“ਉਹ ਲੱਖਾਂ ਤੋਂ ਕਰੋੜਾਂ ਅਤੇ ਕਰੋੜਾਂ ਤੋਂ ਅਰਬਾਂ ਖਰਬਾਂ ਦੇ ਮਾਲਕ ਕਦੋਂ ਹੋ ਗਏ ਸਾਨੂੰ ...”
(7 ਅਕਤੂਬਰ 2018)
ਸਿਆਸਤ ਵੀ ਬੜੀ ਅਜੀਬ ਖੇਡ ਹੈ। ਇਸਦਾ ਨਸ਼ਾ ਸਭ ਨਸ਼ਿਆ ਤੋਂ ਵੀ ਭਾਰੂ ਹੈ! ਇੱਕ ਸਿਆਸਤ ਹੀ ਏਦਾਂ ਦਾ ਵਰਤਾਰਾ ਹੈ, ਜਿਸ ਵਿੱਚ ਵਿੱਦਿਆ ਯੋਗਤਾ ਵੀ ਕੋਈ ਮਾਇਨੇ ਨਹੀਂ ਰੱਖਦੀ। ਨਾ ਹੀ ਕਿਸੇ ਚਰਿੱਤਰ ਸਰਟੀਫਿਕੇਟ ਦੀ ਲੋੜ ਪੈਂਦੀ ਹੈ। ਸਿਆਸਤ ਦੀ ਜਮਾਤ ਵਿੱਚ ਚਾਹੇ ਕੋਈ ਅਪਰਾਧੀ ਦਾਖਲਾ ਲੈ ਲਵੇ, ਚਾਹੇ ਅਨਪੜ੍ਹ, ਸਭ ਜਾਇਜ਼ ਹੈ। ਜੇਕਰ ਸਿਆਸਤ ਵਿੱਚ ਆਉਣ ਵਾਲੇ ਬੰਦੇ ਦਾ ਪਿਛੋਕੜ ਬਲਾਤਕਾਰੀ, ਖੂਨੀ, ਅਪਰਾਧੀ, ਚ੍ਰਿੱਤਰਹੀਣ ਜਾਂ ਚੋਰੀਆਂ-ਠੱਗੀਆਂ ਵਾਲਾ ਹੋਵੇ ਤਾਂ ਉਸ ਨੂੰ ਪਹਿਲ ਦੇ ਅਧਾਰ ’ਤੇ ਦਾਖ਼ਲਾ ਪੱਕਾ ਮਿਲ ਜਾਂਦਾ ਹੈ। ਜਿਹੜਾ ਵਿਅਕਤੀ ਝੂਠ ਬੋਲਣ ਦੀ ਮੁਹਾਰਤ ਰੱਖਦਾ ਹੋਵੇ, ਉਹ ਵੀ ਯੋਗ ਉਮੀਦਵਾਰ ਮੰਨਿਆ ਜਾਂਦਾ ਹੈ। ਸਿਆਸਤ ਵਿੱਚ ਉਮਰ ਦੀ ਵੀ ਕੋਈ ਸੀਮਾ ਨਹੀਂ। ਹੁਣ ਤੁਸੀਂ ਹੀ ਦੱਸੋ, ਸਾਡਾ ਦੇਸ ਕਿਵੇਂ ਤਰੱਕੀ ਕਰੇਗਾ, ਅਸੀਂ ਆਪਣੇ ਦੇਸ ਦੀ ਵਾਗਡੋਰ ਤਾਂ ਅਪਰਾਧੀਆਂ ਅਤੇ ਲਾਲਚੀ ਲੋਕਾਂ ਦੇ ਹੱਥ ਫੜਾ ਰੱਖੀ ਹੈ ਤੇ ਉਮੀਦਾਂ ਰੱਖਦੇ ਹਾਂ ਇਨਸਾਫ਼ ਅਤੇ ਨਿਆਂ ਪਸੰਦ ਵਰਤਾਰੇ ਦੀਆਂ। ਇਹ ਹੈ ਸਾਡੇ ਦੇਸ ਦਾ ਲੋਕਤੰਤਰ?
