“ਵਿਡੰਬਨਾ ਇਹ ਹੈ ਕਿ ਪ੍ਰਭਾਵਸ਼ਾਲੀ ਉਪਾਅ ਕਰਨ ਅਤੇ ਜੰਗ ਨੂੰ ਰੋਕਣ ਲਈ ਦਬਾਅ ਪਾਉਣ ਦੀ ਬਜਾਏ ...”
(20 ਅਕਤੂਬਰ 2023)
ਚੁੱਪੀ ਤਬਾਹਕੁਨ ਹੋਵੇਗੀ
ਇਜ਼ਰਾਈਲ ਉੱਤੇ ਹਮਾਸ ਦੇ ਹਿੰਸਕ ਹਮਲੇ, ਜਿਸ ਵਿੱਚ ਸੈਂਕੜੇ ਨਾਗਰਿਕ ਮਾਰੇ ਗਏ ਸਨ, ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਮਾਸੂਮ ਬੱਚਿਆਂ, ਔਰਤਾਂ ਅਤੇ ਮਰਦਾਂ ਨੂੰ ਮਾਰਨ ਦੀ ਵਹਿਸ਼ੀ ਕਾਰਵਾਈ ਦਾ ਕੋਈ ਵੀ ਸਮਰਥਨ ਨਹੀਂ ਕਰ ਸਕਦਾ। ਉਨ੍ਹਾਂ ਨੇ ਸੁਪਰ ਨੋਵਾ ਫੈਸਟੀਵਲ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਮਾਰ ਕੇ ਯੁੱਧ ਦੇ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਨਾਗਰਿਕਾਂ ਨੂੰ ਬੰਧਕ ਬਣਾਉਣਾ ਮੁਆਫ਼ ਨਹੀਂ ਕੀਤਾ ਜਾ ਸਕਦਾ, ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ।
ਫਲਸਤੀਨੀ ਲੋਕ ਕਈ ਦਹਾਕਿਆਂ ਤੋਂ ਜਮਹੂਰੀ ਢੰਗ ਨਾਲ ਆਜ਼ਾਦੀ ਦੇ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਪਰ ਉਨ੍ਹਾਂ ਨੂੰ ਲਗਾਤਾਰ ਇਜ਼ਰਾਈਲ ਦੀਆਂ ਸਰਕਾਰਾਂ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ 2008 ਤੋਂ 2020 ਤਕ ਹਿੰਸਕ ਸੰਘਰਸ਼ ਵਿੱਚ ਮਾਰੇ ਗਏ ਲੋਕਾਂ ਵਿੱਚ 5590 ਫਲਸਤੀਨੀ ਅਤੇ 251 ਇਜ਼ਰਾਈਲੀ ਸ਼ਾਮਲ ਹਨ। ਅਜ਼ਾਦੀ ਅਤੇ ਅਧਿਕਾਰਾਂ ਤੋਂ ਇਨਕਾਰ ਕਈ ਵਾਰ ਦੁਖੀ ਲੋਕਾਂ ਵਿੱਚ ਖਾੜਕੂ ਸੰਗਠਨਾਂ ਦੇ ਉਭਾਰ ਦਾ ਕਾਰਨ ਬਣਦਾ ਹੈ। ਹਾਲਾਂਕਿ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਹਰ ਮਨੁੱਖ ਦੀ ਜਾਨ ਕੀਮਤੀ ਹੈ।
