SatwantDeepak7“ਆਪਣੀ ਉਮਰ ਦੇ ਪੰਜਾਹ ਸਾਲ ਉਹਨਾਂ ਨੇ ਪੰਜਾਬ ਦੀ ਥੁੜੀ-ਟੁੱਟੀਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ...”AmarjitChahal7
(1 ਅਗਸਤ 2017)

 

 

ਪ੍ਰਗਤੀਸ਼ੀਲ ਪੰਜਾਬੀ ਨਾਟਕ ਤੇ ਪੇਂਡੂ ਰੰਗ ਮੰਚ ਲਈ ਪ੍ਰਤੀਬੱਧ ਪ੍ਰੋਡਿਊਸਰ, ਨਿਰਦੇਸ਼ਕ ਅਤੇ ਸਮਰੱਥ ਲੋਕ ਨਾਟਕਕਾਰ ਪ੍ਰੋ. ਅਜਮੇਰ ਔਲਖ ਨੂੰ ਸ਼ਰਧਾਂਜਲੀ --- ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ (ਪ.ਸ.ਸ.ਵ. ਮੰਚ), ਸਰੀ, ਬੀ.ਸੀ.

AjmerAulakhA2

 

ਅਸੀਂ ਪ੍ਰਗਤੀਸ਼ੀਲ ਪੰਜਾਬੀ ਨਾਟਕ ਤੇ ਪੇਂਡੂ ਰੰਗ ਮੰਚ ਲਈ ਪ੍ਰਤੀਬੱਧ ਪ੍ਰੋਡਿਊਸਰ, ਨਿਦੇਸ਼ਕ ਅਤੇ ਸਮਰੱਥ ਲੋਕ ਨਾਟਕਕਾਰ ਪ੍ਰੋ. ਅਜਮੇਰ ਔਲਖ ਦੀ ਜੂਨ 2017 ਵਿਚ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਕਈ ਸਾਲ ਜੂਝਦਿਆਂ ਹੋਈ ਮੌਤ ’ਤੇ ਡੂੰਘੇ ਦੁੱਖ ਅਤੇ ਸ਼ੋਕ ਦਾ ਇਜ਼ਹਾਰ ਕਰਦੇ ਹਾਂ। ਪ੍ਰੋ. ਔਲਖ 1965 ਤੋਂ 2000 ਤੱਕ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਚ ਪੰਜਾਬੀ ਦੇ ਲੈਕਚਰਾਰ ਰਹੇ। ਸੰਨ 1976 ਵਿਚ ਸਥਾਪਤ ਕੀਤੇ ਲੋਕ ਕਲਾ ਮੰਚ ਦੇ ਉਹ ਬਾਨੀ ਸਨ। ਆਪਣੀ ਉਮਰ ਦੇ ਪੰਜਾਹ ਸਾਲ ਉਹਨਾਂ ਨੇ ਪੰਜਾਬ ਦੀ ਥੁੜੀ-ਟੁੱਟੀ, ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਠੇਠ ਮਲਵਈ ਪੇਂਡੂ ਮੁਹਾਵਰੇ ਵਿਚ ਲਿਖੇ ਆਪਣੇ ਨਾਟਕਾਂ ਰਾਹੀਂ ਰੰਗ ਮੰਚਨ ਦੇ ਲੇਖੇ ਲਾਏ। ਉਹਨਾਂ ਦਾ ਸਮੁੱਚਾ ਪਰਵਾਰ: ਪਤਨੀ ਮਨਜੀਤ ਕੌਰ ਅਤੇ ਤਿੰਨੇ ਧੀਆਂ ਸੁਪਨਦੀਪ, ਅਜਮੀਤ ਅਤੇ ਸੋਹਜਦੀਪ ਆਪਣੀ ਅਦਾਕਾਰੀ ਅਤੇ ਰੰਗ ਮੰਚ ਦੀਆਂ ਬਹੁ ਪੱਖੀ ਸਰਗਰਮੀਆਂ ਸਮੇਤ ਪੰਜਾਬੀ ਰੰਗ ਮੰਚ ਨਾਲ ਪੂਰੀ ਪ੍ਰਤੀਬੱਧਤਾ ਨਾਲ ਜੁੜੇ ਹੋਏ ਹਨ।

ਪ੍ਰੋ. ਔਲਖ ਨੇ ਤਿੰਨ ਦਰਜਨ ਤੋਂ ਵੱਧ ਨਾਟਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ‘ਸੱਤ ਬਿਗਾਨੇ’, ‘ਕਿਹਰ ਸਿੰਘ ਦੀ ਮੌਤ’, ‘ਸਲਵਾਨ’, ‘ਇੱਕ ਸੀ ਦਰਿਆ’, ‘ਭੱਜੀਆਂ ਬਾਹਾਂ’, ‘ਨਿਉਂ ਜੜ੍ਹ’, ‘ਅਰਬਦ ਨਰਬਦ ਧੰਦੂਕਾਰਾ’, ‘ਬਿਗਾਨੇ ਬੋਹੜ ਦੀ ਛਾਂ’, ‘ਇਕ ਰਮਾਇਣ ਹੋਰ’, ‘ਅੰਨ੍ਹੇ ਨਿਸ਼ਾਨਚੀ’, ‘ਤੂੜੀ ਵਾਲਾ ਕੋਠਾ’, ‘ਆਪਣਾ ਆਪਣਾ ਹਿੱਸਾ’ ਅਤੇ ‘ਇਸ਼ਕ ਬਾਝ ਨਮਾਜ ਦਾ ਹੱਜ ਨਾਹੀਂ’ ਵਰਗੇ ਬਹੁ-ਚਰਚਤ ਨਾਟਕ ਉਹਨਾਂ ਨੇ ਤੇ ਹੋਰ ਨਾਟਕਾਰਾਂ ਦੀਆਂ ਟੀਮਾਂ ਨੇ ਪੰਜਾਬ ਦੇ ਅਨੇਕਾਂ ਪਿੰਡਾਂ, ਸ਼ਹਿਰਾਂ ਤੋਂ ਲੈ ਕੇ ਪੰਜਾਬ ਦੇ ਬਾਹਰਲੇ ਸੂਬਿਆਂ ਅਤੇ ਕੈਨੇਡਾ, ਅਮਰੀਕਾ ਵਿਚ ਭਾਰੀ ਸਫ਼ਲਤਾ ਨਾਲ ਮੰਚਿਤ ਕੀਤੇ।

ਪ੍ਰੋ. ਔਲਖ ਨੂੰ ਭਾਰਤੀ ਸਾਹਿਤ ਅਕੈਡਮੀ ਅਵਾਰਡ, ਭਾਰਤੀ ਸੰਗੀਤ ਤੇ ਨਾਟਕ ਅਕੈਡਮੀ ਅਵਾਰਡ, ਭਾਸ਼ਾ ਵਿਭਾਗ, ਪੰਜਾਬ ਦਾ ਸ਼੍ਰੋਮਣੀ ਨਾਟਕਕਾਰ ਅਵਾਰਡ, ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟ੍ਰਸਟ ਅਵਾਰਡ ਆਦਿ ਅਨੇਕਾਂ ਇਨਾਮਾਂ ਸਨਮਾਨਾਂ ਨਾਲ ਨਿਵਾਜਿਆ ਗਿਆ। ਸੰਨ 2014 ਵਿਚ ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡੀ. ਲਿੱਟ. ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਭਾਰਤੀ ਸਾਹਿਤ ਅਕੈਡਮੀ ਵੱਲੋਂ ‘ਇਸ਼ਕ ਬਾਝ ਨਮਾਜ ਦਾ ਹੱਜ ਨਾਹੀਂ’ ਨਾਟਕ ਨੂੰ ਮਿਲੇ ਅਵਾਰਡ ਨੂੰ ਪੰਜਾਬ ਵਿਚ ਅਸਹਿਣਸ਼ੀਲਤਾ ਅਤੇ ਇੱਜ਼ਤ ਦੇ ਨਾਂ ’ਤੇ ਕੀਤੇ (Honour killing) ਧੀਆਂ ਦੇ ਹੁੰਦੇ ਕਤਲਾਂ ਵਿਰੁੱਧ ਰੋਸ ਵਜੋਂ ਵਾਪਸ ਕਰ ਦਿੱਤਾ ਸੀ। ਮਾਰਚ 8, 2015 ਨੂੰ ਬਰਨਾਲੇ ਵਿਖੇ 20,000 ਲੋਕਾਂ ਦੇ ਇਕੱਠ ਵਿਚ ਉਹਨਾਂ ਦਾ ਸਨਮਾਨ ਕੀਤਾ ਗਿਆ ਸੀ।

ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰੀ, ਬੀ.ਸੀ. ਵੱਲੋਂ ਅਸੀਂ ਲੋਕਾਸ਼ਾਹੀ ਅਤੇ ਪ੍ਰਗਤੀਸ਼ੀਲ ਪੰਜਾਬੀ ਨਾਟਕ ਲਈ ਪ੍ਰਤੀਬੱਧ ਇਸ ਉੱਘੇ ਨਾਟਕਕਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਹਨਾਂ ਦੇ ਪਰਵਾਰ ਨਾਲ ਇਸ ਦੁੱਖ ਵਿਚ ਸ਼ਰੀਕ ਹੁੰਦੇ ਹਾਂ।

ਵਲੋਂ: ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰੀ, ਬੀ. ਸੀ., ਕੈਨੇਡਾ।

**

ਕੈਨੇਡਾ ਦੇ ਪ੍ਰਸਿੱਧ ਸਾਹਿਤਕਾਰ ਅਤੇ ਚਿੰਤਕ ਇਕਬਾਲ ਰਾਮੂਵਾਲੀਆ ਨੂੰ ਸ਼ਰਧਾਂਜਲੀ

IqbalRamoowaliaB2

 

ਅਸੀਂ ਕੈਨੇਡਾ ਦੇ ਪ੍ਰਸਿੱਧ ਸਾਹਿਤਕਾਰ ਅਤੇ ਚਿੰਤਕ ਇਕਬਾਲ ਰਾਮੂਵਾਲੀਆ ਦੀ ਜੂਨ 2017 ਵਿਚ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਜੂਝਦਿਆਂ ਬੇਵਕਤ ਹੋਈ ਮੌਤ ’ਤੇ ਡੂੰਘੇ ਦੁੱਖ ਤੇ ਸ਼ੋਕ ਦਾ ਇਜ਼ਹਾਰ ਕਰਦੇ ਹਾਂ। ਇਕਬਾਲ ਰਾਮੂਵਾਲੀਆ ਪੰਜਾਬੀ ਸਾਹਿਤਕ ਜਗਤ ਵਿਚ ਜਾਣਿਆ ਪਛਾਣਿਆ ਨਾਮ ਹੈ। ਪੰਜਾਬੀ ਸ਼ਾਇਰੀ ਦੇ ਨਾਲ ਨਾਲ ਉਹ ਇਕ ਸਥਾਪਿਤ ਕਹਾਣੀਕਾਰ, ਨਾਵਲਕਾਰ, ਗਦਕਾਰ, ਬੇਬਾਕ ਮੀਡੀਆ ਟਿੱਪਣੀਕਾਰ ਅਤੇ ਪ੍ਰਸਿੱਧ ਕਵੀਸ਼ਰ ਵੀ ਸਨ। ਸਵ. ਕਰਨੈਲ ਸਿੰਘ ਪਾਰਸ ਦੇ ਸਪੁੱਤਰ ਹੋਣ ਕਰਕੇ ਉਹ ਕਵੀਸ਼ਰੀ, ਸੰਗੀਤ ਅਤੇ ਤਰਕਸ਼ੀਲਤਾ ਨੂੰ ਪ੍ਰਣਾਏ ਹੋਏ ਸਨ। ਠੁੱਕਦਾਰ ਮਲਵਈ ਪੰਜਾਬੀ ਵਿਚ ਨਵੀਆਂ ਨਕੋਰ ਤਸ਼ਬੀਹਾਂ ਘੜਨ ਵਿਚ ਉਹ ਉਸਤਾਦ ਸਨ।

ਜਿੱਥੇ ਉਹਨਾਂ ਨੇ ਕਵਿਤਾ ਦੇ ਖੇਤਰ ਵਿਚ ‘ਸੁਲਗਦੇ ਅਹਿਸਾਸ’, ‘ਤਿੰਨ ਕੋਣ’, ‘ਕੁੱਝ ਵੀ ਨਹੀਂ’, ‘ਪਾਣੀ ਦਾ ਪਰਛਾਵਾਂ’, ‘ਕਵਿਤਾ ਮੈਨੂੰ ਲਿਖਦੀ ਹੈ’ ਪੁਸਤਕਾਂ ਸਾਹਿਤ ਜਗਤ ਨੂੰ ਦਿੱਤੀਆਂ, ਉੱਥੇ ਕਾਵਿਨਾਟ ‘ਪਲੰਘ ਪੰਘੂੜਾ’, ਤੇ ਕਹਾਣੀਆਂ ਦੀ ਕਿਤਾਬ,ਨਿੱਕੀਆਂ ਵੱਡੀਆਂ ਧਰਤੀਆਂ’ ਤੇ ਨਾਵਲ ‘ਮੌਤ ਇੱਕ ਪਾਸਪੋਰਟ ਦੀ’। ਸਵੈਜੀਵਨੀਸੜਦੇ ਸਾਜ਼ ਦੀ ਸਰਗਮ, ‘ਬਰਫ਼ ਵਿਚ ਉੱਗਦਿਆਂ’ ਅਤੇ ਦੋ ਅੰਗਰੇਜ਼ੀ ਵਿਚ ਨਾਵਲ ਵੀ ਲਿਖੇ ਸਨ, ਜਿਨ੍ਹਾਂ ਦੇ ਨਾਂ ਹਨ, ‘ਡੈੱਥ ਆਫ਼ ਏ ਪਾਸਪੋਰਟ’ (Death of a Passport) ਅਤੇ ‘ਮਿੱਡ ਏਅਰ ਫਰਾਊਨ’ (Mid Air Frown)।

ਪੰਜਾਬੀ ਸਾਹਿਤਕ ਤੇ ਸੱਭਿਆਚਾਰਕ ਵਿਚਾਰ ਮੰਚ ਦੇ ਸੰਚਾਲਕਾਂ ਨਾਲ ਉਹਨਾਂ ਦਾ ਨਿੱਘਾ ਰਿਸ਼ਤਾ ਸੀ। ਸਤੰਬਰ 2016 ਵਿਚ ਮੰਚ ਵੱਲੋਂ ਆਯੋਜਿਤ ਸਮਾਗਮ ਵਿਚ ਉਹ ਭੁਪਿੰਦਰ ਧਾਲੀਵਾਲ ਦੀ ਸੰਪਾਦਿਤ ਪੁਸਤਕ ‘ਸੁਰਿੰਦਰ ਧੰਜਲ ਦੀ ਕਵਿਤਾ ਦੀ ਕਿਤਾਬ ਲਾਟ ਦਾ ਜਸ਼ਨ’ ਨੂੰ ਰਲੀਜ਼ ਕਰਨ ਸਮੇਂ ਉਹ ਉਚੇਚੇ ਤੌਰ ’ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਇਹ ਉਹਨਾਂ ਦਾ ਬ੍ਰਿਟਿਸ਼ ਕੋਲੰਬੀਆ ਵਿਚ ਆਖਰੀ ਫੇਰਾ ਸੀ।

