GurpreetSJakhwali7ਅੱਜ ਇੰਝ ਮਹਿਸੂਸ ਹੋ ਰਿਹਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ...
(26 ਜਨਵਰੀ 2021)
(ਸ਼ਬਦ: 790)

 

ਸਾਡਾ ਭਾਰਤ ਦੇਸ਼ ਬਹੁਤ ਮਹਾਨ ਹੈ, ਸ਼ਹਾਦਤਾਂ ਕਰਕੇ, ਗੁਰੂਆਂ ਪੀਰਾਂ ਦੀ ਚਰਨ ਛੋਹ ਕਰਕੇ ਤੇ ਉਹਨਾਂ ਵੱਲੋਂ ਕੀਤੇ ਮਹਾਨ ਕਾਰਜਾਂ ਤੇ ਸਮਾਜ ਨੂੰ ਇਨਸਾਨੀਅਤ ਤੇ ‘ਕਰ ਭਲਾ, ਹੋ ਭਲਾ’ ਦੀ ਦੇਣ ਕਰਕੇ। ਕੋਈ ਸਮਾਂ ਸੀ ਭਾਰਤ ਮਹਾਨ ਦੇ ਸੋਹਲੇ ਗਾਏ ਜਾਂਦੇ ਸਨ। ਭਾਰਤ ਦੇ ਪਾਣੀਆਂ ਦਾ ਜ਼ਿਕਰ ਸੀ, ਭਾਰਤ ਦੀ ਮਹਾਨ ਉਪਜਾਊ ਸ਼ਕਤੀ ਵਾਲੀ ਖੇਤੀ ਦੀਆਂ ਗੱਲਾਂ ਹੁੰਦੀਆਂ ਸਨ। ਭਾਰਤ ਦੀ ਨੌਜਵਾਨੀ ਦੀ ਚਰਚਾ ਸੀ। ਅੱਜ ਦੇ ਦੌਰ ਵਿੱਚ ‘ਜੈ ਜਵਾਨ ਜੈ ਕਿਸਾਨ’ ਦੀ ਥਾਂ ਕਿਸਾਨ ਨੂੰ ਖੁਦਕੁਸ਼ੀਆਂ ਵਾਲਾ ਰਾਹ ਕਿਉਂ ਚੁਣਨਾ ਪੈ ਰਿਹਾ ਹੈ? ਕਿਉਂ ਅੱਜ ਆਪਣੇ ਹੱਕਾਂ ਲਈ ਹਰੇਕ ਵਰਗ ਨੂੰ ਭੁੱਖ ਹੜਤਾਲ ਜਾਂ ਧਰਨਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ? ਆਖ਼ਿਰ ਕਿਉਂ ਭਾਰਤੀ ਲੋਕਤੰਤਰ ਨੂੰ ਤੇ ਭਾਰਤੀ ਸੰਵਿਧਾਨ ਨੂੰ ਆਪਣੀ ਹੀ ਹੋਂਦ ਖ਼ਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ? ਇਹਨਾਂ ਸਭ ਕਾਰਨਾਂ ਪਿੱਛੇ ਕਿਹੜੀ ਮਾੜੀ ਸੋਚ ਉਪਜ ਰਹੀ ਹੈ, ਜਿਸ ਕਰਕੇ ਅੱਜ ਬਹੁਤ ਸਾਰੇ ਭਾਰਤ ਵਾਸੀ ਇਹ ਗੱਲ ਆਖਣ ਲਈ ਮਜਬੂਰ ਹੋ ਗਏ ਹਨ ਕਿ ਇਸ ਭਾਰਤ ਮਹਾਨ ਦਾ ਤਾਂ ਹੁਣ ਰੱਬ ਹੀ ਰਾਖਾ ਹੈ। ਅਜਿਹਾ ਕਿਉਂ ਆਖ ਰਹੇ ਹਨ ਭਾਰਤੀ ਲੋਕ?

