SatwantDeepak7ਅਮਰੀਕਾਚੀਨਭਾਰਤ ਆਦਿ ਦੇਸ਼ 1952 ਤੋਂ ਇਸ ਦੌੜ ਵਿਚ ਲੱਗੇ ਹੋਏ ਹਨ। ਚੀਨ ਪਾਸ ਇਸ ਟੈਕਨਾਲੋਜੀ ਰਾਹੀਂ ...
(27 ਅਕਤੂਬਰ 2021)

 

ਜਲ ਸੰਕਟ ਹੁਣ ਗਲੋਬਲ ਸਮੱਸਿਆ ਬਣ ਗਿਆ ਹੈ

ਪਾਣੀ ਅੱਜ ਦੁਨੀਆਂ ਵਿਚ ਸਭ ਤੋਂ ਵੱਧ ਅਣਮੋਲ ਚੀਜ਼ ਬਣ ਗਿਆ ਹੈ। ਪਾਣੀ ਅੰਮ੍ਰਿਤ ਹੈ, ਪਾਣੀ ਲਾਜ਼ਮੀ ਹੈ। ਜੇ ਜਲ ਹੈ ਤਾਂ ਕੱਲ੍ਹ ਹੈ! ਯੂ.ਐੱਨ.ਓ. ਦੀ ਇਕ ਰਿਪੋਰਟ (1*) ਅਨੁਸਾਰ ਮੁਲਕਾਂ ਵਿਚਕਾਰ ਭਵਿੱਖ ਦੀਆਂ ਜੰਗਾਂ ਦਾ ਆਧਾਰ ਪੀਣ ਯੋਗ ਪਾਣੀ ਹੋਵੇਗਾ, ਨਾ ਕਿ ਤੇਲ। (The basis of future wars amongst the nations will be potable water, not the oil.) ਸੰਯੁਕਤ ਰਾਸ਼ਟਰ ਵਿਸ਼ਵ ਜਲ ਵਿਕਾਸ ਰਿਪੋਰਟ 2021 (2*) ਵਿਚ ਕਿਹਾ ਗਿਆ ਹੈ, “ਭਾਵੇਂ ਇਸ ਨੂੰ ਹਮੇਸ਼ਾ ਸਾਡੇ ਵੱਲੋਂ ਕਦੇ ਸਵੀਕਾਰਿਆ ਨਹੀਂ ਗਿਆ ਕਿ ਪਾਣੀ ਦੀ ਕੀਮਤ ਅਮੁੱਲ ਹੈ। ਪਾਣੀ ਦਾ ਮੁੱਲ ਅਨੰਤ ਹੈ, ਕਿਉਂਕਿ ਇਸ ਤੋਂ ਬਿਨਾਂ ਜੀਵਨ ਮੌਜੂਦ ਨਹੀਂ ਹੈ ਅਤੇ ਨਾ ਹੀ ਕੋਈ ਇਸ ਦਾ ਵਿਕਲਪ ਹੈ। ਪਾਣੀ ਦੀ ਭਾਲ ਵਿਚ ਸਾਰੇ ਵੱਡੇ ਦੇਸ਼ ਚੰਦ ਅਤੇ ਮੰਗਲ ਗ੍ਰਹਿ ਗਾਹ ਆਏ ਹਨ, ਪਰ ਧਰਤੀ ਉੱਪਰ ਮੌਜੂਦ ਪਾਣੀ ਦੀ ਮਹੱਤਤਾ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ। ਅਫ਼ਸੋਸ ਦੀ ਗੱਲ ਹੈ ਕਿ ਅਕਸਰ ਧਰਤੀ ਉੱਪਰਲੇ ਪਾਣੀ ਨੂੰ ਅਥਾਹ ਮੰਨ ਲਿਆ ਜਾਂਦਾ ਹੈ। ਹੋਰ ਕੁਦਰਤੀ ਸਰੋਤਾਂ ਦੇ ਉਲਟ, ਪਾਣੀ ਦੇ 'ਸੱਚੇ' ਮੁੱਲ ਨੂੰ ਨਿਰਧਾਰਤ ਕਰਨਾ ਬਹੁਤ ਮੁਸ਼ਕਿਲ ਸਾਬਤ ਹੋਇਆ ਹੈ।”

ਮਨੁੱਖੀ ਸਰੀਰ ਪੰਜ ਤੱਤਾਂ - ਹਵਾ, ਪਾਣੀ, ਧਰਤੀ, ਅਗਨੀ ਅਤੇ ਆਕਾਸ਼ ਤੋਂ ਬਣਿਆ ਹੈ। ਪਾਣੀ ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਤੱਤ ਹੈ। ਇਸ ਬ੍ਰਹਿਮੰਡ ਵਿੱਚ ਜਿੰਨੇ ਵੀ ਗ੍ਰਹਿ ਹਨ, ਉਨ੍ਹਾਂ ਵਿੱਚੋਂ ਅਜੇ ਕੇਵਲ ਧਰਤੀ ਉੱਤੇ ਹੀ ਪਾਣੀ ਮੌਜੂਦ ਹੈ। ਭਾਵੇਂ ਚੰਦ ਅਤੇ ਮੰਗਲ ਉੱਪਰ ਪਾਣੀ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ, ਪਰ ਇਸ ਬਾਰੇ ਅਜੇ ਬਹੁਤ ਕੁਝ ਕਰਨ ਵਾਲ਼ਾ ਹੈ। ‘The Verge’ (3*) ਦੀ ਰਿਪੋਰਟ ਅਨੁਸਾਰ ਚੰਦ ’ਤੇ ਪਾਣੀ ਲੱਭਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਿਸ ਨਾਲ਼ ਪੁਲਾੜ ਯਾਤਰਾ ਨੂੰ ਵੱਡਾ ਬਲ ਮਿਲ ਸਕਦਾ ਹੈ। ਇਸ ਕਰਕੇ ਹੀ ਚੰਦ ’ਤੇ ਪਾਣੀ ਲੱਭਣ ਦੀ ਤੁਲਨਾ ਧਰਤੀ ਹੇਠੋਂ ਤੇਲ ਲੱਭਣ ਨਾਲ ਕੀਤੀ ਜਾਣ ਲੱਗੀ ਹੈ: “Water is the Oil of Space.” NASA ਦੇ ਇਕ ਅੰਦਾਜ਼ੇ ਅਨੁਸਾਰ ਪੁਲਾੜ ਦੇ ਇਕ ਵਿਸ਼ਾਲ ਉਪਗਹ੍ਰਿ “Asteroid 16 Psyche” ਉੱਪਰ ਘੱਟੋ ਘੱਟ 700 Million Trillion ਡਾਲਰ ਦੀ ਕੀਮਤ ਦੇ ਖਣਿਜ ਪਦਾਰਥ ਮੌਜੂਦ ਹਨ (4*) ਅਜਿਹੇ ਕਰੋੜਾਂ ਉਪਗਹ੍ਰਿ ਬ੍ਰਹਿਮੰਡ ਦੇ ਗਰਦਸ਼ ਵਿਚ ਹਨ। NASA ਵਾਲ਼ੇ ਸਭ ਤੋਂ ਪਹਿਲਾਂ ਚੰਦ ਉੱਪਰ ਪਾਣੀ ਨੂੰ ਲੱਭ ਰਹੇ ਹਨ ਤਾਂ ਜੋ ਇਸ ਨੂੰ ਰਾਕੇਟ ਪ੍ਰੋਪੈਲੈਂਟ ਬਣਾਉਣ ਲਈ ਵਰਤਿਆ ਜਾ ਸਕੇ। ਪਾਣੀ ਦੇ ਮੁੱਖ ਤੱਤ ਹਾਈਡ੍ਰੋਜਨ ਅਤੇ ਆਕਸੀਜਨ ਹਨ ਜੋ ਇਸ ਸਮੇਂ ਰਾਕੇਟਾਂ ਨੂੰ ਪਾਵਰ ਦੇਣ ਲਈ ਵਰਤੇ ਜਾਂਦੇ ਹਨ। ਚੰਦ ਉੱਪਰਲੇ ਮੌਜੂਦ ਪਾਣੀ ਤੋਂ ਰਾਕੇਟ ਪ੍ਰੋਪੈਲੈਂਟ ਬਣਾਉਣਾ ਪੁਲਾੜ ਯਾਤਰਾ ਦੀ ਲਾਗਤ ਨੂੰ ਬਹੁਤ ਘੱਟ ਕਰ ਸਕਦਾ ਹੈ। ਚੰਦ ਨੂੰ ਪੌਡੇ ਲਾ ਕੇ, ਭਾਵ ਚੰਦ ਉੱਪਰਲੀ ਬਰਫ਼ ਨੂੰ ਰਾਕੇਟ ਪ੍ਰੋਪੈਲੈਂਟ ਦੇ ਤੌਰ ’ਤੇ ਵਰਤ ਕੇ ਉਹ ਰਾਕੇਟ ਪੁਲਾੜ ਵਿੱਚ ਘੱਟ ਪੈਸੇ ਲਈ ਦੂਰ ਦੇ ਸਥਾਨਾਂ ’ਤੇ ਪਹੁੰਚ ਸਕਦੇ ਹਨ। ਸਪਸ਼ਟ ਹੈ ਕਿ ਇਨ੍ਹਾਂ ਖਣਿਜ ਪਦਾਰਥਾਂ ਵਿੱਚੋਂ ਪ੍ਰਥਮ ਪਦਾਰਥ ਪਾਣੀ ਹੀ ਹੈ, ਜਿਸ ਬਿਨਾ ਬ੍ਰਹਿਮੰਡ ਵਿਚ ਜੀਵਨ ਮੁਮਕਿਨ ਨਹੀਂ ਹੈ। ਇਸੇ ਕਰਕੇ ਸਾਮਰਾਜੀ ਮਹਾਂ ਸ਼ਕਤੀਆਂ ਅਤੇ ਪੂੰਜੀਪਤੀਆਂ ਦੀ ਇਸ ਧਰਤੀ ’ਤੇ ਮੌਜੂਦ ਵਰਤਣਯੋਗ ਪਾਣੀ ਨੂੰ ਪ੍ਰਦੂਸ਼ਤ ਕਰਕੇ ਹੁਣ ਹੋਰ ਗ੍ਰਹਿਆਂ ਉੱਪਰ ਪਾਣੀ ਲੱਭਣ ਲਈ ਸਾਰੀ ਦੌੜ ਲੱਗੀ ਹੋਈ ਹੈ, ਨਹੀਂ ਤਾਂ ਚੰਦ ਜਾਂ ਮੰਗਲ ਗ੍ਰਹਿਆਂ ’ਤੇ ਕਿਹੜੇ ਉਨ੍ਹਾਂ ਅੰਬ ਬੀਜੇ ਹੋਏ ਹਨ?

