“ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਸਬਰ, ਸੰਤੋਖ, ਹਲੀਮੀ, ਸਾਦਗੀ, ਇਮਾਨਦਾਰੀ, ਬੇਬਾਕੀ, ਇਰਾਦੇ ਦੀ ਦ੍ਰਿੜ੍ਹਤਾ, ...”
(20 ਸਤੰਬਰ 2021)
ਪੰਜਾਬੀ ਸਾਹਿਤ ਅਦੀਬਾਂ ਲਈ ਇੱਕ ਬਹੁਤ ਹੀ ਗ਼ਮਗੀਨ ਖ਼ਬਰ ਹੈ ਕਿ ਪ੍ਰਗਤੀਸ਼ੀਲ, ਸਿਰਮੌਰ, ਬਜ਼ੁਰਗ ਸ਼ਖ਼ਸੀਅਤ ਅਤੇ ਬਹੁ-ਪੱਖੀ ਲੇਖਕ ਸ੍ਰੀ ਜੋਗਿੰਦਰ ਸ਼ਮਸ਼ੇਰ ਜੀ ਅਗਸਤ 24, 2021 ਨੂੰ ਜਾਨ-ਲੇਵਾ ਸਟਰੋਕ ਹੋਣ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜੋਗਿੰਦਰ ਸ਼ਮਸ਼ੇਰ ਵਰਗੀ ਕੱਦਾਵਰ, ਸਮਰੱਥ ਸ਼ਖ਼ਸੀਅਤ ਦੀ ਲਗਭਗ ਇੱਕ ਸਦੀ ਦੀ ਵਿਸ਼ਾਲ ਜ਼ਿੰਦਗੀ ਦੀ ਇੱਕ ਛੋਟੇ ਲੇਖ ਵਿੱਚ ਸਮੀਖਿਆ ਕਰਨੀ ਉਨ੍ਹਾਂ ਨਾਲ ਘੋਰ ਬੇਇਨਸਾਫ਼ੀ ਹੋਵੇਗੀ। ਕੋਈ ਵੀ ਵਿਵਰਣ ਉਨ੍ਹਾਂ ਦੀ ਪ੍ਰਤਿਭਾ, ਸਾਹਿਤਕ ਦੇਣ ਅਤੇ ਕਿਰਦਾਰ ਨਾਲ ਨਿਆਂ ਨਹੀਂ ਕਰ ਸਕਦਾ। ਪਰ ਫਿਰ ਵੀ ਸ਼ਰਧਾਂਜਲੀ ਵਜੋਂ ਹਥਲਾ ਲੇਖ ਜੋਗਿੰਦਰ ਸ਼ਮਸ਼ੇਰ ਜੀ ਦੀਆਂ ਅਭੁੱਲ ਯਾਦਾਂ ਨੂੰ ਸਮਰਪਿਤ ਨਿਮਾਣਾ ਜਿਹਾ ਯਤਨ ਹੈ।
ਜੋਗਿੰਦਰ ਸ਼ਮਸ਼ੇਰ ਦਾ ਜਨਮ 19 ਮਾਰਚ 1928 ਨੂੰ ਪਿਤਾ ਸਰਦਾਰ ਸੁਰਾਇਣ ਸਿੰਘ ਦੇ ਘਰ ਮਾਤਾ ਸ੍ਰੀਮਤੀ ਬਸੰਤ ਕੌਰ ਜੀ ਦੀ ਕੁੱਖੋਂ ਆਪਣੇ ਜੱਦੀ ਪਿੰਡ ‘ਲੱਖਣ ਕੇ ਪੱਡਾ’, ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਉਨ੍ਹਾਂ ਦੀ ਸ਼ਾਦੀ ਘਣੀ ਕੇ ਬਾਂਗਰ, ਤਹਿਸੀਲ ਬਟਾਲਾ ਦੇ ਆਦਰਨੀਯ ਢਾਲਾ ਪਰਿਵਾਰ ਵਿੱਚ ਸ੍ਰੀਮਤੀ ਪਰਕਾਸ਼ ਕੌਰ ਨਾਲ ਨਵੰਬਰ 27, 1976 ਵਿੱਚ ਲੰਡਨ ਵਿਖੇ ਹੋਈ। ਉਨ੍ਹਾਂ ਦੇ ਘਰ ਸੁਚੱਜੀ, ਸੁਸ਼ੀਲ ਇਕਲੌਤੀ ਬੇਟੀ ਉਸ਼ਮਾ ਦਾ ਜਨਮ 24 ਅਗਸਤ, 1977 ਨੂੰ ਹੋਇਆ। ‘ਲੱਖਣ ਕੇ ਪੱਡਾ’ ਪ੍ਰਗਤੀਸ਼ੀਲ ਅਤੇ ਵਿਗਿਆਨਕ ਸੋਚ ਵਾਲੇ ਪਿੰਡ ਵਜੋਂ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ, ਇਸ ਵਿੱਚ ਜੋਗਿੰਦਰ ਸ਼ਮਸ਼ੇਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਪਿੰਡ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਪਰਣਾਏ ਇਨਕਲਾਬੀ ਸੂਰਮਿਆਂ ਦੀ ਜਨਮ-ਭੋਏਂ ਹੈ। ਸ਼ਹੀਦ ਜੈਮਲ ਸਿੰਘ ਪੱਡਾ ਵਰਗੇ ਇਨਕਲਾਬੀ ਸੂਰਮੇਂ ਜੋ ਇਸੇ ਪਿੰਡ ਵਿੱਚ ਜਨਮੇ, ਦੀ ਸੋਚ ਨੂੰ ਅਗਾਂਹਵਧੂ, ਇਨਕਲਾਬੀ ਵਿਚਾਰਧਾਰਾ ਦੀ ਸਾਣ ਉੱਤੇ ਲਾ ਕੇ ਸੂਰਮੇ ਦੀ ਸਿਰਜਣਾ ਕਰਨ ਦਾ ਮਾਣ ਜੋਗਿੰਦਰ ਸ਼ਮਸ਼ੇਰ ਜੀ ਨੂੰ ਹਾਸਲ ਹੈ। ਉਹ ਜੈਮਲ ਪੱਡੇ ਬਾਰੇ ਗੱਲ ਕਰਦੇ ਬਹੁਤ ਭਾਵੁਕ ਹੋ ਜਾਂਦੇ ਸਨ। ਉਨ੍ਹਾਂ ਦਾ ਉਸ ਨਾਲ ਆਪਣੇ ਪੁੱਤਰਾਂ ਵਰਗਾ ਮੋਹ ਸੀ, ਅਤੇ ਮਾਣ ਸੀ ਕਿ ਜੈਮਲ ਪੱਡਾ ਉਨ੍ਹਾਂ ਦਾ ਸ਼ਾਗਿਰਦ ਰਿਹਾ ਹੈ।
