“ਜਿੱਥੇ ਵੀ ਕਿਤੇ ਕਿਸੇ ਨੂੰ ਪਤਾ ਲੱਗਦਾ ਕਿ ਅੱਜ ਭਾਅ ਜੀ ਮੰਨਾ ਸਿੰਘ ਦੇ ਨਾਟਕ ਫਲਾਣੇ ਪਿੰਡ ਵੱਚ ਹੋਣਗੇ ਤਾਂ ਲੋਕ ਵਹੀਰਾਂ ਘੱਤ ਕੇ ...”
(16 ਸਤੰਬਰ 2024)
ਸੱਚ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਲਿਖਣਾ ਵੀ ਔਖਾ, ਬੋਲਣਾ ਵੀ ਔਖਾ ਅਤੇ ਸੁਣਨਾ ਵੀ ਔਖਾ ਹੈ। ਸੱਚ ਤੇ ਖੜ੍ਹਨ ਵਾਲੇ ਨੂੰ, ਸੱਚ ਤੇ ਤੁਰਨ ਵਾਲੇ ਨੂੰ, ਸੱਚ ਬੋਲਣ ਵਾਲੇ ਨੂੰ ਅਤੇ ਸੱਚ ਲਿਖਣ ਵਾਲੇ ਨੂੰ ਵੱਡੀਆਂ ਆਫਤਾਂ ਨਾਲ ਟੱਕਰ ਲੈਣੀ ਪੈਂਦੀ ਹੈ। ਸੱਚ ਤੇ ਚੱਲਣ ਵਾਲੇ ਲਈ ਇਮਾਨਦਾਰੀ ਸਭ ਤੋਂ ਜ਼ਰੂਰੀ ਹੈ। ਸੱਚ ਤੇ ਤੁਰਨ ਲਈ ਨਿਡਰਤਾ ਅਤੇ ਹੌਂਸਲੇ ਦੀ ਵੀ ਜ਼ਰੂਰਤ ਹੁੰਦੀ ਹੈ। ਸੱਚ ਕੌੜਾ ਵੀ ਹੁੰਦਾ ਹੈ ਤੇ ਇਸ ਦਾ ਅੰਤ ਮਿੱਠਾ ਵੀ ਬਹੁਤ ਹੁੰਦਾ ਹੈ। ਸੱਚ ਨੂੰ ਫਾਂਸੀ ਦੇ ਫੰਦੇ ’ਤੇ ਵੀ ਕਟਕਣਾ ਪੈਂਦਾ ਹੈ। ਸੱਚ ਬੋਲਣ ਵਾਲੇ ਦੀ ਦੁਨੀਆਂ ਵੈਰੀ ਵੀ ਬਣਦੀ ਹੈ ਪਰ ਸੱਚ ਦੀ ਪਰਖ ਹੋਣ ਤੋਂ ਬਾਅਦ ਸੱਚ ਨੂੰ ਅਪਣਾਉਂਦੀ ਵ ਹੈ ਤੇ ਸੱਚ ਪਿੱਛੇ ਕਾਫਲੇ ਬੰਨ ਤੁਰਦੀ ਹੈ। ਅਜਿਹਾ ਹੀ ਸਖ਼ਸ ਦੁਨੀਆਂ ਵਿੱਚ ਆਇਆ ਸੀ, ਜਿਸ ਨੇ ਸੱਚ ਦਾ ਪੱਲਾ ਨਹੀਂ ਛੱਡਿਆ, ਉਹ ਸਨ ਭਾਅ ਗੁਰਸ਼ਰਨ ਸਿੰਘ ਜੀ।
ਭਾਅ ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ, 1929 ਈ: ਨੂੰ ਮਾਤਾ ਕਰਤਾਰ ਕੌਰ ਦੀ ਕੁੱਖੋਂ, ਪਿਤਾ ਗਿਆਨ ਸਿੰਘ ਦੇ ਘਰ, ਦਾਦੀ ਮੂਲਾ ਦੇਵੀ, ਦਾਦਾ ਨਰਾਇਣ ਸਿੰਘ ਦੇ ਵਿਹੜੇ, ਮੁਲਤਾਨ ਦੀ ਧਰਤੀ ’ਤੇ ਹੋਇਆ। ਉਨ੍ਹਾਂ ਦਾ ਵਿਆਹ ਬੀਬੀ ਕੈਲਾਸ਼ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਦੋ ਸਪੁੱਤਰੀਆਂ ਨਵਸ਼ਰਨ ਕੌਰ ਤੇ ਡਾ. ਅਰੀਤ ਕੌਰ ਨੇ ਜਨਮ ਲਿਆ। ਭਾਅ ਜੀ ਐੱਮ. ਐੱਸ. ਸੀ. ਆਨਰਜ਼, ਇੰਜਨੀਅਰਿੰਗ ਦੀ ਪੜਾਈ ਕੀਤੀ। ਉਹ ਮੁਲਤਾਨ, ਅੰਮ੍ਰਿਤਸਰ ਅਤੇ ਯੂਨੀਵਰਸਿਟੀ ਦਿੱਲੀ ਵਿਖੇ ਪੜ੍ਹਦੇ ਰਹੇ। ਭਾਖੜਾ ਡੈਮ ਤੇ ਅੰਮ੍ਰਿਤਸਰ ਇੰਜਨੀਅਰ ਦੀ ਨੌਕਰੀ ਕਰਦੇ ਰਹੇ। ਉਨ੍ਹਾਂ ਨੇ 1951 ਈ: ਵਿੱਚ ਪੜ੍ਹਾਈ ਖਤਮ ਕਰਕੇ ਇੰਜੀਨੀਅਰ ਦੀ ਨੌਕਰੀ ਹਾਸਲ ਕੀਤੀ ਪਰ ਇਨਸਾਫ ਨਾ ਮਿਲਣ ਕਰਕੇ 1975 ਵਿੱਚ ਨੌਕਰੀ ਤੋਂ ਹਟ ਗਏ ਅਤੇ 1981 ਈ: ਵਿੱਚ ਰਿਟਾਇਰਮੈਂਟ ਲੈ ਲਈ।
ਭਾਅ ਜੀ ਨੌਕਰੀ ਸਮੇਂ ਹੀ ਲਿਖਣ ਲੱਗ ਪਏ ਸਨ। ਜੋ ਕੁਝ ਉਨ੍ਹਾਂ ਨੇ ਲਿਖਿਆ ਉਸ ’ਤੇ ਪੂਰੇ ਉਤਰੇ। ਉਨ੍ਹਾਂ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਮੁਹੱਲੇ-ਮੁਹੱਲੇ, ਗਲੀ-ਗਲੀ, ਨਾਟਕ ਖੇਡ ਕੇ ਸੁੱਤੇ ਲੋਕਾਂ ਤਾਂਈ ਜਗਾਉਣ ਦਾ ਉਪਰਾਲਾ ਕੀਤਾ। ਇਸ ਮਹਾਨ ਨਾਟਕਕਾਰ ਦੇ 7 ਕਿਤਾਬਾਂ ਵਿੱਚ 200 ਦੇ ਕਰੀਬ ਨਾਟਕ ਪ੍ਰਕਾਸ਼ਿਤ ਹੋਏ ਹਨ। ਉਨ੍ਹਾਂ ਨੇ 50 ਸਾਲ ਲਗਭਗ ਰੰਗ-ਮੰਚ ਦਾ ਸਫ਼ਰ ਕੀਤਾ ਅਤੇ 1200 ਤੋਂ ਵੱਧ ਪੇਸ਼ਕਾਰੀਆਂ ਕੀਤੀਆਂ। ਭਾਅ ਜੀ ਪੰਜਾਬੀ ਰੰਗ-ਮੰਚ ਦਾ ਨਵਾਂ ਮੂੰਹ ਮੁਹਾਂਦਰਾ ਬਣਾਕੇ ਸਾਹਿਤ ਜਗਤ ਵਿੱਚ ਆਪਣੀਆਂ ਵਿਲੱਖਣ ਪੈੜਾਂ ਸਥਾਪਤ ਕਰ ਗਏ।