ਅੱਜ ਆਜ਼ਾਦ ਭਾਰਤ ਦੇ ਆਜ਼ਾਦ ਭਾਰਤੀ ਚੋਣ ਪ੍ਰਕਿਰਿਆ ਵਿੱਚ ਆਪਣੇ ਹੱਥੀਂ ਕੰਡੇ ਬੀਜਕੇ ਕੇ ਫੁੱਲਾਂ ਦੀ ਆਸ ਰੱਖਦੇ ਹਨ। ਇਹ ਨਾ ਸਮਝ ਅਤੇ ਮੂਰਖ ਲੋਕਾਂ ਵਾਲੀ ਸੋਚ! ਅਸੀਂ 127 ਕਰੋੜ ਭਾਰਤੀ ਲੋਕ ਅਨਪੜ੍ਹ ਅਤੇ ਗੈਰ ਤਜ਼ਰਬੇਕਾਰ ਲੀਡਰ ਚੁਣਦੇ ਆ ਰਹੇ ਹਾਂ। ਨਤੀਜਾ, ਭਾਰਤ ਕਰਜ਼ਾਈ ਹੋ ਰਿਹਾ ਹੈ ਅਤੇ ਮਹਿੰਗਾਈ ਸੱਤਵੇਂ ਅਸਮਾਨ ’ਤੇ ਪਹੁੰਚ ਗਈ ਹੈ। ਹਰੇਕ ਵਸਤੂ ਦੀ ਕੀਮਤ ਆਮ ਅਤੇ ਖ਼ਾਸ ਬੰਦੇ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਆਖ਼ਰ ਅਸੀਂ ਗਲਤ ਕਿੱਥੇ ਹਾਂ? ਹੁਣ ਤੱਕ ਜੋ ਅਸੀਂ ਲੀਡਰ ਚੁਣੇ, ਸਭ ਦੇ ਸਭ ਅਮੀਰ ਹੋਰ ਅਮੀਰ ਹੋ ਗਏ। ਉਨ੍ਹਾਂ ਦੀ ਆਮਦਨ ਚਾਰ ਚਾਰ ਗੁਣਾਂ ਹੋ ਗਈ। ਉਹ ਲੱਖਾਂ ਤੋਂ ਕਰੋੜਾਂ ਅਤੇ ਕਰੋੜਾਂ ਤੋਂ ਅਰਬਾਂ ਖਰਬਾਂ ਦੇ ਮਾਲਕ ਕਦੋਂ ਹੋ ਗਏ ਸਾਨੂੰ ਵੀ ਪਤਾ ਨਹੀਂ ਲੱਗਾ। ਸਿਆਸੀ ਬੰਦੇ ਸਿਆਸਤ ਵਿੱਚ ਆਕੇ ਸਾਰਿਆ ਤੋਂ ਉੱਪਰ ਕਿਵੇਂ ਹੋ ਜਾਂਦੇ ਹਨ? ਇਹਨਾਂ ਉੱਪਰ ਕੋਈ ਕਾਨੂੰਨ ਜਾਂ ਸੰਵਿਧਾਨ ਲਾਗੂ ਨਹੀਂ ਹੁੰਦਾ? ਇਹ ਕਿਵੇਂ ਅਪਰਾਧੀ ਤੇ ਅਨਪੜ੍ਹ ਹੋਣ ’ਤੇ ਵੀ ਪੜ੍ਹਿਆਂ ਲਿਖਿਆਂ ਉੱਪਰ ਰਾਜ ਕਰੀ ਜਾਂਦੇ ਹਨ! ਇਹ ਜਨਤਾ ਦਾ ਪੈਸਾ ਆਪਣੇ ਐਸ਼ੋ ਅਰਾਮ ਵਿੱਚ ਲਗਾਈ ਜਾਂਦੇ ਹਨ।