ਜੋਗਿੰਦਰ ਸ਼ਮਸ਼ੇਰ ਦੇ ਜਨਮ ਸਾਲ 1928 ਵਿੱਚ ਹੀ ਉਨ੍ਹਾਂ ਦਾ ਪਰਿਵਾਰ ਬਲੋਚਿਸਤਾਨ ਦੇ ਕੋਇਟੇ ਸ਼ਹਿਰ ਚਲਾ ਗਿਆ ਸੀ। 1935 ਨੂੰ ਕੋਇਟੇ ਵਿੱਚ ਜਬਰਦਸਤ ਭੂਚਾਲ ਆਇਆ, ਜਿਸ ਕਰਕੇ ਸਾਰਾ ਹੱਸਦਾ ਵਸਦਾ ਸ਼ਹਿਰ ਰਾਤੋਰਾਤ ਢਹਿ-ਢੇਰੀ ਹੋ ਗਿਆ। ਇਸ ਭੂਚਾਲ ਵਿੱਚ ਸ਼ਮਸ਼ੇਰ ਜੀ ਦੇ ਪਿਤਾ ਜੀ ਮਲਬੇ ਦੇ ਭਾਰ ਹੇਠ ਆਉਣ ਨਾਲ ਉਮਰ-ਭਰ ਲਈ ਅਪਾਹਜ ਹੋ ਗਏ ਸਨ। ਜਦ ਸਾਰਾ ਸ਼ਹਿਰ ਭੂਚਾਲ ਨਾਲ ਤਹਿਸ ਨਹਿਸ ਹੋ ਗਿਆ ਤਾਂ ਜੁਲਾਈ 1936 ਵਿੱਚ ਉਹ ਆਪਣੇ ਪਰਿਵਾਰ ਸਮੇਤ ਜੱਦੀ ਪਿੰਡ ਲੱਖਣ ਕੇ ਪੱਡਾ ਵਾਪਸ ਆ ਗਏ। 1936 ਤੋਂ 1952 ਤਕ ਉਹ ਕਾਲ਼ਾ ਸੰਘਿਆਂ ਰਹੇ। 1943 ਵਿੱਚ, ਬ੍ਰਿਟਿਸ਼ ਹਕੂਮਤ ਵੱਲੋਂ 14-15 ਸਾਲ ਦੀ ਉਮਰੇ ਸ਼ਮਸ਼ੇਰ ਜੀ ਨੂੰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਸਰਗਰਮ ਹੋਣ ਕਰਕੇ ਜੇਲ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇੱਕੀ ਦਿਨ ਸਦਰ ਥਾਣੇ ਦੀ ਹਵਾਲਾਤ ਵਿੱਚ ਨਰਕ ਵਰਗੀ ਕਾਲ਼-ਕੋਠੜੀ ਵਿੱਚ ਰੱਖਿਆ ਤੇ ਫਿਰ ਦੋ-ਢਾਈ ਮਹੀਨੇ ਸਿਆਸੀ ਕੈਦੀ ਬਣਾ ਕੇ ਜੇਲ ਵਿੱਚ ਬੰਦ ਰੱਖਿਆ। ਰਿਹਾ ਹੋਣ ’ਤੇ ਉਹ ਫ਼ੈਸਲਾਕੁਨ, ਕੁਲ-ਵਕਤੀ ਬਣਕੇ ਬ੍ਰਿਟਿਸ਼ ਸਰਕਾਰ ਵਿਰੁੱਧ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਕੁੱਦ ਪਏ। ਫਿਰ ਤਾਂ ਗ੍ਰਿਫ਼ਤਾਰੀਆਂ ਅਤੇ ਜੇਲ ਯਾਤਰਾ ਦਾ ਸਿਲਸਿਲਾ ਹੀ ਚੱਲ ਪਿਆ। ਉਨ੍ਹਾਂ ਦੀ ਪਹਿਲੀ ਕਵਿਤਾ 1945 ਵਿੱਚ ਲਾਹੌਰ ਤੋਂ ਛਪਦੇ ਅਖ਼ਬਾਰ ‘ਜੰਗੇ-ਆਜ਼ਾਦੀ’ ਵਿੱਚ ਛਪੀ। ਬਚਪਨ ਤੋਂ ਹੀ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਲਈ ਸਰਗਰਮੀਆਂ ਕਰਕੇ, ਕਾਫ਼ੀ ਪਛੜਕੇ, 1952 ਤੋਂ ਬਾਅਦ ਜਾ ਕੇ, ਆਪਣੀ ਤਾਲੀਮ ਮੁਕੰਮਲ ਕੀਤੀ ਅਤੇ 1954 ਤੋਂ 1961 ਤਕ ਪੰਜਾਬ ਦੇ ਵੱਖ ਵੱਖ ਸਕੂਲਾਂ ਵਿੱਚ ਅਧਿਆਪਕ / ਮੁੱਖ-ਅਧਿਆਪਕ ਵਜੋਂ ਸੇਵਾ ਨਿਭਾਈ।
