GurpreetSJakhwali7ਪਰ ਅਫ਼ਸੋਸ ਸਾਡੇ ਧਰਮ ਦੇ ਠੇਕੇਦਾਰਾਂ ਨੂੰ ਨਾ ਬਣਦੀਆਂ ਸਜ਼ਾਵਾਂ ਮਿਲੀਆਂ ਤੇ ਨਾ ...
(27 ਅਕਤੂਬਰ 2020)

 

ਸਾਡਾ ਭਾਰਤ ਦੇਸ਼ ਮਹਾਨ ਹੈ ਜਾਂ ਸਾਡੇ ਸਮਾਜ ਦੇ ਲੋਕਾਂ ਨੇ ਮਹਾਨ ਬਣਾ ਦਿੱਤਾ? ਅਸੀਂ ਅਕਸਰ ਹੀ ਸੁਣਦੇ ਆ ਰਹੇ ਹਾਂ ਕਿ ਸਾਡੇ ਭਾਰਤ ਦੇਸ਼ ਵਿੱਚ ਹਰੇਕ ਧਰਮ ਹਰੇਕ ਜਾਤੀਂ ਦੇ ਲੋਕ ਰਹਿੰਦੇ ਹਨ, ਜੇਕਰ ਇਸ ਭਾਰਤ ਦੇਸ਼ ਨੂੰ ਬਹੁ-ਧਰਮੀ ਦੇਸ਼ ਜਾਂ ਬਹੁ-ਜਾਤੀ ਦੇਸ਼ ਕਿਹਾ ਜਾਵੇ ਤਾਂ ਵੀ ਦੋ ਰਾਵਾਂ ਨਹੀਂਪਰ ਜਿਵੇਂ ਜਿਵੇਂ ਦੇਸ਼ ਦਾ ਪਸਾਰ ਹੁੰਦਾ ਗਿਆ ਭਾਵ ਵਿਕਾਸ ਹੁੰਦਾ ਗਿਆ ਸਾਡੇ ਦੇਸ਼ ਦੇ ਲੋਕਾਂ ਦਾ ਧਰਮ ਤੇ ਧਰਮੀ ਲੋਕਾਂ ਉੱਤੇ ਵਿਸ਼ਵਾਸ ਵੀ ਗੂੜ੍ਹਾ ਤੇ ਅਟੱਲ ਹੁੰਦਾ ਗਿਆ। ਪਰ ਇਸ ਅੰਨ੍ਹੇ ਵਿਸ਼ਵਾਸ ਨੇ ਸਾਡੇ ਭਾਰਤੀ ਲੋਕਾਂ ਦਾ ਜਿਵੇਂ ਦਿਮਾਗ਼ੀ ਸੰਤੁਲਨ ਹੀ ਵਿਗਾੜ ਦਿੱਤਾ ਹੋਵੇ, ਕਈ ਵਾਰੀ ਇੰਝ ਪ੍ਰਤੀਕ ਹੁੰਦਾ ਹੈ

ਸਾਡੇ ਭਾਰਤ ਦੇਸ਼ ਮਹਾਨ ਵਿੱਚ ਹਰ ਰੋਜ਼ ਭਾਵੇਂ ਸਵੇਰ ਤੋਂ ਸ਼ਾਮ ਤਕ ਧਰਮ ਦੇ ਪ੍ਰਚਾਰਕ ਲੋਕਾਂ ਨੂੰ ਆਪਣੇ ਆਪਣੇ ਧਰਮ ਦਾ ਗਿਆਨ ਵੰਡਦੇ ਰਹਿੰਦੇ ਹਨ, ਜਿਵੇਂ ਗੁਰਦੁਵਾਰਿਆਂ ਤੋਂ ਗੁਰਬਾਣੀ ਦਾ ਪ੍ਰਚਾਰ, ਮਸਜਿਦ ਵਿੱਚੋਂ ਕੁਰਾਨ ਦਾ ਗਿਆਨ, ਚਰਚ ਵਿੱਚੋਂ ਬਾਈਬਲ ਦਾ ਗਿਆਨ, ਮੰਦਰਾਂ ਵਿੱਚੋਂ ਗੀਤਾ ਦਾ ਗਿਆਨ, ਬਾਕੀ ਬਚੇ ਅਖੌਤੀ ਸਾਧਾਂ ਸੰਤਾਂ ਦੇ ਡੇਰਿਆਂ ਵਿੱਚੋਂ ਪੈਦਾ ਹੁੰਦਾ ਨਿੱਤ ਦਾ ਪ੍ਰਚਾਰ ਜਾਂ ਕੋਈ ਨਵਾਂ ਲੋਕ ਮਾਰੂ ਪਖੰਡ, ਤੁਸੀਂ ਆਪ ਹੀ ਸੋਚਣਾ ਕਿ ਸਾਡੇ ਦੇਸ਼ ਵਿੱਚ ਹਰ ਰੋਜ਼ ਹੁੰਦੇ ਐਨੇ ਗਿਆਨ ਦੀਆਂ ਗੱਲਾਂ ਜਾਂ ਹਰ ਰੋਜ਼ ਧਰਮ ਦਾ ਪ੍ਰਚਾਰ ਹੋਣ ਕਰਕੇ ਹੁਣ ਤਕ ਤਾਂ ਸਾਡਾ ਭਾਰਤ ਦੇਸ਼ ਸੱਚਮੁੱਚ ਇੱਕ ਸਵਾਰਗ ਬਣ ਜਾਣਾ ਚਾਹੀਦਾ ਸੀ। ਪਰ ਅਫ਼ਸੋਸ ਕਿ ਨਾ ਤਾਂ ਸਾਡਾ ਭਾਰਤ ਸਵਾਰਗ ਬਣ ਸਕਿਆ ਨਾ ਹੀ ਗਿਆਨਵਾਨ, ਉਲਟਾ ਪਖੰਡੀ ਤੇ ਠੱਗਾਂ ਨੇ ਧਰਮ ਦੀ ਆੜ ਵਿੱਚ ਅੰਧਵਿਸ਼ਵਾਸੀ ਲੋਕਾਂ ਨੂੰ ਲੁੱਟਣ ਦਾ ਧੰਦਾ ਜ਼ਰੂਰ ਬਣਾ ਲਿਆ ਹੈ

ਅਸੀਂ ਲੋਕ ਐਨੇ ਧਰਮਾਂ ਦੇ ਵਿੱਚ ਰਹਿਕੇ ਵੀ ਧਰਮੀ ਤੇ ਗਿਆਨਵਾਨ ਨਾ ਬਣ ਪਾਏ, ਪਰ ਅੰਧਵਿਸ਼ਵਾਸੀ ਤੇ ਅੰਨ੍ਹੇ ਭਗਤ ਜ਼ਰੂਰ ਬਣ ਗਏ। ਇਸੇ ਅੰਨ੍ਹੀ ਸ਼ਰਧਾ ਨੇ ਸਾਡੇ ਲੋਕਾਂ ਤੋਂ ਬਹੁਤ ਘਿਣਾਉਣੇ ਕਾਰਨਾਮੇ ਕਰਵਾਏ। ਮਨੁੱਖੀ ਬਲੀਆਂ ਦਿੱਤੀਆਂ ਗਈਆਂ, ਆਰਥਿਕ ਤੇ ਸਰੀਰਕ ਸ਼ੋਸ਼ਣ ਹੁੰਦਾ ਰਿਹਾ ਤੇ ਹੋ ਰਿਹਾ ਹੈ। ਬਹੁਤ ਸਾਰੇ ਧਰਮ ਦੇ ਠੇਕੇਦਾਰਾਂ ਨੇ ਧਰਮ ਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਤੇ ਲੋਕਤੰਤਰ ਦਾ ਘਾਣ ਕੀਤਾ ਹੈ। ਅਸਲੀਅਤ ਵਿੱਚ ਸਾਡੇ ਗੁਰੂਆਂ ਤੇ ਪੀਰਾਂ ਫ਼ਕੀਰਾਂ, ਰਹਿਬਰਾਂ ਦਾ ਫੁਰਮਾਨ ਅੰਨ੍ਹੀ ਸ਼ਰਧਾ ਜਾਂ ਅੰਨ੍ਹਾ ਵਿਸ਼ਵਾਸ ਨਹੀਂ ਸੀ। ਉਹਨਾਂ ਦਾ ਫੁਰਮਾਨ ਸੀ ਦੁਨੀਆਂ ਨੂੰ ਸਮਝਣਾ ਤੇ ਇਨਸਾਨੀਅਤ ਵਾਲਾ ਜੀਵਨ ਜਿਊਣਾ, ਦੁਖੀਆ ਦੇ ਦੁੱਖ ਦਰਦ ਵੰਡਾਉਣੇ। ਮੁਸ਼ਕਿਲ ਦੀ ਘੜੀ ਵਿੱਚ ਇਨਸਾਨ ਦੇ ਨਾਲ ਖੜ੍ਹਨਾ। ਪਰ ਅਸੀਂ ਲੋਕ ਕਿੱਥੇ ਜਾ ਕੇ ਖੜ੍ਹੇ? ਧੰਨ ਦੌਲਤ ਤੇ ਵਕਾਰਾਂ ਵਾਲੇ ਪਾਸੇ। ਅਸੀਂ ਆਪਣੇ ਧਰਮ ਅਨੁਸਾਰ 10% ਵੀ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਧਰਮ ਦੇ ਠੇਕੇਦਾਰਾਂ ਨੇ ਆਪਣੀਆਂ ਜਾਇਦਾਦਾਂ ਜ਼ਰੂਰ ਕਰੋੜਾਂ ਅਰਬਾਂ ਦੀਆਂ ਬਣਾ ਲਈਆਂ ਹਨ

