“ਨਾਵਲਕਾਰ ਰਾਮ ਸਰੂਪ ਅਣਖੀ ਵਿੱਚ ਹਊਮੈ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹ ਹਮੇਸ਼ਾ ਸਾਦਾ ਪਹਿਰਾਵਾ ...”
(28 ਅਗਸਤ 2024)
ਜਦੋਂ ਮਨ ਵਿੱਚ ਤਮੰਨਾ ਹੋਵੇ ਕੁਝ ਬਣਨ ਦੀ, ਕੁਝ ਪਾਉਣ ਦੀ ਤਾਂ ਦ੍ਰਿੜ੍ਹ ਇਰਾਦੇ ਨਾਲ ਇਨਸਾਨ ਉਹ ਮੁਕਾਮ ਹਾਸਲ ਕਰ ਹੀ ਲੈਂਦਾ ਹੈ, ਭਾਵੇਂ ਕਿੰਨਾ ਵੀ ਉਸ ਨੂੰ ਜਫ਼ਰ ਜਾਲਣਾ ਕਿਉਂ ਨਾ ਪਵੇ। ਬੱਸ, ਕੰਮ ਵਿੱਚ ਲਗਨ ਹੋਣੀ ਚਾਹੀਦੀ ਹੈ। ਸਮਾਂ ਪੈ ਕੇ ਮਿਹਨਤ ਆਪਣਾ ਰੰਗ ਲਿਆਉਂਦੀ ਹੈ। ਦੁਨੀਆਂਦਾਰੀ ਦੇ ਭੀੜ-ਭੜੱਕਿਆਂ ਵਿੱਚੋਂ ਨਿਕਲ ਅਨੇਕਾਂ ਇਨਸਾਨਾਂ ਨੇ ਪ੍ਰਸਿੱਧੀ ਖੱਟੀ ਹੈ ਭਾਵੇਂ ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਕਿਉਂ ਨਾ ਹੋਣ। ਇਨ੍ਹਾਂ ਉੱਚ ਕੋਟੀ ਦੇ ਹੀਰਿਆਂ ਵਿੱਚ ਇੱਕ ਨਾਂ ਹੈ ਪ੍ਰਸਿੱਧ ਗਲਪਕਾਰ ਰਾਮ ਸਰੂਪ ਅਣਖੀ, ਜਿਸਨੇ ਆਪਣੀ ਕਲਮ ਦੇ ਬਲ ’ਤੇ ਸੰਸਾਰ ਵਿੱਚ ਪ੍ਰਸਿੱਧੀ ਖੱਟੀ।
ਨਾਵਲਕਾਰ ਰਾਮ ਸਰੂਪ ਅਣਖੀ ਦਾ ਜਨਮ 28 ਅਗਸਤ, 1932 ਈ: ਨੂੰ ਮਾਤਾ ਸ਼ੋਧਾ ਦੇਵੀ ਦੀ ਕੁੱਖੋਂ, ਪਿਤਾ ਇੰਦਰ ਰਾਮ ਦੇ ਘਰ, ਦਾਦੀ ਮਾਇਆਵਤੀ ਤੇ ਦਾਦਾ ਗੋਬਿੰਦ ਰਾਮ ਦੇ ਵਿਹੜੇ ਤਹਿਸੀਲ ਅਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦੇ ਪਿੰਡ ਧੌਲਾ ਵਿਖੇ ਹੋਇਆ। ਉਸਦਾ ਭਰਾ ਜਸਰੂਪ ਤੇ ਭੈਣ ਭਾਗਵੰਤੀ ਹੈ। ਰਾਮ ਸਰੂਪ ਅਣਖੀ ਦੇ ਮੰਗਣੇ ਤਾਂ ਕਈ ਹੋਏ ਪਰ ਉਸਦੀ ਪਹਿਲੀ ਸ਼ਾਦੀ ਸੋਮਾ ਨਾਲ ਹੋਈ ਤੇ ਫਿਰ ਦੂਜੀ ਭਾਗਵੰਤੀ ਉਸਦੇ ਘਰ ਦੀ ਮਲਕਾ ਬਣੀ। ਭਾਗਵੰਤੀ ਦੀ ਮੌਤ ਤੋਂ ਬਾਅਦ ਮਰਾਠੀ ਪਾਠਕ ਸੋਭਾ ਪਾਟਿਲ ਉਸਦੇ ਘਰ ਦੀ ਪਟਰਾਣੀ ਬਣੀ। ਉਨ੍ਹਾਂ ਦੇ ਦੋ ਪੁੱਤਰ ਕ੍ਰਾਂਤੀਪਾਲ ਤੇ ਸਨੇਹਪਾਲ ਹਨ ਅਤੇ ਆਰਤੀ, ਸੇਬਵੀ ਤੇ ਨੀਤੀ ਤਿੰਨ ਧੀਆਂ ਹਨ।