ਭਾਅ ਜੀ ਗੁਰਸ਼ਰਨ ਸਿੰਘ ਜੀ ਨੇ ਨਾਟਕਾਂ ਵਿੱਚ ਆਪਣਾ ਨਾਂ ਮੰਨਾ ਸਿੰਘ ਰੱਖਿਆ ਹੋਇਆ ਸੀ। ਜਿੱਥੇ ਵੀ ਕਿਤੇ ਕਿਸੇ ਨੂੰ ਪਤਾ ਲੱਗਦਾ ਕਿ ਅੱਜ ਭਾਅ ਜੀ ਮੰਨਾ ਸਿੰਘ ਦੇ ਨਾਟਕ ਫਲਾਣੇ ਪਿੰਡ ਵੱਚ ਹੋਣਗੇ ਤਾਂ ਲੋਕ ਵਹੀਰਾਂ ਘੱਤ ਕੇ ਦੂਰੋਂ-ਦੂਰੋਂ ਪਹੁੰਚਦੇ ਸਨ। ਉਹ ਆਪਣੇ ਨਾਟਕ ਵਿੱਚ ਸੁੱਤੇ ਲੋਕਾਂ ਨੂੰ ਜਗਾ ਦਿੰਦੇ ਤੇ ਆਪਣੇ ਹੱਕਾਂ ਦੀ ਰਾਖੀ ਲਈ ਪ੍ਰੇਰਦੇ ਸਨ। ਨਾਟਕ ਕਲਾ ਦੇ ਬਾਦਸ਼ਾਹ ਦੀਆਂ ਲੋਕ ਸਿਫਤਾਂ ਕਰਦੇ ਨਾ ਥੱਕਦੇ। ਸਟੇਜ ਦੇ ਕਰਤਾ-ਧਰਤਾ ਨਾਟਕਕਾਰ ਨੂੰ ਲੋਕਾਂ ਨੂੰ ਆਪਣੇ ਕਲਾਵੇ 'ਚ ਲੈਣ ਦਾ ਵੱਲ ਸੀ। ਭਾਅ ਗੁਰਸਰਨ ਸਿੰਘ ਕਹਿੰਦੇ ਹੁੰਦੇ ਸਨ ‘ਦੁਨੀਆਂ ਵਿੱਚ ਅੱਗੇ ਵੱਧਣ ਦੇ ਦੋ ਹੀ ਰਾਹ ਹਨ ਇੱਕ, ਦੂਜ਼ਿਆਂ ਨੂੰ ਲਿਤਾੜ ਕੇ ਲੰਘਣ ਦਾ, ਦੂਜਾ, ਹੋਰਾਂ ਨੂੰ ਨਾਲ ਲੈ ਕੇ ਚੱਲਣ ਦਾ। ਮੈਂ ਦੂਜੇ ਰਾਹ ਦਾ ਰਾਹੀ ਹਾਂ। ਸੱਚ-ਮੁਚ ਹੀ ਭਾਅ ਜੀ ਦੂਜਿਆਂ ਨੂੰ ਨਾਲ ਲੈ ਕੇ ਚਲਦੇ ਸਨ।
ਭਾਅ ਜੀ ਨੂੰ ਸੈਰ ਕਰਨ ਦਾ, ਨਾਟਕ ਲਿਖਣ ਤੇ ਨਾਟਕ ਖੇਡਣ ਦਾ ਸ਼ੌਂਕ ਸੀ। ਉਹ ਤਿੰਨ-ਚਾਰ ਵਾਰ ਵਿਦੇਸ਼ ਯਾਤਰਾ ਵੀ ਕਰ ਆਏ ਸਨ। ਸੰਨ 1964 ਈ: ਵਿੱਚ ਨਾਟਕ ਕਲਾ ਕੇਂਦਰ ਦੀ ਨੀਂਹ ਅੰਮ੍ਰਿਤਸਰ ਰੱਖੀ, ਇਸ ਕਾਰਜ ਲਈ ਉਨ੍ਹਾਂ ਆਪਣੇ ਸਹਿਯੋਗੀਆਂ ਦਾ ਪੱਖ ਲਿਆ। ਉਨ੍ਹਾਂ ਨੇ ਜਿੰਨਾ ਵੀ ਲਿਖਿਆ, ਨਿਡਰਤਾ ਤੇ ਸਵੈ-ਭਰੋਸੇ ਨਾਲ ਲਿਖਿਆ। ਆਪਣੇ ਇਸ ਲੋਕ ਪੱਖੀ ਕਾਰਜ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦਾ ਸਹਿਯੋਗੀ ਰਿਹਾ। ਮਝਾਬ ਦੇ ਕਾਲ਼ੇ ਦੌਰ ਵਿੱਚ ਵੀ ਨਾਟਕਕਾਰ ਨੇ ਨਿਡਰਤਾ ਨਾਲ ਆਪਣਾ ਕਾਰਜ ਜਾਰੀ ਰੱਖਿਆ।
