“ਦੂਜਿਆਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਿਆ ਜਾਏ ਤੇ ਅੱਤਿਆਚਾਰ ਦੇ ਵਿਰੁੱਧ ...”
(7 ਦਸੰਬਰ 2023)
ਇਸ ਸਮੇਂ ਪਾਠਕ: 300.
ਭਾਰਤ ਦਾ ਇਤਿਹਾਸ ਮਨੁੱਖੀ ਕਦਰਾ ਕੀਮਤਾਂ ਨੂੰ ਉਤਸ਼ਾਹਿਤ ਕਰਨ ਦੀਆਂ ਘਟਨਾਵਾਂ ਨਾਲ ਭਰਿਆ ਹੋਇਆ ਹੈ। ਮੱਧ ਯੁੱਗ ਦੇ ਸਮੇਂ ਤੋਂ ਜਦੋਂ ਤਕ ਦਾ ਇਤਿਹਾਸ ਸਾਡੇ ਕੋਲ ਪ੍ਰਮਾਣਿਤ ਤੌਰ ’ਤੇ ਉਪਲਬਧ ਹੈ, ਅਨੇਕਾਂ ਸਮਾਜ ਸੁਧਾਰਕ ਹੋਏ ਹਨ ਜਿਨ੍ਹਾਂ ਨੇ ਮਾਨਵਤਾ ਦੀ ਸੋਚ ਦਾ ਪਾਠ ਪੜ੍ਹਾਇਆ ਤੇ ਉਸ ਉੱਤੇ ਆਪਣੇ ਜੀਵਨ ਵਿੱਚ ਵੀ ਅਮਲ ਕੀਤਾ। ਉਨ੍ਹਾਂ ਦੇ ਇਸ ਪਾਠ ਦਾ ਸਮਾਜ ’ਤੇ ਪ੍ਰਭਾਵ ਪਿਆ। ਮਾਨਵਤਾ ਦਾ ਭਾਵ ਦੂਸਰਿਆਂ ਪ੍ਰਤੀ ਮਦਦਗਾਰ ਹੋਣਾ, ਮੁਆਫੀ ਦੇਣ ਦਾ ਮਾਦਾ ਰੱਖਣਾ, ਇਮਾਨਦਾਰ ਹੋਣਾ, ਦੂਜਿਆਂ ਦੀ ਭਲਾਈ ਕਰਨ ਲਈ ਤਤਪਰ ਹੋਣਾ, ਵੰਚਿਤ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਅਤੇ ਸੱਚ ਬੋਲਣ ਤੋਂ ਗੁਰੇਜ਼ ਨਾ ਕਰਨਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਵੀ ਭ੍ਰਮਣ ਕੀਤਾ ਤੇ ਮਾਨਵਤਾਵਾਦੀ ਸੋਚ ਨੂੰ ਪ੍ਰਚਾਰਿਆ ਤੇ ਵਧਾਇਆ। ਉਨ੍ਹਾਂ ਨੇ ਸਮਾਜ ਵਿੱਚ ਇਸਤਰੀਆਂ ਦੇ ਬਰਾਬਰੀ ਦੇ ਰੁਤਬੇ ਦੀ ਗੱਲ ਉਦੋਂ ਕੀਤੀ ਜਦੋਂ ਕਿ ਸਮਾਜ ਵਿੱਚ ਔਰਤਾਂ ਦਾ ਦਰਜਾ ਬਹੁਤ ਹੀ ਪਛੜੇ ਹੋਏ ਪੱਧਰ ’ਤੇ ਸੀ। ‘ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ’, ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡਾ ਕਥਨ ਹੈ। ਇਸੇ ਕਿਸਮ ਦੀ ਸੋਚ ਦੇ ਧਾਰਨੀ ਭਗਤ ਕਬੀਰ ਨੇ ਫੈਲੇ ਹੋਏ ਵਹਿਮਾਂ ਭਰਮਾਂ ਦੇ ਖਿਲਾਫ ਅਵਾਜ਼ ਚੁੱਕੀ। ‘ਬੜਾ ਹੁਆ ਤੋਂ ਕਿਆ ਹੁਆ ਜੈਸੇ ਪੇੜ ਖਜੂਰ, ਪੰਥੀ ਕੋ ਛਾਯਾ ਨਹੀਂ ਫਲ ਲਾਗੇ ਅਤਿ ਦੂਰ।’ ਇਹ ਇੱਕ ਮਾਨਵਤਾਵਾਦੀ ਵਿਚਾਰ ਹੈ ਜੋ ਕਿ ਲੋਕਾਂ ਦੀ ਭਲਾਈ ਦੀ ਗੱਲ ਕਰਦਾ ਹੈ ਤੇ ਅਸਲ ਵਿੱਚ ਵੱਡਾ ਕੌਣ ਹੈ, ਉਸ ਦੀ ਵਿਆਖਿਆ ਕਰਦਾ ਹੈ। ਇਸੇ ਕਿਸਮ ਦੇ ਵਿਚਾਰ ਸੰਤ ਰਵਿਦਾਸ ਨੇ ਵੀ ਦਿੱਤੇ। ਸੂਫੀ ਸੰਗੀਤ ਵੀ ਮਾਨਵਤਾਵਾਦੀ ਲੀਹਾਂ ’ਤੇ ਹੀ ਰਚਿਆ ਗਿਆ। ਇਹਨਾਂ ਤੋਂ ਪਹਿਲਾਂ, ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੌਤਮ ਬੁੱਧ ਨੇ ਮਾਨਵਤਾ ਦੇ ਭਲੇ ਦੀ ਗੱਲ ਕਹੀ ਤੇ ਕਿਸੇ ਵੀ ਦੈਵੀ ਸ਼ਕਤੀ ਦੀ ਹੋਂਦ ਤੋਂ ਇਨਕਾਰ ਕੀਤਾ।
ਇਸ ਤੋਂ ਬਾਅਦ ਦੇ ਸਮੇਂ ਦੇ ਵਿੱਚ ਅਨੇਕਾਂ ਸਮਾਜ ਸੁਧਾਰਕਾਂ ਨੇ ਲੋਕਾਂ ਵਿੱਚ ਪਿਆਰ ਮੁਹੱਬਤ ਦੀ ਗੱਲ ਕੀਤੀ ਤੇ ਦੱਬੇ-ਕੁਚਲੇ ਲੋਕਾਂ ਦੇ ਰੁਤਬੇ ਨੂੰ ਚੁੱਕਣ ਲਈ ਅਵਾਜ਼ ਚੁੱਕੀ, ਜਿਨ੍ਹਾਂ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਦੇ ਖਿਲਾਫ਼ ਅਵਾਜ਼ ਚੁੱਕੀ। ਈਸ਼ਵਰ ਚੰਦਰ ਵਿੱਦਿਆ ਸਾਗਰ, ਸੁਆਮੀ ਦਇਆ ਨੰਦ ਸਰਸਵਤੀ ਤੇ ਸਵਿੱਤਰੀ ਬਾਈ ਫੂਲੇ ਆਦਿ ਦੀ ਭੂਮਿਕਾ, ਜਿਨ੍ਹਾਂ ਨੇ ਇਸਤਰੀ ਸਿੱਖਿਆ ਦੇ ਉੱਪਰ ਜ਼ੋਰ ਦਿੱਤਾ, ਬਾਰੇ ਵੀ ਅਸੀਂ ਸਭ ਜਾਣਦੇ ਹਾਂ। ਬਾਅਦ ਵਿੱਚ ਮਹਾਤਮਾ ਗਾਂਧੀ ਨੇ ਅਹਿੰਸਾ ਦਾ ਪ੍ਰਚਾਰ ਕਰਕੇ ਮਨੁੱਖੀ ਸੋਚ ਨੂੰ ਮਜ਼ਬੂਤ ਕੀਤਾ। ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਮਾਨਵਤਾਵਾਦੀ ਸਨ, ਉਹ ਇਸ ਕਰਕੇ ਸਾਮਰਾਜ ਦਾ ਵਿਰੋਧ ਕਰਦੇ ਸਨ ਕਿਉਂਕਿ ਸਾਮਰਾਜਵਾਦ ਮਾਨਵਤਾ ਦਾ ਦੁਸ਼ਮਣ ਹੈ। ਜਵਾਹਰ ਲਾਲ ਨਹਿਰੂ ਨੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਬਾਰੇ ਕਿਹਾ। ਡਾ. ਭੀਮ ਰਾਓ ਅੰਬੇਦਕਰ ਨੇ ਦੱਬੇ-ਕੁਚਲੇ ਦਲਿਤ ਵਰਗ ਦੇ ਨਾਲ ਹੋ ਰਹੇ ਅੱਤਿਆਚਾਰਾਂ ਨੂੰ ਖਤਮ ਕਰਨ ਲਈ ਆਵਾਜ਼ ਬੁਲੰਦ ਕੀਤੀ। ਕਮਿਊਨਿਸਟਾਂ ਨੇ ਮਨੁੱਖ ਰਾਹੀਂ ਮਨੁੱਖ ਦੀ ਲੁੱਟ ਨੂੰ ਘੋਰ ਗੈਰਮਾਨਵਤਾਵਾਦੀ ਦੱਸਿਆ ਤੇ ਇਸ ਨੂੰ ਸਮਾਪਤ ਕਰਨ ਲਈ ਸੰਘਰਸ਼ ਕੀਤੇ। ਇਸੇ ਸਮੇਂ ਦੇ ਵਿੱਚ ਹੀ ਸੱਭਿਆਚਾਰ ਵੀ ਮਾਨਵਤਾਵਾਦੀ ਲੀਹਾਂ ’ਤੇ ਪਣਪਿਆ।
ਪਰ ਅਜੋਕੇ ਸਮੇਂ ਦੇ ਵਿੱਚ ਸਾਡੇ ਦੇਸ਼ ਦੀ ਹਾਲਤ ਵਿੱਚ ਬਹੁਤ ਗੰਭੀਰ ਪਰਿਵਰਤਨ ਹੋਏ ਹਨ। ਅੱਜ ਮਾਨਵਤਾਵਾਦੀ ਬਿਰਤਾਂਤ ਨੂੰ ਚਰਚਾ ਵਿੱਚੋਂ ਬਾਹਰ ਕੀਤਾ ਜਾ ਰਿਹਾ ਹੈ। ਬਕਾਇਦਾ ਪ੍ਰਚਾਰ ਕਰਕੇ ਫਿਰਕੇਦਾਰਾਨਾ ਅਧਾਰ ’ਤੇ ਲੋਕਾਂ ਨੂੰ ਵੰਡਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇੱਕ ਦੂਸਰੇ ਦੇ ਪ੍ਰਤੀ ਨਫਰਤ ਦਾ ਮਾਹੌਲ ਤਿਆਰ ਕੀਤਾ ਗਿਆ ਹੈ। ਭੀੜਾਂ ਦੁਆਰਾ ਹੱਤਿਆਵਾਂ ਕੇਵਲ ਇਸ ਲਈ ਕਿ ਉਹ ਦੂਸਰੇ ਫਿਰਕੇ ਦੇ ਲੋਕ ਹਨ ਅਤਿ ਨਿੰਦਣਯੋਗ ਗੱਲ ਹੈ। ਇਹ ਤਾਂ ਭਾਰਤ ਦੇ ਅਧਾਰ ਦੇ ਮੁਢਲੇ ਸਿਧਾਂਤਾਂ ਦੇ ਉਲਟ ਹੈ ਤੇ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਹੋਂਦ ਨੂੰ ਨਕਾਰਦਾ ਹੈ। ਸਰਕਾਰ ਵੱਲੋਂ ਇਸ ਕਿਸਮ ਦੇ ਅੰਸਰਾਂ ਨੂੰ ਸ਼ਹਿ ਦੇਣਾ ਬਹੁਤ ਹੀ ਖ਼ਤਰਨਾਕ ਗੱਲ ਹੈ। ਲੋਕਾਂ ਦੀਆਂ ਗੰਭੀਰ ਮੰਗਾਂ ਨੂੰ ਵੀ ਦਰਕਿਨਾਰ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇੱਥੇ ਦੋ ਘਟਨਾਵਾਂ ਦਾ ਵੇਰਵਾ ਦੇਣਾ ਬਹੁਤ ਜ਼ਰੂਰੀ ਹੈ - ਮਣੀਪੁਰ ਵਿੱਚ ਵਾਪਰੀ ਹਿੰਸਾ ਅਤੇ ਇਸਤਰੀ ਪਹਿਲਵਾਨਾਂ ਦੇ ਨਾਲ ਬਦਸਲੂਕੀ। ਇਸਤਰੀ ਪਹਿਲਵਾਨਾਂ ਦੇ ਨਾਲ ਬਦਸਲੂਕੀ ਸਮੇਂ ਇਸਤਰੀ ਮੰਤਰੀਆਂ ਵੱਲੋਂ ਚੁੱਪੀ ਸਾਧ ਲੈਣਾ ਉਨ੍ਹਾਂ ਦੀ ਗੈਰ ਮਾਨਵਤਾਵਾਦੀ ਸੋਚ ਦਾ ਪ੍ਰਗਟਾਵਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਨ੍ਹਾਂ ਦੋਂਹ ਪ੍ਰਮੁੱਖ ਘਟਨਾਵਾਂ ਬਾਰੇ ਕੁਝ ਵੀ ਨਾ ਕਹਿਣਾ ਬਲਕਿ ਯੋਗ ਦੇ ਪ੍ਰਚਾਰ ਲਈ ਵਿਦੇਸ਼ਾਂ ਵਿੱਚ ਫੇਰੀਆਂ ਪਾਉਣਾ ਉਹਨਾਂ ਦੀ ਉਸ ਸੋਚ ਦਾ ਪ੍ਰਗਟਾਵਾ ਸੀ ਜਿਹੜੀ ਕਿ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਵੇਲੇ ਉਨ੍ਹਾਂ ਨੇ ਅਪਣਾਈ। ਆਪਣੇ ਮੰਤਰੀਆਂ ਦੇ ਘਰ ਜਲ ਜਾਣ ਦੇ ਬਾਅਦ ਵੀ ਪ੍ਰਧਾਨ ਮੰਤਰੀ ਦੇ ਮੂੰਹੋਂ ਇੱਕ ਲਫਜ਼ ਨਾ ਨਿਕਲਿਆ।
ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਇਸ ਕਿਸਮ ਦੀਆਂ ਘਟਨਾਵਾਂ ਬਾਰੇ ਸਮਾਜ ਵਿੱਚ ਜੋ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ, ਉਸਦੀ ਘਾਟ ਹੈ। ਵਿਸ਼ੇਸ਼ ਕਰਕੇ ਮੱਧ ਵਰਗ ਵਿੱਚ ਇੰਜ ਦੇਖਣ ਵਿੱਚ ਆਇਆ ਹੈ। ਉੱਤਰ-ਪੂਰਬ ਦਾ ਮਨੀਪੁਰ ਦਾ ਸੂਬਾ ਅਤਿ ਮਹੱਤਵਪੂਰਨ ਹੈ, ਪਰ ਹਿੰਦੀ ਖੇਤਰ ਵਿੱਚ ਉੱਥੋਂ ਦੇ ਹਾਲਾਤ ਬਾਰੇ ਲੋਕਾਂ ਵਿੱਚ ਬੇਚੈਨੀ ਬਹੁਤ ਘੱਟ ਹੈ। ਇਸਤਰੀ ਪਹਿਲਵਾਨ ਆਰਥਿਕ ਤੌਰ ’ਤੇ ਉੱਚੇ ਵਰਗ ਤੋਂ ਨਹੀਂ ਆਉਂਦੇ, ਇਸ ਲਈ ਦਿਨ ਰਾਤ ਬੇਟੀਆਂ ਦੀ ਸੁਰੱਖਿਆ ਦੀ ਦੁਹਾਈ ਦੇਣ ਵਾਲੇ ਵੀ ਨਹੀਂ ਬੋਲੇ। ਸਮਾਜਿਕ ਜਨ ਚੇਤਨਾ ਵਿੱਚ ਕਮੀ ਦਿਸ ਰਹੀ ਹੈ। ਜਿਸ ਢੰਗ ਦੇ ਨਾਲ ਨਿਰਭਯਾ ਵੇਲੇ ਸੈਲਾਬ ਉਮੜ ਪਿਆ ਸੀ, ਉਸ ਵਰਗਾ ਕੁਝ ਨਹੀਂ ਹੋਇਆ। ਉਸ ਵੇਲੇ ਮੱਧਮ ਵਰਗ ਸਾਹਮਣੇ ਆਇਆ ਸੀ ਤੇ ਬੜੇ ਵੱਡੇ-ਵੱਡੇ ਪ੍ਰਦਰਸ਼ਨ ਜਥੇਬੰਦ ਕੀਤੇ ਸਨ। ਪਰ ਉਸ ਉਪਰੰਤ ਹਾਥਰਸ ਕਾਂਡ ਵੇਲੇ ਜਾਂ ਫਿਰ ਬਿਲਕਿਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਤੇ ਬਲਾਤਕਾਰੀਆਂ ਨੂੰ ਗ੍ਰਹਿ ਮੰਤਰੀ ਦੇ ਕਹਿਣ ’ਤੇ ਉਸ ਵੇਲੇ ਛੱਡ ਦੇਣਾ ਜਦੋਂ ਕਿ ਪ੍ਰਧਾਨ ਮੰਤਰੀ 15 ਅਗਸਤ ਨੂੰ ਲਾਲ ਕਿਲੇ ਤੋਂ ਬੇਟੀ ਬਚਾਓ ਦਾ ਪਾਠ ਪੜ੍ਹਾ ਰਹੇ ਸਨ, ਕੋਈ ਵੱਡੇ ਪ੍ਰਦਰਸ਼ਨ ਨਹੀਂ ਹੋਏ। ਮੱਧ ਮਵਰਗ ਦਾ ‘ਚਲ ਸਾਨੂੰ ਕੀ?’ ਦਾ ਰਵਈਆ ਬਹੁਤ ਹੀ ਦੁਖਦਾਈ ਹੈ। ਕੇਵਲ ਉਦੋਂ ਪ੍ਰਤੀਕਿਰਿਆ ਦਿੱਤੀ ਜਾਏ ਜਦੋਂ ਆਪਣੇ ਸਿਰ ’ਤੇ ਪਏ, ਇਹ ਬਹੁਤ ਹੀ ਘਾਤਕ ਸਿੱਧ ਹੋ ਜਾਣ ਵਾਲੀ ਗੱਲ ਹੈ। ਇਤਿਹਾਸ ਵਿੱਚ ਦੁਨੀਆ ਵਿੱਚ ਐਸੀਆਂ ਅਨੇਕਾਂ ਮਿਸਾਲਾਂ ਹਨ। ਜਰਮਨੀ ਵਿੱਚ ਹਿਟਲਰ ਦੇ ਮਾਨਵਤਾ ਵਿਰੋਧੀ ਕਾਰਿਆਂ ਨੂੰ ਮੱਧ-ਵਰਗ ਦੇ ਵੱਡੇ ਹਿੱਸੇ ਨੇ ਸਮਰਥਨ ਦਿੱਤਾ, ਕਤਲੇ ਆਮ ਦੇ ਵਿਰੁੱਧ ਕੁਝ ਨਾ ਕਿਹਾ। ਨਤੀਜਾ ਸਾਹਮਣੇ ਹੈ, ਦੂਸਰੀ ਜੰਗ ਵਿੱਚ ਸਾਢੇ ਪੰਜ ਕਰੋੜ ਲੋਕ ਮਰੇ।
ਇਸਤਰੀ ਪਹਿਲਵਾਨਾਂ ਦੇ ਵਿਸ਼ੇ ’ਤੇ ਰਾਜਨੀਤਿਕ ਪਰਦੇ ਦੇ ਕਾਰਨ ਗਿਰਾਵਟ ਸਾਹਮਣੇ ਹੈ। ਕਿਸੇ ਵੀ ਇਸਤਰੀ ਮੰਤਰੀ ਨੇ ਇਸ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ।
ਪਰ ਸਭ ਕੁਝ ਨਹੀਂ ਵਿਗੜਿਆ। ਕੀਰਤੀਮਾਨ ਬਹਾਦੁਰ ਪਹਿਲਵਾਨ ਲੜਕੀਆਂ ਲਗਾਤਾਰ ਔਕੜਾਂ ਦੇ ਬਾਵਜੂਦ ਮੈਦਾਨ ਵਿੱਚ ਡਟੀਆਂ ਰਹੀਆਂ। ਪ੍ਰਗਤੀਸ਼ੀਲ ਸ਼ਕਤੀਆਂ ਨਾਲ ਜੁੜੀਆਂ ਜਥੇਬੰਦੀਆਂ ਨੇ ਇਸ ਬਾਰੇ ਡੂੰਘੀ ਚਿੰਤਾ ਤੇ ਇੱਕਮੁੱਠਤਾ ਦਿਖਾਈ। ਰਾਜਨੀਤਕ ਪਾਰਟੀਆਂ ਵੀ ਬੋਲੀਆਂ। ਪਰ ਕਈ ਰਾਜਨੀਤਕ ਪਾਰਟੀਆਂ ਸੱਤਾ ਦੀ ਲਾਲਸਾ ਵਿੱਚ ਚੁੱਪੀ ਸਾਧਕੇ ਬੈਠੀਆਂ ਰਹੀਆਂ ਸਨ।
ਅੱਜ ਲੋੜ ਹੈ ਕਿ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਿਆ ਜਾਏ ਤੇ ਅੱਤਿਆਚਾਰ ਦੇ ਵਿਰੁੱਧ ਸੰਗਠਿਤ ਅਵਾਜ਼ ਬੁਲੰਦ ਕੀਤੀ ਜਾਏ। ਗੁਰੂ ਨਾਨਕ ਦੇਵ, ਕਬੀਰ, ਨਾਮਦੇਵ ਆਦਿ ਨੇ ਆਪਣੇ ਦੁੱਖਾਂ ਦੇ ਲਈ ਨਹੀਂ, ਬਲਕਿ ਦੁਨੀਆਂ ਦੇ ਦੁੱਖਾਂ ਲਈ ਅਵਾਜ਼ ਬੁਲੰਦ ਕੀਤੀ ਸੀ। ਛੇਤੀ ਹੀ ਧੁੰਦ ਛਟੇਗੀ ਤੇ ਚਾਨਣ ਹੋਏਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4529)
(ਸਰੋਕਾਰ ਨਾਲ ਸੰਪਰਕ ਲਈ: (