ਇਜ਼ਰਾਈਲ ਨੇ ਬਦਲੇ ਵਜੋਂ ਗਾਜ਼ਾ ਪੱਟੀ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ ਹੈ। ਪਾਣੀ ਅਤੇ ਬਿਜਲੀ ਦੀ ਸਪਲਾਈ, ਰਾਸ਼ਨ ਇੱਥੋਂ ਤਕ ਕਿ ਦਵਾਈਆਂ ਵੀ ਬੰਦ ਕਰ ਦਿੱਤੀਆਂ ਹਨ। ਇਹ ਸਮੁੱਚੀ ਮਨੁੱਖਤਾ ਲਈ ਇੱਕ ਚੁਣੌਤੀ ਹੈ। ਇਹ ਲੋਕਾਂ ਦੇ ਸਮੂਹਿਕ ਕਤਲ ਦੇ ਬਰਾਬਰ ਹੈ। ਗਾਜ਼ਾ ਵਿੱਚ ਬੱਚੇ ਅੱਧੀ ਆਬਾਦੀ ਬਣਦੇ ਹਨ ਅਤੇ ਅਜਿਹੇ ਹਾਲਾਤ ਵਿੱਚ ਉਹ ਵਧੇਰੇ ਖ਼ਤਰੇ ਵਿੱਚ ਹੁੰਦੇ ਹਨ। ਸਥਿਤੀ ਨੂੰ ਹੋਰ ਖਰਾਬ ਕਰਨ ਲਈ ਇਸਰਾਈਲ ਨੇ 11 ਲੱਖ ਫਲਸਤੀਨੀਆਂ ਨੂੰ ਉੱਤਰੀ ਗਾਜ਼ਾ ਖਾਲੀ ਕਰਨ ਦਾ ਆਦੇਸ਼ ਦਿੱਤਾ ਹੈ। ਗਾਜ਼ਾ ਪੱਟੀ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਹੈ ਜਿਸਦੀ ਆਬਾਦੀ ਘਣਤਾ 6300 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਇਹ ਪਾਬੰਦੀਆਂ ਅਤੇ ਜ਼ਬਰਦਸਤੀ ਨਿਕਾਸੀ ਹਜ਼ਾਰਾਂ ਲੋਕਾਂ, ਖਾਸ ਕਰਕੇ ਬੱਚਿਆਂ ਦੀ ਭੁੱਖਮਰੀ ਅਤੇ ਮੌਤ ਦਾ ਕਾਰਨ ਬਣੇਗੀ। ਸਾਨੂੰ ਉਹ ਪਾਬੰਦੀਆਂ ਯਾਦ ਹਨ ਜੋ ਅਮਰੀਕਾ ਨੇ 2003 ਵਿੱਚ ਯੁੱਧ ਤੋਂ ਬਾਅਦ ਇਰਾਕ ਨੂੰ ਦਵਾਈਆਂ ਦੀ ਸਪਲਾਈ ’ਤੇ ਲਗਾਈਆਂ ਸਨ। ਇਨ੍ਹਾਂ ਪਾਬੰਦੀਆਂ ਕਾਰਨ ਡਾਕਟਰੀ ਸਹਾਇਤਾ ਦੀ ਘਾਟ ਕਾਰਨ ਕਈ ਹਜ਼ਾਰ ਬੱਚਿਆਂ ਦੀ ਮੌਤ ਹੋ ਗਈ ਸੀ। ਲੈਂਸੇਟ ਦੇ ਇੱਕ ਸਰਵੇਖਣ ਅਨੁਸਾਰ ਮਾਰਚ 2003 ਤੋਂ ਜੂਨ 2006 ਦਰਮਿਆਨ ਇਰਾਕ ਵਿੱਚ 654,965 ਵਧ ਮੌਤਾਂ ਹੋਈਆਂ।
ਪਾਬੰਦੀਆਂ ਲਗਾ ਕੇ ਅਤੇ ਗਾਜ਼ਾ ਉੱਤੇ ਜ਼ਮੀਨੀ ਹਮਲਾ ਕਰਨ ਨਾਲ ਇਜ਼ਰਾਈਲ ਹਮਾਸ ਦੇ ਕੁਝ ਮੈਂਬਰਾਂ ਨੂੰ ਖਤਮ ਕਰਨ ਵਿੱਚ ਸਫਲ ਹੋ ਸਕਦਾ ਹੈ ਪਰ ਗਾਜ਼ਾ ਵਿੱਚ ਇਨ੍ਹਾਂ ਕੁਝ ਦਿਨਾਂ ਵਿੱਚ ਮਰਨ ਵਾਲੇ ਨਾਗਰਿਕਾਂ ਦੀ ਗਿਣਤੀ ਪਹਿਲਾਂ ਹੀ 2500 ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿੱਚ ਲਗਭਗ 700 ਬੱਚੇ ਸ਼ਾਮਲ ਹਨ। 9000 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਕਈ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਕਿਉਂਕਿ ਉਨ੍ਹਾਂ ਦੇ ਘਰ ਬੰਬਾਰੀ ਨਾਲ ਢਹਿ ਗਏ ਹਨ। ਉਹ ਹਮਾਸ ਦੇ ਮੈਂਬਰ ਨਹੀਂ, ਸਗੋਂ ਬੱਚਿਆਂ ਸਮੇਤ ਆਮ ਨਾਗਰਿਕ ਹਨ। ਜੇਕਰ ਇਸੇ ਤਰ੍ਹਾਂ ਦੀ ਸਥਿਤੀ ਲੰਬੇ ਸਮੇਂ ਤਕ ਜਾਰੀ ਰਹੀ ਤਾਂ ਮੌਤਾਂ ਦੀ ਗਿਣਤੀ ਕਈ ਗੁਣਾ ਵੱਧ ਜਾਵੇਗੀ ਅਤੇ ਸੰਪਤੀ ਦਾ ਨੁਕਸਾਨ ਕਿਸੇ ਵੀ ਕਲਪਨਾ ਤੋਂ ਪਰੇ ਹੋਵੇਗਾ।
ਅਜਿਹੀ ਚੱਲ ਰਹੀ ਮਾਨਵਤਾਵਾਦੀ ਤਬਾਹੀ ਨਾਲ ਦੁਨੀਆਂ ਦਾ ਹਰੇਕ ਨਾਗਰਿਕ ਝੰਜੋੜਿਆਦੀ ਜਾਣਾ ਚਾਹੀਦਾ ਸੀ। ਦੁਨੀਆ ਦੇ ਦੇਸ਼ਾਂ ਨੂੰ ਸ਼ਾਂਤੀ ਨੂੰ ਮਜ਼ਬੂਤ ਕਰਨ ਲਈ ਤੁਰੰਤ ਅੱਗੇ ਵਧਣਾ ਚਾਹੀਦਾ ਸੀ ਅਤੇ ਹਮਾਸ ਦੇ ਖਿਲਾਫ ਕੋਈ ਵੀ ਕਾਰਵਾਈ ਯੂ.ਐੱਨ.ਓ. ਦੇ ਅਧੀਨ ਕੀਤੀ ਜਾਣੀ ਚਾਹੀਦੀ ਸੀ। ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਵਿਸ਼ਵ ਰਾਏ ਪੂਰੀ ਤਰ੍ਹਾਂ ਵੰਡੀ ਹੋਈ ਹੈ। ਅਮਰੀਕੀ ਸਰਕਾਰ ਨਾ ਸਿਰਫ਼ ਇਜ਼ਰਾਈਲ ਦਾ ਸਹੀ ਸਮਰਥਨ ਕਰ ਰਹੀ ਹੈ ਸਗੋਂ ਉਨ੍ਹਾਂ ਨੂੰ ਲੜਾਕੂ ਜਹਾਜ਼ਾਂ ਸਮੇਤ ਅਤਿ ਆਧੁਨਿਕ ਹਥਿਆਰਾਂ ਦੀ ਸਪਲਾਈ ਵੀ ਕਰ ਰਹੀ ਹੈ। ਇਹ ਸਿਰਫ਼ ਹਿੰਸਾ ਨੂੰ ਹੋਰ ਵਧਾਉਣ ਲਈ ਹਨ। ਅਮਰੀਕੀ ਪ੍ਰਸ਼ਾਸਨ ਸ਼ਾਂਤੀ ਦੀ ਗੱਲ ਕਰਨ ਦੀ ਬਜਾਏ ਇਜ਼ਰਾਈਲ ਦੁਆਰਾ ਭੜਕਾਈ ਹਿੰਸਾ ਦਾ ਲਗਾਤਾਰ ਸਮਰਥਨ ਕਰ ਰਿਹਾ ਹੈ ਅਤੇ ਇਸ ਨੂੰ ਆਪਣੀ ਰੱਖਿਆ ਕਰਨਾ ਉਨ੍ਹਾਂ ਦਾ ਫਰਜ਼ ਦਸ ਰਿਹਾ ਹੈ।
ਇਸ ਪਾਗਲਾਨਾ ਯੁੱਧ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ ਪਰ ਇਨ੍ਹਾਂ ਪ੍ਰਦਰਸ਼ਨਾਂ ਦੀ ਗਿਣਤੀ ਬਹੁਤ ਘੱਟ ਹੈ। ਭਾਰਤ ਕਿਸੇ ਸਮੇਂ ਗੁੱਟ-ਨਿਰਲੇਪ ਅੰਦੋਲਨ (NAM) ਦਾ ਨੇਤਾ ਸੀ ਅਤੇ ਫਲਸਤੀਨੀ ਲੋਕਾਂ ਦੇ ਜਾਇਜ਼ ਅਧਿਕਾਰਾਂ ’ਤੇ ਹਮੇਸ਼ਾ ਮਜ਼ਬੂਤ ਸਟੈਂਡ ਲੈਂਦਾ ਸੀ। ਇੱਥੋਂ ਤਕ ਕਿ ਅਟਲ ਬਿਹਾਰੀ ਵਾਜਪਾਈ ਨੇ ਵੀ ਫਲਸਤੀਨੀ ਲੋਕਾਂ ਲਈ ਦ੍ਰਿੜ੍ਹਤਾ ਨਾਲ ਗੱਲ ਕੀਤੀ ਸੀ। ਉਸ ਅਕਸ ਨਾਲ ਭਾਰਤ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਸੀ। ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਭਾਰਤ ਇਜ਼ਰਾਈਲ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਇਸਨੇ ਸਾਨੂੰ ਉਸ ਮੁਕਾਮ ਉੱਤੇ ਪਹੁੰਚਾ ਦਿੱਤਾ ਹੈ, ਜਿੱਥੇ ਅਸੀਂ ਸ਼ਾਂਤੀ, ਨਿਰਮਾਤਾ ਵਜੋਂ ਆਪਣਾ ਅਕਸ ਗੁਆ ਚੁੱਕੇ ਹਾਂ। ਅਸੀਂ ਜੀ-20 ਸਪੀਕਰਾਂ ਦੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਉਠਾ ਸਕਦੇ ਸੀ। ਪ੍ਰਧਾਨ ਮੰਤਰੀ ਮੋਦੀ ਦੀ ਇਜ਼ਰਾਈਲ ਨੂੰ ਖੁੱਲ੍ਹੀ ਹਿਮਾਇਤ ਤੋਂ ਸੰਕੇਤ ਲੈਂਦਿਆਂ, ਉਨ੍ਹਾਂ ਦੀ ਭਗਤ ਮੰਡਲੀ ਮਾਮੂਲੀ ਚੋਣ ਲਾਭ ਲਈ ਮੁਸਲਮਾਨਾਂ ਵਿਰੁੱਧ ਬਿਆਨਬਾਜ਼ੀ ਫੈਲਾ ਰਹੀ ਹੈ।
ਮੌਜੂਦਾ ਵਿਸ਼ਵ ਸਥਿਤੀ ਨੂੰ ਵਿਸ਼ਵ ਨੇਤਾਵਾਂ ਦੀ ਸੂਝਬੂਝ ਵਾਲੀ ਕੂਟਨੀਤਕ ਪਹੁੰਚ ਦੀ ਲੋੜ ਹੈ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਸਮੇਂ ਕਈ ਥਾਵਾਂ ’ਤੇ ਹਿੰਸਕ ਝੜਪਾਂ ਚੱਲ ਰਹੀਆਂ ਹਨ। ਰੂਸ ਅਤੇ ਯੂਕਰੇਨ ਵਿੱਚ ਪਿਛਲੇ ਡੇਢ ਸਾਲ ਤੋਂ ਵੱਧ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਹੁਣੇ-ਹੁਣੇ ਅਸੀਂ ਹਥਿਆਰਬੰਦ ਸੰਘਰਸ਼ ਦੇਖੇ ਹਨ, ਜਿਸ ਕਾਰਨ 30 ਹਜ਼ਾਰ ਬੱਚਿਆਂ ਸਮੇਤ, ਨਾਗੋਰਨੋ-ਕਰਾਬਾਖ ਤੋਂ 100,632 ਤੋਂ ਵੱਧ ਲੋਕਾਂ ਨੂੰ ਜਬਰੀ ਉਜਾੜੇ ਦਾ ਸਾਹਮਣਾ ਕਰਨਾ ਪਿਆ। ਯਾਨੀ ਕਿ ਲਗਭਗ 15 ਹਜ਼ਾਰ ਲੋਕ ਹਰ ਰੋਜ਼ 24 ਸਤੰਬਰ ਤੋਂ 4 ਅਕਤੂਬਰ ਦੇ ਵਿਚਕਾਰ ਅਰਮੇਨੀਆ ਪਹੁੰਚੇ।
