Arun Mitra Dr 7ਕਸ਼ਮੀਰ ਦੇ ਲੋਕ ਪਹਿਲਗਾਮ ਵਿੱਚ ਅੱਤਵਾਦੀ ਹਿੰਸਾ ਦੀ ਨਿੰਦਾ ਕਰਨ ਲਈ ਸੜਕਾਂ ’ਤੇ ਨਿਕਲ ਆਏ ...
(16 ਮਈ 2025)

 

ਪਹਿਲਗਾਮ ਵਿੱਚ ਮਾਸੂਮ ਸੈਲਾਨੀਆਂ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੋਗ ਵਿੱਚ ਡੁੱਬੀ ਹੋਈ ਸਥਿਤੀ ਦੇ ਵਿੱਚ ਇਹ ਸੋਚਿਆ ਜਾ ਰਿਹਾ ਸੀ ਕਿ ਪੂਰਾ ਭਾਰਤ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਦੇ ਨਾਲ ਖੜ੍ਹਾ ਹੋਵੇਗਾ, ਖਾਸ ਕਰਕੇ ਉਨ੍ਹਾਂ ਨੌਜਵਾਨ ਔਰਤਾਂ ਦੇ ਨਾਲ ਜੋ ਵਿਧਵਾ ਹੋ ਗਈਆਂ ਹਨ। ਪਰ ਜਿਸ ਤਰ੍ਹਾਂ ਹਿਮਾਂਸ਼ੀ ਨਰਵਾਲ, ਇੱਕ ਨੌਜਵਾਨ ਕੁੜੀ, ਜਿਸਦਾ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਦੇ ਇੱਕ ਹੋਣਹਾਰ ਲੈਫਟੀਨੈਂਟ ਨਾਲ ਵਿਆਹ ਹੋਇਆ ਸੀ, ਜਿਸਨੂੰ ਅੱਤਵਾਦੀਆਂ ਦੁਆਰਾ ਸ਼ਹੀਦ ਕਰ ਦਿੱਤਾ ਗਿਆ ਸੀ, ਨੂੰ ਟ੍ਰੋਲ ਕੀਤਾ ਜਾ ਰਿਹਾ ਹੈ, ਨੇ ਇਸ ਉਮੀਦ ਨੂੰ ਖੋਰਾ ਲਾਇਆ ਹੈ। ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿਉਂਕਿ ਉਸਨੇ ਫਿਰਕੂ ਸਦਭਾਵਨਾ ਦੀ ਅਪੀਲ ਕੀਤੀ ਸੀ ਅਤੇ ਪਹਿਲਗਾਮ ਘਟਨਾ ਨੂੰ ਮੁਸਲਿਮ ਵਿਰੋਧੀ ਜਾਂ ਕਸ਼ਮੀਰੀਆਂ ਵਿਰੋਧੀ ਮੁੱਦਾ ਨਾ ਬਣਾਇਆ ਜਾਵੇ, ਇਸ ਗੱਲ ਦੀ ਅਪੀਲ ਕੀਤੀ ਸੀ। ਉਸਨੇ ਲੋਕਾਂ ਨੂੰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਹਿੰਸਕ ਨਾ ਹੋਣ ਲਈ ਵੀ ਕਿਹਾ ਸੀ।

ਸਾਡੇ ਸੱਭਿਆਚਾਰ ਵਿੱਚ ਅਸੀਂ ਹਮੇਸ਼ਾ ਆਪਣੀਆਂ ਔਰਤਾਂ ਨੂੰ ਸਤਕਾਰ ਨਾਲ ਦੇਖਿਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਇਹ ਨਿਰਾਸ਼ਾਜਨਕ ਹੈ ਕਿ ਹਿਮਾਂਸ਼ੀ ਨਰਵਾਲ ਦੀ ਟਰੋਲਿੰਗ ’ਤੇ ਬਹੁਤ ਜ਼ਿਆਦਾ ਜਨਤਕ ਰੋਸ ਨਹੀਂ ਹੋਇਆ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਟਰੋਲਿੰਗ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ ਹੈ। ਕੀ ਇਹ ਪ੍ਰੇਰਿਤ ਮੁਸ਼ਟੰਡਿਆਂ ਦੁਆਰਾ ਕੀਤੀ ਗਈ ਅਜਿਹੀ ਅਪਮਾਨਜਨਕ ਕਾਰਵਾਈ ਲਈ ਉਨ੍ਹਾਂ ਦੇ ਚੁੱਪਚਾਪ ਸਮਰਥਨ ਦੇ ਬਰਾਬਰ ਨਹੀਂ ਹੈ?