ਸਾਇੰਸ ਦਾ ਨਿਯਮ ਹੈ ਕਿ ਪਦਾਰਥ (Matter) ਨੂੰ ਨਾ ਤਾਂ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਖ਼ਤਮ ਕੀਤਾ ਜਾ ਸਕਦਾ ਹੈ। ਇਹ ਸਿਰਫ਼ ਆਪਣਾ ਰੂਪ (ਫੌਰਮ) ਬਦਲ ਸਕਦਾ ਹੈ। ਇਸੇ ਸਿਧਾਂਤ ਅਨੁਸਾਰ ਬ੍ਰਹਿਮੰਡ ਵਿਚਲੇ ਪਾਣੀ ਨੂੰ ਨਾ ਤਾਂ ਵਧਾਇਆ ਜਾ ਸਕਦਾ ਹੈ ਤੇ ਨਾ ਹੀ ਘਟਾਇਆ ਜਾ ਸਕਦਾ ਹੈ। ਇਹ ਸਿਰਫ਼ ਆਪਣਾ ਰੂਪ ਬਦਲ ਸਕਦਾ ਹੈ ਜਿਵੇਂ ਕਿ ਪਾਣੀ ਤੋਂ ਭਾਫ਼, ਸਨੋ, ਬਰਫ਼, ਗਲੇਸ਼ੀਅਰ ਆਦਿ। ਪਰ ਧਰਤੀ ਉੱਪਰ ਪਾਣੀ ਦੀ ਕੁੱਲ ਮਾਤਰਾ ਉੰਨੀ ਹੀ ਰਹੇਗੀ। ਯਾਦ ਰਹੇ ਕਿ ਧਰਤੀ ਉੱਪਰਲੇ ਕੁੱਲ ਪਾਣੀ ਦੀ ਮਾਤਰਾ ਦਾ 2 ਪ੍ਰਤੀਸ਼ਤ ਤੋਂ ਵੀ ਘੱਟ ਪੀਣ ਵਾਲ਼ਾ ਪਾਣੀ ਹੈ ਜੋ ਵੱਖ ਵੱਖ ਰੂਪਾਂ- ਦਰਿਆ, ਨਦੀਆਂ, ਝੀਲਾਂ, ਅਤੇ ਜ਼ਮੀਨਦੋਜ਼ ਪਾਣੀ ਦੇ ਰੂਪ ਵਿਚ ਉਂਪਲਬਧਤ ਹੈ। ਇਸ ਕਰਕੇ ਪਾਣੀ ਦੀ ਮਹੱਤਤਾ ਨੂੰ ਘਟਾ ਕੇ ਦੇਖਣਾ ਐਸੇ ਸੰਕਟ ਖੜ੍ਹੇ ਕਰ ਸਕਦਾ ਹੈ ਜਿਸਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ।