ਬੇਈਮਾਨ ਲੋਕਾਂ ਨੇ ਧਰਮ ਨੂੰ ਆਪਣੀ ਪੁਸ਼ਤੀ ਤੇ ਮੁਖਤਿਆਰੀ ਵਾਲੀ ਜਾਇਦਾਤ ਸਮਝਕੇ ਸਾਡੇ ਭੋਲ਼ੇ ਭਾਲੇ ਲੋਕਾਂ ਦਾ ਪੂਰੀ ਤਰ੍ਹਾਂ ਦਿਮਾਗ਼ੀ ਤੇ ਸਰੀਰਕ ਸ਼ੋਸ਼ਣ ਕੀਤਾ ਹੈ। ਧਰਮ ਦੀ ਆੜ ਵਿੱਚ ਬਾਲੜੀਆਂ ਨਾਲ ਬਲਾਤਕਾਰ ਹੋਏ, ਧਰਮ ਦੇ ਨਾਮ ਉੱਤੇ ਇਨਸਾਨ ਤੇ ਇਨਸਾਨੀਅਤ ਦਾ ਸ਼ਰੇਆਮ ਕਤਲ ਹੋਇਆ ਪਰ ਅਫ਼ਸੋਸ ਸਾਡੇ ਧਰਮ ਦੇ ਠੇਕੇਦਾਰਾਂ ਨੂੰ ਨਾ ਬਣਦੀਆਂ ਸਜ਼ਾਵਾਂ ਮਿਲੀਆਂ ਤੇ ਨਾ ਇਨ੍ਹਾਂ ਪ੍ਰਤੀ ਬਣਦੀ ਕੋਈ ਕਾਰਵਾਈ ਕੀਤੀ ਗਈ। ਬੱਸ ਇਨਸਾਨੀਅਤ ਨਿਲਾਮ ਹੁੰਦੀ ਗਈ, ਤੇ ਜੱਗ ਤਮਾਸ਼ਾ ਵੇਖਦਾ ਰਿਹਾ। ਸਾਡੀ ‘ਆਪਾਂ ਨੂੰ ਕੀ?’ ਵਾਲੀ ਸੋਚ ਕਾਰਣ ਅੱਜ ਸਾਡੇ ਘਰਬਾਰ ਤੇ ਸਾਡੀਆਂ ਧੀਆਂ ਭੈਣਾਂ ਵੀ ਮਹਿਫੂਜ਼ ਨਹੀਂ ਰਹਿ ਗਈਆਂ।