ਰਾਮ ਸਰੂਪ ਅਣਖੀ ਨੇ ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਕਲਮ ਚੁੱਕ ਲਈ ਸੀ ਤੇ ਆਪਣੇ ਜੀਵਨ ਦਾ ਲੰਬਾ ਸਮਾਂ ਮਤਲਬ ਜੀਵਨ ਦੀ ਆਖਰੀ ਪੜਾਅ ਤਕ ਕਲਮ ਦਾ ਸਾਥ ਨਿਭਾਇਆ। ਪਹਿਲੀਆਂ ਚਾਰ ਜਮਾਤਾਂ ਉਸਨੇ ਪਿੰਡ ਧੌਲਾ ਪਾਸ ਕੀਤੀਆਂ ਤੇ ਪੰਜਵੀਂ ਜਮਾਤ ਦਾ ਦਾਖਲਾ ਹੰਢਿਆਇਆ ਵਿਖੇ ਲਿਆ ਅਤੇ ਦਸਵੀਂ ਜਮਾਤ ਬਰਨਾਲੇ ਤੋਂ ਕੀਤੀ। ਫਿਰ ਮਹਿੰਦਰਾ ਕਾਲਜ, ਪਟਿਆਲੇ ਪੜ੍ਹਿਆ। ਉਸਨੇ ਵਿੱਦਿਆ ਯੋਗਤਾ ਐੱਮ. ਏ. (ਪੰਜਾਬੀ) ਤੇ ਬੀ.ਟੀ.ਸੀ. ਕੀਤੀ। ਉਸਨੇ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਵੀ ਥੋੜ੍ਹਾ ਸਮਾਂ ਕੀਤੀ ਅਤੇ ਫਿਰ 1956 ਤੋਂ 1990 ਤਕ ਸਕੂਲ ਅਧਿਆਪਕ ਦੀ ਨੌਕਰੀ ਕੀਤੀ।
ਰਾਮ ਸਰੂਪ ਅਣਖੀ ਨੇ ਪਹਿਲਾਂ-ਪਹਿਲਾਂ ਆਪਣੇ ਦੋਸਤ ਨਾਲ ਰਲ ਕੇ ‘ਅਣਖੀ’ ਨਾਂ ਦਾ ਮੈਗਜ਼ੀਨ ਕੱਢਣ ਦੀ ਵਿਉਂਤ ਬਣਾਈ ਉਹ ਮੈਗਜ਼ੀਨ ਪ੍ਰਕਾਸ਼ਿਤ ਤਾਂ ਨਹੀਂ ਹੋਇਆ ਪਰ ਰਾਮ ਸਰੂਪ ਦੇ ਨਾਮ ਨਾਲ ਇਹ ਸਦਾ ਲਈ ਜੁੜ ਗਿਆ, ਰਾਮ ਸਰੂਪ ਅਣਖੀ। ਜਦੋਂ ਉਹ ਅੱਠਵੀਂ ਵਿੱਚ ਪੜ੍ਹਦਾ ਸੀ ਤਾਂ ਉਸਨੇ ਅੱਠ ਕੁ ਪੰਨਿਆਂ ਦਾ ‘ਬਿਮਲ ਪੱਤਲ’ ਵੀ ਪ੍ਰਕਾਸ਼ਿਤ ਕਰਵਾਇਆ ਸੀ। ‘ਮਾਰਕੰਡਾ’ ਅਤੇ ‘ਬਿਮਲ’ ਉਪਨਾਵਾਂ ਹੇਠ ਉਹ ਸ਼ਾਇਰੀ ਵੀ ਕਰਦਾ ਰਿਹਾ। ‘ਪੰਜ ਦਰਿਆ’, ‘ਸਵੇਰਾ’, ‘ਲਲਕਾਰ’ ਅਤੇ ‘ਤ੍ਰਿਕਾਲਾਂ’ ਜਿਹੇ ਮੈਗਜ਼ੀਨਾਂ ਵਿੱਚ ਵੀ ਉਹ ਬਹੁਤ ਛਪਿਆ। ਪ੍ਰੋ. ਸੁਜਾਨ ਸਿੰਘ, ਦਰਸ਼ਨ ਸਿੰਘ ਅਵਾਰਾ ਅਤੇ ਪਿੰ. ਤੇਜਾ ਸਿੰਘ ਆਦਿ ਅਧਿਆਪਕਾਂ ਨੇ ਉਸ ਨੂੰ ਬਹੁਤ ਉਤਸ਼ਾਹ ਦਿੱਤਾ।
ਰਾਮ ਸਰੂਪ ਅਣਖੀ ਦੀਆਂ ਹੇਠ ਲਿਖੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ।
‘ਮੇਰੀ ਇੰਗਲੈਂਡ ਯਾਤਰਾ’ (ਸਫ਼ਰਨਾਮਾ), ‘ਕੋਠੇ ਖੜਕ ਸਿੰਘ’, ‘ਪ੍ਰਤਾਪੀ’, ‘ਦੁੱਲੇ ਦੀ ਢਾਬ’ (ਨਾਵਲ ਪੰਜ ਭਾਗਾਂ ਵਿੱਚ), ‘ਕੱਖਾਂ ਕਾਨਿਆਂ ਦੇ ਪੁਲ’, ‘ਜਖ਼ਮੀ ਅਤੀਤ’, ‘ਜ਼ਮੀਨਾਂ ਵਾਲੇ’, ‘ਪਰਦਾ ਤੇ ਰੋਸ਼ਨੀ’, ‘ਸੁਲਗਦੀ ਰਾਤ’, ‘ਢਿੱਡ ਦੀ ਆਂਦਰ’, ‘ਜਿਨਿ ਸਿਰਿ ਸੋਹਨਿ ਪਟੀਆਂ’, ‘ਹੱਕ ਸੱਚ’, ‘ਥੁੜੇ ਟੁੱਟੇ’, ‘ਮਨੁੱਖ ਦੀ ਮੌਤ’, ‘ਅੱਧਾ ਆਦਮੀ’, ‘ਸੱਚ ਕਹਿ ਰਹੀ ਹਾਂ ਸੱਜਣ’, ‘ਮਲ੍ਹੇ ਝਾੜੀਆਂ’ (ਸਵੈ-ਜੀਵਨੀ), ‘ਆਪਣੀ ਮਿੱਟੀ ਦੇ ਰੁੱਖ’ ਆਦਿ ਹਨ।
15 ਨਾਵਲ, 12 ਕਹਾਣੀ ਸੰਗ੍ਰਹਿ, ਪੰਜ ਕਵਿਤਾ ਸੰਗ੍ਰਹਿ, ਦੋ ਵਾਰਤਕ ਹਨ। ਪਿਛਲੇ ਲੰਬੇ ਸਮੇਂ ਤੋਂ ਉਹ ਮੈਗਜ਼ੀਨ ‘ਕਹਾਣੀ ਪੰਜਾਬ’ ਦਾ ਸੰਪਾਦਕ ਰਿਹਾ।
ਰਾਮ ਸਰੂਪ ਅਣਖੀ ਪੰਜਾਬੀ ਦੇ ਤਕਰੀਬਨ ਸਾਰੇ ਹੀ ਅਖਬਾਰਾਂ ਵਿੱਚ ਛਪਦਾ ਸੀ। ਅਣਖੀ ਦੀਆਂ ਰਚਨਾਵਾਂ ਕਈ ਭਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਉਹ ਗ਼ਜ਼ਲ, ਕਵਿਤਾ, ਨਿਬੰਧ, ਸਫ਼ਰਨਾਮੇ, ਕਹਾਣੀਆਂ ਅਤੇ ਨਾਵਲ ਆਦਿ ਦਾ ਰਚੇਤਾ ਸੀ। ਉਸਨੇ ਤਕਰੀਬਨ 53 ਸਾਲ ਦੇ ਲਗਭਗ ਮਾਂ ਬੋਲੀ ਦੀ ਸੇਵਾ ਕੀਤੀ। ਅਣਖੀ ਬਹੁ-ਭਾਸ਼ਾਈ ਤੇ ਬਹੁ-ਪੱਖੀ ਸਾਹਿਤਕਾਰ ਸੀ। ਉਸ ਦੀਆਂ ਮੁਲਾਕਾਤਾਂ ਵੀ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਤੇ ਉਹਨਾਂ ਬਾਰੇ ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਹੋਏ।
ਨਾਵਲਕਾਰ ਰਾਮ ਸਰੂਪ ਅਣਖੀ ਨੂੰ ਮਿਲੇ ਇਨਾਮਾਂ-ਸਨਮਾਨਾਂ ਦੀ ਲਿਸਟ ਬਹੁਤ ਲੰਬੀ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ (79), ਪੰਜਾਬੀ ਸਾਹਿਤ ਟ੍ਰਸਟ ਢੁੱਡੀਕੇ (83), ਗੁਰੂ ਨਾਨਕ ਦੇਵ ਯੂਨੀਵਰਸਿਟੀ (85), ਭਾਰਤੀ ਸਾਹਿਤ ਅਕਾਦਮੀ (87) ਭਾਸ਼ਾ ਵਿਭਾਗ ਲੁਧਿਆਣਾ (92), ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਡਨ (94)। ਅਣਖੀ ਨੂੰ ਪੁਸਤਕ ‘ਸੁਲਗਦੀ ਰਾਤ’ ’ਤੇ ਬਲਰਾਜ ਸਾਹਨੀ ਪੁਰਸਕਾਰ, ‘ਭਾਈ ਵੀਰ ਸਿੰਘ’ ਗਲਪਕਾਰ ਪੁਰਸਕਾਰ, ‘ਕੋਠੇ ਖੜਕ ਸਿੰਘ’ ’ਤੇ ‘ਮਲ੍ਹੇ ਝਾੜੀਆਂ’ ’ਤੇ, ਅਤੇ ‘ਲੋਹੇ ਦਾ ਗੇਟ’ ਤੇ ਬਾਬਾ ਫਰੀਦ ਆਦਿ ਪੁਰਸਕਾਰ ਪੁਸਤਕਾਂ ’ਤੇ ਪੁਰਸਕਾਰ ਮਿਲੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਕਲੱਬਾਂ ਅਤੇ ਸਾਹਿਤ ਸਭਾਵਾਂ ਵੱਲੋਂ ਮਿਲੇ ਐਵਾਰਡ ਦੀ ਲਿਸਟ ਵੀ ਬਹੁਤ ਲੰਬੀ ਹੈ।
ਨਾਵਲਕਾਰ ਰਾਮ ਸਰੂਪ ਅਣਖੀ ਵਿੱਚ ਹਊਮੈ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹ ਹਮੇਸ਼ਾ ਸਾਦਾ ਪਹਿਰਾਵਾ ਰੱਖਦੇ ਸਨ। ਉਹ ਇੱਕ ਸੱਚਾ-ਸੁੱਚਾ, ਦਇਆਵਾਨ, ਇਮਾਨਦਾਰ ਵਿਦਵਾਨ ਸੀ। ਯਾਰਾਂ ਦਾ ਯਾਰ ਅਣਖੀ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਸੀ। ਸਾਊਪੁਣਾ, ਸੰਜਮ ਤੇ ਨਿਮਰਤਾ ਉਸ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹ ਬਿਨਾਂ ਮੂਡ ਬਣਿਆਂ ਵੀ ਲਿਖਦਾ ਰਹਿੰਦਾ ਸੀ। ਰਾਮ ਸਰੂਪ ਅਣਖੀ ਦੀਆਂ ਮੈਂ ਤਕਰੀਬਨ ਸਾਰੀਆਂ ਹੀ ਕਿਤਾਬਾਂ ਪੜ੍ਹੀਆਂ ਹਨ। ਉਹ ਮੈਨੂੰ ਕਹਿੰਦਾ ਰਹਿੰਦਾ ਸੀ ‘ਪ੍ਰੀਤੀਮਾਨ’ ਲਿਖਣਾ ਨਾ ਛੱਡੀਂ, ਤੇਰੀਆਂ ਲਿਖਤਾਂ ਦਾ ਇੱਕ ਦਿਨ ਮੁੱਲ ਪਵੇਗਾ। ਅਣਖੀ ਮੇਰੇ ਘਰ ਦੋ ਵਾਰ ਆਇਆ ਸੀ ਤੇ ਸਾਹਿਤਕ ਸਮਾਗਮਾਂ ਵਿੱਚ ਤਾਂ ਅਕਸਰ ਮਿਲਦਾ ਹੀ ਰਹਿੰਦਾ ਸੀ। ਉਹ ਹਮੇਸ਼ਾ ਮੈਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਸੀ।
ਭਾਵੇਂ 14 ਫਰਵਰੀ, 2010 ਨੂੰ ਨਾਵਲਕਾਰ ਰਾਮ ਸਰੂਪ ਅਣਖੀ ਸਾਡੇ ਕੋਲੋਂ ਸਦਾ ਲਈ ਵਿੱਛੜ ਗਿਆ ਪਰ ਉਸ ਦੀਆਂ ਲਿਖਤਾਂ ਸਦਾ ਉਸ ਦੀ ਯਾਦ ਨੂੰ ਤਾਜ਼ਾ ਕਰਵਾਉਂਦੀਆਂ ਰਹਿਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5253)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.