‘ਇਸ ਦੇਸ਼ ਦਾ ਰੱਬ ਹੀ ਰਾਖਾ’ ਹੋਣ ਤੋਂ ਭਾਵ ਕੀ ਹੋ ਸਕਦਾ ਹੈ, ਕੀ ਅਸੀਂ ਸੁਰੱਖਿਅਤ ਨਹੀਂ ਹਾਂ ਜਾਂ ਕੋਈ ਪਰਲੋ ਆਉਣ ਵਾਲੀ ਹੈ ਜਾਂ ਅਸੀਂ ਸਾਰੇ ਕਿਸੇ ਖ਼ਤਰੇ ਵੱਲ ਨੂੰ ਵਧ ਰਹੇ ਹਾਂ? ਜਾਂ ਕੀ ਭਾਰਤ ਦੇ ਲੋਕਾਂ ਲਈ ਅਜੇ ਹੋਰ ਵੀ ਕੋਈ ਪਰਖ ਦੀ ਘੜੀ ਆਉਣ ਵਾਲੀ ਹੈ।

ਕਾਰਨ ਚਾਹੇ ਜੋ ਵੀ ਹੋਵੇ, ਸਭ ਤੋਂ ਜ਼ਿਆਦਾ ਸ਼ਿਕਾਇਤ ਸਾਨੂੰ ਸਾਡੇ ਆਪਣੇ ਸਿਆਸੀ ਨੇਤਾਵਾਂ ਤੋਂ ਹੈ। ਇੱਦਾਂ ਕਿਉਂ? ਕੀ ਸਾਡੇ ਭਾਰਤੀ ਲੋਕਾਂ ਨੂੰ ਸਾਡੇ ਦੇਸ਼ ਦੇ ਹੁਕਮਰਾਨਾਂ ਉੱਤੇ ਵਿਸ਼ਵਾਸ ਨਹੀਂ ਰਿਹਾ? ਜਾਂ ਸਾਡੇ ਦੇਸ਼ ਦੇ ਸੰਵਿਧਾਨ ਅਨੁਸਾਰ ਭਾਰਤੀ ਲੋਕਤੰਤਰ ਦੀ ਗੱਲਬਾਤ ਸੁਣੀ ਨਹੀਂ ਜਾ ਰਹੀ? ਜਾਂ ਭਾਰਤੀ ਲੋਕਤੰਤਰ ਨੂੰ ਸਿਆਸਤਦਾਨਾਂ ਤੇ ਸਰਕਾਰਾਂ ਦੀ ਕਠਪੁਤਲੀ ਬਣੀ ਅਫਸਰਸ਼ਾਹੀ ਵੱਲੋਂ ਦਬਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਸਹਾਰੇ ਨਾਲ ਬਿਨਾਂ ਕਸੂਰ ਹੀ ਬੰਦੇ ਅਪਰਾਧੀਆਂ ਦੀ ਸ਼੍ਰੇਣੀ ਵਿੱਚ ਆ ਜਾਂਦੇ ਹਨ? ਕੀ ਇਸੇ ਕਰਕੇ ਅੱਜ ਭਾਰਤੀ ਲੋਕ ਨਿਰਾਸ਼ ਹਨ ਉਂਝ ਭਾਵੇਂ ਸਾਡੇ ਦੇਸ਼ ਦੇ ਹੁਕਮਰਾਨ ਕਹਿਣ ਨੂੰ ਜੋ ਮਰਜ਼ੀ ਗੱਲਾਂ ਦੇ ਪੁਲ ਉਸਾਰੀ ਜਾਣ ਇਸਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਸਾਡੇ ਦੇਸ਼ ਦਾ ਆਮ ਨਾਗਰਿਕ ਦੁਖੀ ਹੈ। ਜਦੋਂ ਤਕ ਸਾਡੇ ਦੇਸ਼ ਦਾ ਆਮ ਨਾਗਰਿਕ ਖੁਸ਼ ਨਹੀਂ ਹੈ, ਦੇਸ਼ ਦੀ ਤਰੱਕੀ ਦੇ ਗੁਣਗਾਨ ਕਰੀ ਜਾਣ ਨੂੰ ਕੀ ਕਿਹਾ ਜਾਵੇ। ਕੀ ਅਸੀਂ ਮਾਨਸਿਕ ਤੌਰ ’ਤੇ ਬਿਮਾਰ ਹਾਂ? ਅਸੀਂ ਕਿੱਥੇ ਖੜ੍ਹੇ ਹਾਂ?

ਕੋਈ ਸਮਾਂ ਸੀ ਇਸ ਦੇਸ਼ ਦੇ ਲੋਕਾਂ ਨੂੰ ਆਪਣੇ ਚੁਣੇ ਹੋਏ ਨੇਤਾਵਾਂ ਉੱਤੇ ਰੱਬ ਜਿਹਾ ਭਰੋਸਾ ਸੀ, ਪਰ ਸਾਡੇ ਸਿਆਸਤਦਾਨਾਂ ਨੇ ਸਾਡੇ ਰੱਬ ਵਰਗੇ ਲੋਕਾਂ ਦਾ ਭਰੋਸਾ ਇਸ ਤਰ੍ਹਾਂ ਵਰਤਿਆ ਕਿ ਅੱਜ ਸਾਡੇ ਭਾਰਤੀ ਲੋਕਾਂ ਅਤੇ ਸਾਡੇ ਲੋਕਤੰਤਰ ਦੀਆਂ ਚੀਕਾਂ ਕੱਢਵਾ ਰੱਖੀਆਂ ਹਨ ਇਹਨਾਂ ਸਿਆਸੀ ਲੋਕਾਂ ਨੇ ਆਪਣੇ ਨਿੱਜੀ ਲਾਹੇ ਲਈ। ਅੱਜ ਇੰਝ ਮਹਿਸੂਸ ਹੋ ਰਿਹਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਦਾਅ ’ਤੇ ਲਗਾ ਦਿੱਤਾ ਹੈ। ਗੱਲ ਇਕੱਲੇ ਭਵਿੱਖ ਦੀ ਵੀ ਨਹੀਂ, ਇਹਨਾਂ ਭੁੱਖਿਆਂ ਨੇ ਤਾਂ ਦੇਸ਼ ਤਕ ਵੇਚ ਦਿੱਤਾ ਹੈ। ਅੱਜ ਸਾਡੇ ਭਾਰਤ ਮਹਾਨ ਦੇ ਚਰਚੇ ਵਿਦੇਸ਼ਾਂ ਤਕ ਹੋ ਰਹੇ ਹਨ ਕਿ ਅਸੀਂ ਕਿਹੋ ਜਿਹੇ ਲੋਕਤੰਤਰ ਵਿੱਚ ਜ਼ਿੰਦਗੀ ਬਿਤਾ ਰਹੇ ਹਾਂ। ਆਪਣੇ ਮਹਾਨ ਦੇਸ਼ ਦੀ ਡੋਰ ਅਨਪੜ੍ਹ ਅਤੇ ਗਵਾਰ ਲੋਕਾਂ ਦੇ ਹੱਥ ਦੇਸ਼ ਫੜਾਈ ਬੈਠੇ ਹਾਂ। ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬੇਖੌਫ਼ ਦੇਸ਼ ਦੀ ਹਰੇਕ ਪ੍ਰਾਪਤੀ ਨੂੰ ਨਿੱਜੀ ਹੱਥਾਂ ਵਿੱਚ ਦੇ ਰਹੇ ਹਨ। ਇਸ਼ਤਿਹਾਰਾਂ ਵਿੱਚ ਲਿਖਦੇ ਹਨ ਦੇਸ਼ ਤੱਰਕੀ ਦੀ ਰਾਹ ’ਤੇ। ਸਾਡੇ ਦੇਸ਼ ਦੀ ਹਰੇਕ ਚੀਜ਼ ਨਿੱਜੀ ਹੱਥਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਖੈਰਾਤ ਦੀ ਤਰ੍ਹਾਂ ਧੜਾਧੜ ਵੇਚ ਰਹੇ ਹਨ। ਅਫ਼ਸੋਸ, ਸਾਡੀਆਂ ਉੱਚ ਅਦਾਲਤਾਂ ਵੀ ਮੋਨ ਧਾਰੀ ਬੈਠੀਆਂ ਹਨ

ਜੇਕਰ ਕੋਈ ਇੱਕ ਧਿਰ ਸੱਤਾ ਵਿੱਚ ਬਹੁਮਤ ਦੇ ਨਾਲ ਦੇਸ਼ ਉੱਤੇ ਕਬਜ਼ਾ ਕਰੀ ਬੈਠੀ ਹੈ ਤਾਂ ਉਸ ਦੇ ਗ਼ਲਤ ਕਰਨ ਉੱਤੇ ਕੋਈ ਵੀ ਕਾਨੂੰਨ ਜਾਂ ਸੰਵਿਧਾਨਕ ਤੌਰ ’ਤੇ ਇਹਨਾਂ ਸੱਤਾਧਾਰੀਆਂ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਸਕਦੀ। ਕੀ ਸਾਡੇ ਦੇਸ਼ ਦਾ ਕਾਨੂੰਨ ਲਾਚਾਰ ਹੋ ਗਿਆ ਹੈ? ਜੇਕਰ ਅਜਿਹਾ ਹੈ ਤਾਂ ਭਾਰਤੀ ਲੋਕਾਂ ਦਾ ਕਹਿਣਾ ਬਿਲਕੁਲ ਸਹੀ ਹੈ ਕਿ ਇਸ ਭਾਰਤ ਮਹਾਨ ਦਾ ਤਾਂ ਹੁਣ ਰੱਬ ਹੀ ਰਾਖਾ ਹੈ।

ਅਮੀਰੀ ਗ਼ਰੀਬੀ ਦੇ ਪਾੜੇ ਨੇ ਨਰਕ ਸੁਰਗ ਦੀਆਂ ਗੱਲਾਂ ਬਣਾ ਦਿੱਤੀਆਂ ਹਨ। ਅਸੀਂ ਕਹਿੰਦੇ ਹਾਂ ਕੀ ਅਸੀਂ ਅਮੀਰ ਨਾ ਵੀ ਹੋਈਏ ਪਰ ਅਮੀਰਾਂ ਦੇ ਹੱਥੋਂ ਹੋਰ ਲੁਟੀਏ ਤੇ ਨਾ ਜਾਈਏ। ਦੇਸ਼ ਉਹ ਹੁੰਦਾ ਹੈ ਜਿਸ ਦੇਸ਼ ਦਾ ਕਾਨੂੰਨ ਸਭ ਲਈ ਬਰਾਬਰ ਹੋਵੇ ਤੇ ਪਾਰਦਰਸ਼ੀ ਵਾਲੇ ਫ਼ੈਸਲੇ ਕਰੇ ਤੇ ਹਰੇਕ ਵਿਅਕਤੀ ਨੂੰ ਉਸਦਾ ਬਣਦਾ ਹੱਕ ਦੇਵੇ। ਹਰੇਕ ਨਾਗਰਿਕ ਨੂੰ ਨਿਆਂ ਪ੍ਰਣਾਲੀ ਤੋਂ ਸੱਚਾ ਸੁੱਚਾ ਇਨਸਾਫ਼ ਮਿਲੇ ਵਿਦੇਸ਼ਾਂ ਦੀਆਂ ਯਾਤਰਾਵਾਂ ਨਾਲ ਨਹੀਂ ਦੇਸ਼ ਤੱਰਕੀ ਕਰਦੇ ਹੁੰਦੇ, ਵਿਕਸਤ ਦੇਸ਼ ਵਰਗੇ ਅਮਨ ਕਾਨੂੰਨ ਵਾਲੀ ਗੱਲ ਵੀ ਹੋਣੀ ਚਾਹੀਦੀ ਹੈ। ਸਾਡੇ ਭਾਰਤੀ ਲੋਕ ਜੁਮਲਿਆਂ ਵਿੱਚ ਫ਼ਸ ਕੇ ਅੱਜ ਜੋ ਪੱਲੇ ਸੀ, ਉਹ ਵੀ ਗਵਾਈ ਬੈਠੇ ਹਨ। ਰਹੀ ਗੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ, ਉਹ ਕਹਿੰਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਨੇ। ਬੇਨਤੀ ਹੈ ਕਿ ਉਹ ਹੁਣ ਭਾਰਤ ਦੇ ਲੋਕਾਂ ਨੂੰ ਆਪਣੀ ਸਹੀ ਸੋਚ ਦਾ ਪਰਮਾਣ ਜ਼ਰੂਰ ਦੇ ਦੇਣ। ਉਹਨਾਂ ਦੀਆਂ ਗੱਲਾਂ ਹੁਣ ਸਮਝ ਤੋਂ ਬਾਹਰ ਦੀਆਂ ਹੋ ਗਈਆਂ ਹਨਭਾਰਤੀ ਲੋਕਾਂ ਨੂੰ ਹੁਣ ਆਪਣੀ ਗ਼ਲਤੀ ਦਾ ਇਹਸਾਸ ਹੋ ਗਿਆ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2548)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਪ੍ਰੀਤ ਸਿੰਘ ਜਖਵਾਲੀ

ਗੁਰਪ੍ਰੀਤ ਸਿੰਘ ਜਖਵਾਲੀ

Jakhwali, Fatehgarh Sahib, Punjab, India.
Phone: (91 - 98550 - 36444)
Email: (jakhwali89@gmail.com)

More articles from this author