ਸਾਡੇ ਵਡੇਰੇ ਪਾਣੀ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਉਨ੍ਹਾਂ ਨੂੰ ਵੀ ਪਾਣੀ ਬਚਾਉਣ ਦੀ ਲੋੜ ਦਾ ਫ਼ਿਕਰ ਸੀ। ਪੁਰਾਤਨ ਸੱਭਿਅਤਾਵਾਂ ਵਿਚ ਵੀ ਇਹੀ ਹੋਇਆ ਹੈ ਕਿ ਧਰਤੀ ਉੱਤੇ ਜਿੱਥੇ ਜਿੱਥੇ ਵੀ ਪਾਣੀ ਦੀ ਹੋਂਦ ਸੀ ਅਤੇ ਇਸ ਦੇ ਸਰੋਤ ਸਨ, ਉੱਥੇ ਹੀ ਜੀਵਨ ਦਾ ਵਿਕਾਸ ਹੋਇਆ ਅਤੇ ਬਾਅਦ ਵਿੱਚ ਹੋਰ ਜਗ੍ਹਾ ਫੈਲਿਆ। ਸਿੰਧ, ਨੀਲ ਅਤੇ ਗੰਗਾ ਨਦੀਆਂ ਦੇ ਆਲ਼ੇ-ਦੁਆਲ਼ੇ ਸੱਭਿਅਤਾਵਾਂ ਦਾ ਵਿਕਾਸ ਇਸ ਦੀਆਂ ਉੱਤਮ ਉਦਾਹਰਣਾਂ ਹਨ। ਕੁੱਲ ਕਾਇਨਾਤ ਵਿਚ ਜੀਵਨ ਦੀ ਹੋਂਦ ਲਈ ਪਾਣੀ ਦੀ ਬਹੁਤ ਵੱਡੀ ਭੂਮਿਕਾ ਹੈ, ਚਾਹੇ ਇਹ ਮਨੁੱਖੀ ਜੀਵਨ ਹੋਵੇ ਜਾਂ ਜੀਵ ਜੰਤੂਆਂ ਤੇ ਬਨਸਪਤੀ, ਸਾਰੇ ਹੀ ਪਾਣੀ ਉੱਤੇ ਨਿਰਭਰ ਹਨ। ਧਰਤੀ ਉੱਤੇ ਜੀਵਨ ਚਾਰ ਵੱਖ-ਵੱਖ ਸਰੋਤਾਂ ਤੋਂ ਪੈਦਾ ਹੁੰਦਾ ਹੈ ਜਿਵੇਂ ਕਿ ਅੰਡੇ, ਕੁੱਖ, ਪਸੀਨਾ, ਅਤੇ ਉਤਭੁਜ (ਧਰਤੀ ਅਤੇ ਬਨਸਪਤੀ) - ਇਨ੍ਹਾਂ ਸਾਰਿਆਂ ਵਿਚ ਹੀ ਪਾਣੀ ਮੌਜੂਦ ਹੈ। ਮਨੁੱਖੀ ਸਰੀਰ 70 ਪ੍ਰਤੀਸ਼ਤ ਤੋਂ ਵੱਧ ਪਾਣੀ ਨਾਲ ਬਣਿਆ ਹੁੰਦਾ ਹੈ, ਅਤੇ ਸਿਹਤਮੰਦ ਰਹਿਣ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਦੇ ਨਿਕਾਸ ਲਈ ਹਰ ਰੋਜ਼ ਕਾਫ਼ੀ ਪਾਣੀ ਮਾਤਰਾ ਵਿਚ ਪੀਣਾ ਜ਼ਰੂਰੀ ਹੈ।

ਅੰਦਾਜ਼ਨ ਵਿਸ਼ਵ ਜਲ ਮਾਤਰਾ

ਪਾਣੀ ਜਾਂ ਜਲ ਇੱਕ ਆਮ ਰਸਾਇਣਕ ਪਦਾਰਥ (H2O) ਹੈ ਜੋ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਪਾਣੀ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਉੱਤੇ ਉਪਲਬਧਤ ਪਾਣੀ ਦੀ ਮਾਤਰਾ 1,385,984.61 ਹਜ਼ਾਰ ਕਿਊਬਿਕ ਕਿਲੋਮੀਟਰ ਹੈ, ਜਿਸ ਨਾਲ਼ ਧਰਤੀ ਦਾ ਤਕਰੀਬਨ 70.9 % ਹਿੱਸਾ ਪਾਣੀ ਨਾਲ਼ ਢਕਿਆ ਹੋਇਆ ਹੈ। ਜ਼ਿਆਦਾਤਰ (96.5%) ਸਾਗਰਾਂ, ਮਹਾਂਸਾਗਰਾਂ; 1.7% ਪਾਣੀ ਜ਼ਮੀਨਦੋਜ਼ ਪਾਣੀ ਦਾ ਹਿੱਸਾ ਹੈ। ਹਿਮਨਦੀਆਂ ਅਤੇ ਧਰੁਵੀ ਬਰਫ਼-ਚੋਟੀਆਂ ਵਿੱਚ 1.7% ਅਤੇ ਹੋਰ ਸਰੋਤਾਂ ਜਿਵੇਂ ਨਦੀਆਂ, ਝੀਲਾਂ ਅਤੇ ਤਾਲਾਬਾਂ ਵਿੱਚ 0.06 % ਪਾਣੀ ਪਾਇਆ ਜਾਂਦਾ ਹੈ। ਇਸ ਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲਾਂ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਧਰਤੀ ਉੱਤੇ ਪਾਣੀ ਦੀ ਇੱਕ ਬਹੁਤ ਛੋਟੀ ਮਾਤਰਾ ਪਾਣੀ ਦੀਆਂ ਟੈਂਕੀਆਂ, ਜੈਵਿਕ ਜੀਵਨ ਅਤੇ ਖਾਧ ਭੰਡਾਰ ਵਿੱਚ ਮੌਜੂਦ ਹੈ। ਬਰਫ਼ੀਲੀਆਂ ਚੋਟੀਆਂ, ਹਿਮਨਦੀਆਂ, ਏਕੁਇਫ਼ਰ ਜਾਂ ਝੀਲਾਂ ਦਾ ਪਾਣੀ ਬਹੁਤ ਵਾਰ ਧਰਤੀ ਉੱਤੇ ਜੀਵਨ ਲਈ ਸਾਫ਼ ਪਾਣੀ ਮੁਹੱਈਆ ਕਰਾਉਂਦਾ ਹੈ। ਧਰਤੀ ਉੱਤੇ ਅੰਦਾਜ਼ਨ ਜਲ ਮਾਤਰਾ ਦਾ ਪੂਰਾ ਵੇਰਵਾ ਹੇਠਾਂ ਸੂਚੀ ਵਿਚ ਦਿੱਤਾ ਗਿਆ ਹੈ:

ਅੰਦਾਜ਼ਨ ਵਿਸ਼ਵ ਜਲ ਮਾਤਰਾ (ਹਜ਼ਾਰ ਕਿਊਬਿਕ ਕਿਲੋਮੀਟਰ) (5*)

Estimated World Water Quantities ਅੰਦਾਜ਼ਨ ਵਿਸ਼ਵ ਜਲ ਮਾਤਰਾ (ਹਜ਼ਾਰ ਕਿਊਬਿਕ ਕਿਲੋਮੀਟਰ)

