DarshanSPreetiman7ਪਰਮ ਪ੍ਰੀਤ ਨੇ ਜਿੱਥੇ ਸਾਹਿਤਕ ਖੇਤਰ ਵਿੱਚ ਵੱਡੇ ਪੱਧਰ ’ਤੇ ਜ਼ਿੰਮੇਵਾਰੀ ਨਿਭਾਈ, ਉੱਥੇ ਸਕੂਲ ਅਧਿਆਪਕਾ ...ParamPreetBathinda1
(25 ਦਸੰਬਰ 2024)

  

ParamPreetBathinda1

ਇੱਕ ਸਮਾਂ ਸੀ ਜਦੋਂ ਜਿਉਂਦੀ ਔਰਤ ਨੂੰ ਆਪਣੇ ਪਤੀ ਨਾਲ ਸਤੀ ਹੋਣਾ ਪੈਂਦਾ ਸੀ। ਔਰਤ ਨੂੰ ਘਰ ਦੀ ਚਾਰਦਵਾਰੀ ਦੇ ਅੰਦਰ ਹੀ ਦਿਨ ਕਟੀ ਕਰਨੀ ਪੈਂਦੀ ਸੀ। ਉਹ ਪਹਿਲਾਂ ਬਾਪ ਦੀ, ਭਰਾਵਾਂ ਦੀ, ਪਤੀ ਦੀ ਤੇ ਫਿਰ ਬੱਚਿਆਂ ਦੀ ਗੁਲਾਮ ਹੀ ਰਹਿੰਦੀ ਸੀ। ਉਸ ਨੂੰ ਪੜ੍ਹਨ ਦੀ ਵੀ ਮਨਾਹੀ ਸੀ ਕਿਉਂਕਿ ਮਰਦ ਪ੍ਰਧਾਨ ਸੋਚ ਦਾ ਦਬ-ਦਬਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮੇ ਰਾਜਾਨੁ’। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਟੇ ਦਾ ਅੰਮ੍ਰਿਤ ਛਕਾ ਕੇ ‘ਕੌਰ’ ਦਾ ਖਿਤਾਬ ਦਿੱਤਾ ਸੀ। ਅੱਜ ਔਰਤ ਦਾ ਹੱਕ ਮਰਦ ਬਰਾਬਰ ਹੈ। ਅੱਜ ਔਰਤ ਮਰਦ ਨਾਲੋਂ ਕਦਮ ਅੱਗੇ ਵਧਾ ਰਹੀ ਹੈ। ਹਰ ਮਹਿਕਮੇ, ਹਰ ਕਿੱਤੇ ਵਿੱਚ ਆਪਣੇ ਪੈਰ ਅਜ਼ਮਾ ਚੁੱਕੀ ਹੈ। ਜੇਕਰ ਸਾਹਿਤਕ ਖੇਤਰ ਦੀ ਗੱਲ ਕਰੀਏ ਤਾਂ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਪ੍ਰਭਜੋਤ ਕੌਰ, ਅਜੀਤ ਕੌਰ ਨੇ ਦੇਸ਼ ਕੌਮ ਦਾ ਨਾਂ ਉੱਚਾ ਕੀਤਾ ਹੈ। ਇਸੇ ਹੀ ਕਤਾਰ ਵਿੱਚ ਉਪਰੋਕਤ ਲੇਖਕਾਂ, ਸ਼ਾਇਰਾਂ, ਕਵਿੱਤਰੀਆਂ ਦੀ ਉਂਗਲ ਫੜਕੇ ਸਾਹਿਤਕ ਖੇਤਰ ਵਿੱਚ ਤੁਰਨ ਵਾਲੀ ਤੇ ਵੱਡੀਆਂ ਪ੍ਰਾਪਤੀ ਕਰਨ ਜਾ ਰਹੀ ਲੇਖਕਾ, ਕਵਿੱਤਰੀ ਦਾ ਨਾਂ ਕਿਸੇ ਦੀ ਜਾਣ-ਪਛਾਣ ਦੇ ਮੁਥਾਜ ਨਹੀਂ ਹੈ, ਉਹ ਹੈ ਪਰਮਜੀਤ ਕੌਰ, ਉਰਫ ਪਰਮਪ੍ਰੀਤ ਬਠਿੰਡਾ।
ਪਰਮਜੀਤ ਕੌਰ ਦਾ ਜਨਮ 17 ਦਸੰਬਰ, 1982 ਨੂੰ ਮਾਤਾ ਗੁਰਮੇਲ ਕੌਰ ਸੱਗੂ ਦੇ ਪੇਟੋਂ, ਪਿਤਾ ਗੁਰਚਰਨ ਸਿੰਘ ਰੁਪਾਲ ਦੇ ਘਰ, ਸਰਦੂਲਗੜ੍ਹ (ਮਾਨਸਾ) ਵਿਖੇ ਹੋਇਆ। ਇਹ ਮਾਪਿਆਂ ਦੀ ਔਲਾਦ ਪੰਜ ਭੈਣਾਂ, ਇੱਕ ਭਰਾ ਹੈ। ਪਰਮਜੀਤ ਪੰਜ ਭੈਣਾਂ ਵਿੱਚੋਂ ਚੌਥੀ ਥਾਂ ’ਤੇ ਹੈ। ਉਸ ਦੇ ਭਰਾ ਦਾ ਨਾਂ ਤੇ ਭੈਣਾਂ ਦੇ ਨਾਂ ਇਸ ਪ੍ਰਕਾਰ ਹਨ। ਭਰਾ ਜਗਸੀਰ ਸਿੰਘ ਤੇ ਭੈਣਾਂ ਵੀਰਪਾਲ ਕੌਰ, ਸੁਰਿੰਦਰ ਕੌਰ, ਗੁਰਪਾਲ ਕੌਰ ਤੇ ਮਨਪ੍ਰੀਤ ਕੌਰ ਹਨ। ਪਰਮਪ੍ਰੀਤ ਕੌਰ ਦਾ ਵਿਆਹ 4 ਅਕਤੂਬਰ 2009 ਵਿੱਚ ਡਾ. ਗੁਰਸੇਵਕ ਸਿੰਘ ਬਾਘਾ ਨਾਲ ਹੋਇਆ। ਇਸ ਜੋੜੇ ਦੇ ਘਰ 3 ਬੱਚਿਆਂ ਨੇ ਜਨਮ ਲਿਆ। ਦੋ ਜੌੜੀਆਂ ਬੇਟੀਆਂ ਗੁਰ ਏਕਮਪ੍ਰੀਤਕੌਰ ਤੇ ਗੁਰਐਨਮਪ੍ਰੀਤ ਕੌਰ ਤੇ ਬੇਟਾ ਉਦੇ ਪ੍ਰਤਾਪ ਸਿੰਘ ਹੈ।
ਪਰਮਜੀਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਤੋਂ ਪਲੱਸ-ਟੂ ਤਕ ਪੜ੍ਹਾਈ ਕੀਤੀ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ ਉਹ ਖੇਡਾਂ ਵਿੱਚ ਸਟੇਟ ਪੱਧਰ ਤਕ ਬਾਸਕਟਬਾਲ ਦੀ ਖਿਡਾਰਨ ਰਹੀ ਹੈ। ਸਕੂਲ ਪੜ੍ਹਦਿਆਂ ਸੱਭਿਆਚਾਰ ਗਤੀ-ਵਿਧੀਆਂ ਗੀਤ-ਗਾਇਨ, ਕਵਿਤਾ ਲੇਖਣ ਵਿੱਚ ਬਹੁਤ ਸਾਰੇ ਇਨਾਮ ਉਸ ਦੇ ਹਿੱਸੇ ਆਏ। ਪਰਮਜੀਤ ਨੇ ਮਾਤਾ ਗੁਜਰੀ ਸਰਵਹਿਤਕਾਰੀ ਗ਼ਰਲਜ਼ ਕਾਲਜ, ਸਰਦੂਲਗੜ੍ਹ ਵਿੱਚ ਬੀ. ਏ. ਦੀ ਪੜ੍ਹਾਈ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੋਸਟ ਗ੍ਰੇਜੂਏਟ ਐੱਮ. ਏ. ਹਿੰਦੀ ਕੀਤੀ। ਐੱਮ. ਸੀ. ਏ., ਕੰਪਿਊਟਰ ਸਾਇੰਸ ਦੀ ਡਿਗਰੀ ਵੀ ਹਾਸਲ ਕੀਤੀ। ਬੀਐੱਡ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਤੋਂ ਕਰਨ ਉਪਰੰਤ ਆਧਿਆਪਕਾਂ ਵਜੋਂ ਸਰਕਾਰੀ ਹਾਈ ਸਕੂਲ ਨਥੇਹਾ ਵਿੱਚ ਤਿੰਨ ਸਾਲ ਨੌਕਰੀ ਕੀਤੀ ਅਤੇ ਅੱਜ-ਕੱਲ੍ਹ ਸਰਕਾਰੀ ਹਾਈ ਸਕੂਲ ਮਲਕਾਣਾ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।
ਪਰਮਪ੍ਰੀਤ ਨੇ ਛੋਟੀ ਉਮਰੇ ਹੀ ਪੜ੍ਹਾਈ ਨਾਲ ਕਢਾਈ, ਸਿਲਾਈ ਦਾ ਕੰਮ ਵੀ ਸਿੱਖ ਲਿਆ ਸੀ ਅਤੇ ਚਾਰ ਸਾਲ ਬੁਟੀਕ ਦਾ ਕੰਮ ਕਰਕੇ ਪਰਿਵਾਰ ਉੱਤੇ ਬੋਝ ਨਾ ਬਣਕੇ ਆਪਣੀ ਪੜ੍ਹਾਈ ਵੀ ਆਪ ਕਰਦੀ ਰਹੀ। ਉਸ ਦੀ ਇਸ ਮਿਹਨਤ ਨੇ ਹੀ ਉਸ ਦੀ ਜ਼ਿੰਦਗੀ ਨੂੰ ਨਿਖਾਰ ਦਿੱਤਾ, ਜੋ ਸਮਾਜ ਲਈ ਸੇਧ ਵੀ ਬਣੀ। ਆਪਣੀ ਕਮਾਈ ਨਾਲ ਆਪਣੀ ਉੱਚ ਪੜ੍ਹਾਈ ਪੂਰੀ ਕਰ ਲਈ।
ਇਸ ਅਧਿਆਪਕਾ ਦਾ ਅਸਲੀ ਨਾਮ ਪਰਮਜੀਤ ਕੌਰ ਹੈ, ਕਲਮੀ ਨਾਂ ਪਰਮ ‘ਪ੍ਰੀਤ’ ਬਠਿੰਡਾ ਦੇ ਨਾਂ ਪ੍ਰਸਿੱਧਤਾ ਖੱਟੀ ਹੈ। ਪਰਮ ਪ੍ਰੀਤ ਨੂੰ ਸਕੂਲ ਪੜ੍ਹਦਿਆਂ ਹੀ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਗੀਤ ਗਾਉਣ ਦਾ ਸ਼ੌਕ ਜਾਗ ਪਿਆ ਸੀ ਤੇ ਲਿਖਣ ਦੀ ਚੇਟਕ ਲੱਗ ਗਈ ਸੀ। ਉਨ੍ਹਾਂ ਸਕੂਲੀ ਦਿਨਾਂ ਵਿੱਚ ਹੀ ਬਹੁਤ ਸਾਰੇ ਗੀਤ ਤੇ ਹੋਰ ਵਿਧਾ ਦੀਆਂ ਰਚਨਾਵਾਂ ਲਿਖੀਆਂ ਜੋ ਆਪਣੀਆਂ ਸਹੇਲੀਆਂ ਵਿੱਚ ਸੁਣਾ ਕੇ ਸਾਂਝੀਆਂ ਵੀ ਕਰਦੀ ਰਹੀ। ਸਾਥਣਾ ਵੱਲੋਂ ਰਚਨਾਵਾਂ ਸਲਾਹੁਣ ’ਤੇ ਉਸ ਦਾ ਹੌਸਲਾ ਵਧਦਾ। ਅਧਿਆਪਕਾਂ ਦੀ ਹੱਲਾਸ਼ੇਰੀ ਨਾਲ ਉਸ ਦੀ ਝਿਜਕ ਲਹਿੰਦੀ ਗਈ ਹੌਸਲਾ ਰਾਹ ਪੱਧਰ ਕਰਦਾ ਗਿਆ। ਬਚਪਨ ਵਿੱਚ ਮਿਲੇ ਦਿਲਾਸੇ, ਹੌਸਲੇ ਹੱਲਾਸ਼ੇਰੀ ਨੇ ਉਸ ਦੀ ਕਲਮ ਵਿੱਚ ਖੜੋਤ ਆਉਣ ਨਾ ਦਿੱਤੀ। ਅੱਜ ਤਕ ਕਲਮ ਨਿਰੰਤਰ ਚਲਦੀ ਆਪਣੀ ਮੰਜ਼ਲ ਵੱਲ ਵਧ ਰਹੀ ਹੈ।
ਪਰਮ ਪ੍ਰੀਤ ਦੀਆਂ ਕਿਤਾਬਾਂ ਦੀ ਗੱਲ ਕਰੀਏ ਤਾਂ ਇਸ ਪ੍ਰਕਾਰ ਹਨ:
‘ਮੇਰੀ ਕਲਮ ਮੇਰੇ ਅਲਫ਼ਾਜ਼’ ਪੁਸਤਕ ਦੇ ਦੋ ਐਡੀਸ਼ਨ ਛਪ ਚੁੱਕੇ ਹਨ। ‘ਮੇਰੀਆਂ ਗ਼ਜ਼ਲਾਂ ਮੇਰੇ ਗੀਤ’ (ਗ਼ਜ਼ਲ ਤੇ ਗੀਤ ਸੰਗ੍ਰਹਿ) ਕੰਦੀਲ-ਵਿਚਾਰ (ਲੇਖ ਸੰਗ੍ਰਹਿ)। ਉਨ੍ਹਾਂ ਦੀ ਸੰਪਾਦਨਾ ਹੇਠ ਛਪੀਆਂ ਕਿਤਾਬਾਂ: ‘ਚਾਨਣ ਰਿਸ਼ਮਾਂ’, ‘ਹਰਫ਼ਾਂ ਦਾ ਪਰਾਗਾ’, ‘ਸੁਖਨ ਨਵਾਜ਼’ ਤੇ ‘ਇਲਹਾਮ ਏ ਕਲਮ’ ਹੈ ਤੇ ਅੱਗੇ ਹਨ ਸੰਪਾਦਿਤ ਈ ਫਲਿਪ ਕਿਤਾਬਾਂ: ‘ਅਦਬੀ ਕਿਰਨਾਂ’, ‘ਸੁਖ਼ਨਵਰ’, ‘ਹਰਫ਼ਾਂ ਦਾ ਕਾਫਲਾ’, ਤੇ ‘ਤਸੱਵੁਫ਼’। ਉਹ ਹਰ ਮਹੀਨੇ ਸੰਪਾਦਿਤ ਈ ਮੈਗਜ਼ੀਨ ਕੱਢ ਰਹੇ ਹਨ ‘ਅਦਬੀ ਕਿਰਨਾਂ’ ਜਿਸਦੇ 80 ਅੰਕਾਂ ਤੋਂ ਵੱਧ ਕੱਢੇ ਜਾ ਚੁੱਕੇ ਹਨ। ਪਰਮ ਪ੍ਰੀਤ ਕੌਰ ਦੀਆਂ ਆਉਣ ਵਾਲੀਆਂ ਕਿਤਾਬਾਂ ‘ਜ਼ਖੀਰਾ ਅੰਦੋਜ਼’, ‘ਮੋਹ ਜਿਹਾ ਆਉਂਦਾ’, ‘ਸਰੋਦ’ ਆਦਿ ਹਨ।
ਪਰਮ ਪ੍ਰੀਤ ਦਾ ਲਿਖਿਆ ਗੀਤ ਕੇ ਟੀ ਧਾਲੀਵਾਲ ਨੇ ਗਾਇਆ ਤੇ ਰਿਕਾਰਡ ਕਰਵਾਏ ਦੀਆਂ ਦੋ ਸਤਰਾਂ ਇਸ ਪ੍ਰਕਾਰ ਹਨ।