ਅਜਿਹੇ ਸਮੇਂ ਜਦੋਂ ਪਹਿਲਗਾਮ ਘਟਨਾ ਦੇ ਪੀੜਿਤਾਂ ਦੀਆਂ ਲਾਸ਼ਾਂ ਕਸ਼ਮੀਰ ਵਿੱਚ ਪਈਆਂ ਸਨ, ਪ੍ਰਧਾਨ ਮੰਤਰੀ ਨੂੰ ਪਟਨਾ ਵਿੱਚ ਨਿਤੀਸ਼ ਕੁਮਾਰ ਦੇ ਨਾਲ ਇੱਕ ਰਾਜਨੀਤਿਕ ਰੈਲੀ ਵਿੱਚ ਸ਼ਾਮਲ ਹੁੰਦੇ ਹੋਏ, ਹੱਸਦੇ ਹੋਏ, ਤਾੜੀਆਂ ਵਜਾਉਂਦੇ ਅਤੇ ਅੰਗਰੇਜ਼ੀ ਵਿੱਚ ਭਾਸ਼ਣ ਦਿੰਦੇ ਹੋਏ ਦੇਖਣਾ ਬਹੁਤ ਦੁਖਦਾਈ ਸੀ। ਇਹ ਸੰਵੇਦਨਸ਼ੀਲਤਾ ਦੀ ਪੂਰੀ ਘਾਟ ਦਾ ਪ੍ਰਤੀਬਿੰਬ ਹੈ। ਉਹਨਾਂ ਨੇ ਅੱਜ ਤਕ ਇਲਾਕੇ ਦਾ ਦੌਰਾ ਜਾਂ ਪੀੜਿਤਾਂ ਦੇ ਪਰਿਵਾਰਾਂ ਨਾਲ ਮਿਲਣੀ ਨਹੀਂ ਕੀਤੀ। ਅਜਿਹੀ ਕੋਈ ਰਿਪੋਰਟ ਨਹੀਂ ਹੈ ਕਿ ਉਹਨਾਂ ਪੀੜਿਤਾਂ ਦੇ ਪਰਿਵਾਰਾਂ ਨੂੰ ਫੋਨ ਕੀਤਾ ਹੋਵੇ। ਹਾਲਾਂਕਿ ਉਹਨਾਂ ਤੋਂ ਇਹ ਉਮੀਦ ਕਰਨਾ ਮੂਰਖਤਾ ਹੈ ਕਿਉਂਕਿ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਉਹਨਾਂ ਨੇ ਹਿੰਸਾ ਪ੍ਰਭਾਵਿਤ ਮਨੀਪੁਰ ਦਾ ਇੱਕ ਵੀ ਦੌਰਾ ਨਹੀਂ ਕੀਤਾ।