ਭਾਅ ਗੁਰਸ਼ਰਨ ਸਿੰਘ ਜੀ ਵਿੱਚ ਲੋਕਾਂ ਦਾ ਪਿਆਰ ਤੇ ਹਮਦਰਦੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹ ਲੋਕਾਂ ਦੇ ਦੁੱਖਾਂ ਨੂੰ ਹਮੇਸ਼ਾ ਆਪਣਾ ਦੁੱਖ ਸਮਝਦੇ ਸਨ ਅਤੇ ਹਮੇਸ਼ਾ ਲੋਕਾਂ ਦੀ ਹੀ ਗੱਲ ਆਪਣੇ ਨਾਟਕਾਂ ਵਿੱਚ ਕਰਦੇ ਸਨ। ਲੋਕ ਉਨ੍ਹਾਂ ਦੇ ਨਾਟਕਾਂ ਦੇ ਮੁਰੀਦ ਬਣ ਚੁੱਕੇ ਸਨ। ਸਭ ਨੂੰ ਨਾਟਕਕਾਰ ਆਪਣਾ ਆਪਦਾ ਜਾਪਦਾ ਸੀ। ਪੰਜਾਬੀ ਰੰਗ-ਮੰਚ ਦਾ ਉਹ ਧਰੂ ਤਾਰਾ ਸੀ। ਮਿਤੀ 27-28 ਸਤੰਬਰ 2011 ਨੂੰ ਰਾਤ ਦੇ 12 ਵੱਜ ਕੇ 3 ਮਿੰਟ ਤੇ ਉਨ੍ਹਾਂ ਦਾ ਦੇਹਾਂਤ ਸੁਣ ਕੇ ਲੋਕਾਂ ਦੀਆਂ ਅੱਖੀਆਂ ਦਾ ਪਾਣੀ ਦਰਿਆ ਦਾ ਰੂਪ ਧਾਰ ਚੁੱਕਿਆ ਸੀ। ਉਹ ਪੰਜਾਬੀ ਮਾਂ ਬੋਲੀ ਦਾ ਸੂਰਮਾ ਪੁੱਤ ਭਾਵੇਂ ਸਰੀਰਕ ਤੌਰ ਤੇ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਨ੍ਹਾਂ ਵੱਲੋਂ ਸਿਰਜੇ ਗਏ ਨਾਟਕ, ਸਾਹਿਤ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਰੋ-ਤਾਜ਼ਾ ਰੱਖਣ ਵਿੱਚ ਸਹਾਈ ਹੋਣਗੇ। ਲੋਕਾਂ ਦਾ ਆਪਣਾ ਸੀ ਭਾਅ ਗੁਰਸ਼ਰਨ ਸਿੰਘ ਜੀ ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5297)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.