Item ਆਈਟਮ - Volume ਮਾਤਰਾ - %Total Water % ਕੁੱਲ ਪਾਣੀ

Oceans ਮਹਾਂਸਾਗਰ - 1,338,000 - 96.54

Ground Water ਜ਼ਮੀਨਦੋਜ਼ ਪਾਣੀ

Fresh ਤਾਜ਼ਾ - 10530 - 0.76

Saline ਖਾਰਾ - 12870 - 0.93

Soil Moisture ਮਿੱਟੀ ਵਿਚਲੀ ਨਮੀ - 16.5 - 0.0012

Polar Ice ਪੋਲਰ ਆਈਸ - 24023.5 - 1.7

Other Ice and Snow ਹੋਰ ਆਈਸ ਤੇ ਬਰਫ਼ - 340.6 - 0.025

Lakes: ਝੀਲਾਂ

Fresh ਤਾਜ਼ਾ - 91 - 0.007

Saline ਖਾਰਾ - 85.4 - 0.006

Marshes ਦਲਦਲ - 11.47 - 0.0008

Rivers ਨਦੀਆਂ - 2.12 - 0.0002

Biological Water ਜੈਵਿਕ ਪਾਣੀ - 1.12 - 0.0001

Atmosphere Water ਵਾਯੂਮੰਡਲ ਪਾਣੀ - 12.9 - 0.001

Total Water ਕੁੱਲ ਪਾਣੀ - 1,385,984.61 - 100

ਇਸ ਸਾਰਨੀ ਦਾ ਤੱਤਸਾਰ ਇਹ ਹੈ ਕਿ ਮਹਾਂਸਾਗਰਾਂ ਅਤੇ ਪੋਲਰ ਆਈਸ ਨੂੰ ਗਿਣਤੀ ਵਿਚ ਨਾ ਸ਼ਾਮਲ ਕਰਕੇ ਧਰਤੀ ਦੇ ਸਾਰੇ ਪਾਣੀ ਵਿੱਚੋਂ, ਸਿਰਫ 1.76 ਪ੍ਰਤੀਸ਼ਤ ਹੀ ਵਰਤਣਯੋਗ ਪਾਣੀ ਹੈ। ਦੁਨੀਆਂ ਭਰ ਵਿੱਚ ਇਸ ਪਾਣੀ ਦਾ ਇੱਕ ਵੱਡਾ ਹਿੱਸਾ ਪਹਿਲਾਂ ਹੀ ਰਸਾਇਣਾਂ, ਉਦਯੋਗਿਕ ਗੰਦੇ ਪਾਣੀ, ਸੀਵਰੇਜ ਅਤੇ ਖਾਦਾਂ ਦੁਆਰਾ ਦੂਸ਼ਿਤ ਹੋ ਚੁੱਕਾ ਹੈ। ਮਨੁੱਖੀ ਖਪਤ ਅਤੇ ਖੇਤੀਬਾੜੀ ਲਈ ਸਿਰਫ ਤਾਜ਼ੇ ਪਾਣੀ ਦੀ ਹੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਪਾਣੀ ਸਿਰਫ ਮਨੁੱਖਾਂ ਲਈ ਨਹੀਂ ਹੈ, ਧਰਤੀ ਉੱਪਰਲੇ ਸਾਰੇ ਜੀਵਾਂ ਅਤੇ ਬਨਸਪਤੀ ਵਾਸਤੇ ਵੀ ਹੈ। ਧਰਤੀ ਤੋਂ ਪਰਾਪਤ ਕੁੱਲ ਤਾਜ਼ੇ ਪਾਣੀ ਦਾ 70% ਪਸ਼ੂ-ਧਨ ਅਤੇ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ, ਜਦ ਕਿ 22% ਇੰਡਸਟਰੀ ਲਈ ਅਤੇ 8% ਘਰੇਲੂ ਖਪਤ ਲਈ ਵਰਤਿਆ ਜਾਂਦਾ ਹੈ।

ਜਲ ਸੰਕਟ ਇਕ ਗਲੋਬਲ ਸਮੱਸਿਆ:

ਇੰਸਟੀਟਿਊਟ ਆਫ ਮਕੈਨੀਕਲ ਇੰਜੀਨੀਅਰਜ਼, ਜਨਵਰੀ 2013 ਦਾ ਸੰਖੇਪ (6*): 2075 ਤੱਕ ਵਿਸ਼ਵ ਵਿਆਪੀ ਆਬਾਦੀ ਦੇ 9.5 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਮਨੁੱਖ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਸ ਕੋਲ ਇਨ੍ਹਾਂ ਸਾਰੇ ਲੋਕਾਂ ਨੂੰ ਭੋਜਨ ਦੇਣ ਲਈ ਭੋਜਨ ਸਰੋਤ ਉਪਲਬਧ ਹਨ। ਖੇਤੀਬਾੜੀ ਅਤੇ ਬਾਗ਼ਬਾਨੀ ਦੀਆਂ ਸਾਰੀਆਂ ਸ਼ਾਖਾਵਾਂ ਕੁਦਰਤੀ ਵਰਖਾ, ਜਲ ਕੋਰਸਾਂ ਜਿਵੇਂ ਕਿ ਝਰਨੇ, ਤਾਲਾਬ, ਨਦੀਆਂ ਨਾਲ਼ੇ, ਜਾਂ ਸਿੰਚਾਈ, ਹਾਈਡ੍ਰੋਪੌਨਿਕਸ ਅਤੇ ਹੋਰਾਂ ਸਮੇਤ ਇੰਜੀਨੀਅਰਿੰਗ ਤਕਨਾਲੋਜੀ ਦੁਆਰਾ ਮੁਹੱਈਆ ਕੀਤੇ ਪਾਣੀ ਦੀ ਭਰੋਸੇਯੋਗ ਸੁਪਲਾਈ ’ਤੇ ਨਿਰਭਰ ਕਰਦੀਆਂ ਹਨ। ਪਿਛਲੀ ਸਦੀ ਦੌਰਾਨ, ਤਾਜ਼ੇ ਪਾਣੀ ਦੇ ਮਨੁੱਖੀ ਇਸਤੇਮਾਲ ਦਾ ਇਤਿਹਾਸਕ ਤੌਰ ’ਤੇ ਆਬਾਦੀ ਦੀ ਦਰ ਵਿੱਚ ਵਾਧੇ ਨਾਲੋਂ ਦੁੱਗਣੇ ਤੋਂ ਵੱਧ ਦਾ ਵਿਸਤਾਰ ਹੋਇਆ ਹੈ। ਅੰਦਾਜ਼ਨ 3.8 ਟ੍ਰਿਲੀਅਨ ਕਿਊਬਿਕ ਮੀਟਰ (3800 ਕਿਊਬਿਕ ਕਿਲੋਮੀਟਰ) ਪਾਣੀ ਹੁਣ ਹਰ ਸਾਲ ਮਨੁੱਖੀ ਵਰਤੋਂ ਲਈ ਵਰਤਿਆ ਜਾਂਦਾ ਹੈ। ਇਸ ਪਾਣੀ ਦਾ ਵੱਡਾ ਹਿੱਸਾ, ਲਗਭਗ 70% ਖੇਤੀਬਾੜੀ ਖੇਤਰ ਵਿਚ ਖਪਤ ਕੀਤਾ ਜਾਂਦਾ ਹੈ। ਭੋਜਨ ਨੂੰ ਉਗਾਉਣ ਅਤੇ ਕੱਟਣ ਲਈ ਕਾਫ਼ੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ, ਅਤੇ ਜੇ ਭੋਜਨ ਨੂੰ ਖਪਤ ਤੋਂ ਪਹਿਲਾਂ ਪ੍ਰੋਸੈੱਸ ਕੀਤਾ ਜਾਂਦਾ ਹੈ ਤਾਂ ਹੋਰ ਵੀ ਪਾਣੀ ਦੀ ਲੋੜ ਹੁੰਦੀ ਹੈ। ਇਹ ਮੰਨਦੇ ਹੋਏ ਕਿ ਇੱਕ ਔਸਤ ਵਿਅਕਤੀ ਲਈ ਭੋਜਨ ਸੁਪਲਾਈ (ਸਾਲ 2050) ਪ੍ਰਤਿ ਦਿਨ 3,000 ਕੈਲਰੀਜ਼ ਹੈ ਅਤੇ ਪੌਦਿਆਂ ਤੋਂ 80% ਅਤੇ ਜਾਨਵਰਾਂ ਤੋਂ 20% ਪ੍ਰਾਪਤ ਕੀਤੀ ਜਾਂਦੀ ਹੈ, ਭੋਜਨ ਦੀ ਮਾਤਰਾ ਪੈਦਾ ਕਰਨ ਲਈ ਲੋੜੀਂਦਾ ਪਾਣੀ ਪ੍ਰਤਿ ਸਾਲ ਲਗਭਗ 1,300 ਕਿਊਬਕ ਮੀਟਰ ਪ੍ਰਤਿ ਵਿਅਕਤੀ ਹੋਵੇਗਾ। ਇਹ ਅਨੁਮਾਨ ਲਗਾਇਆ ਗਿਆ ਹੈ ਕਿ 2050 ਵਿੱਚ ਭੋਜਨ ਦੀ ਮੰਗ ਨੂੰ ਪੂਰਾ ਕਰਨ ਲਈ ਪਾਣੀ ਦੀਆਂ ਲੋੜਾਂ ਇਸ ਗੱਲ ’ਤੇ ਨਿਰਭਰ ਕਰ ਸਕਦੀਆਂ ਹਨ ਕਿ ਭੋਜਨ ਕਿਵੇਂ ਪੈਦਾ ਕੀਤਾ ਜਾਂਦਾ ਹੈ ਅਤੇ ਆਬਾਦੀ ਅਤੇ ਖ਼ੁਰਾਕ ਵਿੱਚ ਭਵਿੱਖ ਦੇ ਰੁਝਾਨਾਂ ਬਾਰੇ ਵਰਤਮਾਨ ਧਾਰਨਾਵਾਂ ਦੀ ਪ੍ਰਮਾਣਿਕਤਾ, ਪ੍ਰਤਿ ਸਾਲ 10 ਤੋਂ 13.5 ਟ੍ਰਿਲੀਅਨ ਕਿਊਬਕ ਮੀਟਰ ਦੇ ਵਿਚਕਾਰ ਹੋਵੇਗੀ, ਜੋ ਮਨੁੱਖੀ ਵਰਤੋਂ ਲਈ ਵਰਤਮਾਨ ਸਮੇਂ ਦੀ ਖੱਪਤ ਨਾਲ਼ੋਂ ਤਿੰਨ ਗੁਣਾ ਜ਼ਿਆਦਾ ਹੋਵੇਗੀ।