ਹਿਮਾਂਸ਼ੀ ਨਰਵਾਲ ਦੀ ਅਜਿਹੀ ਟਰੋਲਿੰਗ ਪਿਛਲੇ ਗਿਆਰਾਂ ਸਾਲਾਂ ਵਿੱਚ ਤਿਆਰ ਕੀਤੀਆਂ ਗਈਆਂ ਸਥਿਤੀਆਂ ਵਿੱਚ ਲਗਾਤਾਰ ਨਫ਼ਰਤੀ ਮੁਹਿੰਮ ਦਾ ਨਤੀਜਾ ਹੈ। ਸਾਡੇ ਸੰਵਿਧਾਨ ਵਿੱਚ ਦਰਜ ਕਦਰਾਂ-ਕੀਮਤਾਂ ਨੂੰ ਨਕਾਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਾਡੇ ਪੂਰਵਜਾਂ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਨਾਲ ਭਰੀਆਂ ਸਖ਼ਤ ਸੰਘਰਸ਼ ਦੇ ਆਦਰਸ਼ਾਂ ਦੇ ਅਧਾਰ ’ਤੇ ਬਣਾਈਆਂ ਗਈਆਂ ਸਨ। ਸਾਡੇ ਕੋਲ ਮਹਾਤਮਾ ਗਾਂਧੀ ਦੁਆਰਾ ਪ੍ਰਚਾਰਿਤ ਅਹਿੰਸਾ ਦੀ ਵਿਰਾਸਤ ਹੈ; ਜਵਾਹਰ ਲਾਲ ਨਹਿਰੂ ਦੁਆਰਾ ਉਜਾਗਰ ਕੀਤੇ ਗਏ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਭਗਤ ਸਿੰਘ ਦੁਆਰਾ ਦਿੱਤਾ ਗਿਆ ਨਿਆਂ ਅਤੇ ਸਮਾਨਤਾ ਦੇ ਵਿਚਾਰ ਦਾ ਵਿਰਸਾ ਵੀ ਹੈ। ਸੈਂਕੜੇ ਇਨਕਲਾਬੀਆਂ ਨੇ ਬ੍ਰਿਟਿਸ਼ ਬਸਤੀਵਾਦ ਵਿਰੁੱਧ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਣਜਾਣ ਅਤੇ ਅਣਗੌਲੇ ਨਾਇਕ ਹਨ। ਕਾਂਗਰਸ, ਕਮਿਊਨਿਸਟ ਅਤੇ ਸਮਾਜਵਾਦੀਆਂ ਸਮੇਤ ਵੱਖ-ਵੱਖ ਰਾਜਨੀਤਿਕ ਸੰਗਠਨਾਂ ਦੇ ਲੋਕਾਂ ਨੇ ਭਾਰਤ ਨੂੰ ਬਰਤਾਨਵੀ ਬਸਤੀਵਾਦੀ ਰਾਜ ਤੋਂ ਮੁਕਤ ਕਰਨ ਲਈ ਇਕੱਠੇ ਲੜਾਈ ਲੜੀ। ਅਸੀਂ ਕਾਲੇ ਪਾਣੀ ਜਾਂ ਚਿਟਗਾਓਂ ਕੇਸ ਦੇ ਨਾਇਕਾਂ ਨੂੰ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਆਦਰਸ਼ਾਂ ਨੇ ਧਰਮ ਨਿਰਪੱਖਤਾ, ਲੋਕਤੰਤਰ ਅਤੇ ਸਮਾਜਿਕ-ਆਰਥਿਕ ਨਿਆਂ ਨਾਲ ਜੁੜੇ ਸੁਤੰਤਰ ਭਾਰਤ ਦਾ ਅਧਾਰ ਬਣਾਇਆ। ਅੰਬੇਡਕਰ ਨੇ ਸਮਾਜਿਕ ਨਿਆਂ, ਲਿੰਗ ਦੀ ਸਮਾਨਤਾ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚ ਸਦਭਾਵਨਾ ਦੇ ਇਨ੍ਹਾਂ ਸਾਰੇ ਆਦਰਸ਼ਾਂ ਨੂੰ ਰਸਮੀ ਰੂਪ ਦਿੱਤਾ ਅਤੇ ਸਾਨੂੰ ਸਾਡੇ ਸੰਵਿਧਾਨ ਵਿੱਚ ਬੋਲਣ ਦੀ ਆਜ਼ਾਦੀ ਅਤੇ ਅਸਹਿਮਤੀ ਦਾ ਅਧਿਕਾਰ ਦਿੱਤਾ। ਇਹ ਉਹ ਆਦਰਸ਼ ਹਨ ਜਿਨ੍ਹਾਂ ’ਤੇ 11 ਸਾਲ ਪਹਿਲਾਂ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਮਲੇ ਹੋ ਰਹੇ ਹਨ। ਇਹ ਸਭ ਜਾਣਦੇ ਹਨ ਕਿ ਉਨ੍ਹਾਂ ਦੇ ਪੂਰਵਜ ਕਦੇ ਵੀ ਆਜ਼ਾਦੀ ਦੀ ਇਸ ਲਹਿਰ ਦਾ ਹਿੱਸਾ ਨਹੀਂ ਸਨ, ਇਸਦੀ ਬਜਾਏ ਉਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦੀ ਮਾਲਕਾਂ ਨਾਲ ਮਿਲੀਭੁਗਤ ਕੀਤੀ, ਉਨ੍ਹਾਂ ਦੀ ਫਿਰਕੂ ਪਾੜਾ ਫੈਲਾਉਣ ਵਿੱਚ ਮਦਦ ਕੀਤੀ ਤੇ ਮੁਸਲਿਮ ਲੀਗ ਦੇ ਨਾਲ ਦੋ ਰਾਸ਼ਟਰਾਂ ਦਾ ਸਿਧਾਂਤ ਦਿੱਤਾ।

