਣਾ ਸੀ। ਉੱਥੇ ਉਹ ਡਾਕਟਰ ਹਨ। ਅਸੀਂ ਸਾਰਾ ਪਰਿਵਾਰ ਆਪਣੀਆਂ ਦੋਂਹ ਕਾਰਾਂ ਵਿੱਚ ਉੱਥੇ ਪਹੁੰਚ ਗਏ, ਕਿਉਂਕਿ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਟਿਕਟ ਦੀ ਪੁਸ਼ਟੀ ਨਹੀਂ ਸੀ ਅਤੇ ਆਨਲਾਈਨ ਚੈੱਕ ਇਨ ਵੀ ਨਹੀਂ ਹੋਇਆ ਸੀ। ਉਸ ਨੂੰ ਛੱਡ ਕੇ ਅਸੀਂ ਸਿੱਧੇ ਪਟਿਆਲੇ ਆਉਣਾ ਸੀ। ਮੰਮੀ-ਡੈਡੀ ਜੀ ਵੀ ਸਾਡੇ ਨਾਲ ਸਨ। ਮੈਂ ਦੂਜੀ ਵਾਰ ਮੋਹਾਲੀ ਵਾਲੇ ਹਵਾਈ ਅੱਡੇ ਉੱਤੇ ਗਿਆ ਸੀ, ਜ਼ਿਆਦਾ ਕੋਈ ਸਮਝ ਨਹੀਂ ਸੀ। ਜਦੋਂ ਅਸੀਂ ਕਾਰਾਂ ਉੱਪਰ ਵਾਲੇ ਹਿੱਸੇ ਵਿੱਚ ਲੈਕੇ ਗਏ ਤਾਂ ਉੱਥੇ ਸਾਰਿਆਂ ਨੂੰ ਉਤਾਰ ਕੇ ਸੋਚਿਆ ਕਿ ਕਾਰ ਪਾਰਕਿੰਗ ਵਿੱਚ ਲਾ ਦੇਵਾਂ। ਜਿਵੇਂ ਹੀ ਮੈਂ ਉੱਪਰੋਂ ਉਤਾਰ ਕੇ ਪਾਰਕਿੰਗ ਲਈ ਐਂਟਰੀ ਕੀਤੀ ਤਾਂ ਅੱਗੇ ਖੜ੍ਹੇ ਟਰੈਫਿਕ ਪੁਲਿਸ ਵਾਲੇ ਨੇ ਰੋਕ ਲਿਆ ਤੇ ਕਿਹਾ, ਤੁਸੀਂ ਗਲਤ ਐਂਟਰੀ ਕੀਤੀ ਹੈ। ਮੈਂ ਆਖਿਆ ਕਿ ਇੱਥੇ ਰਸਤਾ ਖੁੱਲ੍ਹਾ ਸੀ ਅਤੇ ਬਾਕੀ ਟੈਕਸੀ ਅਤੇ ਹੋਰ ਕਾਰਾਂ ਵਾਲੇ ਉੱਥੋਂ ਐਂਟਰੀ ਕਰ ਰਹੇ ਸਨ। ਮੇਰੇ ਇਹ ਕਹਿਣ ’ਤੇ ਕਿ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਕਿਆ? ਸੱਚ ਮੰਨਿਓਂ ਜਿਵੇਂ ਉਸਦੇ ਸਰੀਰ ਵਿੱਚ ਬਿਜਲੀ ਦੌੜ ਗਈ ਹੋਵੇ। ਚਲਾਣ ਦੇ ਨਾਲ ਨਾਲ ਉਸਨੇ ਬੜੀ ਹੀ ਭੱਦੀ ਭਾਸ਼ਾ ਵਿੱਚ ਗੱਲਬਾਤ ਕੀਤੀ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਕੇ ਵੀ ਬਹਿਸ ਕਰਦੇ ਹੋ ਅਤੇ ਹੋਰ ਬਹੁਤ ਕੁਝ। ਚਲਾਨ ਭੁਗਤਣ ਦੇ ਨਾਲ ਨਾਲ ਮੁਫਤ ਵਿੱਚ ਲਾਹਨਤਾਂ ਵੀ ਮਿਲ ਗਈਆਂ। ਮਨ ਬੜਾ ਉਦਾਸ ਹੋਇਆ। ਮੇਰੇ ਵਰਗੇ ਕਿੰਨੇ ਹੀ ਪੰਜਾਬੀ ਰੋਜ਼ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਣਗੇ। ਸਾਲਾ ਸਾਹਿਬ ਦੀ ਟਿਕਟ ਕਨਫਰਮ ਹੋਣ ਤੋਂ ਬਾਅਦ ਅਸੀਂ ਉਸ ਨੂੰ ਅਲਵਿਦਾ ਕਹਿਕੇ ਪਟਿਆਲੇ ਵਾਪਸ ਆ ਗਏ ਲੇਕਿਨ ਮੇਰੇ ਦਿਮਾਗ ਵਿੱਚ ਉਸ ਟਰੈਫਿਕ ਪੁਲਿਸ ਵਾਲੇ ਨਾਲ ਹੋਈ ਗੱਲਬਾਤ ਨੇ ਸੋਚਣ ਲਈ ਅਤੇ ਲਿਖਣ ਲਈ ਮਜਬੂਰ ਕਰ ਦਿੱਤਾ, ਅਤੇ ਨਾਲ ਹੀ ਕਈ ਤਰ੍ਹਾਂ ਦੇ ਅਣਸੁਲਝੇ ਸਵਾਲ ਪੈਦਾ ਹੋ ਗਏ ਹਨ। ਜਿਵੇਂ ਕਿ ਲੋਕ ਵਿਦੇਸ਼ਾਂ ਵਿੱਚ ਕਿਉਂ ਜਾ ਰਹੇ ਹਨ?
ਹੁਣ ਜ਼ਿਆਦਾਤਰ ਲੋਕ ਤਾਂ ਟੈਕਸੀ ਦੁਆਰਾ ਹੀ ਹਵਾਈ ਅੱਡੇ ਉੱਤੇ ਆਉਣਾ-ਜਾਣਾ ਕਰਦੇ ਹਨ, ਕਿਉਂਕਿ ਜੋ ਪੰਜਾਬ ਦੇ ਹਾਲਾਤ ਹੋ ਗਏ ਹਨ, ਉਹਨਾਂ ਨੂੰ ਵਿਦਾਇਗੀ ਕਰਨ ਵਾਲੇ ਇੱਥੇ ਸ਼ਾਇਦ ਬਹੁਤ ਹੀ ਘੱਟ ਰਹਿ ਗਏ ਹਨ, ਜਾਂ ਉਹਨਾਂ ਨੇ ਵੀ ਪੱਛਮੀ ਸੱਭਿਆਚਾਰ ਅਪਣਾ ਲਿਆ ਹੈ। ਅਸੀਂ ਪੱਛਮੀ ਦੇਸ਼ਾਂ ਵਾਂਗ ਬੁਨਿਆਦੀ ਢਾਂਚਾ ਤਾਂ ਬਣਾ ਲਿਆ ਹੈ ਪਰ ਉਸ ਤਰ੍ਹਾਂ ਦੀ ਨਿਮਰਤਾ ਵਾਲੇ ਕਰਮਚਾਰੀ ਕਿੱਥੋਂ ਲਿਆਵਾਂਗੇ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)























































































