ਭਰੋਸੇ ਦੀ ਘਾਟ ਅੱਜਕੱਲ੍ਹ ਇੰਨੀ ਜ਼ਿਆਦਾ ਹੈ ਕਿ ਜਦੋਂ ਕਿ ਅਜ਼ਰਬਾਈਜਾਨ ਨੇ ਇਸ ਖੇਤਰ ਵਿੱਚ ਨਸਲੀ ਅਰਮੀਨੀਆਈ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦਾ ਵਾਅਦਾ ਕੀਤਾ ਹੈ, ਬਹੁਤੇ ਹੁਣ ਉੱਥੇ ਰਹਿਣਾ ਨਹੀਂ ਚਾਹੁੰਦੇ ਤੇ ਪਲਾਇਨ ਕਰ ਰਹੇ ਹਨ, ਕਿਉਂਕਿ ਉਹ ਵਿਸ਼ਵਾਸ ਨਹੀਂ ਕਰਦੇ ਹਨ ਕਿ ਅਜ਼ਰਬਾਈਜਾਨ ਅਧਿਕਾਰੀ ਉਨ੍ਹਾਂ ਨਾਲ ਨਿਰਪੱਖ ਅਤੇ ਮਾਨਵਤਾ ਨਾਲ ਪੇਸ਼ ਆਉਣਗੇ ਜਾਂ ਉਨ੍ਹਾਂ ਦੀ ਭਾਸ਼ਾ ਦੀ ਗਾਰੰਟੀ ਦੇਣਗੇ।
ਇਸੇ ਤਰ੍ਹਾਂ ਦੀ ਸਥਿਤੀ ਸੀਰੀਆ ਵਿੱਚ ਰਹੀ ਹੈ ਜਿੱਥੇ ਹਜ਼ਾਰਾਂ ਔਰਤਾਂ ਅਤੇ ਬੱਚਿਆਂ ਸਮੇਤ ਗੈਰ-ਲੜਾਕੂ ਨਾਗਰਿਕ ਮਾਰੇ ਗਏ ਹਨ। ਲੱਖਾਂ ਲੋਕ ਜਾਨਾਂ ਬਚਾਉਣ ਲਈ ਆਪਣੇ ਘਰ ਛੱਡ ਕੇ ਚਲੇ ਗਏ ਹਨ।
ਇਹ ਚਿੰਤਾਜਨਕ ਹੈ ਕਿ ਮਨੁੱਖ ਆਪਣੇ ਮੁੱਢ ਤੋਂ ਹੀ ਜਾਨਵਰਾਂ ਵਾਂਗ ਆਪਸ ਵਿੱਚ ਲੜ ਰਹੇ ਹਨ। ਉਹ ਔਰਤਾਂ ਅਤੇ ਜਵਾਨ ਮਾਵਾਂ ਤੇ ਬੱਚਿਆਂ ਨੂੰ ਵੀ ਮਾਰਨ ਤੋਂ ਨਹੀਂ ਝਿਜਕਦੇ! ਕਈ ਵਾਰੀ ਇਹ ਜਾਪਦਾ ਹੈ ਕਿ ਜਾਨਵਰ ਕੁਝ ਤਰੀਕਿਆਂ ਨਾਲ ਬਿਹਤਰ ਹੁੰਦੇ ਹਨ।
ਵਿਡੰਬਨਾ ਇਹ ਹੈ ਕਿ ਪ੍ਰਭਾਵਸ਼ਾਲੀ ਉਪਾਅ ਕਰਨ ਅਤੇ ਜੰਗ ਨੂੰ ਰੋਕਣ ਲਈ ਦਬਾਅ ਪਾਉਣ ਦੀ ਬਜਾਏ, ਬਹੁਤ ਸਾਰੇ ਦੇਸ਼ ਇਸ ਮੌਤ ਦੇ ਨਾਚ ਦੇ ਮੂਕ ਦਰਸ਼ਕ ਹਨ। ਫ਼ਲਸਤੀਨ ਨਾਲ ਸੱਭਿਆਚਾਰਕ, ਖੇਤਰੀ ਅਤੇ ਭਾਸ਼ਾ ਦੀ ਸਾਂਝ ਰੱਖਣ ਵਾਲੇ ਅਰਬ ਦੇਸ਼ ਸਿਰਫ਼ ਮੂੰਹ ਦੀ ਸੇਵਾ ਕਰ ਰਹੇ ਹਨ। ਉਹਨਾਂ ਨੇ 1967 ਵਿੱਚ ਅਰਬ ਦੇਸ਼ਾਂ ਵਿੱਚ ਇਜ਼ਰਾਈਲੀ ਹਮਲੇ ਦੇ ਸਮੇਂ ਤੋਂ ਲੈ ਕੇ ਹੁਣ ਤਕ ਖੇਤਰ ਵਿੱਚ ਸ਼ਾਂਤੀ ਲਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ ਹਨ। ਇਹ ਸਭ ਨੂੰ ਪਤਾ ਹੈ ਕਿ ਹਮਾਸ ਨੂੰ 1980 ਦੇ ਦਹਾਕੇ ਵਿੱਚ ਇਜ਼ਰਾਈਲੀ ਸਰਕਾਰ ਦੁਆਰਾ ਬਣਾਇਆ ਗਿਆ ਸੀ ਤਾਂ ਜੋ 1980 ਦੇ ਦਹਾਕੇ ਵਿੱਚ ਫਲਸਤੀਨੀ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀ ਐੱਲ ਓ) ਦੇ ਆਗੂ ਯਾਸਰ ਅਰਾਫਾਤ ਵੱਲੋਂ ਧਰਮ ਨਿਰਪੱਖ ਤੇ ਜਮਹੂਰੀ ਢੰਗ ਨਾਲ ਕੀਤੇ ਜਾ ਰਹੇ ਕੂਟਨੀਤਕ ਯਤਨਾਂ ਨੂੰ ਕਮਜ਼ੋਰ ਕੀਤਾ ਜਾ ਸਕੇ। ਸ਼੍ਰੀਮਤੀ ਹਨਾਨ ਅਸ਼ਰਾਵੀ ਉਸ ਸਮੇਂ ਅਣਸੁਲਝੇ ਮੁੱਦਿਆਂ ਦੇ ਸ਼ਾਂਤੀਪੂਰਨ ਹੱਲ ਲਈ ਇੱਕ ਸਰਗਰਮ ਪ੍ਰਚਾਰਕ ਸਨ।
ਫਿਲਸਤੀਨੀਆਂ ਵਿੱਚ ਹਾਰ ਦੀ ਨਿਰਾਸ਼ਾ ਅਤੇ ਨਾ ਉਮੀਦੀ ਦੀ ਭਾਵਨਾ ਅਤੇ ਵਿਸ਼ਵ ਭਾਈਚਾਰੇ ਤੋਂ ਘਟਦੀ ਹਿਮਾਇਤ ਫਲਸਤੀਨੀ ਲੋਕਾਂ ਵਿੱਚ ਖਾੜਕੂ ਤਾਕਤਾਂ ਦੇ ਉਭਾਰ ਦਾ ਕਾਰਨ ਬਣ ਗਈ, ਇਸ ਹੱਦ ਤਕ ਕਿ ਹਮਾਸ ਨੂੰ ਲੋਕਤੰਤਰੀ ਤਰੀਕਿਆਂ ਨਾਲ ਸੱਤਾ ਵਿੱਚ ਚੁਣਿਆ ਗਿਆ।
ਚੱਲ ਰਹੀਆਂ ਭਿਆਨਕ ਘਟਨਾਵਾਂ ਵਿਸ਼ਵ ਲਈ ਗੱਲਬਾਤ ਦੇ ਮੌਕੇ ਦਾ ਫਾਇਦਾ ਉਠਾਉਣ ਲਈ ਅੱਖਾਂ ਖੋਲ੍ਹਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਭਾਰਤ ਅਜੇ ਵੀ ਲੀਡ ਲੈ ਸਕਦਾ ਹੈ। ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ। ਅੱਛੀ ਗੱਲ ਹੈ ਕਿ ਹੁਣ ਕਈ ਦੇਸ਼ਾਂ ਨੇ ਹਾਲਾਤ ਨੂੰ ਸਹੀ ਢੰਗ ਨਾਲ ਪਛਾਣਿਆ ਹੈ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਪ੍ਰਦਰਸ਼ਨ ਵੀ ਹੋ ਰਹੇ ਹਨ। ਇਸ ਲਈ ਅਮਰੀਕਾ ਦੇ ਰਾਜ ਸਕੱਤਰ ਐਂਟੋਨੀ ਬਲਿੰਕਨ ਹੁਣ ਵਾਪਸ ਜਾਣ ਦੀ ਬਜਾਏ ਅਰਬ ਦੇਸ਼ਾਂ ਦੇ ਦੌਰੇ ਤੋਂ ਬਾਅਦ ਇਜ਼ਰਾਈਲ ਗਏ ਹਨ। ਆਸ ਕਰੀਏ ਕਿ ਇਜ਼ਰਾਈਲ ਉੱਤੇ ਦਬਾਉ ਵਧੇਗਾ ਅਤੇ ਹਾਲਾਤ ਸੁਖਾਵੇਂ ਹੋਣ ਵੱਲ ਜਾਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4407)
(ਸਰੋਕਾਰ ਨਾਲ ਸੰਪਰਕ ਲਈ: (