“ਜ਼ਿੰਦਗੀ ਵਿੱਚ ਅਨੇਕਾਂ ਤੰਗੀਆਂ-ਤੁਰਸ਼ੀਆਂ ਕੱਟਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਕਲਮ ਦੀ ਰਫਤਾਰ ...”
(4 ਜੁਲਾਈ 2024)
ਇਸ ਸਮੇਂ ਪਾਠਕ: 300.
ਸਮੇਂ ਦੇ ਨਾਲ ਨਾਲ ਕਈ ਵਿਅਕਤੀਆਂ ਦਾ ਆਪਣੇ ਕਿੱਤੇ ਵਿੱਚ ਨਾਂ ਧਰੂ ਤਾਰੇ ਵਾਂਗ ਚਮਕਦਾ ਹੈ। ਉਸ ਕਿੱਤੇ ਨਾਲ ਸੰਬੰਧਿਤ ਤਾਂ ਹੋਰ ਵੀ ਵਿਅਕਤੀ ਜੁੜੇ ਹੋਏ ਹੁੰਦੇ ਹਨ ਪਰ ਸਫ਼ਲਤਾ, ਪ੍ਰਸ਼ੰਸਾ ਟਾਵੇਂ-ਟਾਵੇਂ ਦੇ ਹਿੱਸੇ ਹੀ ਆਉਂਦੀ ਹੈ। ਅਜਿਹਾ ਵਿਅਕਤੀ ਅਜਿਹੀਆਂ ਵਿਲੱਖਣ ਪੈੜਾਂ ਪਾ ਜਾਂਦਾ ਹੈ ਕਿ ਕੋਈ ਨਵੀਂ ਪੀੜ੍ਹੀ ਵਿੱਚੋਂ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦਾ। ਹਰ ਕਿੱਤੇ ਵਿੱਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਟਾਵੇਂ ਹੀ ਗਿਣਤੀ ਦੇ ਨਾਂ ਆਉਂਦੇ ਹਨ। ਨਾਵਲਕਾਰੀ ਦੇ ਖੇਤਰ ਵਿੱਚ ਇੱਕ ਨਾਂ ਆਉਂਦਾ ਹੈ, ਜਿਸਦਾ ਮੁਕਾਬਲਾ ਅਜੇ ਤਕ ਕੋਈ ਨਹੀਂ ਕਰ ਸਕਿਆ, ਉਹ ਨਾਂ ਹੈ ਨਾਨਕ ਸਿੰਘ।
ਨਾਵਲਕਾਰ ਨਾਨਕ ਸਿੰਘ ਦਾ ਜਨਮ 4 ਜੁਲਾਈ, 1897 ਵਿੱਚ ਮਾਤਾ ਲੱਛਮੀ ਦੇਵੀ ਦੀ ਕੁੱਖੋਂ, ਪਿਤਾ ਬਹਾਦਰ ਚੰਦ ਦੇ ਘਰ ਚੱਕ ਹਮੀਦ, ਜ਼ਿਲ੍ਹਾ ਜਿਹਲਮ (ਅੱਜਕਲ ਪਾਕਿਸਤਾਨ) ਵਿਖੇ ਹਇਆ। ਆਪ ਦਾ ਬਚਪਨ ਦਾ ਨਾਂ ਹੰਸ ਰਾਜ ਸੀ, ਸਿੱਖ ਧਰਮ ਵਿੱਚ ਪ੍ਰਵੇਸ਼ ਕਰਕੇ ਨਾਨਕ ਸਿੰਘ ਬਣ ਗਿਆ। ਛੋਟੀ ਉਮਰ ਵਿੱਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਜਿਸ ਕਰਕੇ ਕਬੀਲਦਾਰੀ ਦਾ ਸਾਰਾ ਬੋਝ ਆਪ ’ਤੇ ਆ ਪਿਆ। ਬਹੁਤ ਮੁਸ਼ਕਿਲਾਂ ਭਰੇ ਦਿਨ ਸਨ। ਘਰ ਦੇ ਹਾਲਾਤ ਮਾੜੇ ਹੋਣ ਕਾਰਨ ਆਪ ਸਕੂਲ ਵੀ ਨਹੀਂ ਪੜ੍ਹ ਸਕੇ ਅਤੇ ਉੱਚੀ ਵਿੱਦਿਆ ਪ੍ਰਾਪਤ ਤਾਂ ਕਿਵੇਂ ਪ੍ਰਾਪਤ ਕਰਨੀ ਸੀ ਪਰ ਫਿਰ ਵੀ ਉਨ੍ਹਾਂ ਨੇ ਆਪਣੀ ਲਗਨ, ਮਿਹਨਤ ਸਦਕਾ ਪੰਜਾਬੀ, ਹਿੰਦੀ ਤੇ ਉਰਦੂ ਸਿੱਖ ਲਈ ਸੀ। ਸੰਨ 1909 ਵਿੱਚ ਬਾਰਾਂ ਸਾਲ ਦੇ ਨਾਨਕ ਨੇ ਆਪਣੀ ਪਹਿਲੀ ਕਾਵਿ-ਰਚਨਾ ‘ਸੀਹਰਫ਼ੀ ਹੰਸ ਰਾਜ’ (ਅੱਠ ਸਫ਼ਿਆਂ ਦੀ ਕਵਿਤਾ ਪੰਜਾਬੀ ਵਿੱਚ) ਪਾਠਕਾਂ ਦੇ ਸਨਮੁਖ ਕੀਤੀ।
1922-23 ਵਿੱਚ ਨਾਨਕ ਸਿੰਘ ਹੋਰਾਂ ਨੂੰ ‘ਗਰੂ ਕੇ ਬਾਗ਼ ਮਰਚੇ’ ਵਿੱਚ ਗ੍ਰਿਫਤਾਰੀ ਦੇਣੀ ਪਈ। ਉੱਥੇ ਉਨ੍ਹਾਂ ਜੇਲ੍ਹ ਵਿੱਚ ਹੀ ਨਾਵਲ ਰਚਨਾ ਆਰੰਭ ਕਰ ਦਿੱਤੀ। ਕਈ ਨਾਵਲ ਲਿਖੇ ਅਤੇ ਜੇਲ੍ਹ ਤੋਂ ਬਾਹਰ ਆ ਕੇ ਬਹੁਤ ਸਾਰੇ ਨਾਵਲ, ਕਹਾਣੀ ਸੰਗ੍ਰਹਿ ਤਿਆਰ ਕੀਤੇ। ਭਾਈ ਵੀਰ ਸਿੰਘ ਤੇ ਗੁਰਬਖ਼ਸ ਸਿੰਘ ਪ੍ਰੀਤਲੜੀ ਦਾ ਇਨ੍ਹਾਂ ’ਤੇ ਪ੍ਰਭਾਵ ਪਿਆ।
ਨਾਵਲਕਾਰ ਨਾਨਕ ਸਿੰਘ ਦੀਆਂ ਪੁਸਤਕਾਂ ਦੀ ਲੜੀ ਬਹੁਤ ਲੰਬੀ ਹੈ। ‘ਪ੍ਰੇਮ ਸੰਗੀਤ’, ‘ਮਿੱਠਾ ਮਹੁਰਾ’, ‘ਮਤਰੇਈ ਮਾਂ’, ‘ਕਾਲ ਚੱਕਰ’, ‘ਪਾਪ ਦੀ ਖੱਟੀ’, ‘ਧੁੰਦਲੇ ਪਰਛਾਵੇ’, ‘ਦੂਰ ਕਿਨਾਰਾ’, ‘ਟੁੱਟੀ ਵੀਣਾ’, ‘ਖੂਨ ਕੇ ਸੋਹਿਲੇ’, ‘ਸਰਾਪੀਆਂ ਰੂਹਾਂ’, ‘ਮਿੱਧੇ ਹੋਏ ਫੁੱਲ’, ‘ਗੁਰਕੀਰਤ’, ‘ਸਤਿਗੁਰ ਮਹਿਮਾ’, ‘ਜਖ਼ਮੀ ਦਿਲ’, ‘ਚਿੱਟਾ ਲਹੂ’, ‘ਅੱਧ ਖਿੜਿਆ ਫੁੱਲ’, ‘ਜੀਵਨ ਸੰਗਰਾਮ’, ‘ਲਵ ਮੈਰਿਜ’, ‘ਕੱਟੀ ਹੋਈ ਪਤੰਗ’, ‘ਆਦਮਖੋਰ’, ‘ਸੰਗਮ’, ‘ਬੱਜਰ’, ‘ਪੁਜਾਰੀ’ ‘ਮੰਝਧਾਰ'. ‘ਇੱਕ ਮਿਆਨ ਦੋ ਤਲਵਾਰਾਂ’, ‘ਚਿੱਤਰਕਾਰ’, ‘ਪਵਿੱਤਰ ਪਾਪੀ’, ‘ਛਲਾਵਾ’, ‘ਨਸੂਰ’, ‘ਗੰਗਾਜਲੀ ਵਿੱਚ ਸ਼ਰਾਬ’, ‘ਪੱਥਰ ਦੇ ਖੰਭ’, ‘ਪੱਥਰ ਕਾਂਬਾ’, ‘ਆਸਤਕ ਨਾਸਤਕ’, ‘ਫੌਲਾਦੀ ਫੁੱਲ’, ‘ਅੱਗ ਦੀ ਖੇਡ’, ‘ਗਰੀਬ ਦੀ ਦੁਨੀਆਂ’, ‘ਸੁਮਨ ਕਾਂਤਾ’, ‘ਕਾਗਜ਼ਾਂ ਦੀ ਬੇੜੀ’, ‘ਵਰ ਨਹੀਂ ਸਰਾਪ’, ‘ਰਜਨੀ’, ‘ਅਣਸੀਤੇ ਜ਼ਖਮ’, ‘ਫਰਾਂਸ ਦਾ ਡਾਕੂ’, ‘ਪਾਪ ਦਾ ਫਲ਼’, ‘ਮੇਰੇ ਨਾਟਕ’, ‘ਮੇਰੀ ਵਾਰਤਕ’, ‘ਪ੍ਰਾਸਚਿਤ’, ‘ਪੱਤਝੜ ਦੇ ਪੰਛੀ’, ‘ਕੋਈ ਹਰਿਆ ਬੂਟ ਰਹੀਓ ਰੀ’ ‘ਛੇਕਤਲੀ ਕਿਸਮ’, ‘ਸਵਰਗ ਦੇ ਵਾਰਸ’, ‘ਸੁਪਨਿਆਂ ਦੀ ਕਬਰ’, ‘ਸੁਨਹਿਰੀ ਜਿਲਦ’, ‘ਲੰਬਾ ਪੈਂਡਾ’, ‘ਠੰਢੀਆਂ ਛਾਵਾਂ’, ‘ਹੰਝੂਆਂ ਦੇ ਹਾਰ’, ‘ਮੇਰੀਆਂ ਸਾਰੀਆਂ ਕਹਾਣੀਆਂ’, ‘ਨਾਟਕ: ‘ਬੀ. ਏ. ਪਾਸ’ ‘ਚੌੜ ਚਾਨਣ’, ਵਾਰਤਕ: ‘ਚੜ੍ਹਦੀ ਕਲਾ’, ‘ਸਵੈਜੀਵਨੀ: ‘ਮੇਰੀ ਦੁਨੀਆਂ’ ਆਦਿ।
'ਵਾਲਟਰ ਸਕਾਟ’ ਵਾਂਗ ਨਾਨਕ ਸਿੰਘ ਨੇ ਵੀ ਬੇਸ਼ੁਮਾਰ ਨਾਵਲ ਰਚੇ ਅਤੇ ‘ਚਾਰਲਸ ਡਿਕਨਜ਼’ ਵਾਂਗ ਸੁਧਾਰ ਦੀ ਗੱਲ ਕੀਤੀ। ਜਿਵੇਂ ਆਧੁਨਿਕ ਆਲੋਚਨਾ ਦੇ ਇਤਿਹਾਸ ਵਿੱਚ ਸੰਤ ਸਿੰਘ ਸੇਖੋਂ, ਕਵਿਤਾ ਵਿੱਚ ਭਾਈ ਵੀਰ ਸਿੰਘ, ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ, ਆਧੁਨਿਕ ਗਦ ਦੇ ਇਤਿਹਾਸ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਸਥਾਨ ਪ੍ਰਾਪਤ ਹੈ, ਉਸ ਤਰ੍ਹਾਂ ਹੀ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦੇ ਇਤਿਹਾਸ ਦੇ ਵਿੱਚ ਸਥਾਨ ਪ੍ਰਾਪਤ ਹੈ। ਉਹਨਾਂ ਨੇ ਅੱਧੀ ਸਦੀ ਦੇ ਲਗਭਗ ਸਾਹਿਤ ਦੀ ਰਚਨਾ ਕੀਤੀ। ਨਾਨਕ ਸਿੰਘ ’ਤੇ ਸਭ ਤੋਂ ਵੱਧ ਪ੍ਰਭਾਵ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਪਿਆ, ਇਸ ਕਰਕੇ ਹੀ ਉਹ ਅੰਮ੍ਰਿਤਸਰ ਸ਼ਹਿਰ ਛੱਡ ਕੇ ਪ੍ਰੀਤਨਗਰ ਜਾ ਵਸਿਆ। ਨਾਵਲਕਾਰ ਬਹੁਤ ਹੋਏ ਹਨ ਪਰ ਅੱਜ ਤਕ ਕੋਈ ਵੀ ਨਾਨਕ ਸਿੰਘ ਤੋਂ ਅੱਗੇ ਨਹੀਂ ਲੰਘ ਸਕਿਆ।
ਨਾਵਲਕਾਰ ਨਾਨਕ ਸਿੰਘ ਨੇ ਆਪਣੇ ਨਾਵਲਾਂ ਵਿੱਚ ਆਰਥਿਕ ਸੁਧਾਰ, ਵਿਧਵਾ ਤੇ ਵੇਸਵਾ ਸੁਧਾਰ, ਅਛੂਤ-ਉਧਾਰ, ਵਿੱਦਿਆ ਪ੍ਰਚਾਰ, ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰਚਾਰ, ਸਮਾਜਿਕ ਕੀਮਤਾਂ ਦੀ ਗੱਲ ਕੀਤੀ ਹੈ। ਉਹ ਬਹੁ-ਭਾਸ਼ਾਈ ਤੇ ਬਹੁ-ਪੱਖੀ ਲੇਖਕ ਸਨ। ਉਨ੍ਹਾਂ ਨੇ ਬੰਗਾਲੀ ਤੇ ਹਿੰਦੀ ਭਾਸ਼ਾ ਦੇ ਨਾਵਲ ਤੇ ਕਹਾਣੀ ਸੰਗ੍ਰਹਿ ਵੀ ਅਨੁਵਾਦ ਕੀਤੇ। ਉਹਨਾਂ ਦੀ ਮੌਲਿਕ ਸੋਚ ਸ਼ਕਤੀ ਤੇ ਵਿਸ਼ਾਲ ਅਨੁਭਵ ਸੀ। ਉਹਨਾਂ ਨੇ ਸਮਾਜ ਨਾਲ ਪਿਆਰ ਭਰੀ ਸਾਂਝ ਬਣਾਈ ਰੱਖੀ। ਜ਼ਿੰਦਗੀ ਵਿੱਚ ਅਨੇਕਾਂ ਤੰਗੀਆਂ-ਤੁਰਸ਼ੀਆਂ ਕੱਟਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਕਲਮ ਦੀ ਰਫਤਾਰ ਤੇਜ਼ ਹੀ ਰੱਖੀ। ਅਖੀਰ ਨਾਵਲਕਾਰੀ ਦੇ ਪਿਤਾਮਾ ਮਾਂ ਬੋਲੀ ਦੀ ਝੋਲੀ ਆਪਣਾ ਅਣਮੁੱਲਾ ਬੇਸ਼ੁਮਾਰ ਸਾਹਿਤ ਖਜ਼ਾਨਾ ਪਾ ਕੇ 28 ਦਸੰਬਰ, 1971 ਈ: ਨੂੰ ਪ੍ਰਲੋਕ ਸਿਧਾਰ ਗਏ। ਉਹਨਾਂ ਦੀ ਲਿਖਤਾਂ ਉਹਨਾਂ ਨੂੰ ਸਦਾ ਅਮਰ ਰੱਖਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5107)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.