ਇੱਥੇ ਇੱਕ ਗੱਲ ਤਾਂ ਜਰੂਰ ਹੈ, ਜਾਂ ਤਾਂ ਇਹ ਇਹ ਲੋਕ ਚਲਾਕ ਹਨ ਜਾਂ ਅਸੀਂ 127 ਕਰੋੜ ਭਾਰਤੀ ਲੋਕ ਮੂਰਖ ਹਾਂ। ਤਾਂਹੀਉਂ ਤਾਂ ਇਹ ਸਾਡਾ ਮਿਹਨਤ ਨਾਲ ਕਮਾਇਆ ਪੈਸਾ ਮਿੱਟੀ ਘੱਟੇ ਵਾਂਗ ਉਡਾ ਦਿੰਦੇ ਹਨ! ਉਂਝ ਭਾਵੇਂ ਕਹਿਣ ਨੂੰ ਅਸੀਂ ਸਾਰੇ ਆਜ਼ਾਦ ਭਾਰਤ ਦੇ ਵਾਸੀ ਹਾਂ ਪਰ ਸੱਚ ਬੋਲਣ ਵਾਲੇ ਤੇ ਲਿਖਣ ਵਾਲੇ ਨੂੰ ਫਾਂਸੀ ਹੈ ਜਾਂ ਲੰਮੀ ਸਜ਼ਾ। ਫਿਰ ਅਸੀਂ ਆਜ਼ਾਦ ਭਾਰਤ ਜਾਂ ਆਜ਼ਾਦੀ ਕਿਸ ਨੂੰ ਕਹਾਂਗੇ?
ਕੀ ਕਾਨੂੰਨ ਦੇ ਰਾਖੇ ਵੀ ਇਹਨਾਂ ਦੇ ਗ਼ੁਲਾਮ ਹਨ? ਕੀ ਇਹ ਆਪਣੇ ਅਹੁਦੇ ਦੀ ਸੌਂਹ ਚੁੱਕਣ ਵੇਲੇ ਇਹ ਹੀ ਮਨ ਵਿੱਚ ਧਾਰਕੇ ਇਸ ਪਦਵੀ ਜਾਂ ਮੁਕਾਮ ’ਤੇ ਆਉਂਦੇ ਹਨ ਕੀ ਅਸੀਂ ਆਪਣੇ ਲੋਕਾਂ ਦਾ ਹੀ ਖੂਨ ਪੀਣਾ ਹੈ ਤੇ ਤੰਗ ਪ੍ਰੇਸ਼ਾਨ ਕਰਨਾ ਹੈ, ਸਿਆਸਤਦਾਨਾਂ ਦੇ ਤਲਵੇ ਹੀ ਚੱਟਣੇ ਹਨ! ਸਾਰੇ ਮੁਲਕ ਸਾਡੇ ਦੇਸ ਦੇ ਸੰਵਿਧਾਨ ਦਾ ਸਤਿਕਾਰ ਕਰਦੇ ਹਨ ਤੇ ਸੰਵਿਧਾਨ ਦੇ ਅਨੁਸਾਰ ਅਸੀਂ ਸਾਰੇ ਬਰਾਬਰ ਹਾਂ, ਫਿਰ ਸਾਡੇ ਵਿੱਚ ਇੰਨੇ ਵਖਰੇਵੇਂ ਕਿਉਂ?
ਇਹ ਸਿਆਸੀ ਬੰਦੇ ਸਾਡੀਆਂ ਵੋਟਾਂ ਦੇ ਸਹਾਰੇ ਹੀ ਸਾਡੇ ’ਤੇ ਭਾਰ ਬਣਕੇ ਬੈਠ ਜਾਂਦੇ ਹਨ, ਇਹ ਹੈ ਸਾਡੇ ਭਾਰਤ ਦਾ ਲੋਕਤੰਤਰ! ਹੁਣ ਤੁਸੀਂ ਆਪ ਹੀ ਦੱਸੋ ਇਸ ਲੋਕਤੰਤਰ ’ਤੇ ਮਾਣ ਕਰੀਏ ਜਾਂ ਸ਼ਰਮਿੰਦਗੀ? ਅਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਚੁਣਦੇ ਹਾਂ ਜਾਂ ਇਹਨਾਂ ਦੀ ਜਿੰਦਗੀ ਸਵਰਗ ਬਣਾਉਣ ਲਈ? ਇਸ ਸਵਾਲ ਦਾ ਜਵਾਬ ਮੈਂ ਭਾਰਤ ਦੀ ਜਨਤਾ ਤੋਂ ਮੰਗਦਾ ਹਾਂ।
ਅਸੀਂ ਸਾਰੇ ਗੱਲਾਂ ਹੀ ਕਰਨ ਜੋਗੇ ਹਾਂ ਕਿ ਅਮਰੀਕਾ ਵਿੱਚ ਇਵੇਂ ਹੈ, ਕੈਨੇਡਾ ਵਿੱਚ ਇਵੇਂ ਹੈ! ਲੋਕੋ ਸੋਚੋ, ਇੱਥੇ ਤੇ ਉੱਥੇ ਦੇ ਕਾਨੂੰਨ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ! ਉੱਥੇ ਹਰੇਕ ਬੰਦਾ ਦੇਸ ਤੇ ਦੇਸ ਵਾਸੀਆ ਲਈ ਪੂਰੀ ਤਰ੍ਹਾਂ ਈਮਾਨਦਾਰ ਹੈ! ਉੱਥੇ ਦਾ ਕਾਨੂੰਨ ਸਭ ਲਈ ਬਰਾਬਰੀ ਤੇ ਨਿਰਪੱਖ ਹੈ! ਅਸੀਂ ਉਹ ਗੱਲਾਂ ਸੋਚਦੇ ਅਤੇ ਕਰਦੇ ਹਾਂ, ਜੋ ਕਦੇ ਹੋ ਨਹੀਂ ਸਕਦੀਆਂ ਕਿਉਂਕਿ ਅਸੀਂ ਕਦੇ ਇਮਾਨਦਾਰ ਹੀ ਨਹੀਂ ਸੀ ਅਤੇ ਨਾ ਕਦੇ ਇਮਾਨਦਾਰ ਹੋਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਵਾਰ ਕਿਸੇ ਨੇ ਸਰਵੇ ਕੀਤਾ ਕਿ ਵੇਖਦੇ ਹਾਂ ਭਾਰਤ ਵਿੱਚ ਕਿੰਨੇ ਕੁ ਲੋਕ ਇਮਾਨਦਾਰ ਹਨ ਤੇ ਕਿੰਨੇ ਬੇਈਮਾਨ। ਆਖਿਰ ਉਸ ਬੰਦੇ ਨੇ ਇਹ ਨਤੀਜਾ ਕੱਢਿਆ ਕਿ ਜਿਸ ਦਾ ਦਾਅ ਨਹੀਂ ਲੱਗਾ, ਉਹ ਹੀ ਇਮਾਨਦਾਰ ਹੈ, ਨਹੀਂ ਤਾਂ ਸਾਰੇ ਦੇ ਸਾਰੇ ਬੇਈਮਾਨ ਹੀ ਹਨ।
ਇੱਕ ਗੱਲ ਹੋਰ, ਅਸੀਂ ਆਮ ਲੋਕ ਨੌਕਰੀ ਜਾਂ ਨੌਕਰ ਤੋਂ ਉੱਪਰ ਕਿਉਂ ਨਹੀਂ ਸੋਚਦੇ? ਅਸੀਂ ਵੀ ਰਾਜ ਕਰ ਸਕਦੇ ਹਾਂ। ਕਿਉਂ ਨਾ ਅਸੀਂ ਆਪ ਹੀ ਰਾਜ ਕਰਨ ਦੇ ਯੋਗ ਬਣ ਜਾਈਏ? ਮੰਨਦੇ ਹਾਂ ਸਮਾਂ ਲੱਗੇਗਾ, ਪਰ ਸ਼ੁਰੂਆਤ ਤਾ ਕਰਨੀ ਹੀ ਪਵੇਗੀ। ਦੂਸਰੀ ਗੱਲ ਇਹ ਵੀ ਹੈ ਚਾਹੇ ਉਹ ਸਰਪੰਚ ਹੈ, ਚਾਹੇ ਜ਼ਿਲਾ ਪ੍ਰੀਸ਼ਦ ਮੈਂਬਰ, ਐੱਮ.ਐੱਲ. ਏ. ਮੁੱਖ ਮੰਤਰੀ, ਚਾਹੇ ਪ੍ਰਧਾਨ ਮੰਤਰੀ ਹੋਵੇ, ਜਦੋਂ ਤੱਕ ਅਸੀਂ ਉਹਨਾਂ ਕੋਲੋਂ ਕੀਤੇ ਕੰਮਾਂ ਦਾ ਹਿਸਾਬ ਨਹੀਂ ਮੰਗਦੇ ਤਾਂ ਰਾਜ ਕਰਨ ਦੀਆਂ ਗੱਲਾਂ ਭੁੱਲ ਜਾਵੋ। ਉਹ ਲੋਕ ਸਾਨੂੰ ਨਹੀਂ ਚੁਣਦੇ, ਅਸੀਂ ਉਹਨਾਂ ਨੂੰ ਚੁਣਦੇ ਹਾਂ ਤੇ ਸਾਡੇ ਚੁਣੇ ਹੋਏ ਹੀ ਸਾਡਾ ਭਵਿੱਖ ਹਨੇਰੇ ਵੱਲ ਧਕੇਲ ਦਿੰਦੇ ਹਨ।
ਕਦੋਂ ਤੱਕ ਅਸੀਂ ਗੁਲਾਮੀ ਵਾਲੀ ਸੋਚ ਵਿੱਚ ਜ਼ਿੰਦਗੀ ਗੁਜ਼ਾਰਦੇ ਰਹਾਂਗੇ? ਹੱਕ ਕਦੇ ਚੁੱਪ ਨੇ ਨਹੀਂ ਮੰਗੇ, ਹੱਕ ਤਾਂ ਬੁਲੰਦ ਆਵਾਜ਼ ਵਾਲੇ ਹੀ ਮੰਗਦੇ ਹਨ। ਚੁੱਪ ਤਾਂ ਸਾਨੂੰ ਗੁਲਾਮੀ ਵਾਲੀ ਹੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਦੀ ਰਹੇਗੀ! ਜਦੋਂ ਸੰਵਿਧਾਨ ਸਾਰਿਆਂ ਲਈ ਬਰਾਬਰ ਹੈ ਤਾਂ ਫਿਰ ਕਾਨੂੰਨ ਅਤੇ ਸ਼ਰਤਾਂ ਕਿਉਂ ਨਹੀਂ ਲਾਗੂ ਹੁੰਦੀਆਂ? ਕਿਉਂ ਆਵਾਜ਼ ਘਰਾਂ ਵਿੱਚ ਹੀ ਬੰਦ ਹੋ ਜਾਂਦੀ ਹੈ? ਕਿਉਂ ਭਾਰਤੀ ਮਰਦ ਦੀ ਆਵਾਜ਼ ਔਰਤ ’ਤੇ ਚਿਲਾਉਣ ਲਈ ਹੀ ਰਹਿ ਜਾਂਦੀ ਹੈ, ਆਪਣੇ ਹੱਕ ਮੰਗਣ ਵੇਲੇ ਕਿਉਂ ਖਾਮੋਸ਼ ਹੋ ਜਾਂਦੀ ਹੈ। ਕਦੋਂ ਤੱਕ ਕਾਨੂੰਨ ਸਿਆਸਤਦਾਨਾਂ ਦੀ ਕਠਪੁਤਲੀ ਬਣਿਆ ਰਹੇਗਾ? ਕਦੋਂ ਸੱਚ ਦਾ ਸੂਰਜ ਚੜ੍ਹੇਗਾ! ਸਿਆਸਤਦਾਨਾਂ ਸਿਰਫ਼ ਤੇ ਸਿਰਫ਼ ਸਾਨੂੰ ਵਰਤਦੇ ਹਨ, ਕਦੇ ਜਾਤ ਦੇ ਆਧਾਰ ’ਤੇ, ਕਦੇ ਧਰਮ ਦੇ ਨਾਮ ’ਤੇ। ਜੇ ਅਸੀਂ ‘ਗਾਂਧੀ ਦੇ ਤਿੰਨ ਬਾਂਦਰ’ ਬਣੇ ਰਹੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਅਸੀ ਇਹਨਾਂ ਦੇ ਪੂਰੀ ਤਰ੍ਹਾਂ ਗ਼ੁਲਾਮ ਹੋ ਜਾਵਾਗੇ। ਸਾਡੇ ਉੱਤੇ ਮੰਨੂਵਾਦ ਭਾਰੂ ਹੋ ਜਾਵੇਗਾ। ਅਫ਼ਸੋਸ, ਜਦੋਂ ਅਸੀਂ ਸੋਚਣ ਲੱਗਾਂਗੇ, ਉਦੋਂ ਤਕ ਬਹੁਤ ਦੇਰ ਹੋ ਜਾਵੇਗੀ। ਜੇਕਰ ਸਿਆਸਤਦਾਨ ਹੀ ਤਾਕਤਵਰ ਹਨ ਤਾਂ ਫਜ਼ੂਲ ਵਿੱਚ ਹੀ ਸੰਵਿਧਾਨ ਦੀਆਂ ਗੱਲਾਂ ਕਰਨੀਆਂ ਬੰਦ ਕਰ ਦਿਉ, ਕਿਉਂਕਿ ਅਸੀਂ ਸਾਰੇ ਹੀ ਭਾਰਤੀ ਸੰਵਿਧਾਨ ਅਤੇ ਕਾਨੂੰਨ ਦੇ ਅਧੀਨ ਆਉਂਦੇ ਹਾਂ! ਆਪਣੀ ਗੱਲ ਰੱਖਣ ਦਾ ਸਾਨੂੰ ਪੂਰਾ ਹੱਕ ਹੈ।
ਹੁਣ ਵੇਖਦੇ ਹਾਂ 2019 ਵਿੱਚ ਕਿੰਨੇ ਭਾਰਤੀ ਆਪਣੇ ਹੱਕ ਦੀ ਗੱਲ ਕਰਨਗੇ ਤੇ ਕਿੰਨੇ ਲਾਲਚ ਦੀ ਬਲੀ ਚੜ੍ਹਨਗੇ। ਅੱਖਾਂ ਖੋਲ੍ਹਕੇ ਵਿਚਾਰ ਕਰਿਉ ਕਿ ਅਸੀਂ 72 ਸਾਲਾਂ ਬਾਅਦ ਵੀ ਕਿਉਂ ਗੁਲਾਮ ਹਾਂ? ਅਸੀਂ ਸਿਆਸੀ ਬੰਦਿਆਂ ਨੂੰ ਆਪਣੇ ਹੱਕਾਂ ਦੀ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ। ਜੇ ਇਨ੍ਹਾਂ ਨੂੰ ਚੰਗੇ ਲੱਗਦੇ ਹਨ ਤਾਂ ਸਿਰਫ਼ ਤੇ ਸਿਰਫ਼ ਗਾਂਧੀ ਦੇ ਤਿੰਨ ਬਾਂਦਰ, ਜੋ ਨਾ ਬੋਲਣ, ਨਾ ਸੁਣਨ ਅਤੇ ਨਾ ਵੇਖਣ। ਇਨ੍ਹਾਂ ਤਿੰਨਾਂ ਬਾਂਦਰਾਂ ਵਾਲੀਆਂ ਆਦਤਾਂ ਨੇ ਸਾਨੂੰ ਗੁਲਾਮ ਬਣਾਈ ਰੱਖਿਆ ਹੈ। ਜੇ ਇਹ ਤਿੰਨ ਆਦਤਾਂ ਅਸੀਂ ਅਜੇ ਵੀ ਨਹੀਂ ਛੱਡਣੀਆਂ ਤਾਂ ਸੁਨਹਿਰੀ ਭਵਿੱਖ ਦੀਆਂ ਗੱਲਾਂ ਕਰਨੀਆਂ ਛੱਡ ਦੇਈਏ।
*****
(1333)