GurpreetSJakhwali7ਸੱਚ ਉਜਾਗਰ ਕਰਨ ਵਾਲੇ ਉਹ ਸੱਚੇ ਕਲਮਕਾਰ ਆਪਣੀ ਜਾਨ ਦੀ ਬਾਜ਼ੀ ਲਾ ਗਏ ਤੇ ਪਿੱਛੇ ਸੱਚ ...
(9 ਅਕਤੂਬਰ 2017)

 

ਸਿਆਣਿਆਂ ਸੱਚ ਹੀ ਕਿਹਾ ਹੈ, ਸੱਚ ਬੋਲਣਾ ਵੀ ਔਖਾ, ਸੱਚ ਲਿਖਣਾ ਵੀ ਔਖਾ, ਸੱਚ ਛਾਪਣਾ ਵੀ ਔਖਾ ਅਤੇ ਸੱਚ ਸੁਣਨਾ ਵੀ ਔਖਾ ਹੈ। ਕਰਨਾਟਕਾ ਦੀ ਇੱਕ ਉੱਘੀ ਪੱਤਰਕਾਰ ਗੌਰੀ ਲੰਕੇਸ਼ ਨੂੰ ਸੱਚ ਲਿਖਣ ਤੇ ਛਾਪਣ ਕਾਰਨ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾ ਸੌਦਾ ਸਾਧ ਬਾਰੇ ਲਿਖਣ ਤੇ ਪੱਤਰਕਾਰ ਛੱਤਰਪਤੀ ਨੂੰ ਆਪਣੀ ਜਾਨ ਦੇਣੀ ਪਈ। ਪਰ ਉਸ ਦੀ ਇਸ ਸ਼ਹਾਦਤ ਦਾ ਮੁੱਲ ਅੱਜ ਮੁੜ ਗਿਆ, ਜਦੋਂ ਡੇਰੇ ਦਾ ਮੁਖੀਆ ਅੱਜ ਜੇਲ ਦੀ ਹਵਾ ਖਾ ਰਿਹਾ ਹੈ।

ਹੋਰ ਵੀ ਕਈ ਪੱਤਰਕਾਰਾਂ ਨੇ ਸੱਚ ਲਿਖਣ ਤੇ ਸੱਚ ਜੱਗ ਜ਼ਾਹਰ ਕਰਨ ਲਈ ਆਪਣੀਆਂ ਕੀਮਤੀ ਜਾਨਾਂ ਦੇ ਕੇ ਇਸ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤੇ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਨੰਗਾ ਕਰਨਾ ਚਾਹਿਆ, ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਉਹ ਕਲਮਕਾਰ ਅੱਜ ਸਾਡੇ ਵਿੱਚ ਮੌਜੂਦ ਨਹੀਂ। ਪਰ ਫਖਰ ਜ਼ਰੂਰ ਹੈ ਕਿ ਸੱਚ ਉਜਾਗਰ ਕਰਨ ਵਾਲੇ ਉਹ ਸੱਚੇ ਕਲਮਕਾਰ ਆਪਣੀ ਜਾਨ ਦੀ ਬਾਜ਼ੀ ਲਾ ਗਏ ਤੇ ਪਿੱਛੇ ਸੱਚ ਤੇ ਹੱਕ ਲਈ ਲਿਖਣ ਤੇ ਛਾਪਣ ਵਾਲਿਆਂ ਨੂੰ ਇੱਕ ਸ਼ੰਦੇਸ ਦੇ ਕੇ ਗਏ ਹਨ ਕਿ ਐ ਦੋਸਤੋ ਹੌਸਲਾ ਨਾ ਛੱਡਣਾ, ਤੇ ਨਾ ਡਰਨਾ ਕਿਉਂਕਿ ਸੱਚ ਲਿਖਣ ਵਾਲੀ ਕਲਮ ਕਦੇ ਰੁਕਦੀ ਨਹੀਂ, ਝੁਕਦੀ ਨਹੀਂ, ਤੇ ਨਾ ਹੀ ਇਸ ਵਿੱਚੋਂ ਕਦੇ ਸੱਚ ਵਾਲੀ ਸਿਆਹੀ ਮੁੱਕਦੀ ਹੈ। ਸੱਚ ਲਿਖਣਾ ਹਰ ਕਲਮਕਾਰ ਦੀ ਜ਼ਿੰਮੇਵਾਰੀ ਹੈ, ਤੇ ਸੱਚ ਛਾਪਣਾ ਹਰ ਪੱਤਰਕਾਰ ਦੀ ਜ਼ਿੰਮੇਵਾਰੀ ਹੈ। ਜੇਕਰ ਕਲਮ ਦਾ ਕੋਈ ਮੁੱਲ ਹੁੰਦਾ ਤਾਂ ਸ਼ਾਇਦ ਅੱਜ ਡੇਰਾ ਸਾਧ ਵਰਗਾ ਜੇਲ ਵਿੱਚ ਨਾ ਹੁੰਦਾ। ਸੱਚੇ ਸੁੱਚੇ ਤੇ ਉੱਚੇ ਕਲਮਕਾਰਾਂ ਦਾ ਮੁੱਲ ਪਾਉਣ ਵਾਲਾ ਕੋਈ ਇਸ ਜਹਾਨ ’ਤੇ ਪੈਦਾ ਹੀ ਨਹੀਂ ਹੋਇਆ। ਕਲਮ ਹਰ ਤਰ੍ਹਾਂ ਦੇ ਲਾਲਚ ਤੋਂ ਪਰੇ ਹੈ, ਕਲਮ ਦਾ ਕੋਈ ਮੁੱਲ ਹੀ ਨਹੀਂ।