ਸਭ ਤੋਂ ਅਹਿਮ ਗੱਲ ਕਿ ਉਹ ਉਪਰੋਤਕ ਸਾਹਿਤਕ ਗੁਣਾਂ ਦੇ ਨਾਲ ਨਾਲ ਉਹ ਯਾਰਾਂ ਦੇ ਯਾਰ ਤੇ ਨਿਰਮਾਣ ਵਿਅਕਤੀ ਸਨ, ਜਿਸ ਦਾ ਅੰਦਾਜ਼ਾ 29 ਅਗਸਤ 2016 ਨੂੰ ਮੰਚ ਦੇ ਸੰਚਾਲਕਾਂ ਨੂੰ ਭੇਜੇ ਇਸ ਈਮੇਲ ਸੁਨੇਹੇ ਤੋਂ ਲਾਇਆ ਜਾ ਸਕਦਾ ਹੈ। ਉਸ ਸੁਨੇਹੇ ਵਿੱਚੋਂ ਕੁਝ ਸਤਰਾਂ ਹਾਜ਼ਰ ਹਨ: “... ਬੱਸ ਏਨਾ ਹੀ ਕਾਫ਼ੀ ਹੈ ਕਿ ਮੈਂ ਇੱਕ ਸਧਾਰਨ ਕਿਸਾਨੀ ਪ੍ਰਵਾਰ ਵਿਚ ਜਨਮਿਆ, ਦੁਸ਼ਵਾਰੀਆਂ ਵਿਚ ਪਲ਼ਿਆ, ਪੜ੍ਹਿਆ, ਅੰਗਰੇਜ਼ੀ ਦੀ ਐੱਮ ਏ ਕਰਕੇ ਪੰਜ ਸਾਲ ਲੈਕਚਰਾਰ ਰਿਹਾ। ਸੰਨ 1975 ਵਿਚ ਕੈਨੇਡਾ ਆ ਗਿਆ। ਇੱਥੇ ਸਖ਼ਤ ਮਹਿਨਤ ਕੀਤੀ ਤੇ ਯੂਨੀਵਰਸਿਟੀ ਵਿਚ ਪੜ੍ਹਿਆ। ਫਿਰ ਵਿੱਦਿਆਕਾਰ ਬਣ ਗਿਆ ਤੇ 27 ਕੁ ਸਾਲ ਵਿੱਦਿਆਕਾਰੀ ਕਰਨ ਉਪਰੰਤ ਰਿਟਾਇਰ ਹੋ ਗਿਆ। ਕਵਿਤਾ, ਨਾਟ-ਕਾਵਿ, ਨਾਵਲਕਾਰੀ, ਕਹਾਣੀਆਂ ਵਰਗੀਆਂ ਸਿਨਫ਼ਾਂ ਵਿਚ ਕਲਮ ਅਜ਼ਮਾਈ ਕੀਤੀ। ਸਵੈ-ਜੀਵਨੀ ਦੇ ਦੋ ਭਾਗ ਲਿਖੇ। ਕੋਈ ਖ਼ਾਸ ਗੱਲ ਨਹੀਂ। ਹਰ ਵਿਆਕਤੀ ਆਪਣੀ ਸਮਰੱਥਾ ਅਨੁਸਾਰ ਮਿਹਨਤ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਵੀ ਕੀਤੀ।”

ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰੀ ਵੱਲੋਂ ਅਸੀਂ ਇਸ ਅਜ਼ੀਮ ਪ੍ਰਤਿਭਾ ਵਾਲੇ ਵਿੱਛੜੇ ਪਰਮ ਸਨੇਹੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਤੇ ਉਹਨਾਂ ਦੇ ਪਰਿਵਾਰ ਨਾਲ ਇਸ ਦੁੱਖ ਵਿਚ ਸ਼ਰੀਕ ਹੁੰਦੇ ਹਾਂ।

ਵਲੋਂ: ਪੰਜਾਬੀ ਸਾਹਿਤਕ ਅਤੇ ਸਭਿਆਚਾਰਕ ਵਿਚਾਰ ਮੰਚ, ਸਰੀ, ਬੀ. ਸੀ., ਕੈਨੇਡਾ।

*****

About the Author

ਸਤਵੰਤ ਸ ਦੀਪਕ

ਸਤਵੰਤ ਸ ਦੀਪਕ

Coquitlam, British Columbia, Canada.
Phone: (604 - 910 - 9953)
Email: (satwantdeepak@gmail.com)

More articles from this author