ਮੇਹਰ ਕਰੋ ਤੇ ਊਣਾ ਵਰਤਨ ਭਰ ਦਿਓ ਨਾਨਕ ਜੀ,
ਮੈਂ ਕਮਲੀ ਨੂੰ ਚਾਨਣ-ਚਾਨਣ ਕਰ ਦਿਓ ਨਾਨਕ ਜੀ।

ਇਸੇ ਤਰ੍ਹਾਂ ਹੀ ਸ਼ਾਇਰਾ ਦੀ ਇੱਕ ਗ਼ਜ਼ਲ ਹਰਵਿੰਦਰ ਸਿੰਘ ਨਵਾਬ ਦੀ ਆਵਾਜ਼ ਵਿੱਚ ਰਿਕਾਰਡ ਹੈ ਜਿਸਦਾ ਸ਼ਿਅਰ ਹੈ:
ਨੈਣਾ ਨੂੰ ਸਮਝਾ ਨਹੀਂ ਹੁੰਦਾ,
ਹੰਝੂਆਂ ਦੇ ਵਿੱਚ ਨਹਾ ਨਹੀਂ ਹੁੰਦਾ।
ਪਰਮ ਪ੍ਰੀਤ ਨੇ ਜਿੱਥੇ ਸਾਹਿਤਕ ਖੇਤਰ ਵਿੱਚ ਵੱਡੇ ਪੱਧਰ ’ਤੇ ਜ਼ਿੰਮੇਵਾਰੀ ਨਿਭਾਈ, ਉੱਥੇ ਸਕੂਲ ਅਧਿਆਪਕਾ ਹੋਣ ਦੇ ਨਾਤੇ ਆਪਣੀਆਂ ਬੱਚਿਆਂ ਪ੍ਰਤੀ ਸਕੂਲ ਨਾਲ, ਪੜ੍ਹਾਈ ਨਾਲ ਸੰਬੰਧਿਤ ਵੀ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ ਹਨ। ਜਿਵੇਂ, ਹਰ ਸਾਲ ਬੋਰਡ ਜਮਾਤਾਂ ਦਾ 100 ਪ੍ਰਤੀਸ਼ਤ ਨਤੀਜਾ ਦਿੱਤਾ। ਆਲ ਇੰਡੀਆ ਰੇਡੀਓ ਪਟਿਆਲਾ ਤੋਂ ਦਰਜਨ ਤੋਂ ਵੱਧ ਲੈਕਚਰਾਂ ਦਾ ਪ੍ਰਸਾਰਣ, ਟੀਚਰ ਫੈਸਟ 2021/22 ਜ਼ਿਲ੍ਹਾ ਪੱਧਰੀ ਜੇਤੂ ਅਤੇ ਦੋ ਵਾਰ ਸਟੇਟ ਪੱਧਰ ’ਤੇ ਭਾਗ ਲਿਆ। ਕਰੋਨਾ ਕਾਲ ਵਿੱਚ 150 ਵੀਡੀਓ ਬਣਾਈਆਂ ਜੋ ਡੀ.ਡੀ.ਪੰਜਾਬੀ, ਸਵਾਇਮ ਪ੍ਰਭਾ ਅਤੇ ਹੋਰ ਚੈਨਲਾਂ ?ਤੇ ਪ੍ਰਸਾਰਤ ਹੋਈਆਂ। ਸਟੇਟ ਪੱਧਰੀ ਬਾਸਕਟ ਬਾਲ ਫੀਡਰ ਪਲੇਅਰ ਰਹੀਪੰਜਾਬ ਐਜੂਕੇਅਰ ਐਪ ਉੱਪਰ ਲੈਸਨ ਸ਼ਾਮਲ ਹਨ। ਪ੍ਰਬੰਧਕ ਓ ਅ ੲ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਅਤੇ ਜ਼ਿਲ੍ਹਾ ਪ੍ਰਧਾਨ ਪੰਜਾਬੀ ਅਦਬ ਕਲਾ ਕੇਂਦਰ ਮਾਲੇਰਕੋਟਲਾ, 12 ਕਿਤਾਬਾਂ ਦੀ ਸੰਪਾਦਨਾ, ਜਿਸ ਵਿੱਚ 500 ਦੇ ਲਗਭਗ ਲੇਖਕਾਂ ਨੂੰ ਪ੍ਰਕਾਸ਼ਿਤ ਕੀਤਾ।  ਉਹ ਆਪਣੀ ਪਹੁੰਚ ਤਕ ਦੀਆਂ ਸਾਹਿਤ ਸਭਾਵਾਂ ਦੇ ਸਮਾਗਮਾਂ ਵਿੱਚ ਸਮਾਂ ਕੱਢ ਕੇ ਪਹੁੰਚਦੀ ਹੈ।
ਪਰਮ ਪ੍ਰੀਤ ਬਠਿੰਡਾ ਨੂੰ ਉਨ੍ਹਾਂ ਵੱਲੋਂ ਕੀਤੀ ਵਧੀਆ ਕਾਰਗੁਜ਼ਾਰੀ ’ਤੇ ਜੋ ਸਨਮਾਨ ਮਿਲਿਆ ਹੈ ਜੋ ਇਸ ਪ੍ਰਕਾਰ ਹੈ: ਅਧਿਆਪਕ ਦਿਵਸ ’ਤੇ ਸਵਿਤਰੀ ਬਾਈ ਫੂਲੇ ਅਵਾਰਡ, ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਬੀ.ਐੱਮ. ਰਹਿਣ ਤੇ 100% ਨਤੀਜੇ ਆਉਣ ਤੇ ਸਨਮਾਨਤ ਹੋਏ। ਵਾਧੂ ਜਮਾਤਾਂ ਲਗਾਉਣ ਲਈ ਅਤੇ ਵੀਡੀਓ ਬਣਾਉਣ ਲਈ ਕਈ ਸਨਮਾਨ ਪੱਤਰ ਪ੍ਰਾਪਤ ਹੋਏ। ਡੀ.ਈ.ਓ. ਦਫਤਰ ਵੱਲੋਂ ਕਈ ਸਨਮਾਨ ਪ੍ਰਾਪਤ, ਹੋਰ ਅਨੇਕਾਂ ਕਲੱਬਾਂ, ਸੰਸਥਾਵਾਂ ਅਤੇ ਸਾਹਿਤ ਸਭਾਵਾ ਵੱਲੋਂ ਵੀ ਸ਼ਾਇਰਾ ਸਮੇਂ-ਸਮੇਂ ’ਤੇ ਸਨਮਾਨਤ ਹੋ ਚੁੱਕੀ ਹੈ।
ਪਰਮ ਪ੍ਰੀਤ ਬਠਿੰਡਾ ਉਹ ਅਧਿਆਪਕਾ ਹੈ, ਜਿਸਦੀ ਪੜ੍ਹਾਈ ਹੋਈ ਜਮਾਤ ਦਾ ਨਤੀਜਾ 100% ਆਉਂਦਾ ਹੈ। ਵਾਧੂ ਜਮਾਤਾਂ ਲਗਾਉਣ ਅਤੇ ਵੀਡੀਓ ਬਣਾਕੇ ਬੱਚਿਆਂ ਦੀ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ, ਆਪਣੇ ਲੈਕਚਰਾਂ ਦਾ ਪ੍ਰਸਾਰਣ ਕਰਨਾ ਪਰਮ ਪ੍ਰੀਤ ਦੇ ਹਿੱਸੇ ਹੀ ਆਇਆ ਹੈ। ਸਕੂਲ ਪੜ੍ਹਦੇ ਵਿਦਿਆਰਥੀਆਂ ਦੀ ਜ਼ਿੰਦਗੀ ਬਾਰੇ ਹਰ ਪਲ ਚਿੰਤਤ ਰਹਿਣਾ, ਵਿਦਿਆਰਥੀਆਂ ਨੂੰ ਚੰਗੀ ਤਲੀਮ ਦੇ ਕੇ ਉਨ੍ਹਾਂ ਦੇ ਰਾਹ ਰੋਸ਼ਨ ਕਰਨ ਵਿੱਚ ਹਮੇਸ਼ਾ ਲੱਗੇ ਰਹਿਣਾ, ਇਹੀ ਮਿਹਨਤ ਤੇ ਚੰਗੀ ਸੋਚ ਉਸ ਨੂੰ ਚੰਗੇ ਗੁਣਾਂ ਵਾਲੀ, ਅਗਾਂਹ ਵਧੂ ਅਧਿਆਪਕਾ ਦਾ ਦਰਜਾ ਦਿਵਾਉਂਦੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪਰਮਪ੍ਰੀਤ ਦੀ ਚੰਗੀ ਸੋਚ, ਕਰੜੀ ਮਿਹਨਤ ਵੇਖ ਕੇ ਉਨ੍ਹਾਂ ਦੇ ਝੋਲੀ ਸਟੇਟ ਐਵਾਰਡ ਪਾਇਆ ਜਾਵੇ ਤਾਂ ਕਿ ਹੋਰ ਵੀ ਅਧਿਆਪਕਾਂ ਨੂੰ ਚੰਗੇ ਕਾਰਜਾਂ ਦੀ ਲਗਨ ਲੱਗੇ ਤੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਜ਼ਿੰਦਗੀ ਵਿੱਚ ਹੋਰ ਵੀ ਸੁਧਾਰ ਆਵੇ।
ਜੇਕਰ ਪਰਮਪ੍ਰੀਤ ਦੇ ਲਿਖਣ ਕਾਰਜ ਦੀ ਗੱਲ ਕਰੀਏ ਤਾਂ ਉਸ ਕੋਲ ਅਥਾਹ ਗਿਆਨ ਖਜ਼ਾਨਾ ਹੈ ਜੋ ਉਹ ਆਪਣੇ ਪਾਠਕਾਂ ਨੂੰ ਲਗਾਤਾਰ ਵੰਡ ਰਹੀ ਹੈ। ਉਹ ਹਰ ਰਚਨਾ ਬੜੀ ਸੋਚ-ਸਮਝ ਕੇ ਲਿਖਦੀ ਹੈ। ਸ਼ਾਇਰਾ ਕੋਲ ਸ਼ਬਦਾਂ ਦੀ ਚੋਣ, ਸ਼ਬਦਾਂ ਦਾ ਜੋੜ ਆਪਣੀ ਰਚਨਾ ਵਿੱਚ ਵਧੀਆ ਢੰਗ ਨਾਲ ਨਿਭਾਉਣ ਦਾ ਬਲ ਹੈ। ਉਹ ਰਚਨਾ ਦੀ ਸਰਲਤਾ ਅਤੇ ਕੋਮਲਤਾ ਵੱਲ ਖ਼ਾਸ ਧਿਆਨ ਦਿੰਦੀ ਹੈ। ਉਸ ਦੀ ਹਰ ਰਚਨਾ ਲੋਕ ਮਨਾਂ ਦੇ ਨੇੜੇ ਹੁੰਦੀ ਹੈ। ਲੋਕਾਂ ਦਾ ਦੁੱਖ-ਦਰਦ ਉਸ ਦੀਆਂ ਰਚਨਾਵਾਂ ਵਿੱਚ ਝਲਕਾਰਾ ਪਾਉਂਦਾ ਹੈ, ਜਿਸ ਕਰਕੇ ਉਸ ਦੀ ਰਚਨਾ ਲੋਕ ਮਨਾਂ ਨੂੰ ਟੁੰਬਦੀ ਹੈ, ਪਾਠਕਾਂ ਦੀ ਖਿੱਚ ਦਾ ਕੇਂਦਰ ਬਣਦੀ ਹੈ। ਜਦੋਂ ਪਾਠਕ ਪਰਮ ਪ੍ਰੀਤ ਦੀ ਰਚਨਾ ਜਾਂ ਕਿਤਾਬ ਪੜ੍ਹਨ ਬੈਠਦਾ ਹੈ, ਉਹ ਪੂਰਾ ਪਾਠ ਕਰਕੇ ਹੀ ਦਮ ਲੈਂਦਾ, ਵਿਚਕਾਰ ਨਹੀਂ ਛੱਡਦਾ। ਸ਼ਾਇਰਾ ਦੀ ਹਰ ਰਚਨਾ ਵਿੱਚ ਮਿਠਾਸ ਤੇ ਰਵਾਨਗੀ ਹੈ ਜੋ ਲੋਕ ਦਿਲਾਂ ਵਿੱਚ ਵਾਸਾ ਕਰਦੀ ਹੈ। ਇਹ ਗੁਣ ਸ਼ਾਇਰਾ ਦੀ ਰਚਨਾ, ਭਾਵੇਂ ਗ਼ਜ਼ਲ ਹੋਵੇ ਭਾਵੇਂ ਗੀਤ, ਵਿੱਚ ਸੁਣਾਵਿਕ ਹੀ ਮਿਲਦੇ ਹਨ। ਜਿਵੇਂ:
ਇਹ ਦੁਨੀਆਂ ਦੇ ਰਾਝੇ ਤੇ ਹੀਰਾਂ ਦੇ ਮੇਲੇ।
ਇਹ ਸ਼ਾਹਾਂ ਦੇ ਲਸ਼ਕਰ ਫ਼ਕੀਰਾਂ ਦੇ ਮੇਲੇ।
ਆ ਗਈਆਂ ਨੇ ਵੋਟਾਂ ਤੇ ਪਿੰਡਾਂ ਵਿੱਚ ਲੱਗਣੇ,
ਗ਼ਰੀਬਾਂ ਦੇ ਨੇੜੇ ਵਜ਼ੀਰਾਂ ਦੇ ਮੇਲੇ।
ਅਗਲੀ ਗ਼ਜ਼ਲ ਦਾ ਸ਼ੇਅਰ:
ਪੁਗਾਵੇ ਸ਼ੌਕ ਆਪਣੇ ਜੋ ਭਲਾ ਕਿਰਤੀ ਨੂੰ ਇੰਨੀ ਵਿਹਲ ਹੈ ਕਿੱਥੇ।
ਹੈ ਖ਼ਦਸਾ ਇਹ ਤਹੱਮਲ ਦੇ ਤਿਲਾਂ ਵਿੱਚ ਹੁਣ ਇੰਨਾ ਤੇਲ ਹੈ ਕਿੱਥੇ।
ਅਖੜਿਆਂ ਵਿੱਚ ਜੋ ਗੱਜਦੇ ਸੀ ਨਾ ਲੱਭਣ ਮੱਲ ਹੁਣ ਕਿਧਰੇ,
ਨਿਆਣੇ ਭੁੱਲ ਗਏ ਖੇਡਣਾ ਵਿਰਾਸਤ ਖੇਲ ਹੈ ਕਿੱਥੇ।
ਪਰਮ ਪ੍ਰੀਤ ਬਠਿੰਡਾ ਵਿੱਦਿਆਦਾਨੀ ਬਹੁਤ ਮਿਹਨਤ ਕਰ ਰਹੀ ਹੈ। ਮਾਂ-ਬੋਲੀ ਪੰਜਾਬੀ ਦੀ ਹਰਮਨ ਪਿਆਰੀ ਧੀ ਮਾਂ-ਬੋਲੀ ਤੋਂ ਆਪਾ ਵਾਰ ਰਹੀ ਹੈ। ਅਸੀਂ ਇਹੋ ਦੁਆ ਕਰਦੇ ਹਾਂ ਕਿ ਪਰਮਪ੍ਰੀਤ ਬਠਿੰਡਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਮਾਂ-ਬੋਲੀ ਪੰਜਾਬੀ ਦਾ ਖਜ਼ਾਨਾ ਆਪਣੀਆਂ ਸਾਹਿਤਕ ਮਿਠਾਸ ਭਰੀਆਂ, ਮਹਿਕਾਂ ਵੰਡਦੀਆਂ ਲਿਖਤਾਂ ਨਾਲ ਭਰਦੀ ਰਹੇ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5561)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ ਪ੍ਰੀਤੀਮਾਨ

ਦਰਸ਼ਨ ਸਿੰਘ ਪ੍ਰੀਤੀਮਾਨ

Rampura Pind, Rampura Phul, Bathinda, Punjab, India.
WhatsApp: (91 - 98786 - 06963)
Email: (dspreetimaan@gmail.com)

More articles from this author