ਇਹ ਤਾਂ ਸੀ ਉਹਨਾਂ ਮਹਾਨ ਕਲਮਕਾਰਾਂ ਲਈ ਮੇਰਾ ਪਿਆਰ, ਸਨੇਹ ਤੇ ਸ਼ਰਧਾਂਜਲੀ, ਹੁਣ ਗੱਲ ਕਰਦੇ ਹਾਂ ਸਾਡੇ ਸਿਸਟਮ ਤੇ ਨਾਲ ਜੁੜੇ ਸਿਆਸਤਦਾਨਾਂ ਦੀ। ਜੇਕਰ ਸਾਰੇ ਲੀਡਰਾਂ, ਸਿਆਸਤਦਾਨਾਂ ਤੇ ਉੱਚੇ ਘਰਾਣਿਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਕੁੰਡਲੀ ਵੇਖਣ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠੇ ਹਨ ਉਹਨਾਂ ਤੋਂ ਕੰਮ ਕਰਵਾਉਣ ਵਾਲੇ ਆਰ. ਐੱਸ, ਐੱਸ ਦੇ ਮੁਖੀ ਮੋਹਨ ਦਾਸ ਭਾਗਵਤ ਹਨ, ਜੋ ਪੂਰੇ ਦੇਸ਼ ਵਿੱਚ ਹਿੰਦੂ ਰਾਜ ਵੇਖਣਾ ਚਾਹੁੰਦੇ ਹਨ। ਕੀ ਇਹ ਸਭ ਠੀਕ ਹੈ? ਸਿਆਣੇ ਕਹਿੰਦੇ ਹਨ ਕਿ ਇੱਕ ਪਾਸਾ ਤਾਂ ਰੋਟੀ ਦਾ ਵੀ ਸੜ ਜਾਦਾ ਹੈ, ਫੇਰ ਇੱਕ ਧਰਮ ਦਾ ਜਾਂ ਇੱਕ ਕੌਮ ਦਾ ਵਿਸਤਾਰ ਕਿਵੇਂ ਹੋ ਸਕਦਾ ਹੈ। ਭਾਰਤ ਦੇਸ਼ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ ਹਰ ਧਰਮ ਦੇ ਲੋਕਾਂ ਨੂੰ ਆਪਣੀ ਆਪਣੀ ਗੱਲ ਕਹਿਣ ਤੇ ਆਪਣੇ ਧਰਮਾਂ ਅਨੁਸਾਰ ਜ਼ਿੰਦਗੀ ਜਿਉਣ ਦਾ ਪੂਰਾ ਪੂਰਾ ਹੱਕ ਹੈ। ਘੱਟ ਗਿਣਤੀਆਂ ਜਾਂ ਕਿਸੇ ਧਰਮ ਨੂੰ ਢਾਹ ਲਾਉਣਾ ਜਾਂ ਖਤਮ ਕਰਨ ਦੀਆਂ ਨੀਤੀਆ ਬਣਾਉਣਾ ਜਾਂ ਕਿਸੇ ਧਰਮ ਤੇ ਕੌਮ ਨੂੰ ਮੁਕਾਉਣ ਦੀਆਂ ਸਾਜ਼ਿਸਾਂ ਰਚਣਾ ਕੋਈ ਧਰਮ ਪ੍ਰਤੀ ਵਫਾਦਾਰੀ ਜਾਂ ਕਿਸੇ ਧਰਮ ਦਾ ਉਦੇਸ਼ ਨਹੀਂ ਹੈ। ਜਿਨ੍ਹਾਂ ਕਲਮਕਾਰਾਂ ਨੇ ਹੁਣ ਤਕ ਆਪਣੀ ਜਾਨਾਂ ਦਿੱਤੀਆਂ ਹਨ, ਉਹਨਾਂ ਦਾ ਸਿਰਫ਼ ਤੇ ਸਿਰਫ਼ ਕਸੂਰ ਇੰਨਾ ਸੀ ਕੀ ਉਹਨਾਂ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਜੱਗ ਜ਼ਾਹਰ ਕਰਨ ਦੀ ਕੋਸ਼ਿਸ ਕੀਤੀ। ਹੋਰ ਉਹਨਾਂ ਕਲਮਕਾਰਾਂ ਦਾ ਕੀ ਕਸੂਰ ਸੀ?

ਜਿਹੜਾ ਇਨਸਾਨ ਸੰਵੇਦਨਸ਼ੀਲ ਹੈ ਤੇ ਆਪਣੇ ਦੇਸ਼ ਪ੍ਰਤੀ ਵਫਾਦਾਰ ਹੈ, ਉਹ ਤਾਂ ਸਮਾਜ ਵਿਚ ਫੈਲ ਰਹੀਆਂ ਮਨੁੱਖ ਲਈ ਘਾਤਕ ਬੁਰਾਈਆਂ ਨੂੰ ਉਜਾਗਰ ਕਰੇਗਾ ਹੀ ਦੇਸ਼ ਦਾ ਸੱਚਾ ਪਹਿਰੇਦਾਰ ਉਹ ਹੀ ਇਨਸਾਨ ਹੈ, ਜੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਹੌਸਲਾ ਰੱਖਦਾ ਹੋਵੇ। ਜੇਕਰ ਨਰਿੰਦਰ ਮੋਦੀ ਜੀ ਬੇਟੀ ਪੜ੍ਹਾਓ,ਬੇਟੀ ਬਚਾਓ ਵਿੱਚ ਯਕੀਨ ਰੱਖਦੇ ਹਨ ਤਾਂ ਆਪਣੀ 56 ਇੰਚ ਦੀ ਛਾਤੀ ਵਿੱਚ ਦੇਸ਼ ਲਈ ਵਫਾਦਾਰੀ ਰੱਖਦੇ ਹਨ ਤਾਂ ਉਸ ਮਹਾਨ ਪੱਤਰਕਾਰ ਗੌਰੀ ਲੰਕੇਸ਼ ਨੂੰ ਇਨਸਾਫ਼ ਦਿਵਾਉਣ, ਉਸਦੇ ਕਾਤਲਾਂ ਨੂੰ ਤੇ ਕਤਲ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਤਾਂ ਜੋ ਉਸ ਮਹਾਨ ਪੱਤਰਕਾਰ ਨੂੰ ਇਨਸਾਫ ਮਿਲ ਸਕੇ।

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਹੋਰ ਨੇਤਾਵਾਂ ਨੂੰ ਸੱਚੇ ਸੁੱਚੇ ਪੱਤਰਕਾਰਾਂ ਉੱਤੇ ਫ਼ਖਰ ਹੋਣਾ ਚਾਹੀਦਾ ਹੈ ਕਿ ਇਹ ਪੱਤਰਕਾਰ ਸੱਚੀ ਸੇਵਾ ਨਿਭਾ ਰਹੇ ਹਨ। ਸਾਡੇ ਦੇਸ਼ ਦੀਆਂ ਖਾਮੀਆਂ ਨੂੰ ਜੱਗ ਜ਼ਾਹਰ ਕਰ ਰਹੇ ਹਨ। ਇਨਸਾਨ ਉਹ ਹੀ ਤਰੱਕੀ ਕਰੇਗਾ, ਅਸੀਂ ਜਿਸ ਦੀਆਂ ਖ਼ਾਮੀਆਂ ਉਸ ਨੂੰ ਦੱਸਾਂਗੇ। ਇਹੋ ਗੱਲ ਪੂਰੇ ਦੇਸ਼ ਲਈ ਹੈ। ਸਾਡੇ ਦੇਸ਼ ਦੇ ਇਹ ਪੱਤਰਕਾਰ ਸੱਚੀ ਸੇਵਾ ਨਿਭਾ ਰਹੇ ਹਨ। ਇਹ ਸਾਰੇ ਮਹਾਨ ਦੇਸ਼ ਦਾ ਅਨਿੱਖੜਵਾਂ ਅੰਗ ਹਨ। ਇਹ ਸ਼ੀਸੇ ਦਾ ਕੰਮ ਕਰਦੇ ਹਨ ਜੋ ਸਰਕਾਰਾਂ ਦੀਆਂ ਕਮੀਆਂ ਤੇ ਨਲਾਇਕੀਆਂ ਦੱਸਦੇ ਹਨ। ਸਿਆਸਤਦਾਨਾਂ ਨੂੰ ਇਹਨਾਂ ਪੱਤਰਕਾਰਾਂ ਉੱਤੇ ਫ਼ਖਰ ਮਹਿਸੂਸ ਕਰਨਾ ਚਾਹੀਦਾ ਜੋ ਹਰ ਪਲ ਪੈਰ ਪੈਰ ’ਤੇ ਦੇਸ਼ ਲਈ ਪੂਰੇ ਤਨ ਮਨ ਨਾਲ ਸੇਵਾ ਕਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸੱਚ ਲਿਖਣ ਤੇ ਛਾਪਣ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰੇ।

*****

(857)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਪ੍ਰੀਤ ਸਿੰਘ ਜਖਵਾਲੀ

ਗੁਰਪ੍ਰੀਤ ਸਿੰਘ ਜਖਵਾਲੀ

Jakhwali, Fatehgarh Sahib, Punjab, India.
Phone: (91 - 98550 - 36444)
Email: (jakhwali89@gmail.com)

More articles from this author