1961 ਵਿੱਚ ਉਹ ਇੰਗਲੈਂਡ ਆ ਗਏ, ਅਤੇ ਇੱਥੋਂ ਦੀ ਪੰਜਾਬੀ ਅਦਬੀ ਲਹਿਰ ਵਿੱਚ ਉਨ੍ਹਾਂ ਨੇ ਸਰਗਰਮ ਭਾਗ ਲੈਣਾ ਸ਼ੁਰੂ ਕੀਤਾ ਅਤੇ ਅਨੇਕਾਂ ਪੰਜਾਬੀ ਸਾਹਿਤ ਅਦਾਰਿਆਂ ਨਾਲ ਜੁੜੇ ਰਹੇ। ਇੱਕ ਸਾਲ ਉਹ ਡਾਰਮਰਜ਼ ਵੈੱਲ ਲੇਬਰ ਪਾਰਟੀ ਦੇ ਚੇਅਰਮੈਨ ਵੀ ਰਹੇ। ਉਹ ਪੰਜਾਬੀ ਸਾਹਿਤ ਸਭਾ ਗਰੇਟ ਬ੍ਰਿਟੇਨ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ ਲੰਡਨ ਅਤੇ ਫਿਰ ਗਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਰਹੇ। ਸ਼ਮਸ਼ੇਰ ਜੀ 1980 ਵਿੱਚ ਇੰਗਲੈਂਡ ਵਿੱਚ ਹੋਈ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਲੇਖ, ਕਵਿਤਾਵਾਂ, ਕਹਾਣੀਆਂ ਵੱਖ ਵੱਖ ਮੈਗਜ਼ੀਨਾਂ ਵਿੱਚ ਛਪਦੇ ਰਹੇ ਹਨ। ਉਨ੍ਹਾਂ ਦਾ ਘਰ ਅਨੇਕਾਂ ਨਾ-ਭੁੱਲਣਯੋਗ ਸਾਹਿਤਕ ਮਿਲਣੀਆਂ ਦਾ ਮਰਕਜ਼ ਰਿਹਾ ਜਿੱਥੇ ਉਨ੍ਹਾਂ ਸ੍ਰੀ ਕੇ ਸੀ ਮੋਹਨ ਵਰਗੇ ਪ੍ਰਤਿਭਾਵਾਨ ਲੇਖਕ ਅਤੇ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਸਾਊਥਹਾਲ ਦੇ ਅਦੀਬਾਂ ਨੂੰ ਫ਼ੈਜ਼ ਅਹਿਮਦ ਫ਼ੈਜ਼, ਕਰਤਾਰ ਸਿੰਘ ਦੁੱਗਲ, ਸ਼ਿਵ ਕੁਮਾਰ ਜਿਹੇ ਸੰਸਾਰ ਪਰਸਿੱਧ ਲੇਖਕਾਂ ਨਾਲ ਮਿਲਾਇਆ। ਬਰਤਾਨੀਆਂ ਦੇ ਪੰਜਾਬੀ ਲੇਖਕਾਂ ਦੇ ਮਨਾਂ ਵਿੱਚ ਸ਼ਮਸ਼ੇਰ ਜੀ ਦੀ ਵਿਸ਼ੇਸ਼ ਥਾਂ ਬਣੀ ਰਹੀ ਹੈ। ਦੁਰਭਾਗਵੱਸ, ਬੇਟੀ ਉਸ਼ਮਾ ਦੀ 12 ਸਾਲ ਦੀ ਬਾਲੜੀ ਉਮਰ ਵਿੱਚ ਹੀ 13 ਅਕਤੂਬਰ, 1989 ਵਿੱਚ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਪਰਕਾਸ਼ ਕੌਰ ਦਾ ਦਿਹਾਂਤ ਹੋ ਗਿਆ। ਪਰਕਾਸ਼ ਦੇ ਦਿਹਾਂਤ ਤੋਂ ਬਾਅਦ ਉਸ਼ਮਾ ਨੂੰ ਵਿਨੀਪੈੱਗ, ਕੈਨੇਡਾ ਵਿੱਚ ਉਸ ਦੇ ਮਾਮਾ ਜੀ ਡਾ. ਨਿਰੰਜਣ ਸਿੰਘ ਢਾਲਾ ਦੇ ਪਰਿਵਾਰ ਵਿੱਚ ਭੇਜ ਦਿੱਤਾ ਗਿਆ, ਤੇ ਖ਼ੁਦ ਉਹ ਬ੍ਰਿਟਿਸ਼ ਪੋਸਟਲ ਸਰਵਿਸ ਤੋਂ ਰਿਟਾਇਰ ਹੋ ਕੇ 1993 ਵਿੱਚ ਪੱਕੇ ਤੌਰ ’ਤੇ ਵਿਨੀਪੈੱਗ, ਕੈਨੇਡਾ ਆ ਵਸੇ। ਉਸੇ ਸਾਲ ਹੀ ਵਿਨੀਪੈੱਗ ਦੇ ਸਾਹਿਤ ਵਿਚਾਰ ਮੰਚ ਵੱਲੋਂ ਇੱਕ ਪੰਜਾਬੀ ਕਾਨਫਰੰਸ ਕਰਵਾਈ ਗਈ, ਜਿਸਦੀ ਰੂਪਰੇਖਾ ਘੜਨ ਅਤੇ ਸੰਚਾਲਨ ਵਿੱਚ ਸ਼ਮਸ਼ੇਰ ਜੀ ਦੀ ਸਤਿਕਾਰਯੋਗ ਭੂਮਿਕਾ ਸੀ। 2004 ਵਿੱਚ ਉਹ ਪਰਿਵਾਰ ਸਮੇਤ ਵੈਨਕੂਵਰ ਆਣ ਵਸੇ, ਅਤੇ ਇੱਥੋਂ ਦੀਆਂ ਸਾਹਿਤਕ ਜਥੇਬੰਦੀਆਂ ਨਾਲ ਪੂਰੀ ਸਰਗਰਮੀ ਨਾਲ ਜੁੜੇ ਰਹੇ ਅਤੇ ਇੱਥੋਂ ਹੀ ਉਹ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਏ। ਵੈਨਕੂਵਰ ਸ਼ਹਿਰ ਪੰਜਾਬੀ ਸਾਹਿਤ ਅਦੀਬਾਂ ਦਾ ਮਰਕਜ਼ ਹੈ, ਇੱਥੇ ਪੰਜਾਬੀ ਸਾਹਿਤ ਦਾ ਦਰਿਆ ਵਗਦਾ ਹੈ! ਸ਼ਮਸ਼ੇਰ ਜੀ ਦੀ ਵਿਲੱਖਣ, ਗ਼ੈਰ-ਵਿਵਾਦਪੂਰਨ ਸ਼ਖ਼ਸੀਅਤ ਹੀ ਸੀ ਕਿ ਸਾਰੀਆਂ ਸਾਹਿਤਕ ਜਥੇਬੰਦੀਆਂ ਉਨ੍ਹਾਂ ਨੂੰ ਸਨਮਾਨਿਤ ਕਰਨਾ ਆਪਣੇ ਧੰਨਭਾਗ ਸਮਝਦੀਆਂ ਸਨ।
