“1961 ਵਿਚ ਆਪ ਇੰਗਲੈਂਡ ਆ ਗਏ, ਜਿੱਥੇ ਉਹ ਪੰਜਾਬੀ ਸਾਹਿਤਕ ਅਦਾਰਿਆਂ ਨਾਲ਼ ਜੁੜੇ ਰਹੇ ...”
(30 ਅਗਸਤ 2021)
ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰ੍ਹੀ, ਬੀ.ਸੀ., ਕੈਨੇਡਾ, ਪ੍ਰਗਤੀਸ਼ੀਲ, ਬਹੁ-ਪੱਖੀ, ਸਿਰਮੌਰ ਸ਼ਖ਼ਸੀਅਤ ਸ੍ਰੀ ਜੋਗਿੰਦਰ ਸ਼ਮਸ਼ੇਰ ਜੀ ਦੀ ਅਗਸਤ 24, 2021 ਨੂੰ ਜਾਨ-ਲੇਵਾ ਸਟਰੋਕ ਹੋਣ ਕਰਕੇ ਹੋਈ ਮੌਤ ’ਤੇ ਡੂੰਘੇ ਦੁੱਖ ਅਤੇ ਸ਼ੋਕ ਦਾ ਇਜ਼ਹਾਰ ਕਰਦਾ ਹੈ। ਸ੍ਰੀ ਜੋਗਿੰਦਰ ਸ਼ਮਸ਼ੇਰ ਦਾ ਜਨਮ 19 ਮਾਰਚ 1928 ਨੂੰ ਪਿਤਾ ਸਰਦਾਰ ਸੁਰਾਇਣ ਸਿੰਘ ਦੇ ਘਰ ਮਾਤਾ ਸ੍ਰੀਮਤੀ ਬਸੰਤ ਕੌਰ ਜੀ ਦੀ ਕੁੱਖੋਂ ਆਪਣੇ ਜੱਦੀ ਪਿੰਡ ਲੱਖਣ ਕੇ ਪੱਡਾ, ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਲੱਖਣ ਕੇ ਪੱਡਾ ਪਿੰਡ ਅੱਜ ਪ੍ਰਗਤੀਸ਼ੀਲ ਅਤੇ ਵਿਗਿਆਨਕ ਸੋਚ ਵਾਲੇ ਪਿੰਡ ਵਜੋਂ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਹੈ। ਇਸ ਵਿਚ ਸ੍ਰੀ ਜੋਗਿੰਦਰ ਸ਼ਮਸ਼ੇਰ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਪਿੰਡ ਨੇ ਇਨਕਲਾਬੀ ਵਿਚਾਰਧਾਰਾ ਨੂੰ ਪਰਣਾਏ ਅਨੇਕਾਂ ਸੂਰਮਿਆਂ ਨੂੰ ਜਨਮ ਦਿੱਤਾ। ਸ਼ਹੀਦ ਜੈਮਲ ਸਿੰਘ ਪੱਡਾ ਵਰਗੇ ਇਨਕਲਾਬੀ ਜੋ ਇਸੇ ਪਿੰਡ ਵਿਚ ਜਨਮੇ, ਦੀ ਸੋਚ ਨੂੰ ਅਗਾਂਹਵਧੂ, ਇਨਕਲਾਬੀ ਵਿਚਾਰਧਾਰਾ ਦੀ ਸਾਣ ਉੱਤੇ ਲਾ ਕੇ ਸੂਰਮੇ ਦੀ ਸਿਰਜਣਾ ਕਰਨ ਦਾ ਮਾਣ ਸ੍ਰੀ ਜੋਗਿੰਦਰ ਸ਼ਮਸ਼ੇਰ ਜੀ ਨੂੰ ਹਾਸਲ ਹੈ।
ਫਿਰ 1928 ਵਿਚ ਉਸੇ ਸਾਲ ਹੀ ਉਨ੍ਹਾਂ ਦਾ ਪਰਵਾਰ ਬਲੋਚਿਸਤਾਨ ਦੇ ਸ਼ਹਿਰ ਕੋਇਟੇ ਚਲਾ ਗਿਆ। 