ਯੂ. ਐੱਨ. ਓ. ਦੀ ਇਕ ਰਿਪੋਰਟ ਵਿੱਚ ਇਹ ਪ੍ਰਗਟਾਵਾ ਕੀਤਾ ਗਿਆ ਹੈ ਕਿ ਜੇ ਤੀਸਰੀ ਵਿਸ਼ਵ ਜੰਗ ਹੋਈ ਤਾਂ ਉਹ ਪਾਣੀਆਂ ਦੇ ਮਸਲੇ ’ਤੇ ਹੀ ਹੋਵੇਗੀ। ਦੁਨੀਆਂ ਦੇ ਕਈ ਹਿੱਸਿਆਂ ਖ਼ਾਸ ਕਰ ਵਿਕਾਸਸ਼ੀਲ ਦੇਸ਼ਾਂ ਵਿੱਚ ਭਿਆਨਕ ਜਲ ਸੰਕਟ ਹੈ ਅਤੇ ਅੰਦਾਜ਼ਾ ਹੈ ਕਿ 2025 ਤੱਕ ਸੰਸਾਰ ਦੀ ਅੱਧੀ ਜਨਸੰਖਿਆ ਇਸ ਜਲ ਸੰਕਟ ਦੀ ਗ੍ਰਿਫ਼ਤ ਵਿਚ ਹੋਵੇਗੀ। The United Nations World Water Development Report 2020: Water and Climate Change (7*) ਅਨੁਸਾਰ “ਪਾਣੀ ਦੀ ਮੰਗ ਪਿਛਲੇ 100 ਸਾਲਾਂ ਵਿੱਚ ਵਿਸ਼ਵ ਵਿਆਪੀ ਪਾਣੀ ਦੀ ਵਰਤੋਂ ਵਿੱਚ ਛੇ ਗੁਣਾ ਵਾਧਾ ਹੋਇਆ ਹੈ ਅਤੇ ਵਧਦੀ ਆਬਾਦੀ, ਆਰਥਿਕ ਵਿਕਾਸ ਅਤੇ ਖਪਤ ਦੇ ਬਦਲਦੇ ਪੈਟਰਨਾਂ ਦੇ ਨਾਲ ਲਗਭਗ 1% ਪ੍ਰਤੀ ਸਾਲ ਦੀ ਦਰ ਨਾਲ ਲਗਾਤਾਰ ਵਾਧਾ ਜਾਰੀ ਹੈ। 2012 ਵਿੱਚ, ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋ-ਆਪਰੇਸ਼ਨ ਐਂਡ ਡਿਵੈਲਪਮੈਂਟ (ਓਈਸੀਡੀ) ਨੇ ਅਨੁਮਾਨ ਲਗਾਇਆ ਸੀ ਕਿ 2000 ਅਤੇ 2050 ਦੇ ਵਿਚਕਾਰ ਵਿਸ਼ਵ ਪੱਧਰ ’ਤੇ ਮੁੱਖ ਤੌਰ ’ਤੇ ਨਿਰਮਾਣ (+400%), ਥਰਮਲ ਪਾਵਰ ਉਤਪਾਦਨ (+140%) ਅਤੇ ਘਰੇਲੂ ਵਰਤੋਂ (+130%) ਦੀਆਂ ਵਧਦੀਆਂ ਮੰਗਾਂ ਕਾਰਨ ਪਾਣੀ ਦੀ ਮੰਗ ਵਿੱਚ 55% ਦਾ ਵਾਧਾ ਹੋਵੇਗਾ। ਇੱਕ ਵੱਖਰੇ ਅਧਿਐਨ ਨੇ ਸਿੱਟਾ ਕੱਢਿਆ ਹੈ ਕਿ ਜੇ ਹਾਲਾਤ ਇਸ ਤਰ੍ਹਾਂ ਹੀ ਰਹੇ ਤਾਂ ਦੁਨੀਆਂ ਨੂੰ 2030 ਤੱਕ 40% ਗਲੋਬਲ ਪਾਣੀ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।”