ਸਾਡਾ ਦੇਸ਼ ਸੰਵਿਧਾਨਕ ਕਦਰਾਂ-ਕੀਮਤਾਂ ਦੀ ਤਰਜ਼ ’ਤੇ ਅੱਗੇ ਵਧਿਆ। ਪਰ ਕੇਂਦਰ ਵਿੱਚ ਆਰ ਐੱਸ ਐੱਸ ਦੀ ਸਰਪ੍ਰਸਤੀ ਵਾਲੀ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਨਾਲ ਕਹਾਣੀ ਬਦਲ ਗਈ ਹੈ। ਫਿਰਕੂ ਸਦਭਾਵਨਾ ਨੂੰ ਇਸ ਹੱਦ ਤਕ ਭਾਰੀ ਸੱਟ ਵੱਜੀ ਹੈ ਕਿ ਕੋਵਿਡ-19 ਦੇ ਭਿਆਨਕ ਦਿਨਾਂ ਦੌਰਾਨ ਵੀ ਮੁਸਲਮਾਨਾਂ ਨੂੰ ਕੋਵਿਡ ਫੈਲਾਉਣ ਦਾ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਨੂੰ ਕਈ ਥਾਂਵਾਂ ’ਤੇ ਗਲੀਆਂ ਵਿੱਚ ਆਪਣਾ ਸਮਾਨ ਵੇਚਣ ਦੀ ਇਜਾਜ਼ਤ ਨਹੀਂ ਸੀ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ‘ਕੱਪੜੇ ਦੇਖ ਕੇ ਪਛਾਣੋ ਅਜਿਹੇ ਸ਼ਬਦਾਂ ਨੇ ਫਿਰਕਾ ਪ੍ਰਸਤੀ ਦੇ ਜ਼ਹਿਰ ਨਾਲ ਭਰੇ ਹੋਏ ਟੋਲਿਆਂ ਨੂੰ ਜਾਇਜ਼ਤਾ ਦਿੱਤੀ ਸਵੈ-ਘੋਸ਼ਿਤ ਨੈਤਿਕ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨ ਵਾਲੇ ਸਵੈ-ਨਿਯੁਕਤ ਚੌਕਸੀ ਸਮੂਹਾਂ ਦੁਆਰਾ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਨੂੰ ਟ੍ਰੋਲ ਕਰਨਾ ਕੁਝ ਥਾਂਵਾਂ ’ਤੇ ਇੱਕ ਰੁਟੀਨ ਬਣ ਗਿਆ। ਧਾਰਮਿਕ ਮਤਭੇਦਾਂ ਦੇ ਅਧਾਰ ’ਤੇ ਭੀੜਾਂ ਦੁਆਰਾ ਕੁੱਟ-ਕੁੱਟ ਕੇ ਹੱਤਿਆ ਕਰਨਾ ਇਨ੍ਹਾਂ ਸਮੂਹਾਂ ਦੁਆਰਾ ਨਾਪਾਕ ਗਤੀਵਿਧੀਆਂ ਦਾ ਹਿੱਸਾ ਬਣ ਗਿਆ। ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿਉਂਕਿ ਕਈ ਮਾਮਲਿਆਂ ਵਿੱਚ ਉਨ੍ਹਾਂ ਵਿਰੁੱਧ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਗਈ।

ਪਰ ਇਨ੍ਹਾਂ ਸਮੂਹਾਂ ਜਾਂ ਅੱਤਵਾਦੀਆਂ ਦੁਆਰਾ ਆਸ ਕੀਤੇ ਜਾਣ ਦੇ ਉਲਟ, ਕਸ਼ਮੀਰ ਦੇ ਲੋਕ ਪਹਿਲਗਾਮ ਵਿੱਚ ਅੱਤਵਾਦੀ ਹਿੰਸਾ ਦੀ ਨਿੰਦਾ ਕਰਨ ਲਈ ਸੜਕਾਂ ’ਤੇ ਨਿਕਲ ਆਏ ਅਤੇ ਧਾਰਮਿਕ ਪਛਾਣ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੇ ਲੋਕਾਂ ਨੇ ਅੱਤਵਾਦੀ ਹਿੰਸਾ ਦਾ ਵਿਰੋਧ ਕੀਤਾ। ਸਥਾਨਕ ਲੋਕਾਂ ਨੇ ਜ਼ਖਮੀਆਂ ਅਤੇ ਬਚੇ ਹੋਏ ਲੋਕਾਂ ਦੀ ਮਦਦ ਕੀਤੀ। ਇਸ ਨਾਲ ਉਨ੍ਹਾਂ ਲੋਕਾਂ ਨੂੰ ਗੁੱਸਾ ਆਇਆ ਹੈ ਜੋ ਫਿਰਕੂ ਵੰਡੀਆਂ ਪਾ ਕੇ ਪਲਦੇ ਫੁੱਲਦੇ ਹਨ। ਉਨ੍ਹਾਂ ਦਾ ਤਰੀਕਾ ਹੈ ਕਿ ਸਮਾਜਿਕ ਸਦਭਾਵਨਾ ਲਈ ਬੋਲਣ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ।

ਹਿਮਾਂਸ਼ੀ ਨਰਵਾਲ ਦੀ ਟਰੋਲਿੰਗ ਦੀ ਘਟਨਾ ਨੇ ਸਾਡੇ ਸਾਹਮਣੇ ਇੱਕ ਧਰਮ ਨਿਰਪੱਖ, ਲੋਕਤੰਤਰੀ ਰਾਸ਼ਟਰ ਵਜੋਂ ਭਾਰਤ ਦੇ ਵਿਚਾਰ ਨੂੰ ਬਚਾਉਣ ਲਈ ਇੱਕ ਚੁਣੌਤੀ ਪੇਸ਼ ਕੀਤੀ ਹੈ, ਜਿਸ ਵਿੱਚ ਵਿਗਿਆਨਕ ਸੁਭਾਅ, ਨਿਆਂ, ਸਮਾਨਤਾ, ਲਿੰਗ ਸੰਵੇਦਨਸ਼ੀਲਤਾ ਅਤੇ ਭਾਈਚਾਰਿਆਂ ਵਿੱਚ ਸਦਭਾਵਨਾ ਹੈ। ਅਜੇ ਵੀ ਵੱਡੀ ਗਿਣਤੀ ਵਿੱਚ ਸਮਝਦਾਰ ਆਵਾਜ਼ਾਂ ਹਨ ਜੋ ਸਖ਼ਤ ਸੰਘਰਸ਼ ਰਾਹੀਂ ਇਨ੍ਹਾਂ ਤਾਕਤਾਂ ਨੂੰ ਹਰਾ ਦੇਣਗੀਆਂ, ਸਾਡੇ ਸਮਾਜ ਦੀਆਂ ਕਦਰਾਂ-ਕੀਮਤਾਂ ਦਾ ਮਾਣ ਬਹਾਲ ਕਰਨਗੀਆਂ ਅਤੇ ਦਿਸ਼ਾ ਨੂੰ ਦੁਬਾਰਾ ਬਦਲਣਗੀਆਂ।

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Dr. Arun Mitra

Dr. Arun Mitra

Phone: (91 - 94170 - 00360)
Email: (idpd2001@hotmail.com)

More articles from this author