“ਜਦੋਂ ਗਦਰੀ ਸੂਰਮੇ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਸ਼ਰਧਾਂਜਲੀ ਦੇ ਰਹੇ ਸੀ ਤਾਂ ਊਧਮ ਸਿੰਘ ਦੇ ਮਨ ਵਿੱਚ ਇਹ ਗੱਲ ਘਰ ਕਰ ਚੁੱਕੀ ਸੀ ...”
(31 ਜੁਲਾਈ 2024)
ਭਾਰਤ ਨੂੰ ਅਜ਼ਾਦ ਕਰਵਾਉਣ ਲਈ ਦੇਸ਼ ਦੇ ਅਣਖੀਲੇ ਯੋਧਿਆਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ। ਦੇਸ਼ ਦੇ ਨੌਜਵਾਨ ਹਮੇਸ਼ਾ ਦੇਸ਼ ਨੂੰ ਅਜ਼ਾਦ ਕਰਵਾਉਣ ਦੀਆਂ ਹੀ ਗੱਲਾਂ ਕਰਦੇ। ਦ੍ਰਿੜ੍ਹ ਇਰਾਦੇ ਵਾਲੇ ਜੋ ਵੀ ਨੌਜਵਾਨ ਅੱਗੇ ਆਉਂਦੇ, ਉਨ੍ਹਾਂ ਤੇ ਮੌਕੇ ਦੀ ਪੁਲਿਸ ਵੱਲੋਂ ਬਹੁਤ ਤਸ਼ੱਦਦ ਹੁੰਦਾ। ਕ੍ਰਾਂਤੀਕਾਰੀ ਨੌਜਵਾਨ ਆਪਣੇ ਸਰੀਰ ’ਤੇ ਅੰਨ੍ਹਾ ਤਸ਼ੱਦਦ ਝੱਲਦੇ ਪਰ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਹੌਸਲੇ ਬੁਲੰਦ ਰੱਖਦੇ। ਉਸ ਸਮੇਂ ਗਦਰ ਪਾਰਟੀ ਦਾ ਪ੍ਰਚਾਰ ਵੀ ਜ਼ੋਰਾਂ ’ਤੇ ਕਰਦੇ, ਮੌਕਾ ਪੈਣ ’ਤੇ ਹਰ ਕੁਰਬਾਨੀ ਦੇਣ ਲਈ ਉਤਾਵਲੇ ਰਹਿੰਦੇ। ਇਨ੍ਹਾਂ ਦੇਸ਼ ਅਜ਼ਾਦ ਕਰਵਾਉੁਣ ਵਾਲੇ ਸੂਰਮਿਆਂ ਵਿੱਚ ਅਨੇਕਾਂ ਸਾਲ ਜੱਦੋਜਹਿਦ ਕਰਕੇ ਜਲ੍ਹਿਆਂਵਾਲੇ ਬਾਗ਼ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਸੁਨਾਮ ਦਾ ਨਾਂ ਦੇਸ਼ ਅਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਮੋਹਰਲੀ ਕਤਾਰ ਵਿੱਚ ਅੱਜ ਬੜੇ ਮਾਣ ਨਾਲ ਲਿਆ ਜਾਂਦਾ ਹੈ।