1935 ਨੂੰ ਕੋਇਟੇ ਵਿਚ ਜਬਰਦਸਤ ਭੂਚਾਲ ਆਇਆ ਜਿਸ ਕਰਕੇ ਸਾਰਾ ਵਸਦਾ ਰਸਦਾ ਸ਼ਹਿਰ ਰਾਤੋਰਾਤ ਢਹਿ-ਢੇਰੀ ਹੋ ਗਿਆ। ਇਸ ਭੂਚਾਲ ਵਿਚ ਸ਼ਮਸ਼ੇਰ ਜੀ ਦੇ ਪਿਤਾ ਜੀ ਮਲਬੇ ਦੇ ਭਾਰ ਕਰਕੇ ਰੀੜ੍ਹ ਦੀ ਹੱਡੀ ਟੁੱਟ ਜਾਣ ਕਰਕੇ ਉਮਰ-ਭਰ ਲਈ ਅਪਾਹਜ ਹੋ ਗਏ ਸਨ। ਜਦ ਸਾਰਾ ਸ਼ਹਿਰ ਭੂਚਾਲ ਨਾਲ਼ ਤਹਿਸ ਨਹਿਸ ਹੋ ਗਿਆ ਤਾਂ ਜੁਲਾਈ 1936 ਵਿਚ ਉਹ ਆਪਣੇ ਪਰਿਵਾਰ ਸਮੇਤ ਜੱਦੀ ਪਿੰਡ ਲੱਖਣ ਕੇ ਪੱਡਾ ਵਾਪਸ ਆ ਗਏ।
1936 ਤੋਂ 1952 ਤੱਕ ਆਪ ਕਾਲ਼ਾ ਸੰਘਿਆਂ ਰਹੇ, ਜਿੱਥੇ ਉਨ੍ਹਾਂ ਦੇ ਮਾਤਾ ਜੀ ਗਰਲਜ਼ ਸਕੂਲ ਦੇ ਮੁੱਖ-ਅਧਿਆਪਕਾ ਸਨ। 1943 ਵਿਚ ਸ਼ਮਸ਼ੇਰ ਜੀ ਨੂੰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿਚ ਸਰਗਰਮ ਹੋਣ ਕਰਕੇ 15 ਸਾਲ ਦੀ ਉਮਰ ਵਿਚ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਰਿਹਾ ਹੋਣ ’ਤੇ ਕੁਲ-ਵਕਤੀ, ਪੱਕੇ ਤੌਰ ‘ਤੇ ਸਿਆਸੀ ਲਹਿਰਾਂ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦੀ ਪਹਿਲੀ ਕਵਿਤਾ 1945 ਵਿਚ ਲਾਹੌਰ ਤੋਂ ਛਪਦੇ ਅਖ਼ਬਾਰ ‘ਜੰਗੇ-ਆਜ਼ਾਦੀ’ ਵਿਚ ਛਪੀ। 1948 ਵਿਚ ਫਿਰ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। 1952 ਤੋਂ ਬਾਅਦ ਜਾ ਕੇ ਉਨ੍ਹਾਂ ਆਪਣੀ ਤਾਲੀਮ ਮੁਕੰਮਲ ਕੀਤੀ ਅਤੇ 1954 ਤੋਂ 1961 ਤੱਕ ਵੱਖ ਵੱਖ ਸਕੂਲਾਂ ਵਿਚ ਅਧਿਆਪਕ ਰਹੇ।
1961 ਵਿਚ ਆਪ ਇੰਗਲੈਂਡ ਆ ਗਏ, ਜਿੱਥੇ ਉਹ ਪੰਜਾਬੀ ਸਾਹਿਤਕ ਅਦਾਰਿਆਂ ਨਾਲ਼ ਜੁੜੇ ਰਹੇ। ਉਹ ਪੰਜਾਬੀ ਸਾਹਿਤ ਸਭਾ ਗਰੇਟ ਬ੍ਰਿਟੇਨ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ ਲੰਡਨ ਅਤੇ ਫਿਰ ਗਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਰਹੇ। ਉਨ੍ਹਾਂ ਦੇ ਲੇਖ, ਕਵਿਤਾਵਾਂ, ਕਹਾਣੀਆਂ ਵੱਖ ਵੱਖ ਮੈਗਜ਼ੀਨਾਂ ਵਿਚ ਛਪਦੇ ਰਹੇ ਹਨ। 