ਰਿਪੋਰਟ ਦੱਸਦੀ ਹੈ ਕਿ “ਖੇਤੀਬਾੜੀ ਦੁਆਰਾ ਪਾਣੀ ਦੀ ਵਰਤੋਂ ਵਿਸ਼ਵ ਵਿਆਪੀ ਪਾਣੀ ਦੀ ਵਰਤੋਂ ’ਤੇ ਹਾਵੀ ਹੈ। ਖੇਤੀਬਾੜੀ ਪਾਣੀ ਦੀ ਮੰਗ ਸਿੰਚਾਈ ਜ਼ਮੀਨ, ਜੋ ਵਿਸ਼ਵ ਵਿਆਪੀ ਪਾਣੀ ਦੀ ਵਰਤੋਂ ਦੇ 69% ਲਈ ਜ਼ਿੰਮੇਵਾਰ ਹੈ, ਉਹ ਹੈ ਜਿੱਥੇ ਗਰਮ ਤਾਪਮਾਨ ਅਤੇ ਖੁਸ਼ਕੀ ਦਾ ਪ੍ਰਭਾਵ ਸਭ ਤੋਂ ਵੱਧ ਮਹਿਸੂਸ ਕੀਤਾ ਜਾਵੇਗਾ। ਹਾਲਾਂਕਿ ਇਸ ਕਿਸਮ ਦੀ ਜ਼ਮੀਨ ਦੀ ਮੌਜੂਦਾ ਹੱਦ (ਲਗਭਗ 3.3 ਮਿਲੀਅਨ ਵਰਗ ਕਿਲੋਮੀਟਰ) ਕੁੱਲ ਭੂਮੀ ਖੇਤਰ ਦਾ 2.5% ਹੈ, ਅਤੇ ਕਾਸ਼ਤ ਕੀਤੀ ਜ਼ਮੀਨ ਦਾ 20% ਦਰਸਾਉਂਦੀ ਹੈ ਅਤੇ ਵਿਸ਼ਵ ਵਿਆਪੀ ਖੇਤੀਬਾੜੀ ਉਤਪਾਦਨ ਦਾ ਲਗਭਗ 40% ਪੈਦਾ ਕਰਦੀ ਹੈ। ਪਾਣੀ ਨੂੰ ਵਰਤਣ, ਬਦਲਣ, ਐਪਲੀਕੇਸ਼ਨ ਅਤੇ ਨਿਕਾਸੀ ਦੀ ਪ੍ਰਕਿਰਿਆ ਲੰਬੀ ਮਿਆਦ ਦੀਆਂ ਵਾਤਾਵਰਣ ਵਿਚ ਬਾਹਰੀ ਪ੍ਰਸਥਿਤੀਆਂ ਪੈਦਾ ਕਰ ਸਕਦੀ ਹੈ, ਖਾਸ ਤੌਰ ’ਤੇ ਪਾਣੀ ਦੇ ਵਹਾਅ ਅਤੇ ਨਿਕਾਸ ਦਵਾਰਾ ਪੈਦਾ ਕੀਤੀ ਜਲ-ਭੰਡਾਰ ਦੀ ਕਮੀ, ਮਿੱਟੀ ਦੇ ਖਾਰੇਪਣ ਅਤੇ ਪ੍ਰਦੂਸ਼ਣ। ਧਰਤੀ ਹੇਠਲੇ ਪਾਣੀ ਦੁਆਰਾ ਸਿੰਜੇ ਗਏ ਖੇਤਰ ਦੇ ਅੰਕੜਿਆਂ ਦੇ ਅੰਦਾਜ਼ੇ ਲਗਭਗ 1,250,000 ਵਰਗ ਕਿਲੋਮੀਟਰ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗ਼ੈਰ-ਨਵਿਆਉਣਯੋਗ ਊਰਜਾ ਦੁਆਰਾ ਸੰਚਾਲਿਤ ਹਨ। ਇਹ ਸਤਹੀ ਸਿੰਚਾਈ ਸਕੀਮਾਂ ’ਤੇ ਵੰਡ ਅਤੇ ਨਿਕਾਸੀ ਲਈ ਊਰਜਾਵਾਨ ਪੰਪਿੰਗ ਦੇ ਪ੍ਰਸਾਰ ਤੋਂ ਇਲਾਵਾ ਹੈ। ਖੇਤੀਬਾੜੀ ਦੁਆਰਾ ਪਾਣੀ ਦੀ ਵਰਤੋਂ ਵਿਸ਼ਵ ਵਿਆਪੀ ਪਾਣੀ ਦੀ ਵਰਤੋਂ ’ਤੇ ਹਾਵੀ ਹੈ, ਪਰ ਹੋਰ ਖੇਤਰਾਂ ਨੂੰ ਮਿਲਣ ਵਾਲ਼ੇ ਤਾਜ਼ੇ ਪਾਣੀ ਦੀ ਵੰਡ ਖੇਤੀਬਾੜੀ ਖੇਤਰ ਨੂੰ ਮਿਲਣ ਵਾਲ਼ੇ ਤਾਜ਼ੇ ਪਾਣੀ ਤਕਸੀਮ ਨੂੰ ਮੁਕਾਬਲਤਨ ਘੱਟ ਰਹੀ ਹੈ। ਰਿਪੋਰਟ ਕੀਤੇ ਅੰਕੜਿਆਂ ਤੋਂ ਗਲੋਬਲ ਬੇਸਲਾਈਨ ਨੇ ਖੇਤੀਬਾੜੀ ਲਈ ਵਰਤੇ ਜਾਂਦੇ ਪਾਣੀ ਦਾ ਅਨੁਮਾਨ ਲਗਾਇਆ, ਜੋ 1990 ਵਿੱਚ ਅੰਦਾਜ਼ਨ 2,300 ਕਿਊਬਿਕ ਕਿਲੋਮੀਟਰ ਪ੍ਰਤਿ ਸਾਲ ਤੋਂ ਵੱਧ ਕੇ ਸਾਲ 2010 ਵਿਚ 2,769 ਕਿਊਬਿਕ ਕਿਲੋਮੀਟਰ ਪ੍ਰਤਿ ਸਾਲ ਹੋ ਗਿਆ।”

ਗਲੋਬਲ ਜਲ ਸੰਕਟ ਦੇ ਕੁੱਝ ਤੱਥ (8*)

785 ਮਿਲੀਅਨ ਲੋਕਾਂ ਕੋਲ ਸਾਫ਼ ਪਾਣੀ ਤੱਕ ਪਹੁੰਚ ਦੀ ਘਾਟ ਹੈ। ਇਹ ਧਰਤੀ ਦੇ 10 ਬਸ਼ਿੰਦਿਆਂ ਵਿੱਚੋਂ ਇੱਕ ਹੈ।

ਔਰਤਾਂ ਅਤੇ ਲੜਕੀਆਂ ਹਰ ਰੋਜ਼ ਅੰਦਾਜ਼ਨ 200 ਮਿਲੀਅਨ ਘੰਟੇ ਪਾਣੀ ਢੋਣ ਵਿੱਚ ਬਿਤਾਉਂਦੀਆਂ ਹਨ। ਪੇਂਡੂ ਅਫਰੀਕਾ ਦੀ ਔਸਤ ਔਰਤ ਨੂੰ ਹਰ ਰੋਜ਼ 40 ਪੌਂਡ ਪਾਣੀ ਢੋਣ ਲਈ 6 ਕਿਲੋਮੀਟਰ ਪੈਦਲ ਤੁਰਨਾ ਪੈਂਦਾ ਹੈ।

ਹਰ ਰੋਜ਼, 5 ਸਾਲ ਤੋਂ ਘੱਟ ਉਮਰ ਦੇ 800 ਤੋਂ ਵੱਧ ਬੱਚੇ ਦੂਸ਼ਿਤ ਪਾਣੀ, ਮਾੜੀ ਸਫਾਈ, ਅਤੇ ਅਸੁਰੱਖਿਅਤ ਸਫਾਈ ਕਾਰਨ ਦਸਤ ਨਾਲ ਮਰਦੇ ਹਨ।

2 ਬਿਲੀਅਨ ਲੋਕ ਉਚਿਤ ਸਫਾਈ ਤੱਕ ਪਹੁੰਚ ਤੋਂ ਬਿਨਾਂ ਰਹਿੰਦੇ ਹਨ।

673 ਮਿਲੀਅਨ ਲੋਕ ਖੁੱਲ੍ਹੇ ਵਿੱਚ ਸ਼ੌਚ ਕਰਦੇ ਹਨ।

ਭਾਰਤ ਦੇ ਸੰਦਰਭ ਵਿਚ ਯੂਨੈਸਕੋ ਦੀ ਇਕ ਰਿਪੋਰਟ (9*) ਵਿੱਚ ਗੰਭੀਰ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ “2050 ਤੱਕ ਭਾਰਤ ਵਿੱਚ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਜਾਵੇਗਾ ਅਤੇ ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਜਲ ਸਰੋਤਾਂ ਵਿੱਚ 40 ਫੀਸਦੀ ਕਮੀ ਆ ਜਾਵੇਗੀ। ਨਦੀਆਂ, ਦਰਿਆ, ਤਲਾਬ ਅਤੇ ਛੱਪੜ ਆਦਿ ਸੁੱਕ ਜਾਣਗੇ। ਰਿਪੋਰਟ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਉੱਤਰੀ ਭਾਰਤ ਵਿੱਚ ਜਲ ਸੰਕਟ ਹੁਣ ਗੰਭੀਰ ਰੂਪ ਧਾਰ ਗਿਆ ਹੈ।” REPORT (GEC-2015) (10*): Ministry of Water Resources, River Development & Ganga Rejuvenation Government of India NEW DELHI October, 2017 ਅਨੁਸਾਰ “ਜ਼ਮੀਨਦੋਜ਼ ਪਾਣੀ ਭਾਰਤ ਦੀ ਖੇਤੀਬਾੜੀ ਅਤੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸੁਰੱਖਿਆ ਦੀ ਰੀੜ੍ਹ ਦੀ ਹੱਡੀ ਹੈ। ਲਗਭਗ 90% ਪੇਂਡੂ ਘਰੇਲੂ ਪਾਣੀ ਦੀ ਵਰਤੋਂ ਜ਼ਮੀਨਦੋਜ਼ ਪਾਣੀ ’ਤੇ ਆਧਾਰਿਤ ਹੈ ਜਦੋਂ ਕਿ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ 70% ਪਾਣੀ ਨੂੰ ਜਲ-ਭੰਡਾਰਾਂ ਤੋਂ ਪੰਪ ਕੀਤਾ ਜਾਂਦਾ ਹੈ। ਪ੍ਰਾਪਤ ਅੰਕੜੇ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਸ਼ਹਿਰੀ ਪਾਣੀ ਦੀ ਵਰਤੋਂ ਦਾ 50% ਜ਼ਮੀਨਦੋਜ਼ ਪਾਣੀ ਹੈ। ਜ਼ਮੀਨਦੋਜ਼ ਪਾਣੀ ਵੱਡੇ ਪੈਮਾਨੇ ’ਤੇ ਉਦਯੋਗਿਕ ਖੇਤਰ ਲਈ ਵੀ ਮਹੱਤਵਪੂਰਨ ਹੈ ਅਤੇ ਜੇ ਗ਼ੈਰ-ਨਿਯਮਿਤ ਛੱਡ ਦਿੱਤਾ ਜਾਂਦਾ ਹੈ ਤਾਂ ਗੰਭੀਰ ਅੰਤਰ-ਖੇਤਰੀ ਟਕਰਾਅ ਦਾ ਕਾਰਨ ਬਣ ਸਕਦਾ ਹੈ। ਇਸ ਲਈ ਖੇਤੀਬਾੜੀ ਅਤੇ ਉਦਯੋਗ ਦੋਵਾਂ ਵਿੱਚ ਵਾਧਾ ਇਸ ਗੱਲ ’ਤੇ ਅਸਪਸ਼ਟ ਹੈ ਕਿ ਭਾਰਤ ਆਪਣੇ ਜ਼ਮੀਨਦੋਜ਼ ਪਾਣੀ ਦੇ ਸਰੋਤਾਂ, ਖਾਸ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਲ-ਭੰਡਾਰਾਂ ਦੇ ਪ੍ਰਬੰਧਕੀਕਰਨ ਦੇ ਯੋਗ ਕਿਵੇਂ ਹੈ। ਭਾਰਤ ਵਿੱਚ ਇਸ ਸਮੇਂ ਜ਼ਮੀਨਦੋਜ਼ ਪਾਣੀ ਦਾ ਗੰਭੀਰ ਸੰਕਟ ਭਾਰਤ ਵਿੱਚ ਬਹੁਤ ਜ਼ਿਆਦਾ ਨਿਕਾਸੀ ਅਤੇ ਜ਼ਮੀਨਦੋਜ਼ ਪਾਣੀ ਦੇ ਦੂਸ਼ਿਤ ਹੋਣ ਕਾਰਨ ਪੈਦਾ ਹੋਇਆ ਹੈ, ਜਿਸ ਵਿੱਚ ਭਾਰਤ ਦੇ ਸਾਰੇ ਜ਼ਿਲ੍ਹਿਆਂ ਦਾ ਲਗਭਗ 60 ਪ੍ਰਤੀਸ਼ਤ ਹਿੱਸਾ ਸ਼ਾਮਲ ਹੈ ਅਤੇ ਆਬਾਦੀ ਦੀ ਪੀਣ ਵਾਲੇ ਪਾਣੀ ਦੀ ਸੁਰੱਖਿਆ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜ਼ਿਆਦਾ ਨਿਕਾਸੀ ਅਤੇ ਜੈਵਿਕ ਅਤੇ ਰਸਾਇਣਕ ਦੂਸ਼ਿਤਤਾ ਤੋਂ ਇਲਾਵਾ, ਬਹੁਤ ਸਾਰੇ ਖੇਤਰਾਂ ਵਿੱਚ ਜ਼ਮੀਨਦੋਜ਼ ਪਾਣੀ ਅਤੇ ਪਾਣੀ ਦੀ ਵਾਧੂ ਮਾਤਰਾ ਵੀ ਇੱਕ ਗੰਭੀਰ ਸਮੱਸਿਆ ਹੈ, ਜਿਸ ਨਾਲ ਸਮਾਜ ਦੇ ਵੱਡੇ ਵਰਗਾਂ ਦੀ ਰੋਜ਼ੀ-ਰੋਟੀ ਦੀ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ। ਜ਼ਮੀਨਦੋਜ਼ ਪਾਣੀ ਨਾਲ ਸਬੰਧਤ ਤਤਕਾਲੀ ਸਮੱਸਿਆਵਾਂ ਸਾਡੇ ਜਲ-ਭੰਡਾਰਾਂ ਬਾਰੇ ਦ੍ਰਿਸ਼ਟੀਕੋਣ ਦੇ ਨਾਲ-ਨਾਲ ਜ਼ਮੀਨਦੋਜ਼ ਪਾਣੀ ਦੇ ਸਰੋਤਾਂ ਦੀ ਵਰਤੋਂ ਅਤੇ ਪ੍ਰਬੰਧਨ ਵਿੱਚ ਪਹੁੰਚ ਦੋਵਾਂ ਵਿੱਚ ਤਬਦੀਲੀ ਦੀ ਵਾਰੰਟੀ ਦਿੰਦੀਆਂ ਹਨ। ਜ਼ਮੀਨਦੋਜ਼ ਪਾਣੀ ਦੀਆਂ ਹਾਈਡ੍ਰੋਜੀਓਲੋਜੀਕਲ ਵਿਸ਼ੇਸ਼ਤਾਵਾਂ ਅਤੇ ਜ਼ਮੀਨ, ਬਨਸਪਤੀ ਅਤੇ ਸਤਹ ਦੇ ਪਾਣੀ ਦੇ ਸਰੋਤਾਂ ਨਾਲ ਇਸ ਦੇ ਅਨਿੱਖੜਵੇਂ ਲਿੰਕ ਨੂੰ ਸਵੀਕਾਰ ਕਰਨਾ ਅਤੇ ਇਸ ਨੂੰ ‘ਸਰੋਤ’ ਦੀ ਬਜਾਏ ‘ਸਰੋਤ’ ਵਜੋਂ ਸਮਝਣਾ ਜ਼ਰੂਰੀ ਹੈ।”

ਪਾਣੀ ਮਾਫ਼ੀਆ:

ਪਾਣੀ ਤਸਕਰਾਂ ਦਾ ਗ਼ੈਰ-ਕਾਨੂੰਨੀ ਨੈੱਟਵਰਕ ਭਾਰਤ ਵਰਗੇ ਦੇਸ਼ਾਂ ਦੇ ਸਭ ਤੋਂ ਗਰੀਬ ਇਲਾਕਿਆਂ ਵਿੱਚ ਸਰਕਾਰੀ ਸਪਲਾਈ ਪ੍ਰਣਾਲੀ ਦੀਆਂ ਕਮੀਆਂ ਦਾ ਫਾਇਦਾ ਉਠਾ ਰਿਹਾ ਹੈ ਤਾਂ ਜੋ ਇੱਕ ਕਾਲਾ ਬਾਜ਼ਾਰ ਸਥਾਪਤ ਕੀਤਾ ਜਾ ਸਕੇ। ਸਰਕਾਰ ਦੀ ਸ਼ਹਿ ’ਤੇ ਇਨ੍ਹਾਂ ਨੇ ਪਾਣੀ ਦੇ ਸੋਮਿਆਂ ’ਤੇ ਕਬਜ਼ਾ ਕਰ ਰੱਖਿਆ ਹੈ। ਪਾਣੀ ਤਸਕਰ ਲੂੰਹਦੀ ਗਰਮੀ ਦੌਰਾਨ ਜਦ ਕੁਝ ਥਾਵਾਂ ’ਤੇ ਤਾਪਮਾਨ 50º ਸੈਂਟੀਗਰੇਡ ਤੱਕ ਪਹੁੰਚ ਜਾਂਦਾ ਹੈ, ਪਾਣੀ ਨੂੰ ਭਾਰੀ ਕੀਮਤਾਂ ’ਤੇ ਵੇਚ ਰਹੇ ਹਨ ਹੈ। ਇਹ ਸਾਰਾ ਗ਼ੈਰ-ਕਾਨੂੰਨੀ ਧੰਦਾ ਸਰਕਾਰ ਦੀ ਮਿਲ਼ੀ ਭੁਗਤ ਨਾਲ਼ ਬੇਰੋਕ ਚੱਲ ਰਿਹਾ ਹੈ।

ਕਲਾਊਡ ਸੀਡਿੰਗ:

ਉੱਪਰ ਦੱਸੀਆਂ ਸਮੱਸਿਆਵਾਂ ਤੋਂ ਕਿਤੇ ਵੱਧ ਖ਼ਤਰਾ ਸਾਮਰਾਜੀ ਮਹਾਂਸ਼ਕਤੀਆਂ ਵੱਲੋਂ ਵਾਤਾਵਰਣ ਨਾਲ਼ ਛੇੜਛਾੜ ਹੈ। ਜਿਸ ਤਰ੍ਹਾਂ ਸਮੁੰਦਰੀ ਜਹਾਜ਼ਾਂ ਨੂੰ ਸਮੁੰਦਰੀ ਲੁਟੇਰੇ (Pirates) ਤਾਕਤ ਦੇ ਜ਼ੋਰ ਲੁੱਟ ਲੈਂਦੇ ਸਨ, ਠੀਕ ਇਸੇ ਤਰ੍ਹਾਂ ਸਾਮਰਾਜੀ ਮਹਾਂਸ਼ਕਤੀਆਂ ਹੁਣ ਅਸਮਾਨ ਵਿਚ ਸ਼ਰੇਆਮ ਲੁੱਟ ਕਰ ਰਹੀਆਂ ਹਨ! ਸਮੁੰਦਰੀ ਜਹਾਜ਼ਾਂ ਵਿੱਚੋਂ ਲੁਟੇਰੇ ਕੀਮਤੀ ਅਸਬਾਬ, ਹਥਿਆਰ, ਡਰੱਗ, ਗ਼ੁਲਾਮ ਆਦਿ ਚੁਰਾ ਲੈਂਦੇ ਸਨ, ਪਰ ਅਸਮਾਨੀ ਲੁਟੇਰੇ (ਸਕਾਈ ਪਾਇਰੇਟਸ) ਅਸਮਾਨੀ ਬੱਦਲਾਂ ਨਾਲ਼ ਛੇੜ-ਛਾੜ ਕਰਕੇ ‘ਕਲਾਊਡ ਸੀਡਿੰਗ’ ਦੀ ਟੈਕਨੋਲੋਜੀ ਨਾਲ਼ ਮੀਂਹ ਚੋਰੀ ਕਰਨ, ਰੋਕਣ, ਇਕ ਜਗ੍ਹਾ ਤੋਂ ਦਿਸ਼ਾ ਬਦਲ ਕੇ ਮਨਚਾਹੀ ਜਗ੍ਹਾ ’ਤੇ ਵਰਖਾ ਕਰਵਾਉਣ ਜਾਂ ਨਾ ਕਰਵਾਉਣ ਦੀ ਟੈਕਨਾਲੋਜੀ ਵਿਕਸਤ ਕਰਨ ਵਿਚ ਵੱਡੀ ਪੂੰਜੀ ਨਿਵੇਸ਼ ਕਰ ਰਹੇ ਹਨ। ਅਮਰੀਕਾ, ਚੀਨ, ਭਾਰਤ ਆਦਿ ਦੇਸ਼ 1952 ਤੋਂ ਇਸ ਦੌੜ ਵਿਚ ਲੱਗੇ ਹੋਏ ਹਨ। ਚੀਨ ਪਾਸ ਇਸ ਟੈਕਨਾਲੋਜੀ ਰਾਹੀਂ ਮਾਨਸੂਨਾਂ ਤੋਂ ਪਰਾਪਤ ਹੋਣ ਵਾਲ਼ੀ ਵਰਖਾ ਨੂੰ ਭਾਰਤ ਵੱਲ ਪਰਵੇਸ਼ ਹੋਣ ਤੋਂ ਰੋਕਣ, ਦਿਸ਼ਾ ਬਦਲਣ, ਵਧਾਉਣ ਜਾਂ ਘਟਾਉਣ ਦੀ ਸਮਰੱਥਾ ਹੈ। ਇਸ ਨੂੰ ਚੀਨ ਜਦ ਚਾਹੇ ਭਾਰਤ ਦੇ ਖ਼ਿਲਾਫ਼ ਵਰਤ ਸਕਦਾ ਹੈ। ਇਸ ਬਾਰੇ ਪੂਰਾ ਵਿਸਥਾਰ ਇਸ ਲੇਖ ਦੀਆਂ ਅਗਲੀਆਂ ਕਿਸ਼ਤਾਂ ਵਿਚ ਦਿਤਾ ਜਾਵੇਗਾ।

ਧੰਨਵਾਦ ਸਹਿਤ ਰੈਫ਼ਰੈਂਸ/ਹਵਾਲੇ:

(1*) https://www.news.com.au/technology/environment/researchers-use-ai-to-predict-outbreak-of-water-wars-in-the-future/news-story;

(2*) The United Nations World Water Development Report 2021;

(3*) https://www.theverge.com/2018/8/23/17769034/nasa-moon-lunar-water-ice-mining-propellant-depots;

(4*) https://theprint.in/opinion/ July 9, 2019;

(5*) USSR National Committee for the International Hydrological Decade (1978), and Igor Shiklomanov's Chapter "World fresh water resources" in Peter H. Gleick (editor), 1993, Water in Crisis: A Guide to the World's Fresh Water Resources (Oxford University Press, New York);

(6*) Global Food: Waste Not Want Not – Institute of Mechanical Engineers, Published January 2013;

(7*) The United Nations World Water Development Report 2020: Water and Climate Change;

(8*)https://www.worldvision.org/clean-water-news-stories/global-water-crisis;

(9*); World Water Day 2018: UNESCO report confirms trouble for India; major water crisis predicted by 2050, Rashme Sehgal Updated March 22, 2018; and

(10*) REPORT OF THE GROUND WATER RESOURCE ESTIMATION COMMITTEE (GEC-2015)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3107)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸਤਵੰਤ ਸ ਦੀਪਕ

ਸਤਵੰਤ ਸ ਦੀਪਕ

Coquitlam, British Columbia, Canada.
Phone: (604 - 910 - 9953)
Email: (satwantdeepak@gmail.com)

More articles from this author