21 ਸਾਲਾਂ ਦੀ ਘੋਰ ਤਪੱਸਿਆ ਤੋਂ ਬਾਅਦ ਜਲ੍ਹਿਆਂਵਾਲੇ ਬਾਗ਼ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਮਹਾਨ ਕ੍ਰਾਂਤੀਕਾਰੀ ਯੋਧੇ ਦਾ ਜਨਮ ਮਾਤਾ ਨਰੈਣ ਕੌਰ ਉਰਫ ਹਰਨਾਮ ਕੌਰ ਦੀ ਕੁੱਖੋਂ, ਪਿਤਾ ਚੂਹੜ ਸਿੰਘ ਉਰਫ ਟਹਿਲ ਸਿੰਘ ਦੇ ਘਰ, ਦਾਦਾ ਵਸਾਊ ਸਿੰਘ ਦੇ ਵਿਹੜੇ, ਪੜਦਾਦਾ ਜੋਧ ਸਿੰਘ ਦੇ ਸ਼ਹਿਰ ਸੁਨਾਮ (ਜ਼ਿਲ੍ਹਾ ਸੰਗਰੂਰ) ਵਿਖੇ 26 ਦਸੰਬਰ, 1899 ਈ: ਨੂੰ ਹੋਇਆ। ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਅਤੇ ਉਨ੍ਹਾਂ ਦਾ ਵੱਡਾ ਭਰਾ ਸਾਧੂ ਸਿੰਘ ਸੀ। ਇਸ ਪਰਿਵਾਰ ਦਾ ਜੀਵਨ ਬੜਾ ਮੁਸ਼ਕਲਾਂ ਭਰਿਆ ਸੀ। ਊਧਮ ਸਿੰਘ ਦਾ ਪਿਤਾ ਟਹਿਲ ਸਿੰਘ ਉਪਲੀ ਪਿੰਡ ਦੇ ਫਾਟਕਾਂ ’ਤੇ ਨੌਕਰੀ ਕਰਦਾ ਸੀ ਤੇ ਉਨ੍ਹਾਂ ਦੇ ਮਾਤਾ ਹਰਨਾਮ ਕੌਰ ਘਰ ਦਾ ਕੰਮ-ਧੰਦਾ ਕਰਦੇ ਸਨ। ਊਧਮ ਸਿੰਘ ਦੇ ਪਿਤਾ ਦਾ ਸੁਪਨਾ ਸੀ ਕਿ ਉਹ ਆਪਣੇ ਸਪੁੱਤਰ ਉੂਧਮ ਸਿੰਘ ਨੂੰ ਕੀਰਤਨ ਸਿਖਾਉਂਦਾ ਤਾਂ ਕਿ ਉਹ ਇੱਕ ਚੰਗਾ ਰਾਗੀ ਬਣ ਸਕੇ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ।
ਊਧਮ ਸਿੰਘ ਦੀ ਮਾਤਾ 1907 ਵਿੱਚ ਪਿਤਾ 1913 ਵਿੱਚ ਰੱਬ ਨੂੰ ਪਿਆਰੇ ਹੋ ਗਏ। ਊਧਮ ਸਿੰਘ ਦੇ ਪਿਤਾ ਦਾ ਰਿਸ਼ਤੇਦਾਰ ਚੰਚਲ ਸਿੰਘ ਨਾਮੀ ਵਿਅਕਤੀ ਜੋ ਪਰਚਾਰਕ ਜਥੇ ਨਾਲ ਸੀ, ਉਸ ਨੇ ਦੋਵਾਂ ਮਾਸੂਮ ਬੱਚਿਆਂ ਨੂੰ ਕੇਂਦਰੀ ਖਾਲਸਾ ਯਤੀਮਘਰ ਪੁਤਲੀਘਰ, ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾ ਦਿੱਤਾ। ਊਧਮ ਸਿੰਘ ਚੁਸਤੀ-ਫੁਰਤੀ ਵਾਲਾ ਹੋਣ ਕਰਕੇ ਮੁੰਡਿਆਂ ਵਿੱਚ ਮੋਹਰੀ ਬਣ ਗਿਆ ਤੇ ਤਰਖਾਣਾ ਵਾਲਾ ਕੰਮ ਵੀ ਸਿੱਖ ਗਿਆ ਪਰ ਉਹ ਵੱਧ ਕੰਮ ਇਲੈਕਟਰੀਸ਼ਨ ਦਾ ਕਰਦਾ ਸੀ। ਜਦੋਂ 1917 ਨੂੰ ਉਸ ਦੇ ਵੱਡੇ ਭਰਾ ਸਾਧੂ ਸਿੰਘ ਉਰਫ ਮੁਕੰਦ ਸਿੰਘ ਉਰਫ ਮੁੱਖਾ ਸਿੰਘ ਦੀ ਨਮੂਨੀਏ ਨਾਲ ਮੌਤ ਹੋ ਗਈ ਤਾਂ ਉਧਮ ਸਿੰਘ ’ਤੇ ਹੋਰ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਿਆ। ਛੋਟੀ ਉਮਰ ਵਿੱਚ ਵੱਡੇ ਦੁੱਖਾਂ ਦਾ ਸਾਹਮਣਾ ਕਰਦਾ ਹੋਇਆ ਵੀ ਊਧਮ ਸਿੰਘ 1918 ਵਿੱਚ ਦਸਵੀਂ ਜਮਾਤ ਪਾਸ ਕਰ ਗਿਆ।
ਊਧਮ ਸਿੰਘ ਦੇ ਮਨ ’ਤੇ ਸੰਨ 1914-15 ਵਿੱਚ ਗਦਰ ਦਾ ਗਹਿਰਾ ਪ੍ਰਭਾਵ ਪਿਆ। ਜਦੋਂ ਗਦਰੀ ਸੂਰਮੇ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਸ਼ਰਧਾਂਜਲੀ ਦੇ ਰਹੇ ਸੀ ਤਾਂ ਊਧਮ ਸਿੰਘ ਦੇ ਮਨ ਵਿੱਚ ਇਹ ਗੱਲ ਘਰ ਕਰ ਚੁੱਕੀ ਸੀ ਕਿ ਹਥਿਆਰਬੰਦ ਇਨਕਲਾਬ ਹੀ ਦੁਸ਼ਮਣਾਂ ਨਾਲ ਟੱਕਰ ਲੈ ਸਕਦਾ ਹੈ। ਵਿਸਾਖੀ ਵਾਲੇ ਦਿਨ 13 ਅਪਰੈਲ, 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਵਿਖੇ ਭਾਰਤੀ ਆਗੂ ਸੈਫ-ਉਦ-ਦੀਨ ਕਿਚਲੂ ਤੇ ਸੱਤਪਾਲ ਦੀ ਅਗਵਾਈ ਵਿੱਚ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਹਜ਼ਾਰਾਂ ਦੀ ਵੱਡੀ ਗਿਣਤੀ ਵਿੱਚ ਲੋਕ ਸਨ। ਉਸ ਇਕੱਠ ਵਿੱਚ ਕੇਂਦਰੀ ਖਾਲਸਾ ਯਤੀਮਖਾਨੇ ਵੱਲੋਂ ਊਧਮ ਸਿੰਘ ਤੇ ਉਸ ਦੇ ਸਾਥੀ ਪਾਣੀ ਦੀ ਸੇਵਾ ਨਿਭਾਅ ਰਹੇ ਸਨ। ਲੋਕਾਂ ਦੇ ਭਾਰੀ ਇਕੱਠ ’ਤੇ ਬਰਤਾਨਵੀ ਸਰਕਾਰ ਦੇ ਮਾਈਕਲ ਉਡਵਾਇਰ ਦੇ ਆਰਡਰ ’ਤੇ ਜਰਨਲ ਡਾਇਰ ਨੇ ਨਿਹੱਥੇ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਕਰ ਦਿੱਤੀ। ਹਫੜਾ-ਦਫੜੀ ਮੱਚਦੀ ਵਿੱਚ ਬਹੁਤ ਸਾਰੇ ਲੋਕ ਉੱਥੇ ਜੋ ਖੂਹ ਸੀ, ਉਸ ਵਿੱਚ ਹੇਠਾਂ-ਉੱਪਰ ਡਿਗ ਕੇ ਦਮ ਤੋੜ ਗਏ। ਕੁਝ ਗੋਲੀਆਂ ਲੱਗਣ ਨਾਲ ਮਾਰੇ ਗਏ। ਮਾਰੇ ਗਏ ਲੋਕਾਂ ਦੀ ਗਿਣਤੀ 400 ਦੇ ਨੇੜੇ ਪਹੁੰਚੀ ਤੇ 1200 ਦੇ ਲਗਭਗ ਜ਼ਖਮੀ ਹੋ ਗਏ। ਬਰਤਾਨਵੀ ਪੁਲੀਸ ਵੱਲੋਂ 9-10 ਮਿੰਟਾਂ ਵਿੱਚ 1650 ਗੋਲੀਆਂ ਦੀ ਵਾਛੜ ਕੀਤੀ ਗਈ। ਊਧਮ ਸਿੰਘ ਦਾ ਇਸ ਮਾੜੀ ਘਟਨਾ ਨੇ ਲੂੰ-ਕੰਡੇ ਖੜ੍ਹੇ ਕਰ ਦਿੱਤੇ। ਇਸ ਮੌਕੇ ਦੇ ਭਿਆਨਕ ਦ੍ਰਿਸ਼ ਦੇਖ ਕੇ ਸੂਰਮੇ ਦੇ ਨੇਤਰਾਂ ਵਿੱਚ ਖੂਨ ਉੱਤਰ ਆਇਆ। ਉਸੇ ਸਮੇਂ ਹੀ ਊਧਮ ਸਿੰਘ ਭਾਰਤ ਮਾਤਾ ਦੇ ਅਣਖੀਲੇ ਸ਼ੇਰ ਨੇ ਸ਼ਹੀਦਾਂ ਦਾ ਖੂਨ ਮੱਥੇ ਨਾਲ ਲਾ ਕੇ ਇਸ ਦਿਲ ਨੂੰ ਕੰਬਾਉਣ ਵਾਲੇ ਖੂਨੀ ਸ਼ਾਕੇ ਦਾ ਦੁਸ਼ਮਣ ਗੋਰਿਆਂ ਤੋਂ ਬਦਲਾ ਲੈਣ ਲਈ ਲੈਣ ਲਈ ਪ੍ਰਣ ਕਰ ਲਿਆ।
ਊਧਮ ਸਿੰਘ ਨੇ ਕੇਂਦਰੀ ਯਤੀਮਘਰ ਅੰਮ੍ਰਿਤਸਰ ਛੱਡਿਆ। ਅਨਾਥ ਘਰ ਵਾਲਿਆਂ ਨੇ ਉਸ ਲਈ ਰੇਲ ਡਰਾਈਵਰ ਦੀ ਅਪ੍ਰੈਂਟਰਸ਼ਿੱਪ ਦਾ ਪ੍ਰਬੰਧ ਕਰ ਦਿੱਤਾ ਤੇ ਕੁਝ ਸਮੇਂ ਬਾਅਦ ਉਸ ਨੇ ਇਹ ਨੌਕਰੀ ਵੀ ਛੱਡ ਦਿੱਤੀ। ਊਧਮ ਸਿੰਘ ਅਨੇਕਾਂ ਦੇਸ਼ਾਂ ਵਿੱਚ ਘੁੰਮਿਆ ਜਿਵੇਂ ਕਨੇਡਾ, ਜਰਮਨੀ, ਮੈਕਸਿਕੋ, ਇਟਲੀ, ਇਰਾਨ, ਜਪਾਨ, ਅਫਗਾਨਿਸਤਾਨ, ਮਲਾਇਆ, ਵਰਮਾ, ਸਿੰਗਾਪੁਰ, ਅਮਰੀਕਾ (ਸ਼ਿਕਾਗੋ, ਨਿਊਯਾਰਕ, ਸਾਨ ਫਰਾਂਸਿਸਕੋ), ਬੈਲਜੀਅਮ, ਨਾਰਵੇ, ਪੋਲੈਂਡ, ਹੰਗਰੀ, ਫਰਾਂਸ, ਸਵੀਡਨ, ਹਾਲੈਂਡ, ਇੰਗਲੈਂਡ, ਅਸਟ੍ਰੇਲੀਆ ਆਦਿ।
ਊਧਮ ਸਿੰਘ ਸੰਨ 1923 ਨੂੰ ਦੱਖਣੀ ਅਫਰੀਕਾ ਰਾਹੀਂ ਇੰਗਲੈਂਡ ਪਹੁੰਚ ਗਿਆ। ਫਿਰ ਤੁਰਦਾ-ਫਿਰਦਾ ਇਰਾਕ ਪਹੁੰਚ ਗਿਆ। ਦੋ ਸਾਲ ਪੂਰਬੀ ਅਫਰੀਕਾ ਵਿੱਚ ਗੁਜ਼ਾਰੇ। ਸਮੇਂ-ਸਮੇਂ ਤੇ ਊਧਮ ਸਿੰਘ ਗਦਰੀ ਦੇਸ਼ ਭਗਤਾਂ ਨੂੰ ਵੀ ਮਿਲਦਾ ਰਿਹਾ। ਭਗਤ ਸਿੰਘ ਦਾ ਪ੍ਰਭਾਵ ਵੀ ਕਬੂਲਿਆ। ਸੰਨ1927 ਵਿੱਚ ਭਗਤ ਸਿੰਘ ਦੇ ਬੁਲਾਵੇ ’ਤੇ ਭਾਰਤ ਵੱਲ ਮੋੜੇ ਪਾ ਦਿੱਤੇ। ਜਦੋਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਲਾਹੌਰ ਵਿੱਚ ਮੀਟਿੰਗ ਕੀਤੀ ਤਾਂ ਊਧਮ ਸਿੰਘ ਨੇ ਉਸ ਮੀਟਿੰਗ ਵਿੱਚ ਭਾਗ ਲਿਆ। 27 ਅਗਸਤ 1927 ਨੂੰ ਲੋਕ ਪੱਖੀ ਸਾਹਿਤ ਜਿਸ ’ਤੇ ਅੰਗਰੇਜ਼ਾਂ ਵੱਲੋਂ ਪਾਬੰਦੀ ਸੀ ’ਤੇ ਇੱਕ ਪਿਸਤੌਲ ਫੜਿਆ ਗਿਆ ਤੇ ਊਧਮ ਸਿੰਘ ਤੇ ਅੰਗਰੇਜ਼ ਸਰਕਾਰ ਵੱਲੋਂ ਅੰਨ੍ਹਾ ਤਸ਼ੱਦਦ ਡਾਹਿਆ ਗਿਆ। ਇਸ ਕੇਸ ਵਿੱਚ ਊਧਮ ਸਿੰਘ ਨੂੰ ਪੰਜ ਸਾਲ ਦੀ ਸਜ਼ਾ ਕੱਟਣੀ ਪਈ। ਊਧਮ ਸਿੰਘ 20 ਅਕਤੂਬਰ 1932 ਨੂੰ ਇਸ ਕੇਸ ਵਿੱਚੋਂ ਰਿਹਾਅ ਹੋਇਆ। ਊਧਮ ਸਿੰਘ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਸੰਪਰਕ ਵਿੱਚ ਵੀ ਆਇਆ ਸੀ। ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਹਮੇਸ਼ਾ ਦਿਮਾਗ਼ ਵਿੱਚ ਘੁੰਮਦੀ। ਉਹ ਆਪਣਾ ਸ਼ਿਕਾਰ ਲੱਭਣ ਲਈ ਤਰਲੋਮੱਛੀ ਹੁੰਦਾ ਰਹਿੰਦਾ ਸੀ ਪਰ ਦੁਸ਼ਮਣ ਕੋਲ ਪਹੁੰਚਣ ਵਾਲਾ ਰਾਹ ਵੀ ਕੰਡਿਆਲਾ ਸੀ।
ਊਧਮ ਸਿੰਘ 1933 ਵਿੱਚ ਬਰਲਿਨ (ਜਰਮਨੀ) ਤੇ ਕਈ ਦੇਸ਼ੀਂ ਹੁੰਦਾ ਹੋਇਆ ਲੰਡਨ ਪਹੁੰਚ ਗਿਆ। ਉੱਥੇ ਅਨੇਕਾਂ ਛੋਟੇ-ਛੋਟੇ ਕੰਮ ਕਰਦਾ ਰਿਹਾ, ਆਪਣੀ ਪਛਾਣ ਲੁਕਾਉਂਦਾ ਰਿਹਾ ਤੇ ਇਨਕਲਾਬ ਦਾ ਕੰਮ ਜਾਰੀ ਰੱਖਿਆ। ਉੱਥੇ ਉਦੈ ਸਿੰਘ, ਸ਼ੇਰ ਸਿੰਘ, ਫਰੇਕ ਬਿਰਾਜਲ, ਰਾਮ ਮੁਹੰਮਦ ਸਿੰਘ ਅਜ਼ਾਦ, ਬਾਵਾ, ਯੂ.ਐੱਸ ਸਿੱਧੂ, ਫਰੈਕ, ਬਰਾਜੀਲ, ਊਧਨ ਸਿੰਘ ਤੇ ਊਧਮ ਸਿੰਘ ਆਦਿ ਨਾਂਵਾਂ ਦੀ ਸੂਚੀ ਅਪਣਾਈ। ਆਪਣੇ ਮਿਸ਼ਨ ਦੀ ਖਾਤਰ ਲੈਨਿਨ ਗਰਾਦ ਤੇ ਯੂਰਪੀ ਦੇਸ਼ਾਂ ਵਿੱਚ ਉਹ ਫਿਰਦਾ ਰਹਿੰਦਾ। ਊਧਮ ਸਿੰਘ ਨੇ ਬਸਰੇ ਵਿੱਚ ਡੇਢ ਸਾਲ ਫੌਜ ਦੀ ਨੌਕਰੀ ਕੀਤੀ ਤੇ ਪੂਰਬੀ ਅਫਰੀਕਾ ਵਿੱਚ ਦੋ ਸਾਲ ਉਸ ਨੇ ਜਹਾਜ਼ ਵਿੱਚ ਵੀ ਨੌਕਰੀ ਕੀਤੀ ਤੇ ਸ.ਸ. ਜਲਪਾ ਦੇ ਨਾਂ ਹੇਠ ਤਰਖਾਣ ਵਜੋਂ ਵੀ ਨੌਕਰੀ ਕੀਤੀ। ਇੱਕ-ਦੋ ਫਿਲਮਾਂ ਵਿੱਚ ਕੰਮ ਵੀ ਕੀਤਾ। ਇਸ ਤਰ੍ਹਾਂ ਊਧਮ ਸਿੰਘ ਨੂੰ ਜ਼ਿੰਦਗੀ ਵਿੱਚ ਅਨੇਕਾਂ ਕੰਮ ਬਦਲਣੇ ਪਏ। ਭਾਰਤ ਦੀ ਅਜ਼ਾਦੀ ਲਈ ਉਸ ਨੇ, ‘ਆਜ਼ਾਦ ਲੀਗ’ ਕਾਇਮ ਕੀਤੀ। ਆਜ਼ਾਦੀ ਘੁਲਾਟੀ ਭਾਰਤੀਆਂ ਲਈ ਉਸ ਨੇ ਧਨ ਵੀ ਇਕੱਠਾ ਕੀਤਾ।
ਊਧਮ ਸਿੰਘ ਨੂੰ ਸਭ ਤੋਂ ਵੱਡਾ ਪਛਤਾਵਾ ਉਸ ਸਮੇਂ ਹੋਇਆ ਜਦੋਂ ਭਾਰਤ ਦਾ ਦੁਸ਼ਮਣ ਜਨਰਲ ਡਾਇਰ ਅੰਤ ਨੂੰ ਪਾਗਲ ਹੋ ਕੇ ਮਰ ਗਿਆ ਸੀ ਤਾਂ ਊਧਮ ਸਿੰਘ ਦੇ ਦਿਲ ਵਿੱਚ ਹੀ ਰਹਿ ਗਈ ਕਿ ਜਰਨਲ ਡਾਇਰ ਦੀ ਮੌਤ ਮੇਰੇ ਹੱਥੋਂ ਕਿਉਂ ਨਾ ਹੋਈ। ਪਰ ਮਾਈਕਲ ਉਡਵਾਇਰ ਦੇ ਨੇੜੇ ਰਹਿਣ ਦਾ ਮੌਕਾ ਊਧਮ ਸਿੰਘ ਨੂੰ ਮਿਲਿਆ। ਕਈ ਵਾਰ ਉਡਵਾਇਰ ਨੂੰ ਮਾਰਨ ਦਾ ਮੌਕਾ ਵੀ ਮਿਲਿਆ ਪਰ ਉਸ ਨੇ ਇਹ ਮੌਕੇ ਹੱਥੋਂ ਇਸ ਲਈ ਲੰਘਾਏ ਕਿ ਲੋਕ ਇਸ ਤਰ੍ਹਾਂ ਸੋਚਣ ਲਈ ਮਜਬੂਰ ਹੋਣਗੇ ਕਿ ਮਾਲਕ ਦੇ ਘਰ ਖਾ ਕੇ ਨੌਕਰ ਨੇ ਨਮਕ ਹਰਾਮ ਕੀਤਾ। ਉਹ ਚਾਹੁੰਦਾ ਸੀ ਕਿ ਸੰਸਾਰ ਨੂੰ ਇਸ ਤਰ੍ਹਾਂ ਪਤਾ ਚੱਲੇ ਕਿ ਪਾਪੀ ਨੂੰ ਜੱਲ੍ਹਿਆਂ ਵਾਲੇ ਬਾਗ਼ ਦੀ ਸਜ਼ਾ ਮੌਤ ਮਿਲੀ ਹੈ। ਪਾਪੀ ਤੋਂ ਬਦਲਾ ਲੈਣ ਦਾ ਸਮਾਂ ਅੱਗੇ ਹੀ ਅੱਗੇ ਤੁਰਿਆ ਜਾ ਰਿਹਾ ਸੀ। ਹਜ਼ਾਰਾਂ ਦਿਨ ਸੈਂਕੜੇ ਮਹੀਨੇ ਅਨੇਕਾਂ ਸਾਲ ਬੀਤ ਦੇ ਜਾ ਰਹੇ ਸਨ ਪਰ ਊਧਮ ਸਿੰਘ ਨੂੰ 13 ਅਪਰੈਲ, 1919 ਦੀ ਦਿਲ ਦਹਿਲਾਉਣ ਵਾਲੀ ਖ਼ੂਨੀ ਘਟਨਾ ਹਮੇਸ਼ਾ ਤਾਜ਼ੀ ਹੀ ਲਗਦੀ ਸੀ। ਉਸ ਵੇਲੇ ਲੋਕ ਚੀਕ-ਚਿਹਾੜਾ ਪਾਉਂਦੇ, ਤੜਫ-ਤੜਪ ਕੇ ਮਰਦੇ, ਦਮ ਤੋੜਦੇ ਹਰ ਵੇਲੇ ਇਸ ਸੂਰਮੇ ਦੇ ਖੂਨ ਨੂੰ ਉਬਾਲ਼ਾ ਦਿਵਾਉਂਦੇ ਰਹਿੰਦੇ।
13 ਮਾਰਚ, 1940 ਦਿਨ ਬੁੱਧਵਾਰ ਨੂੰ ਸਾਮ ਦੇ ਤਿੰਨ ਵਜੇ ਈਸਟ ਇੰਡੀਆ ਐਸ਼ੋਸੀਏਸ਼ਨ ਤੇ ‘ਰੌਇਲ ਸੈਂਟਰਲ ਸੁਸਾਇਟੀ ਏਸ਼ੀਅਨ’ ਦੀ ਮੀਟਿੰਗ ਕੈਕਸਟਨ ਹਾਲ ਵਿੱਚ ਰੱਖੀ ਸੀ। ਅਫਗਾਨਿਸਤਾਨ ਦੀ ਸਥਿਤੀ ਬਾਰੇ ਉੱਥੇ ਗੋਸਟੀ (ਵਿਚਾਰ-ਵਟਾਂਦਰਾ) ਹੋ ਰਿਹਾ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈੱਟਲੈਂਡ ਕਰ ਰਿਹਾ ਸੀ। ਬ੍ਰਿਗੇਡੀਅਰ ਜਰਨਲ ਸਰ ਪਰਸੀ ਸਾਇਕਸ ਨੇ ਅਫਗਾਨਿਸਤਾਨ ਬਾਰੇ ਚਾਨਣਾ ਪਾਇਆ। ਸਰ ਲੂਈਡੇਨ, ਲਾਰਡ ਲੈਮਿੰਗਟਨ ਤੇ ਸਰ ਮਾਈਕਲ ਉਡਵਾਇਰ ਸ਼ਾਮਲ ਸਨ। ਇਸ ਮੌਕੇ ਲਗਭਗ ਡੇਢ ਸੌ ਲੋਕ ਮੀਟਿੰਗ ਵਿੱਚ ਹਾਜ਼ਰ ਸਨ ਤੇ ਸੀਟਾਂ ਹਾਲ ਵਿੱਚ ਬੈਠਣ ਲਈ ਕੁੱਲ 130 ਸਨ ਬਾਕੀ ਲੋਕ ਕੰਧਾਂ ਨਾਲ ਖੜ੍ਹੇ ਸਨ। ਊਧਮ ਸਿੰਘ ਸੱਜੇ ਪਾਸੇ ਵਾਲੀ ਪਹਿਲੀ ਲਾਇਨ ਦੇ ਬਿਲਕੁਲ ਨੇੜੇ ਹੋਰ ਲੋਕਾਂ ਵਿੱਚ ਖੜ੍ਹਾ ਸੀ।
ਦੂਸਰੇ ਬੁਲਾਰਿਆਂ ਤੋਂ ਬਾਅਦ ਜਦੋਂ ਸਰ ਮਾਇਕਲ ਓਡਵਾਇਰ ਭਾਸ਼ਣ ਦੇ ਕੇ ਹਟਿਆ ਤਾਂ ਸੱਜੇ ਪਾਸੇ ਖੜ੍ਹੇ ਊਧਮ ਸਿੰਘ ਨੇ ਪਿਸਤੋਲ ਕੱਢਿਆ ਤੇ ਘੋੜਾ ਦੱਬ ਦਿੱਤਾ। ਪਿਸਤੌਲ ਦੀ ਨਾਲੀ ਵਿੱਚੋਂ ਛੇ ਗੋਲੀਆਂ ਲੰਘੀਆ ਜਦੋਂ ਕਿ ਸਰ ਮਾਈਕਲ ਓਡਵਾਇਰ ਦੇ ਦੋ ਗੋਲੀਆਂ ਛਾਤੀ ਵਿੱਚ ਲੱਗੀਆਂ ਤਾਂ ਉਹ ਥਾਏਂ ਢੇਰੀ ਹੋ ਗਿਆ। ਲਾਰਡ ਲੈਮਿੰਗਟਨ, ਲਾਰਡ ਜੈੱਟਲੈਂਡ, ਸਰ ਲੂਈਡੇਨ ਵੀ ਜ਼ਖਮੀ ਹੋ ਗਏ। ਹਾਲ ਵਿੱਚ ਹਫੜਾ-ਦਬੜੀ ਮੱਚ ਗਈ। ਊਧਮ ਸਿੰਘ ਭੱਜਿਆ ਨਹੀਂ, ਸਗੋਂ ਮੌਕੇ ’ਤੇ ਗ੍ਰਿਫਤਾਰੀ ਦੇ ਦਿੱਤੀ। ਬੀ.ਬੀ.ਸੀ. ਲੰਦਨ ਤੇ ਜਰਮਨ ਰੇਡੀਓ ਨੇ ਖ਼ਬਰਾ ਦੇ ਦਿੱਤੀਆਂ। ਦੂਸਰੇ ਦਿਨ ਅਖ਼ਬਾਰਾਂ ਵਿੱਚ ਖਬਰਾਂ ਲੱਗ ਗਈਆਂ। ਕੁਝ ਹੀ ਸਮੇਂ ਵਿੱਚ ਖਬਰ ਪੂਰੀ ਦੁਨੀਆਂ ਵਿੱਚ ਪਹੁੰਚ ਗਈ। ਊਧਮ ਸਿੰਘ ਨੂੰ ਇਸ ਕੇਸ਼ ਵਿੱਚ ਬਰਿਕਸਟਨ ਜੇਲ੍ਹ ਭੇਜ ਦਿੱਤਾ। ਮੁਕੱਦਮਾ ਚੱਲਿਆ ਤੇ ਅਖੀਰ 31 ਜੁਲਾਈ, 1940 ਨੂੰ ਸਵੇਰੇ 9 ਵਜੇ ਭਾਰਤ ਮਾਂ ਦੇ ਅਨਮੋਲ ਹੀਰੇ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿਖੇ ਫਾਂਸੀ ਦੇ ਦਿੱਤੀ। ਊਧਮ ਸਿੰਘ ਦੀਆਂ ਅਸਥੀਆਂ ਵੀ ਜੇਲ਼੍ਹ ਵਿੱਚ ਹੀ ਦਫਨਾਈਆਂ ਗਈਆਂ।
ਸ਼ਹੀਦ ਊਧਮ ਸਿੰਘ ਕ੍ਰਾਂਤੀਕਾਰੀ ਯੋਧੇ ਦੀ ਕੁਰਬਾਨੀ ਤੇ ਅੱਜ ਸਾਰਾ ਭਾਰਤ ਮਾਣ ਮਹਿਸੂਸ ਕਰ ਰਿਹਾ ਹੈ। ਸ਼ਹੀਦ ਊਧਮ ਸਿੰਘ ਦਾ ਨਾਂ ਰਹਿੰਦੀ ਦੁਨੀਆਂ ਤਕ ਧਰੂ ਤਾਰੇ ਵਾਂਗ ਪੂਰੇ ਆਲਮ ਵਿੱਚ ਚਮਕਦਾ ਰਹੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5177)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.