ਜੋਗਿੰਦਰ ਸ਼ਮਸ਼ੇਰ ਦੇ ਸਾਹਿਤਕ, ਸਮਾਜਕ ਅਤੇ ਪਰਿਵਾਰਕ ਸ਼ੁਭ-ਚਿੰਤਕਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਉਹਨਾਂ ਦੇ ਸ਼ੁਭ-ਚਿੰਤਕ, ਮਿੱਤਰ, ਦੋਸਤ, ਰਿਸ਼ਤੇਦਾਰ ਭਾਰਤ ਤੋਂ ਇਲਾਵਾ ਦੁਨੀਆਂ ਦੇ ਹਰ ਵੱਡੇ-ਛੋਟੇ ਮੁਲਕ ਵਿੱਚ ਫੈਲੇ ਹੋਏ ਹਨ ਅਤੇ ਉਹਨਾਂ ਦੇ ਲਗਾਤਾਰ ਸੰਪਰਕ ਵਿੱਚ ਸਨ। ਜੋਗਿੰਦਰ ਸ਼ਮਸ਼ੇਰ ਕਲਮ ਦੇ ਧਨੀ ਤਾਂ ਸਨ ਹੀ, ਉਨ੍ਹਾਂ ਦੀ ਯਾਦਦਾਸ਼ਤ ਵੀ ਫੋਟੋਗਰਾਫਿਕ ਸੀ। ਆਪਣੇ ਅੰਤ ਸਮੇਂ ਤਕ ਵੀ ਉਹ ਆਪਣੇ ਪਿੰਡ ਲੱਖਣ ਕੇ ਪੱਡਾ ਅਤੇ ਫਿਰ ਕੋਇਟੇ ਸ਼ਹਿਰ ਦੇ ਭੂਚਾਲ ਦਾ ਬਿਰਤਾਂਤ ਇੱਕ ਫਿਲਮ ਵਾਂਗ ਅੱਖਾਂ ਸਾਹਮਣੇ ਸਿਰਜ ਦਿੰਦੇ ਸਨ। ਦਿੱਲੀ ਦੀਆਂ ਗਲ਼ੀਆਂ, ਸਾਹਿਰ ਲੁਧਿਆਣਵੀ, ਸ੍ਰੀਨਗਰ ਤੋਂ ਛਪਦੇ ਮੈਗਜ਼ੀਨ “ਤਾਮੀਰ” ਦੇ ਸੰਪਾਦਕ ਦੀਵਾਨ ਬਰਿੰਦਰ ਨਾਥ, ਅੰਧਰੇਟੇ ਵਿਖੇ ਸੋਭਾ ਸਿੰਘ ਚਿਤਰਕਾਰ ਨਾਲ ਮੁਲਾਕਾਤ, ਪ੍ਰੋਫੈਸਰ ਮਲਵਿੰਦਰਜੀਤ ਸਿੰਘ, ਗੁਰਦਿਆਲ ਸਿੰਘ ਨਾਵਲਿਸਟ, ਜਸਵੰਤ ਸਿੰਘ ਨੇਕੀ, ਸੋਹਣ ਸਿੰਘ ਜੋਸ਼, ਫ਼ੈਜ਼ ਅਹਿਮਦ ਫ਼ੈਜ਼, ਸ਼ਿਵ ਕੁਮਾਰ, ਜਗਜੀਤ ਸਿੰਘ ਆਨੰਦ, ਸ. ਸ. ਮੀਸ਼ਾ, ਜੈਮਲ ਪੱਡਾ, ਰਾਲਫ਼ ਰਸਲ, ਗੁਰਨਾਮ ਸਿੰਘ ਤੀਰ, ਹਰਭਜਨ ਹੁੰਦਲ, ਐੱਸ ਪੀ. ਗੁਰਦਿਆਲ ਮੰਡੇਰ ਆਦਿ ਦੀਆਂ ਅਨੇਕ ਮਾਣਮੱਤੀਆਂ ਯਾਦਾਂ ਉਨ੍ਹਾਂ ਨੇ ਦਿਲ ਵਿੱਚ ਸਾਂਭ ਰੱਖੀਆਂ ਸਨ। ਰੂਸ, ਚੀਨ, ਦੇ ਸਫ਼ਰਨਾਮਿਆਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਸਨ ਜਿਵੇਂ ਇਹ ਕੱਲ੍ਹ ਦੀ ਗੱਲ ਹੋਵੇ! ਉਨ੍ਹਾਂ ਨੂੰ ਫੋਟੋਗਰਾਫ਼ੀ ਅਤੇ ਫੋਟੋ ਸਾਂਭਣ ਦਾ ਬਹੁਤ ਸ਼ੌਕ ਸੀ। ਦੋਸਤਾਂ ਮਿੱਤਰਾਂ ਨਾਲ ਹੋਏ ਚਿੱਠੀ-ਪੱਤਰ ਦਾ ਉਨ੍ਹਾਂ ਕੋਲ਼ ਅਣਮੋਲ ਖ਼ਜ਼ਾਨਾ ਸੀ, ਜਿਸਦਾ ਜ਼ਿਕਰ ਕਰਦੇ ਹੋਏ ਉਹ ਇੱਕ ਅਜੀਬ ਵਿਸਮਾਦ ਵਿੱਚ ਗਵਾਚ ਜਾਂਦੇ ਸਨ। ਫੋਟੋਆਂ ਅਤੇ ਖ਼ਤਾਂ ਨੂੰ ਉਹ ਹੱਥ ਵਿੱਚ ਇੰਨੀ ਕੋਮਲਤਾ ਨਾਲ ਪਕੜਦੇ ਸਨ ਜਿਵੇਂ ਉਨ੍ਹਾਂ ਵਿੱਚ ਰੂਹ ਧੜਕ ਰਹੀ ਹੋਵੇ! ਉਨ੍ਹਾਂ ਨੂੰ ਪੰਜਾਬੀ, ਉਰਦੂ, ਹਿੰਦੀ ਅਤੇ ਇੰਗਲਿਸ਼ ਉੱਪਰ ਆਬਰ ਹਾਸਲ ਸੀ।
ਉਹ ਕਿਹਾ ਕਰਦੇ ਸਨ ਕਿ ‘ਲੇਖਕ ਹਰ ਵੇਲੇ ਲੇਖਕ ਹੁੰਦਾ ਹੈ, ਜਦੋਂ ਉਹ ਕੁਝ ਸਿਰਜ ਰਿਹਾ ਹੁੰਦਾ ਹੈ ਉਦੋਂ ਵੀ, ਤੇ ਉਦੋਂ ਵੀ ਜਦੋਂ ਉਹ ਕੁਝ ਨਹੀਂ ਸਿਰਜ ਰਿਹਾ ਹੁੰਦਾ, ਪਰ ਵਿਚਾਰਾਂ ਦਾ ਮਨ ਵਿੱਚ ਚਿੰਤਨ-ਮੰਥਨ ਲਗਾਤਾਰ ਚੱਲ ਰਿਹਾ ਹੁੰਦਾ ਹੈ। ਸਾਹਿਤ ਹੀ ਉਸਦੀ ਜ਼ਿੰਦਗੀ ਦਾ ਅਸਲੀ ਸਰਮਾਇਆ ਹੁੰਦਾ ਹੈ।’ ਜੋਗਿੰਦਰ ਸ਼ਮਸ਼ੇਰ ਜੀ ਨੇ ਡੇਢ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ:
• ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ (ਜੀਵਨੀ), 1943;
• ਲੰਡਨ ਤੋਂ ਦਿੱਲੀ ਕਾਰ ਰਾਹੀਂ (ਸਫ਼ਰਨਾਮਾ), 1972;
• ਓਵਰਟਾਈਮ ਪੀਪਲ (1988) ;
• ਕੁਝ ਕਵਿਤਾਵਾਂ (ਕਵਿਤਾ), 1992;
• ਲੰਡਨ ਦੇ ਸ਼ਹੀਦ (ਵਾਰਤਕ), 1992;
• ਬਰਤਾਨੀਆ ਵਿੱਚ ਪੰਜਾਬੀ ਜੀਵਨ ਤੇ ਸਾਹਿਤ (ਨਿਬੰਧ), 1992;
• 1919 ਦਾ ਪੰਜਾਬ (ਇਤਿਹਾਸ), 1992;
• ਕਈ ਪਰਤਾਂ ਦੇ ਲੋਕ (ਲੇਖਿਕਾ ਮੈਰੀਉਨ ਮਾਲਟੀਨੋ) ਅੰਗਰੇਜ਼ੀ ਤੋਂ ਅਨੁਵਾਦ 1994;
• ਫ਼ੈਜ਼ ਅਹਿਮਦ ਫ਼ੈਜ਼ ਦੇ ਖ਼ਤ ਬੇਗ਼ਮ ਸਰਫ਼ਰਾਜ਼ ਇਕਬਾਲ ਦੇ ਨਾਂ (ਅਨੁਵਾਦ), 2002;
• ਮੈਨੀਟੋਬਾ ਦਾ ਇਤਿਹਾਸ (ਵਾਰਤਕ), 2004;
• ਚੀਨ ਵਿੱਚ 22 ਦਿਨ (ਡਾਇਰੀ), 2007;
• ਪਾਰਵਤੀ ਦੇ ਕੰਢੇ ਕੰਢੇ (ਸਫ਼ਰਨਾਮਾ), 2007;
• ਸਵੈ-ਜੀਵਨੀ ਰਾਲਫ਼ ਰਸਲ, (ਅਨੁਵਾਦ), 2007;
• ਕਿੱਥੇ ਗਿਆ ਮੇਰਾ ਸ਼ਹਿਰ ਲਾਹੌਰ (ਸੋਮ ਆਨੰਦ ਦੀਆਂ ਯਾਦਾਂ: ਉਰਦੂ ਤੋਂ ਅਨੁਵਾਦ), 2007;
• ਮੈਨੀਟੋਬਾ ਦਾ ਪੰਜਾਬੀ ਸਾਹਿਤ (ਕਾਵਿ, ਕਹਾਣੀ ਸੰਗ੍ਰਹਿ) 2013;
• ਤਨ ਤੰਬੂਰ (ਮੂਲ ਲੇਖਕ ਅਹਿਮਦ ਸਲੀਮ, ਸ਼ਾਹਮੁਖੀ ਤੋਂ ਗੁਰਮੁਖੀ ਲਿਪੀਆਂਤਰ);
• ਬੀਤੇ ਦਾ ਸਫ਼ਰ (ਸਵੈ-ਜੀਵਨੀ ਛਪਾਈ ਅਧੀਨ); ਅਤੇ
• ਇਸ ਤੋਂ ਇਲਾਵਾ ਕਈ ਅਣਛਪੀਆਂ ਵੱਡਮੁੱਲੀਆਂ ਲਿਖਤਾਂ ਦੇ ਖਰੜੇ ਉਹ ਪਿੱਛੇ ਛੱਡ ਗਏ ਹਨ ਜਿਨ੍ਹਾਂ ਨੂੰ ਪਰਿਵਾਰ ਵੱਲੋਂ ਢੁਕਵੇਂ ਸਮੇਂ ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
ਸ਼ਮਸ਼ੇਰ ਜੀ ਦੀਆਂ ਸਾਰੀਆਂ ਪੁਸਤਕਾਂ ਦਾ ਹੀ ਪੰਜਾਬੀ ਸਾਹਿਤ ਵਿੱਚ ਵੱਡਮੁੱਲਾ ਯੋਗਦਾਨ ਹੈ, ਪਰ ‘1919 ਦਾ ਪੰਜਾਬ’ ਅਤੇ ‘ਲੰਡਨ ਦੇ ਸ਼ਹੀਦ’ ਖ਼ਾਸ ਤੌਰ ’ਤੇ ਸਾਂਭਣਯੋਗ ਇਤਿਹਾਸਕ ਦਸਤਾਵੇਜ਼ ਹਨ। ‘1919 ਦਾ ਪੰਜਾਬ’ ਵਿੱਚ ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਵੱਲੋਂ ਭੇਜੀ ਖ਼ੁਫ਼ੀਆ ਦਸਤਾਵੇਜ਼ ਬਾਰੇ ਜਾਣਕਾਰੀ ਹੈ। ਉਸ ਸਮੇਂ ਦੇ ਰਾਜਨੀਤਕ ਹਾਲਾਤ ਅਤੇ ਪੰਜਾਬ ਵਿੱਚ ਪਰਚੰਡ ਹੋ ਰਹੀ ਬ੍ਰਿਟਿਸ਼ ਵਿਰੋਧੀ ਲਹਿਰ, ਇਨਕਲਾਬੀ ਕਾਰਕੁੰਨਾਂ ਬਾਰੇ ਖ਼ੁਫ਼ੀਆ ਦਸਤਾਵੇਜ਼ਾਂ ਨੂੰ ਆਰਕਾਈਵਜ਼ ਵਿੱਚੋਂ ਕਰੜੀ ਮਿਹਨਤ ਅਤੇ ਖੋਜ ਕਰਕੇ ਤੱਥਾਂ ’ਤੇ ਆਧਾਰਿਤ ਇਤਿਹਾਸ ਪੇਸ਼ ਕੀਤਾ ਹੈ। ‘ਲੰਡਨ ਦੇ ਸ਼ਹੀਦ’ ਵਿੱਚ ਭਾਰਤ ਦੀ ਜੰਗੇ-ਆਜ਼ਾਦੀ ਦੇ ਦੋ ਮਹਾਂ-ਨਾਇਕ ਸ਼ਹੀਦ ਮਦਨ ਲਾਲ ਢੀਂਗਰਾ ਵੱਲੋਂ ਸਰ ਕਰਜ਼ਨ ਵਿਲੀ ਦੇ ਕਤਲ, ਅਤੇ ਸ਼ਹੀਦ ਊਧਮ ਸਿੰਘ ਵੱਲੋਂ ਸਰ ਮਾਈਕਲ ਓਡਵਾਇਰ ਦੇ ਲੰਡਨ ਦੇ ਕੈਕਸਟਨ ਹਾਲ ਵਿੱਚ ਕੀਤੇ ਕਤਲਾਂ ਦਾ ਭਰਪੂਰ ਵੇਰਵਾ ਅਤੇ ਜਿਸ ਇਤਿਹਾਸਕ ਪਿਛੋਕੜ ਵਿੱਚ ਇਹ ਐਕਸ਼ਨ ਕੀਤੇ ਗਏ ਸਨ ਉਸ ਦਾ ਵੀ ਵੇਰਵਾ ਮਿਲਦਾ ਹੈ। ਕੁਝ ਸਿਆਸੀ, ਜਾਤੀਵਾਦ ਸੰਕੀਰਣਤਾ ਕਰਕੇ ਹੁਣ ਤਕ ਸਾਡੇ ਇਹ ਕੌਮੀ ਸ਼ਹੀਦ ਅਣਗੌਲ਼ੇ (Unsung Hero) ਹੀ ਰਹੇ ਹਨ, ਉਨ੍ਹਾਂ ਦੀਆਂ ਲਾ-ਮਿਸਾਲ ਕੁਰਬਾਨੀਆਂ ਨੂੰ ਤ੍ਰੋੜ-ਮ੍ਰੋੜ ਕੇ ਤੰਗ-ਨਜ਼ਰੀਏ ਨਾਲ ਪੇਸ਼ ਕੀਤਾ ਜਾਂਦਾ ਰਿਹਾ ਹੈ।
ਸ਼ਮਸ਼ੇਰ ਹੋਰਾਂ ਦੀ ਤਰਜ਼-ਏ-ਜ਼ਿੰਦਗੀ ਬਹੁਤ ਸਹਿਜ, ਅਤੇ ਸਾਦਗੀ ਵਾਲੀ ਸੀ। ਸ਼ਮਸ਼ੇਰ ਜੀ ਬੇਹੱਦ ਗੰਭੀਰ ਅਤੇ ਖ਼ਾਮੋਸ਼ ਰਹਿਣ ਵਾਲ਼ੇ ਇਨਸਾਨ ਸਨ। ਉਹ ਕਦੇ ਵੀ ਲੋੜ ਤੋਂ ਵੱਧ ਗੱਲ ਨਹੀਂ ਕਰਦੇ ਸਨ। ਜਿਵੇਂ ਬਾਬਾ ਫ਼ਰੀਦ ਜੀ ਫੁਰਮਾਉਂਦੇ ਹਨ “ਸਬਰ ਅੰਦਰ ਸਾਬਰੀ ਤਨੁ ਏਵੈ ਜਾਲੇਨ੍ਹਿ॥ ਹੋਨ ਨਜੀਕ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥” ਸਬਰ-ਸੰਤੋਖ ਅਤੇ ਸੇਵਾ ਭਾਵਨਾ ਦੀ ਲਗਨ ਅੱਗੇ ਚੱਲ ਕੇ ਉਨ੍ਹਾਂ ਦੀ ਸੰਤਾਨ ਵਿੱਚ ਦੇਖੀ ਜਾ ਸਕਦੀ ਹੈ। ਉਨ੍ਹਾਂ ਦੇ ਪੈਰੀਂ ਚੱਕਰ ਸੀ। ਭਾਰਤ, ਰੂਸ, ਚੀਨ, ਇੰਗਲੈਂਡ, ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੀ ਸੈਰ ਦਾ ਉਹ ਬਾਖ਼ੂਬੀ ਤੇ ਬਰੀਕੀ ਨਾਲ ਜ਼ਿਕਰ ਕਰਿਆ ਕਰਦੇ ਸਨ। ਨਾਂਵਾਂ, ਥਾਂਵਾਂ ਅਤੇ ਘਟਨਾਵਾਂ ਬਾਰੇ ਉਹ ਚੱਲਦੇ ਫਿਰਦੇ ਇਨਸਾਈਕਲੋਪੀਡੀਆ ਸਨ! ਉਨ੍ਹਾਂ ਭਾਰਤ, ਇੰਗਲੈਂਡ ਜਾਂ ਕੈਨੇਡਾ ਵਿੱਚ ਰਹਿੰਦਿਆਂ ਕਦੇ ਵੀ ਕਾਰ ਜਾਂ ਕਿਸੇ ਵਾਹਨ ਦਾ ਡਰਾਈਵਰ ਲਾਇਸੈਂਸ ਨਹੀਂ ਲਿਆ, ਭਾਵੇਂ ਕਿ ਉਹ ਇੰਗਲੈਂਡ ਵਾਲ਼ੇ ‘ਦੇਸ ਪਰਦੇਸ’ ਦੇ ਸੰਪਾਦਕ (ਮਹਿਰੂਮ) ਤਰਸੇਮ ਪੁਰੇਵਾਲ ਨਾਲ 1969 ਵਿੱਚ ਲੰਡਨ ਤੋਂ ਕਾਰ ਰਾਹੀਂ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਦਿਵਸ ਲਈ ਨਨਕਾਣਾ ਸਾਹਿਬ ਅਤੇ ਬਾਅਦ ਵਿੱਚ ਭਾਰਤ ਪਹੁੰਚੇ ਸਨ। ਅੰਤ ਸਮੇਂ ਤਕ ਉਨ੍ਹਾਂ ਕਦੇ ਐਨਕ, Hearing aid ਜਾਂ Dentures ਨਹੀਂ ਲਗਵਾਏ। ਦੁਰਭਾਗਵੱਸ ਕੁਝ ਅਰਸੇ ਤੋਂ ਉਹ ਪ੍ਰੌਸਟੇਟ ਕੈਂਸਰ ਦੀ ਨਾ-ਮੁਰਾਦ ਬੀਮਾਰੀ ਤੋਂ ਪੀੜਤ ਸਨ। ਪਰ ਇਸ ਸਭ ਕੁਝ ਦੇ ਬਾਵਜੂਦ ਉਹ ਹਰ ਵਕਤ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ। ਉਨ੍ਹਾਂ ਕਦੇ ਵੀ ਲੋਕਾਂ ਤੋਂ ਹਮਦਰਦੀ ਜਿੱਤਣ ਲਈ ਆਪਣੀਆਂ ਸਰੀਰਕ ਬੀਮਾਰੀਆਂ ਦਾ ਜ਼ਿਕਰ ਨਹੀਂ ਕੀਤਾ। ਉਹ 90 ਸਾਲ ਦੀ ਉਮਰ ਤਕ ਸਾਹਿਤ ਸਿਰਜਣਾ ਵਿੱਚ ਮਸਰੂਫ਼ ਰਹੇ। ਜਿਸ ਵੀ ਸਾਹਿਤਕ ਕਾਰਜ ਨੂੰ ਉਹ ਹੱਥ ਪਾਉਂਦੇ ਸਨ, ਨਿੱਤਨੇਮ ਦੇ ਧਰਮ ਵਾਂਗ ਪਾਲਣਾ ਕਰਦੇ ਸਨ। ਉਹ ਬਿਨਾ ਕਿਸੇ ਵਿਰੋਧ-ਵਿਤਕਰੇ ਦੇ ਸਾਰੀਆਂ ਸਾਹਿਤ ਸਭਾਵਾਂ ਨਾਲ ਜੁੜੇ ਹੋਏ ਸਨ। ਆਪਣੀ ਨਿੱਜੀ, ਪਰਿਵਾਰਕ, ਸਮਾਜਕ, ਰਾਜਨੀਤਕ ਅਤੇ ਸਾਹਿਤਕ ਦੁਨੀਆਂ ਵਿੱਚ ਸ਼ਾਇਦ ਉਹ ਸਭ ਤੋਂ ਘੱਟ ਵਿਵਾਦਪੂਰਨ ਇਨਸਾਨ ਸਨ। ਆਪਣੇ ਆਖ਼ਰੀ ਦਿਨਾਂ ਵਿੱਚ ਉਹ ਇੱਕ ਤਰ੍ਹਾਂ ਨਾਲ ਇਕਾਂਤਵਾਸ ਹੋ ਗਏ ਸਨ, ਅਖ਼ੀਰਲੇ ਦੋ ਕੁ ਸਾਲਾਂ ਵਿੱਚ ਉਹ ਕੁਝ ਜ਼ਿਆਦਾ ਹੀ ਸਹਿਜ ਹੋ ਗਏ ਸਨ ਅਤੇ ਬਾਹਰ ਘੱਟ ਵੱਧ ਹੀ ਜਾਂਦੇ ਸਨ। ਇਸ ਅਵਸਥਾ ਬਾਰੇ ਉਹ ਅਕਸਰ ਕਹਿੰਦੇ ਸਨ: “ਫਰੀਦਾ ਇੰਨੀ ਨਿਕੀ ਜੰਘੀਐ ਥਲ ਢੂੰਘਰ ਭਵਿਓਮ। ਆਜ ਫਰੀਦੈ ਕੂਜੜਾ ਸੈ ਕੋਸਾਂ ਥੀਉਮ।” ਉਹ ਸਹਿਜ ਰਹਿਣਾ ਪਸੰਦ ਕਰਦੇ ਸਨ ਅਤੇ ਕੁਦਰਤ ਦੇ ਭਾਣੇ ਵਿੱਚ ਹੀ ਸਹਿਜ-ਸੁਭਾ ਇਸ ਦੁਨੀਆਂ ਤੋਂ ਰੁਖ਼ਸਤ ਹੋਣਾ ਲੋਚਦੇ ਸਨ।
ਇੱਕ ਅਕਾਦਮਿਕ ਇਤਿਹਾਸ ਹੁੰਦਾ ਹੈ ਜੋ ਸਕੂਲਾਂ ਕਾਲਜਾਂ ਵਿੱਚ ਸਾਨੂੰ ਪੜ੍ਹਾਇਆ ਜਾਂਦਾ ਹੈ, ਜਿਸ ਨਾਲ ਸਮੇਂ ਦੇ ਹੁਕਮਰਾਨਾਂ ਵੱਲੋਂ ਖਿਲਵਾੜ ਕੀਤਾ ਜਾਂਦਾ ਰਿਹਾ ਹੈ। ਇੱਕ ਇਤਿਹਾਸ ਉਹ ਹੁੰਦਾ ਹੈ ਜੋ ਕਿਸੇ ਨੇ ਆਪਣੇ ਅੱਖੀਂ ਦੇਖਿਆ, ਤੇ ਤਨ, ਮਨ ’ਤੇ ਹੰਢਾਇਆ ਹੁੰਦਾ ਹੈ। ਭਾਰਤ ਦੀ ਜੰਗੇ-ਆਜ਼ਾਦੀ ਦਾ ਸਹੀ ਇਤਿਹਾਸ, ਬ੍ਰਿਟਿਸ਼ ਸਲਤਨਤ ਦੀਆਂ ਮੱਕਾਰੀਆਂ, ਦੇਸ਼-ਵੰਡ, ਸਿਆਸੀ ਪਾਰਟੀਆਂ: ਕਾਂਗਰਸ, ਮੁਸਲਿਮ ਲੀਗ, ਅਤੇ ਕਮਿਊਨਿਸਟ ਪਾਰਟੀ ਦੇ ਬਦਲਦੇ ਸਟੈਂਡ, ਧੜੇਬਾਜ਼ੀ ਅਤੇ ਜੋੜ-ਤੋੜ, ਮੌਕਾਪ੍ਰਸਤੀ, ਬੇਵਿਸ਼ਵਾਸੀ, ਜਾਤ-ਪਾਤ ਦੀ ਹਉਮੈਂ, ਆਦਿ ਦਾ ਸ਼ਮਸ਼ੇਰ ਜੀ ਨੇ ਆਪਣੀ ਸਵੈ-ਜੀਵਨੀ ਵਿੱਚ ਬੇਬਾਕੀ ਨਾਲ ਵਰਣਨ ਕੀਤਾ ਹੈ। ਲਗਭਗ ਇੱਕ ਸਦੀ ਦੀ ਵਿਸ਼ਾਲ ਜ਼ਿੰਦਗੀ ਦੇ ਸਫ਼ਰ ਦੌਰਾਨ ਹਜ਼ਾਰਾਂ ਹੀ ਸ਼ਖ਼ਸੀਅਤਾਂ ਜੋ ਉਨ੍ਹਾਂ ਦੇ ਸੰਪਰਕ ਵਿੱਚ ਆਈਆਂ, ਅਤੇ ਘਟਨਾਵਾਂ ਜਿਨ੍ਹਾਂ ਦੇ ਉਹ ਖ਼ੁਦ ਪ੍ਰਰਭਾਵ ਵਿੱਚ ਆਏ, ਦਾ ਦਰਜਾ-ਬਦਰਜਾ ਬਣਦਾ ਭਰਪੂਰ ਜ਼ਿਕਰ ਆਪਣੀ ਸਵੈ-ਜੀਵਨੀ ਵਿੱਚ ਕੀਤਾ ਹੈ। ਜੇਕਰ ਲਿਊ ਟਾਲਸਟਾਏ ਦੇ ਮਹਾਂ-ਕਾਵਿ ‘ਜੰਗ ਤੇ ਅਮਨ’ ਵਿੱਚ ਕਈ ਹਜ਼ਾਰ ਪਾਤਰ ਹਨ, ਤਾਂ ਮੇਰਾ ਦਾਅਵਾ ਹੈ ਜਦ ਤੁਸੀਂ ਸ਼ਮਸ਼ੇਰ ਹੋਰਾਂ ਦੀ ਸਵੈ-ਜੀਵਨੀ ‘ਬੀਤੇ ਦਾ ਸਫ਼ਰ’ ਪੜ੍ਹੋਗੇ ਤਾਂ ਤੁਹਾਨੂੰ ਉਸ ਵਿੱਚੋਂ ਟਾਲਸਟਾਏ ਦੀ ਰੂਹ ਦੇ ਦੀਦਾਰ ਹੋਣਗੇ!
ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਸਬਰ, ਸੰਤੋਖ, ਹਲੀਮੀ, ਸਾਦਗੀ, ਇਮਾਨਦਾਰੀ, ਬੇਬਾਕੀ, ਇਰਾਦੇ ਦੀ ਦ੍ਰਿੜ੍ਹਤਾ, ਪ੍ਰਤੀਬੱਧਤਾ, ਅਤੇ ਸਵੈ-ਸੰਪੂਰਨਤਾ ਦਾ ਖ਼ੂਬਸੂਰਤ ਗ਼ੁਲਦਸਤਾ ਸੀ। ਕਿਸੇ ਦਰਖ਼ਤ ਦੇ ਗੁਣਾਂ - ਉਹ ਮਿੱਠਾ ਹੈ ਜਾਂ ਕੌੜਾ ਕਸੈਲ਼ਾ, ਦਾ ਅੰਦਾਜ਼ਾ ਉਸ ਦੇ ਫੁੱਲਾਂ ਫਲਾਂ ਤੋਂ ਲਾਇਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਨਿੱਜੀ ਤੌਰ ’ਤੇ ਸ਼ਮਸ਼ੇਰ ਜੀ ਨਾਲ ਨੇੜਿਉਂ ਨਹੀਂ ਦੇਖਿਆ ਵਰਤਿਆ, ਪਰ ਉਨ੍ਹਾਂ ਦੀ ਸੰਤਾਨ ਅਤੇ ਬਾਕੀ ਰਿਸ਼ਤੇਦਾਰ ਜਿੰਨੇ ਕੋਮਲ ਹਿਰਦੇ ਵਾਲ਼ੇ, ਨਿੱਘੇ, ਸਰਲ, ਸੰਤੋਖੀ, ਹਲੀਮੀ ਸੁਭਾਅ ਵਾਲ਼ੇ ਹਨ, ਇਨ੍ਹਾਂ ਵਿੱਚੋਂ ਸ਼ਮਸ਼ੇਰ ਜੀ ਦੀ ਰੂਹ ਬਾਖ਼ੂਬੀ ਰੂਪਮਾਨ ਹੁੰਦੀ ਹੈ। ਇਹ ਜੱਗ ਚੱਲਣਹਾਰ ਹੈ: “ਫਰੀਦਾ ਖਿੰਥੜ ਮੇਖਾ ਅਗਲੀਆਂ ਜਿੰਦੁ ਨਾ ਕਾਈ ਮੇਖ।। ਵਾਰੀ ਆਪੋ ਆਪਣੀ ਚਲੇ ਮਸਾੲਕ ਸੇਖ। ਸੇਖ ਹਯਾਤੀ ਜਗਿ ਨ ਕੋਈ ਥਿਰ ਰਹਿਆ।। ਜਿਸ ਆਸਣ ਹਮ ਬੈਠੇ ਕੇਤੇ ਬੈਸ ਗਇਆ।।” ਸ਼ਮਸ਼ੇਰ ਜੀ ਸਰੀਰਕ ਤੌਰ ’ਤੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ, ਪਰ ਉਹ ਆਪਣੇ ਸਾਰਿਆਂ ਦੇ ਦਿਲਾਂ ਵਿੱਚ ਵਸਦੇ ਹਨ, ਸਾਡੇ ਸਭ ਦੇ ਅੰਗ-ਸੰਗ ਰਹਿਣਗੇ। ਅਸੀਂ ਸਦਾ ਲਈ ਵਿੱਛੜੇ ਇਸ ਮਹਾਨ ਲੇਖਕ ਦੀ ਯਾਦ ਵਿੱਚ ਸਿਰ ਝੁਕਾਉਂਦੇ ਹਾਂ ਅਤੇ ਅਹਿਦ ਕਰਦੇ ਹਾਂ ਕਿ ਉਨ੍ਹਾਂ ਦਾ ਜੀਵਨ ਸਾਡੇ ਲਈ ਚੰਗੇ ਇਨਸਾਨ ਬਣਨ, ਚੰਗਾ ਲਿਖਣ, ਚੰਗਾ ਬੋਲਣ, ਚੰਗਾ ਸੁਣਨ ਅਤੇ ਚੰਗੇ ਕਾਰਜ ਕਰਨ ਲਈ ਪ੍ਰੇਰਨਾ-ਸਰੋਤ ਬਣੇਗਾ।” ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜ ਮਲਿਆ।” (ਭਾਈ ਗੁਰਦਾਸ ਜੀ, ਵਾਰ 19, ਪਉੜੀ 14)।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3020)
(ਸਰੋਕਾਰ ਨਾਲ ਸੰਪਰਕ ਲਈ: