“ਮੰਜ਼ਿਲ ਨੂੰ ਪਾਉਣ ਲਈ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਹ ਵਿੱਚ ਅਨੇਕਾਂ ਪ੍ਰਕਾਰ ਦੇ ਕਸ਼ਟ ...”
(1 ਜੁਲਾਈ 2024)
ਇਸ ਸਮੇਂ ਪਾਠਕ: 450.
ਉਹ ਸੁਪਨੇ ਸਾਕਾਰ ਹੋ ਜਾਂਦੇ ਹਨ ਜਿਨ੍ਹਾਂ ਲਈ ਦ੍ਰਿੜ੍ਹ ਇੱਛਾ, ਹਿੰਮਤ ਅਤੇ ਅਣਥੱਕ ਮਿਹਨਤ ਕੀਤੀ ਜਾਵੇ। ਮੰਜ਼ਿਲ ਨੂੰ ਪਾਉਣ ਲਈ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਹ ਵਿੱਚ ਅਨੇਕਾਂ ਪ੍ਰਕਾਰ ਦੇ ਕਸ਼ਟ, ਟੋਏ, ਰੋੜੇ, ਝੱਖੜ, ਤੁਫਾਨ ਆਦਿ ਘੇਰਦੇ ਹਨ ਪਰ ਜੇ ਇਰਾਦਾ ਪੱਕਾ ਹੋਵੇ ਤਾਂ ਰਾਹ ਆਪਣੇ ਆਪ ਬਣਦੇ ਜਾਂਦੇ ਹਨ। ਜਿਸ ਨੇ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਇਆ, ਉਹ ਹੈ ਭਾਰਤ ਦੀ ਹਰਮਨ ਪਿਆਰੀ ਧੀ, ਅਕਾਸ਼ ਵਿੱਚ ਉਡਾਰੀਆਂ ਲਾਉਣ ਵਾਲੀ ਕਲਪਨਾ ਚਾਵਲਾ।
ਕਲਪਨਾ ਚਾਵਲਾ ਦਾ ਜਨਮ 1 ਜੁਲਾਈ, 1961 ਈ. ਨੂੰ ਮਾਤਾ ਸੰਯੋਗਤਾ ਚਾਵਲਾ ਦੀ ਕੁੱਖੋਂ, ਪਿਤਾ ਬਨਾਰਸੀ ਲਾਲ ਚਾਵਲਾ ਦੇ ਘਰ ਕਰਨਾਲ ਵਿਖੇ ਹੋਇਆ। ਇਨ੍ਹਾਂ ਦਾ ਪਿੱਛਾ ‘ਕੀਲੇ’ ਨਾਂ ਦੇ ਪਿੰਡ, ਅਣਵੰਡੇ ਪੰਜਾਬੀ ਸੂਬੇ ਜ਼ਿਲ੍ਹਾ ਸੇਖ਼ੂਪੁਰਾ (ਜੋ ਹੁਣ ਪਾਕਿਸਤਾਨ ਵਿੱਚ ਹੈ ਹੈ। ਕਲਪਨਾ ਚਾਵਲਾ ਦੇ ਦਾਦਾ ਜੀ ਦਾ ਨਾਂ ਲੱਭਾ ਮੱਲ ਚਾਵਲਾ ਅਤੇ ਦਾਦੀ ਦਾ ਨਾਂ ਕਰਤਾਰ ਕੌਰ ਸੀ, ਉਨ੍ਹਾਂ ਦੇ ਪੜਦਾਦਾ ਜੀ ਦਿਆਲ ਮੱਲ ਚਾਵਲਾ ਸਨ। ਕਲਪਨਾ ਚਾਵਲਾ ਦੇ ਚਾਚੇ ਅਮਰੀਕ, ਦਰਸ਼ਨ ਤੇ ਸਤੀਸ਼ ਅਤੇ ਉਨ੍ਹਾਂ ਦੀਆਂ ਭੂਆ ਦੇ ਨਾਂ ਸੁਜਾਤਾ ਤੇ ਕਾਂਤਾ ਸੀ। ਇਹ ਪਰਿਵਾਰ 1947 ਈ. ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਕਰਨਾਲ ਆਇਆ ਸੀ। ਕਲਪਨਾ ਚਾਵਲਾ ਦੀਆਂ ਦੋ ਵੱਡੀਆਂ ਭੈਣਾਂ ਸੁਨੀਤਾ ਤੇ ਦੀਪਾ ਹੈ ਅਤੇ ਭਰਾ ਦਾ ਨਾਂ ਸੰਜੇ ਹੈ। ਕਲਪਨਾ ਚਾਵਲਾ ਸਭ ਤੋਂ ਛੋਟੀ ਸੀ। ਪਰਿਵਾਰ ਦੇ ਸਾਰੇ ਜੀਅ ਕਲਪਨਾ ਨੂੰ ਪਿਆਰ ਨਾਲ ‘ਮੋਟੂ’ ਆਖ ਕੇ ਬੁਲਾਉਂਦੇ ਸਨ।
ਕਲਪਨਾ ਚਾਵਲਾ ਨੂੰ 1966 ਵਿੱਚ 5 ਸਾਲ ਦੀ ਉਮਰ ਵਿੱਚ ਟੈਗੋਰ ਬਾਲ ਨਿਕੇਤਨ ਸਕੂਲ ਵਿੱਚ ਪੜ੍ਹਨ ਲਾ ਦਿੱਤਾ। ਕਲਪਨਾ ਨੇ 1976 ਵਿੱਚ ਮੈਟ੍ਰਿਕ ਪਾਸ ਕੀਤੀ ਫਿਰ ਉਸਨੇ ਕਰਨਾਲ ਦੇ ਡੀ. ਏ. ਵੀ. ਕਾਲਜ ਵਿੱਚ ਨਾਨ ਮੈਡੀਕਲ ਦੀ ਪ੍ਰੀ-ਇੰਜਨੀਅਰਿੰਗ ਵਿੱਚ ਦਾਖਲਾ ਲਿਆ। ਉਸ ਤੋਂ ਬਾਅਦ 1977 ਈ. ਵਿੱਚ ਦਿਆਲ ਸਿੰਘ ਕਾਲਜ, ਕਰਨਾਲ ਵਿੱਚ ਦਾਖਲਾ ਲਿਆ ਅਤੇ ਬਾਅਦ ਵਿੱਚ 1978 ਈ. ਵਿੱਚ ਦਿਆਲ ਕਾਲਜ ਤੋਂ ਪ੍ਰੀ ਇੰਜਨੀਅਰਿੰਗ ਦੀ ਕਲਾਸ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਰਹਿ ਕੇ ਪਾਸ ਕੀਤੀ। ਉਸ ਤੋਂ ਬਾਅਦ ਕਲਪਨਾ ਨੇ ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ਐਰੋਨੌਟਿਕਸ ਇੰਜਨੀਅਰਿੰਗ ਵਿਭਾਗ ਵਿੱਚ ਦਾਖਲਾ ਲੈ ਲਿਆ ਅਤੇ 1982 ਈ. ਵਿੱਚ ਐਰੋਨੌਟਿਕਸ ਇੰਜਨੀਅਰਿੰਗ ਦੀ ਡਿਗਰੀ ਪਾਸ ਕਰ ਗਈ। ਫਿਰ ਕਲਪਨਾ ਨੇ ਯੂਨੀਵਰਸਿਟੀ ਆਫ ਟੈਕਸਾਸ, ਅਰਲੰਗਿਟਨ, ਐਰੋਨੌਟਿਕਸ ਵਿਭਾਗ ਦੀ ਮਾਸਟਰ ਦੀ ਡਿਗਰੀ (ਅਮਰੀਕਾ ਵਿੱਚ) 1984 ਵਿੱਚ ਪਾਸ ਕਰ ਲਈ। ਕਲਪਨਾ ਚਾਵਲਾ ਨੇ 1988 ਈ. ਵਿੱਚ ਬੌਲਡਰ ਦੀ ਯੂਨੀਵਰਸਿਟੀ ਆਫ ਕੈਲੋਰਾਡੋ ਵਿੱਚ ਪੀ. ਐੱਚ. ਡੀ. ਕੀਤੀ। ਕਲਪਨਾ ਕੈਲੇਫੋਰਨੀਆ ਰਾਜ ਸੈਨ ਹੋਜ਼ੇ ਸ਼ਹਿਰ ਵਿੱਚ ਪੈਂਦੇ ਨਾਸ਼ਾ ਦੇ ਏਮਜ਼ ਖੋਜ ਸੈਂਟਰ ਵਿੱਚ ਨੌਕਰੀ ਕਰਨ ਲੱਗ ਪਈ। ਕਲਪਨਾ ਚਾਵਲਾ ਦਾ ਵਿਆਹ 2 ਦਸੰਬਰ 1983 ਨੂੰ 27 ਸਾਲ ਦੀ ਉਮਰ ਵਿੱਚ ਫਲਾਇੰਗ ਇੰਸਟਰੱਕਟਰ ਪੀਰੇ ਹੈਰਸਿਨ ਨਾਲ ਹੋਇਆ।
ਕਲਪਨਾ ਚਾਵਲਾ ਨੇ ਨਾਸਾ ਦੇ ਖੋਜ ਰਿਸ਼ਰਚ ਸੈਂਟਰ ਵਿਖੇ ਪਾਵਰ ਲਿਫਟ ਕੰਪਿਊਟੇਸ਼ਨ ਫਲਿਊਡ ਡਾਇਨਾਮੈਸ ਖੇਤਰਾਂ ਉੱਤੇ ਕੰਮ ਕੀਤਾ ਅਤੇ 1990 ਈ. ਵਿੱਚ ਉਹ ਅਮਰੀਕਾ ਦੀ ਨਾਗਰਿਕ ਬਣ ਗਈ। ਇਸ ਨਾਲ ਉਸ ਨੂੰ ਇੱਕ ਸਫ਼ਲ ਅਮਰੀਕੀ ਪੁਲਾੜ ਯਾਤਰੀ ਬਣਨ ਵਿੱਚ ਕੋਈ ਦਿੱਕਤ ਨਾ ਆਈ। ਕਲਪਨਾ 1993 ਈ. ਵਿੱਚ ਏਮਜ਼ ਨਾਸਾ ਖੋਜ ਸੈਂਟਰ ਛੱਡ ਕੇ ਕੈਲੇਫੋਰਨੀਆ ਰਾਜ ਦੇ ਲਾਸ ਅਲਟਾਸ ਸ਼ਹਿਰ ਵਿੱਚ ਵਿਗਿਆਨ ਨਾਲ ਸੰਬੰਧਿਤ ਕੰਪਨੀ ਓਵਰਸੈਟ ਮੈਥਡਜ਼ ਇਨਕ ਵਿੱਚ ਭਰਤੀ ਹੋ ਗਈ। ਉਸ ਕੰਪਨੀ ਦੀ ਮੀਤ ਪ੍ਰਧਾਨ ਬਣੀ ਅਤੇ ਖੋਜ ਵਿਗਿਆਨੀ ਵਜੋਂ ਨੌਕਰੀ ਕੀਤੀ। ਉਸ ਤੋਂ ਬਾਅਦ ਕਲਪਨਾ ਨੂੰ 1994 ਨੂੰ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ। ਕਲਪਨਾ ਨੂੰ ਆਪਣੇ ਭਵਿੱਖ ਦੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਏ ਅਤੇ 1996 ਵਿੱਚ ਕਲਪਨਾ ਦੀ ਸਿੱਖਿਅਕ ਪੁਲਾੜ ਯਾਤਰੀ ਵਜੋਂ ਸਿਖਲਾਈ ਖ਼ਤਮ ਹੋਈ ਤੇ ਉਹ ਪੂਰਨ ਪੁਲਾੜ ਯਾਤਰੀ ਬਣੀ।
19 ਨਵੰਬਰ, 1997 ਨੂੰ 2 ਵੱਜ ਕੇ 26 ਮਿੰਟ ਤੇ ਕੋਲੰਬੀਆ ਪੁਲਾੜ ਵਿਮਾਨ ਐੱਸ. ਟੀ. ਐੱਸ-87 ਨੇ ਪੁਲਾੜ ਵਿੱਚ ਉਡਾਣ ਭਰੀ, ਜਿਸ ਵਿੱਚ ਕਲਪਨਾ ਚਾਵਲਾ (ਮਿਸ਼ਨ ਸਪੈਸ਼ਲਿਸਟ), ਸਟੀਵਨ ਡਬਲਯੂ ਲਿੰਡਸੇ (ਪਾਇਲਟ), ਕੇਵਿਨ ਆਰ ਕਰੇਗਲ (ਕਮਾਂਡਰ), ਵਿੰਸਟਨ ਈ ਸਕਾਟ (ਮਿਸ਼ਨ ਸਪੈਸ਼ਲਿਸਟ), ਤਕਾਓ ਦੋਈ (ਮਿਸ਼ਨ ਸਪੈਸ਼ਲਿਸਟ) ਅਤੇ ਲਿਊਨਿਡ ਕੇ ਕੇਡਨਿਊਕ (ਪੇਲੋਡ ਸਪੈਸ਼ਲਿਸਟ) ਇਹ ਸਾਰੇ ਪੁਲਾੜ ਵਿੱਚ ਗਏ ਅੰਤ 15 ਦਿਨ 16 ਘੰਟੇ 34 ਮਿੰਟ ਗ੍ਰਹਿ ਮਾਰਗ ’ਤੇ ਰਹਿਣ ਤੋਂ ਬਾਅਦ ਕੋਲੰਬੀਆ ਪੁਲਾੜ ਵਿਮਾਨ 5 ਦਸੰਬਰ, 1997 ਈ. ਨੂੰ 11 ਵੱਜ ਕੇ 21 ਮਿੰਟ ਤੇ ਧਰਤੀ ’ਤੇ ਉੱਤਰਿਆ। ਇਹ ਪਹਿਲਾ ਮਿਸ਼ਨ ਕਲਪਨਾ ਚਾਵਲਾ ਨੇ 6.5 ਮਿਲੀਅਨ ਮੀਲ 376 ਘੰਟਿਆਂ ਤੇ 34 ਮਿੰਟਾਂ ਵਿੱਚ ਪੂਰੀਆਂ ਕੀਤੀਆਂ ਸਨ।
ਕਲਪਨਾ ਚਾਵਲਾ ਨੇ ਦੂਜੀ ਉਡਾਣ ਕੋਲੰਬੀਆ ਐੱਸ. ਟੀ. ਐੱਸ-107 ਨੇ 1 ਅਗਸਤ, 2001 ਈ. ਵਿੱਚ ਪੁਲਾੜ ਵਿੱਚ ਉਡਣਾ ਸੀ, ਫਿਰ ਉਹ ਤਾਰੀਖ 19 ਜੁਲਾਈ, 2002 ਈ. ਪਾ ਦਿੱਤੀ ਗਈ। ਉਡਾਣ ਵਿੱਚ ਅਜੇ ਕੁਝ ਦਿਨ ਸਨ, ਵਿਗਿਆਨੀ ਨੂੰ ਪਤਾ ਲੱਗਾ ਕਿ ਪੁਲਾੜ ਵਿਮਾਨ ਵਿੱਚ ਕੁਝ ਨੁਕਸ ਹੈ। ਫਿਰ ਇਹ ਤਾਰੀਖ 16 ਜਨਵਰੀ, 2003 ਨੂੰ ਕਲਪਨਾ ਚਾਵਲਾ (ਮਿਸ਼ਨ ਸਪੈਸ਼ਲਿਸਟ), ਵਿਲੀਅਮ ਸੀ ਮੈਕਕੂਲ (ਪਾਇਲਟ), ਮਾਈਕਲ ਪੀ ਐਂਡਰਸਨ (ਪੇਲੋਡ ਕਮਾਂਡਰ), ਇਲਾਨ ਰੈਮਨ (ਪੇਲੋਡ ਸਪੈਸ਼ਲਿਸਟ), ਡੇਵਿਡ ਐੱਮ. ਬਰਾਉਨ (ਮਿਸ਼ਨ ਸਪੈਸ਼ਲਿਸਟ), ਲਿਊਰਜ ਕਲਾਰਕ (ਮਿਸ਼ਨ ਸਪੈਸ਼ਲਿਸਟ) ਅਤੇ ਰਿਕ ਹਸਬੈਂਡ (ਕਮਾਂਡਰ) 7 ਪੁਲਾੜੀ ਯਾਤਰੀ ਸਨ। ਇਨ੍ਹਾਂ ਪੁਲਾੜ ਵਿਗਿਆਨੀਆਂ ਨੇ 80 ਦੇ ਕਰੀਬ ਤਜਰਬੇ ਕਰਨੇ ਸਨ।
ਕਲਪਨਾ ਚਾਵਲਾ ਨੇ ਵੱਖ-ਵੱਖ ਖੋਜਾਂ ਦੇ ਆਧਾਰਿਤ ਪ੍ਰਮਾਣ ਇਕੱਠੇ ਕੀਤੇ ਸਨ ਪਰ 16 ਦਿਨ ਬਾਅਦ ਪੁਲਾੜ ਯਾਤਰੀ ਵਾਪਸ ਆਉਂਦਿਆਂ 16 ਕਿਲੋਮੀਟਰ ਦੀ ਉਚਾਈ ਤੇ ਧਰਤੀ ’ਤੇ ਵਾਯੂ ਮੰਡਲ ਦਾਖਲ ਹੋ ਕੇ ਵਿਖਾਈ ਦੇਣ ਲੱਗੇ ਪਰ ਕੋਲੰਬੀਆ ਦਾ ਤਾਪਮਾਨ ਬਹੁਤ ਵਧ ਗਿਆ ਕਿ ਕੋਲੰਬੀਆ ਛੋਟੇ ਟੁਕੜਿਆਂ ਵਿੱਚ ਖਿੰਡ ਗਿਆ। ਭਾਰਤੀ ਸਮੇਂ ਮੁਤਾਬਕ 1 ਫਰਵਰੀ, 2003 ਈ. ਸਮਾਂ 7:30 ਵਜੇ ਸੱਤੇ ਵਿਗਿਆਨੀ ਆਪਣੀ ਜ਼ਾਨ ਦੀ ਬਾਜ਼ੀ ਲਾ ਗਏ। ਕੁਦਰਤ ਕਹਿਰਵਾਨ ਹੋ ਗਈ, ਸਾਰੀ ਦੁਨੀਆਂ ਰੋਈ ਕੁਰਲਾਈ। ਕਲਪਨਾ ਚਾਵਲਾ 42 ਸਾਲ ਦੀ ਉਮਰ ਵਿੱਚ ਸਿਤਾਰਿਆਂ ਦੀਆਂ ਖੋਜਾਂ ਕਰਦੀ ਸਾਡੇ ਕੋਲੋਂ ਸਦਾ ਲਈ ਵਿਛੜ ਗਈ। ਅੱਜ ਭਾਰਤ ਦੀ ਅਕਾਸ਼ ਵਿੱਚ ਉਡਣ ਵਾਲੀ ਪਿਆਰੀ ਧੀ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਹੈ ਪਰ ਲੋਕ ਮਨਾਂ ਵਿੱਚ ਉਸਦੀ ਯਾਦ ਸਦਾ ਵਸੀ ਰਹੇਗੀ। ਕਲਪਨਾ ਚਾਵਲਾ ਸ਼ੇਰ ਦਿਲ ਵਾਲੀ ਪਹਿਲੀ ਇਸਤਰੀ ਹੈ ਜੋ ਪੁਲਾੜ ਵਿੱਚ ਗਈ। ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਂ ਰੁਸ਼ਨਾਉਣ ਵਾਲੀ ਕਲਪਨਾ ਚਾਵਲਾ ਦੀ ਅੰਬਰਾਂ ਤਕ ਸ਼ੋਭਾ ਸਦਾ ਹੁੰਦੀ ਰਹੇਗੀ। ਉਸਦੀ ਵਡਿਆਈ ਜਿੰਨੀ ਵੀ ਕੀਤੀ ਜਾਵੇ, ਉੰਨੀ ਹੀ ਥੋੜ੍ਹੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5098)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.