1989 ਵਿਚ ਉਨ੍ਹਾਂ ਦੀ ਧਰਮਪਤਨੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਇਕਲੌਤੀ ਧੀ ਉਸ਼ਮਾ ਨੂੰ ਵਿਨੀਪੈਗ, ਕੈਨੇਡਾ ਵਿਚ ਉਸ ਦੇ ਮਾਮਾ ਜੀ ਡਾ. ਨਿਰੰਜਣ ਸਿੰਘ ਢਾਲਾ ਜੀ ਦੇ ਪਰਵਾਰ ਵਿਚ ਭੇਜ ਦਿੱਤਾ ਗਿਆ, ਤੇ ਖ਼ੁਦ ਉਹ ਬ੍ਰਿਟਿਸ਼ ਪੋਸਟਲ ਸਰਵਿਸ ਤੋਂ ਰਿਟਾਇਰ ਹੋ ਕੇ 1993 ਵਿਚ ਵਿਨੀਪੈੱਗ, ਕੈਨੇਡਾ ਆ ਗਏ।
2004 ਵਿਚ ਉਹ ਪਰਿਵਾਰ ਸਮੇਤ ਵੈਨਕੂਵਰ ਆਣ ਵੱਸੇ, ਅਤੇ ਇੱਥੋਂ ਦੀਆਂ ਸਾਹਿਤਕ ਜਥੇਬੰਦੀਆਂ ਨਾਲ਼ ਪੂਰੀ ਸਰਗਰਮੀ ਨਾਲ਼ ਜੁੜੇ ਰਹੇ। ਇੱਥੋਂ ਹੀ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੋਏ। ਇਹ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਹੀ ਸੀ ਕਿ ਉਹ ਸਾਰੀਆਂ ਸਾਹਿਤਕ ਜਥੇਬੰਦੀਆਂ ਵੱਲੋਂ ਸਤਿਕਾਰੇ ਅਤੇ ਸਨਮਾਨੇ ਜਾਂਦੇ ਰਹੇ।
ਅਸੀਂ ਸਮਝਦੇ ਹਾਂ ਕਿ ਆਪਣੀ ਔਲਾਦ ਦੇ ਨਾਲ਼ ਨਾਲ਼ ਹਰ ਲੇਖਕ ਦੀਆਂ ਸਾਹਿਤਿਕ ਕਿਰਤਾਂ ਹੀ ਉਸ ਦੇ ਧੀਆਂ-ਪੁੱਤਰ ਹੁੰਦੇ ਹਨ, ਉਸਦੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ। ਭਾਵੇਂ ਉਨ੍ਹਾਂ ਦੀ ਆਪਣੀ ਇਕਲੌਤੀ ਧੀ ਉਸ਼ਮਾ ਹੀ ਹੈ, ਪਰ ਆਪਣੀ ਨੂਰਾਨੀ ਸ਼ਖ਼ਸੀਅਤ ਅਤੇ ਅਗਾਂਹਵਧੂ ਲਿਖਤਾਂ ਕਰਕੇ ਉਨ੍ਹਾਂ ਦਾ ਸਮਾਜਕ ਅਤੇ ਸਾਹਿਤਕ ਪਰਵਾਰ ਪੂਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ। ਜੋਗਿੰਦਰ ਸ਼ਮਸ਼ੇਰ ਜੀ ਨੇ ਡੇਢ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ:
1. ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ (ਜੀਵਨੀ), 1943;
2. ਲੰਡਨ ਤੋਂ ਦਿੱਲੀ ਕਾਰ ਰਾਹੀਂ (ਸਫ਼ਰਨਾਮਾ), 1972;
3. ਓਵਰਟਾਈਮ ਪੀਪਲ (1988);
4. ਕੁੱਝ ਕਵਿਤਾਵਾਂ (ਕਵਿਤਾ), 1992;
5. ਲੰਡਨ ਦੇ ਸ਼ਹੀਦ (ਵਾਰਤਕ), 1992;
6. ਬਰਤਾਨੀਆ ਵਿੱਚ ਪੰਜਾਬੀ ਜੀਵਨ ਤੇ ਸਾਹਿਤ (ਨਿਬੰਧ), 1992;
7. 1919 ਦਾ ਪੰਜਾਬ (ਇਤਿਹਾਸ), 1992;
8. ਫ਼ੈਜ਼ ਅਹਿਮਦ ਫ਼ੈਜ਼ ਦੇ ਖਤ ਬੇਗ਼ਮ ਸਰਫ਼ਰਾਜ਼ ਇਕਬਾਲ ਦੇ ਨਾਂ (ਅਨੁਵਾਦ), 2002;
9. ਮੈਨੀਟੋਬਾ ਦਾ ਇਤਿਹਾਸ (ਵਾਰਤਕ), 2004;
10. ਚੀਨ ਵਿੱਚ 22 ਦਿਨ (ਡਾਇਰੀ), 2007;
11. ਪਾਰਵਤੀ ਦੇ ਕੰਢੇ ਕੰਢੇ (ਸਫ਼ਰਨਾਮਾ), 2007;
12. ਸਵੈ-ਜੀਵਨੀ ਰਾਲਫ਼ ਰਸਲ, (ਅਨੁਵਾਦ), 2007;
13. ਕਿੱਥੇ ਗਿਆ ਮੇਰਾ ਸ਼ਹਿਰ ਲਾਹੌਰ (ਸੋਮ ਆਨੰਦ ਦੀਆਂ ਯਾਦਾਂ: ਉਰਦੂ ਤੋਂ ਅਨੁਵਾਦ), 2007;
14. ਮੈਨੀਟੋਬਾ ਦਾ ਪੰਜਾਬੀ ਸਾਹਿਤ (ਕਾਵਿ, ਕਹਾਣੀ ਸੰਗ੍ਰਹਿ) 2013;
15. ਬੀਤੇ ਦਾ ਸਫ਼ਰ (ਸਵੈ-ਜੀਵਨੀ ਛਪਾਈ ਅਧੀਨ) 2015;
16. ਕਈ ਪਰਤਾਂ ਦੇ ਲੋਕ (ਲੇਖਿਕਾ ਮੈਰੀਉਨ ਮਾਲਟੀਨੋ) ਅੰਗਰੇਜ਼ੀ ਤੋਂ ਅਨੁਵਾਦ 1994;
17. ਤਨ ਤੰਬੂਰ (ਮੂਲ ਲੇਖਕ ਅਹਿਮਦ ਸਲੀਮ, ਸ਼ਾਹਮੁਖੀ ਤੋਂ ਗੁਰਮੁਖੀ ਲਿਪੀਆਂਤਰ);
ਅਤੇ ਇਸ ਤੋਂ ਇਲਾਵਾ ਕਈ ਅਣਛਪੀਆਂ ਵੱਡਮੁੱਲੀਆਂ ਲਿਖਤਾਂ ਦੇ ਖਰੜੇ ਉਹ ਪਿੱਛੇ ਛੱਡ ਗਏ ਹਨ ਜਿਨ੍ਹਾਂ ਨੂੰ ਪਰਵਾਰ ਵੱਲੋਂ ਢੁੱਕਵੇਂ ਸਮੇਂ ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰੀ, ਬੀ.ਸੀ. ਵੱਲੋਂ ਅਸੀਂ ਪ੍ਰਗਤੀਸ਼ੀਲ ਪੰਜਾਬੀ ਸਾਹਿਤ ਲਈ ਉਨ੍ਹਾਂ ਦੇ ਪਾਏ ਵੱਡਮੁੱਲੇ ਯੋਗਦਾਨ ਨੂੰ ਨਿਮਰਤਾ ਸਹਿਤ ਸਵੀਕਾਰਦੇ ਹੋਏ, ਸਦਾ ਲਈ ਵਿੱਛੜੇ ਇਸ ਸੁਹਿਰਦ ਪੰਜਾਬੀ ਲੇਖਕ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਹਨਾਂ ਦੇ ਪਰਵਾਰ ਨਾਲ ਇਸ ਦੁੱਖ ਵਿਚ ਸ਼ਰੀਕ ਹੁੰਦੇ ਹਾਂ।
ਵਲੋਂ: ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰ੍ਹੀ, ਬੀ. ਸੀ., ਕੈਨੇਡਾ।
(ਜਾਰੀ ਕਰਤਾ: ਸਤਵੰਤ ਸ. ਦੀਪਕ)