ਸਾਡੇ ਨਾਲੋਂ ਯੂਰਪ ਦੇਸ਼ ਕਿਉਂ ਅੱਗੇ ਹਨ? ਕਿਉਂਕਿ ਉੱਥੇ ਧਰਮਾਂ ਤੇ ਜਾਤਾਂ ਦਾ ਤੇ ਗੋਰੇ ਕਾਲੇ ਰੰਗ ਦਾ ਕੋਈ ਭੇਤ-ਭਾਵ ਨਹੀਂ ਕੀਤਾ ਜਾਂਦਾ। ਪੱਛਮੀ ਦੇਸ਼ਾਂ ਦੀ ਸੋਚ ਆਪਣੇ ਦੇਸ਼ ਤੇ ਆਪਣੇ ਲੋਕਾਂ ਲਈ ਕੁਝ ਕਰਨ ਤੇ ਕੁਝ ਵਧੀਆ ਦੇ ਕੇ ਜਾਣ ਦੀ ਸੋਚ ਕੰਮ ਕਰਦੀ ਹੈ ਨਾ ਕਿ ਕਿਸੇ ਘਟੀਆ ਤੇ ਵਿਤਕਰੇ ਵਾਲੀ ਸੋਚ। ਉਹ ਲੋਕ ਕੁਦਰਤ ਨੂੰ ਭਾਵ ਆਪਣੇ ਆਲੇ ਦੁਆਲੇ ਨੂੰ ਹੀ ਰੱਬ ਮੰਨਦੇ ਹਨ। ਪੱਛਮੀ ਲੋਕਾਂ ਲਈ ਧਰਤੀ ਦੀ ਸਾਂਭ ਸੰਭਾਲ ਹੀ ਰੱਬ ਦੀ ਬੰਦਗ਼ੀ ਹੈ। ਉਹ ਲੋਕ ਇਨਸਾਨ ਤੇ ਇਨਸਾਨੀਅਤ ਨੂੰ ਪਸੰਦ ਕਰਦੇ ਹਨ। ਉੱਥੋਂ ਦੇ ਲੋਕ ਅਤੇ ਸਰਕਾਰਾਂ ਇਮਾਨਦਾਰ ਹਨ। ਉੱਥੇ ਦੇ ਲੋਕਾਂ ਲਈ ਕਾਨੂੰਨ ਸਭ ਲਈ ਬਰਾਬਰ ਹੈ। ਉਹਨਾਂ ਦੀ ਸੋਚ ਦੇ ਨਾਲ ਨਾਲ ਉੱਥੇ ਦਾ ਕਾਨੂੰਨ ਵੀ ਉੱਚਾ ਤੇ ਸੁੱਚਾ ਹੈ। ਉਨ੍ਹਾਂ ਚੰਗੇ ਲੋਕਾਂ ਦੀ ਸੋਚ ਨੂੰ ਸਲਾਮ ਹੈ

ਸਾਡੇ ਭਾਰਤੀ ਲੋਕਾਂ ਵਿੱਚ ਹੁਣ ਧਰਮ ਦਾ ਪ੍ਰਚਾਰ ਹੋ ਰਿਹਾ ਜਾਂ ਅੰਧਧਰਮੀ ਦਾ? ਪਰ ਜਿਹੜਾ ਵੀ ਧਰਮ ਜਾਂ ਵਿਚਾਰ ਇਨਸਾਨੀਅਤ ਤੇ ਇਨਸਾਨ ਨੂੰ ਖ਼ਤਮ ਕਰਨ ਜਾਂ ਦੁੱਖ ਪਹੁੰਚਾਉਣ ਲਈ ਯੋਗਦਾਨ ਪਾ ਰਹੇ ਹਨ, ਮੈਂ ਉਹਨਾਂ ਨੂੰ ਧਰਮ ਹੀ ਨਹੀਂ ਮੰਨਦਾ। ਨਾ ਉਹਨਾਂ ਪ੍ਰਚਾਰਕ ਨੂੰ ਇਨਸਾਨ ਸਮਝਦਾ ਹਾਂ, ਜੋ ਇਨਸਾਨ ਨੂੰ ਇਨਸਾਨ ਦਾ ਦੁਸ਼ਮਣ ਬਣਾਵੇ ਜਾਂ ਇਨਸਾਨੀਅਤ ਲਈ ਖ਼ਤਰਾ ਪੈਦਾ ਕਰੇ। ਇਨਸਾਨੀਅਤ ਪ੍ਰਤੀ ਲੋਕਾਂ ਨੂੰ ਭੜਕਾਉਣ ਵਾਲੇ, ਧਰਮਾਂ ਪਿੱਛੇ ਇਨਸਾਨਾਂ ਨੂੰ ਇਨਸਾਨਾਂ ਨਾਲ ਲੜਾਉਣ ਵਾਲੇ ਸਭ ਤੋਂ ਗਿਰੀ ਹੋਈ ਸੋਚ ਦੇ ਧਾਰਨੀ ਹੁੰਦੇ ਹਨ। ਕਿੰਨਾ ਚੰਗਾ ਹੋਵੇ ਜੇ ਮੇਰੇ ਦੇਸ਼, ਭਾਵ ਭਾਰਤ ਦੇ ਲੋਕਾਂ ਨੂੰ ਜਾਤਾਂ ਧਰਮਾਂ ਦੀਆਂ ਗੱਲਾਂ ਛੱਡਕੇ ਇਨਸਾਨੀਅਤ ਤੇ ਇਨਸਾਨ ਲਈ ਜਿਊਣਾ ਆ ਜਾਵੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2396)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਪ੍ਰੀਤ ਸਿੰਘ ਜਖਵਾਲੀ

ਗੁਰਪ੍ਰੀਤ ਸਿੰਘ ਜਖਵਾਲੀ

Jakhwali, Fatehgarh Sahib, Punjab, India.
Phone: (91 - 98550 - 36444)
Email: (jakhwali89@gmail.com)

More articles from this author